
ਦਿੱਲੀ ਹਾਈ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਕੁੜੀ ਦਾ ਪਹਿਰਾਵਾ ਉਸ ਦਾ ਨਿੱਜੀ ਫ਼ੈਸਲਾ ਹੈ ਅਤੇ ਜੀਨ ਪਾਉਣ ਨਾਲ ਮੁੰਡਿਆਂ ਦੇ ਵਿਗੜਨ ਦੀ ਮਾਨਸਿਕਤਾ ਚਿੰਤਾਜਨਕ ਅਤੇ ਅਸਵੀਕਾਰਨਯੋਗ ਹੈ। ਜਸਟਿਸ ਚੰਦਰਸ਼ੇਖਰਨ ਸੁਧਾ ਨੇ 2013 ਦੇ ਇੱਕ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਨੂੰ ਸਜ਼ਾ ਸੁਣਾਉਂਦਿਆਂ ਇਹ ਟਿੱਪਣੀ ਕੀਤੀ। ਅਦਾਲਤ ਨੇ ਕਿਹਾ ਕਿ ਮਾਪਿਆਂ ਅਤੇ ਸਮਾਜ ਨੂੰ ਕੁੜੀਆਂ ਦੇ ਕੱਪੜਿਆਂ ’ਤੇ ਪਾਬੰਦੀ ਲਾਉਣ ਦੀ ਥਾਂ ਆਪਣੇ ਬੱਚਿਆਂ ਨੂੰ ਸਹੀ ਵਿਹਾਰ ਕਰਨਾ ਅਤੇ ਹੱਦ ਵਿੱਚ ਰਹਿਣਾ ਸਿਖਾਉਣਾ ਚਾਹੀਦਾ ਹੈ। ਪੀੜਤ ਲੜਕੀ ਨੇ ਆਪਣੇ ਗੁਆਂਢੀ ’ਤੇ ਪਿੱਛਾ ਕਰਨ, ਭੱਦੀਆਂ ਟਿੱਪਣੀਆਂ ਕਰਨ ਅਤੇ ਛੇੜਛਾੜ ਦਾ ਦੋਸ਼ ਲਾਇਆ ਸੀ। ਹੇਠਲੀ ਅਦਾਲਤ ਨੇ 2014 ਵਿੱਚ ਮੁਲਜ਼ਮ ਨੂੰ ਬਰੀ ਕਰ ਦਿੱਤਾ ਸੀ, ਜਿਸ ਨੂੰ ਸਰਕਾਰ ਵੱਲੋਂ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ। ਹਾਈ ਕੋਰਟ ਨੇ ਮੁਲਜ਼ਮ ਦੇ ਵਕੀਲ ਵੱਲੋਂ ਪੀੜਤਾ ਦੇ ਪੱਛਮੀ ਪਹਿਰਾਵੇ ਅਤੇ ਧਰਮ ’ਤੇ ਚੁੱਕੇ ਗਏ ਸਵਾਲਾਂ ਦੀ ਸਖ਼ਤ ਨਿਖੇਧੀ ਕੀਤੀ। ਅਦਾਲਤ ਨੇ ਕਿਹਾ ਕਿ ਕਿਸੇ ਵੀ ਔਰਤ ਦੇ ਕੱਪੜੇ ਅਤੇ ਜੀਵਨ ਸ਼ੈਲੀ ਉਸ ਦੇ ਜਿਨਸੀ ਸ਼ੋਸ਼ਣ ਦਾ ਕਾਰਨ ਨਹੀਂ ਬਣ ਸਕਦੇ। ਅਦਾਲਤ ਨੇ ਹੇਠਲੀ ਅਦਾਲਤ ਦਾ ਫ਼ੈਸਲਾ ਗਲਤ ਕਰਾਰ ਦਿੰਦਿਆਂ ਮੁਲਜ਼ਮ ਨੂੰ ਆਈ ਪੀ ਸੀ ਦੀ ਧਾਰਾ 354 ਏ ਤਹਿਤ ਦੋਸ਼ੀ ਠਹਿਰਾਇਆ ਹੈ। ਪੀੜਤਾ ਦੇ ਨਾਬਾਲਗ ਹੋਣ ਦਾ ਸਬੂਤ ਨਾ ਹੋਣ ਕਾਰਨ ਪੋਕਸੋ ਐਕਟ ਤਹਿਤ ਕਾਰਵਾਈ ਨਹੀਂ ਕੀਤੀ ਗਈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




