PunjabTop News

CBI ਅੱਗੇ ਪੇਸ਼ ਨਹੀਂ ਹੋਏ ਮੁੱਖ ਮੰਤਰੀ ਦੇ OSD ਰਾਜਬੀਰ ਘੁੰਮਣ

ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ‘ਚ ਪੁੱਛਗਿੱਛ ਲਈ ਪੇਸ਼ ਨਹੀਂ ਹੋਏ। ਇਸ ਤੋਂ ਪਹਿਲਾਂ ਉਹ ਦੋ ਵਾਰ ਪੁੱਛਗਿੱਛ ਵਿਚ ਸ਼ਾਮਲ ਹੋ ਚੁੱਕੇ ਹਨ। ਪਿਛਲੀ ਵਾਰ CBI ਦਫ਼ਤਰ ਤੋਂ ਨਿਕਲਣ ‘ਤੇ ਘੁੰਮਣ ਨੇ ਕਿਹਾ ਸੀ ਕਿ ਇਹ ਚੋਣਾਂ ਤੋਂ ਪਹਿਲਾਂ CM ਦੇ ਅਕਸ ਨੂੰ ਖ਼ਰਾਬ ਕਰਨ ਦੀ ਸਾਜ਼ਿਸ਼ ਦਾ ਹਿੱਸਾ ਹੈ।

ਸੋਮਵਾਰ ਨੂੰ CBIਦੀ ਪੁੱਛਗਿੱਛ ਮਗਰੋਂ ਰਾਜਬੀਰ ਘੁੰਮਣ ਨੇ ਕਿਹਾ ਕਿ ਪੁੱਛੇ ਗਏ ਕੁਝ ਸਵਾਲ ਪੁਰਾਣੇ ਸਨ ਅਤੇ ਕੁਝ ਨਵੇਂ। ਉਨ੍ਹਾਂ ਸਾਰਿਆਂ ਦੇ ਜਵਾਬ ਦਿੱਤੇ ਸਨ। ਉਨ੍ਹਾਂ ਨੂੰ ਹੁਣ 22 ਅਕਤੂਬਰ ਨੂੰ ਦੋਬਾਰਾ ਤਲਬ ਕੀਤਾ ਗਿਆ ਸੀ। ਘੁੰਮਣ ਨੇ ਕਿਹਾ ਕਿ ਉਹ ਨਿਰਪੱਖ ਜਾਂਚ ਲਈ ਤਿਆਰ ਹਨ ਅਤੇ ਕਿਸੇ ਵੀ ਚੀਜ਼ ਤੋਂ ਨਹੀਂ ਡਰਦੇ। ਹਾਲਾਂਕਿ ਉਹ CBI ਦਫ਼ਤਰ ਵਿਚ ਪੇਸ਼ ਨਹੀਂ ਹੋਏ।
ਇਸ ਤੋਂ ਪਹਿਲਾਂ ਰਾਜਬੀਰ ਘੁੰਮਣ ਨੂੰ ਪਹਿਲੀ ਸੁਣਵਾਈ ਦੌਰਾਨ CBI ਨੇ ਲਗਭਗ 40 ਸਵਾਲ ਪੁੱਛੇ, ਜਿਨ੍ਹਾਂ ਦੇ ਜਵਾਬ ਉਨ੍ਹਾਂ ਨੇ ਸ਼ਾਂਤੀ ਨਾਲ ਦਿੱਤੇ। ਘੁੰਮਣ ਨੇ ਕਿਹਾ ਕਿ CBI ਦੀ ਜਾਂਚ ਦਾ ਆਪਣਾ ਤਰੀਕਾ ਹੈ, ਇਸ ਲਈ ਵਕੀਲਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਸੀ। ਉਨ੍ਹਾਂ ਆਪਣੇ ਸਾਥੀਆਂ ਨੂੰ ਨਾ ਘਬਰਾਉਣ ਦੀ ਗੱਲ ਵੀ ਕਹੀ ਸੀ ਅਤੇ ਭਰੋਸਾ ਦਿੱਤਾ ਸੀ ਉਨ੍ਹਾਂ ਨੂੰ ਜਲਦੀ ਹੀ ਕਲੀਨ ਚਿੱਟ ਮਿਲ ਜਾਵੇਗੀ। ਇਨਫੋਰਸਮੈਂਟ ਡਾਇਰੈਕਟੋਰੇਟ (ED) ਵੀ ਇਸ ਮਾਮਲੇ ‘ਚ ਕਾਰਵਾਈ ਕਰ ਰਹੀ ਹੈ। ED ਨੇ 13 ਅਕਤੂਬਰ ਨੂੰ ਜਲੰਧਰ ‘ਚ ਇਕ ਕੇਸ ਦਰਜ ਕੀਤਾ ਸੀ। ED ਹੁਣ CBI ਦੇ ਨਾਲ ਮਿਲ ਕੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ।

FIR ਦਰਜ ਹੋਣ ਮਗਰੋਂ CBI ਨੇ ਰਾਜਬੀਰ ਘੁੰਮਣ ਨੂੰ ਪੇਸ਼ ਹੋਣ ਲਈ ਤਿੰਨ ਸੰਮਨ ਜਾਰੀ ਕੀਤੇ ਸਨ ਪਰ ਉਹ ਪੇਸ਼ ਨਹੀਂ ਹੋਏ। ਇਸ ਤੋਂ ਬਾਅਦ 12 ਅਕਤੂਬਰ ਨੂੰ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ‘ਤੇ ਅੰਤਰਿਮ ਰੋਕ ਲਗਾ ਦਿੱਤੀ ਸੀ। ਅਦਾਲਤ ਨੇ ਉਨ੍ਹਾਂ ਨੂੰ ਜਾਂਚ ‘ਚ ਪੂਰਾ ਸਹਿਯੋਗ ਕਰਨ ਦਾ ਨਿਰਦੇਸ਼ ਦਿੱਤੇ ਸਨ। ਉਹ ਪਹਿਲੀ ਵਾਰCBI ਸਾਹਮਣੇ ਪੇਸ਼ ਹੋਏ ਸਨ। ਉਨ੍ਹਾਂ ਦੇ ਵਕੀਲ GPS. ਘੁੰਮਣ ਨੇ ਵੀ ਕਿਹਾ ਸੀ ਕਿ ਰਾਜਬੀਰ ਅਦਾਲਤ ਦੇ ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਸਨ ਅਤੇ ਜਾਂਚ ‘ਚ ਸਹਿਯੋਗ ਕਰ ਰਹੇ ਹਨ।
CBI ਨੇ ਇਸ ਮਾਮਲੇ ‘ਚ ਰਾਜਬੀਰ ਘੁੰਮਣ ਦੇ ਕਰੀਬੀ ਮੰਨੇ ਜਾਂਦੇ ਨਿਤਿਨ ਗੋਹਲ ਅਤੇ ਬੀਰ ਦਵਿੰਦਰ ਸਿੰਘ ਤੋਂ ਵੀ ਪੁੱਛਗਿੱਛ ਕੀਤੀ ਹੈ। ਦੋਵੇਂ ਐਤਵਾਰ ਸਵੇਰੇ CBI. ਦਫ਼ਤਰ ਪਹੁੰਚੇ ਅਤੇ ਉਨ੍ਹਾਂ ਤੋਂ 10 ਘੰਟੇ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਤੋਂ ਬਾਅਦ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਵਿਰੁੱਧ ਲੱਗੇ ਦੋਸ਼ਾਂ ਦੇ ਜਵਾਬ ਪੇਸ਼ ਕਰ ਦਿੱਤੇ ਹਨ। ਉਨ੍ਹਾਂ ਭਰੋਸਾ ਹੈ ਕਿ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਇਨਸਾਫ਼ ਮਿਲੇਗਾ।
CBI ਪਹਿਲਾਂ ਹੀ ਬੀਰ ਦਵਿੰਦਰ ਸਿੰਘ ਦੇ ਪਿਤਾ ਤੋਂ ਪੁੱਛਗਿੱਛ ਕਰ ਚੁੱਕੀ ਹੈ। ਨਿਤਿਨ ਗੋਹਲ ਅਤੇ ਜਿਤਿਨ ਗੋਹਲ ਪਹਿਲੀ ਵਾਰ ਜਾਂਚ ‘ਚ ਸ਼ਾਮਲ ਹੋ ਰਹੇ ਹਨ। ਬੀਰ ਦਵਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਉੱਪ ਪ੍ਰਧਾਨ ਹਨ ਅਤੇ ਪਾਰਟੀ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵੀ ਲੜ ਚੁੱਕੇ ਹਨ।
5 ਅਕਤੂਬਰ ਨੂੰ CBI. ਨੇ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਤੇ ਕੇਸ ਦਾਇਰ ਕੀਤਾ ਸੀ। ਰਾਜਬੀਰ ਘੁੰਮਣ ਨਿਤਿਨ ਗੋਹਲ, ਜਿਤਿਨ ਗੋਹਲ ਉਰਫ਼ ਰਾਜਾ, ਰੋਮੀ ਰਾਜਾ ਮਹਾਜਨ, ਬੀਰ ਦਵਿੰਦਰ ਸਿੰਘ, ਆਰ. ਐੱਸ. ਨਾਗਰਾ ਅਤੇ ਅਣਪਛਾਤੇ ਸਰਕਾਰੀ ਅਤੇ ਨਿੱਜੀ ਅਧਿਕਾਰੀਆਂ ਨੂੰ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਹੈ। ਉਹ ਅਦਾਲਤ ਵਿੱਚ ਪੇਸ਼ ਹੋ ਚੁੱਕੇ ਹਨ ਅਤੇ ਉਨ੍ਹਾਂ ਤੋਂ ਵਿਆਪਕ ਤੌਰ ‘ਤੇ ਪੁੱਛਗਿੱਛ ਕੀਤੀ ਗਈ ਹੈ। ਸੀ. ਬੀ. ਆਈ. ਇਸ ਮਾਮਲੇ ‘ਚ 15 ਤੋਂ ਵੱਧ ਪੰਜਾਬ ਸਰਕਾਰੀ ਵਿਭਾਗਾਂ ਦੀਆਂ ਫਾਈਲਾਂ ਅਤੇ 22 ਤੋਂ ਵੱਧ ਅਧਿਕਾਰੀਆਂ ਦੇ ਤਬਾਦਲੇ ਦੇ ਰਿਕਾਰਡਾਂ ਦੀ ਜਾਂਚ ਕਰ ਰਹੀ ਹੈ।
ਜੁਲਾਈ-ਅਗਸਤ 2026 ‘ਚ ਈ .ਡੀ. ਨੇ ਪੰਜਾਬ ਦੇ DGP ਗੌਰਵ ਯਾਦਵ ਨੂੰ ਤਿੰਨ ਚਿੱਠੀਆਂ ਭੇਜੀਆਂ ਸਨ, ਜਿਸ ‘ਚ ਮੁੱਖ ਮੰਤਰੀ ਦਫ਼ਤਰ ਨਾਲ ਸਬੰਧਤ ਕਥਿਤ ਭ੍ਰਿਸ਼ਟਾਚਾਰ ਸਬੰਧੀ FIR ਦਰਜ ਕਰਨ ਦੀ ਮੰਗ ਕੀਤੀ ਗਈ ਸੀ। ਇਨ੍ਹਾਂ ਪੱਤਰਾਂ ਵਿੱਚ ਤਬਾਦਲੇ-ਪੋਸਟਿੰਗ, ਨੀਤੀਗਤ ਫੈਸਲਿਆਂ, ਟੈਂਡਰਾਂ,CLU ਅਤੇ ਹੋਰ ਸਰਕਾਰੀ ਪ੍ਰਵਾਨਗੀਆਂ ‘ਚ ਦਖਲਅੰਦਾਜ਼ੀ ਦਾ ਦੋਸ਼ ਲਗਾਇਆ ਗਿਆ ਸੀ। ED ਮੁਤਾਬਕ ਨਿਤਿਨ ਗੋਹਲ, ਰਾਜਬੀਰ ਸਿੰਘ ਘੁੰਮਣ ਅਤੇ ਹੋਰਾਂ ਦੀਆਂ ਭੂਮਿਕਾਵਾਂ ਦਾ ਖ਼ੁਲਾਸਾ ਹੋਇਆ ਸੀ। ਏਜੰਸੀ ਨੇ ਗੋਹਲ ਨੂੰ ਸਰਕਾਰੀ ਕੰਮ ਦੀ ਮੰਗ ਕਰਨ ਵਾਲੇ ਲੋਕਾਂ ਅਤੇ ਮੁੱਖ ਮੰਤਰੀ ਦੇ OSD ਘੁੰਮਣ ਵਿਚਕਾਰ ਇਕ ਕਥਿਤ ਵਿਚੋਲੇ ਵਜੋਂ ਦੱਸਿਆ।
5 ਅਕਤੂਬਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਿਹਾ ਕਿ ਈ. ਡੀ. ਵੱਲੋਂ ਦਿੱਤੀ ਗਈ ਡਿਟੇਲ ਨਾਲ ਇਕ ਅਪਰਾਧ ਦਾ ਸੰਕੇਤ ਮਿਲਦਾ ਹੈ। ਅਦਾਲਤ ਨੇ ਸੀ. ਬੀ. ਆਈ. ਨੂੰ ਦੋ ਮਹੀਨਿਆਂ ਦੇ ਅੰਦਰ ਐੱਫ਼. ਆਈ. ਆਰ. ਦਰਜ ਕਰਨ, ਜਾਂਚ ਕਰਨ ਅਤੇ ਸਥਿਤੀ ਰਿਪੋਰਟ ਪੇਸ਼ ਕਰਨ ਦਾ ਹੁਕਮ ਦਿੱਤਾ। ਹਾਈਕੋਰਟ ਦੇ CBI ਜਾਂਚ ਦੇ ਅਗਲੇ ਹੀ ਦਿਨ 6 ਅਕਤੂਬਰ ਨੂੰ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ‘ਚ ਆਦੇਸ਼ ਨੂੰ ਚੁਣੌਤੀ ਦੇਣ ਲਈ ਇਕ ਵਿਸ਼ੇਸ਼ ਅਪੀਲ SLP  ਦਾਇਰ ਕੀਤੀ।
ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਨੂੰ 12 ਅਕਤੂਬਰ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ। ਸੁਪਰੀਮ ਕੋਰਟ ਨੇ ਰਾਜਬੀਰ ਘੁੰਮਣ ਦੀ ਗ੍ਰਿਫ਼ਤਾਰੀ ‘ਤੇ ਰੋਕ ਲਗਾ ਦਿੱਤੀ। ਅਦਾਲਤ ਨੇ ਹੁਕਮ ਦਿੱਤਾ ਕਿ ਮਾਮਲੇ ‘ਚ ਦਰਜ CBI- FIR. ਤਹਿਤ ਕੋਈ ਕਾਰਵਾਈ ਨਾ ਕੀਤੀ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button