ਪੰਜਾਬੀ ਮੂਲ ਦੇ ਨੌਜਵਾਨ ਨੂੰ ਤੇਜ਼ ਰਫ਼ਤਾਰ ਸੜਕ ਹਾਦਸੇ ਦੇ ਕੇਸ ’ਚ 8 ਸਾਲ ਦੀ ਕੈਦ

ਮੈਨੀਟੋਬਾ ਦੀ ਇੱਕ ਅਦਾਲਤ ਨੇ ਸ਼ਰਾਬ ਦੇ ਨਸ਼ੇ ਵਿੱਚ ਤੇਜ਼ ਰਫ਼ਤਾਰ ਵਾਹਨ ਕਾਰਨ ਦੋ ਸਾਈਕਲ ਸਵਾਰਾਂ ਦੀ ਮੌਤ ਦਾ ਕਾਰਨ ਬਣੇ ਪੰਜਾਬੀ ਮੂਲ ਦੇ ਸਥਾਈ ਨਿਵਾਸੀ ਕੁਲਦੀਪ ਸਿੰਘ ਗਿੱਲ ਨੂੰ ਅੱਠ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਜ਼ਾ ਪੂਰੀ ਹੋਣ ਉਪਰੰਤ ਉਸ ਨੂੰ ਕੈਨੇਡਾ ਤੋਂ ਡਿਪੋਰਟ ਕੀਤੇ ਜਾਣ ਦੀ ਪੂਰੀ ਸੰਭਾਵਨਾ ਹੈ।
ਇਹ ਹਾਦਸਾ 13 ਸਤੰਬਰ 2025 ਦੀ ਰਾਤ ਕੇਨਾਸਟਨ ਬੁਲੇਵਾਰਡ ਅਤੇ ਐਂਟਰਪ੍ਰਾਈਜ਼ ਡਰਾਈਵ ਨੇੜੇ ਵਾਪਰਿਆ ਸੀ। ਅਦਾਲਤੀ ਰਿਕਾਰਡ ਅਨੁਸਾਰ ਗਿੱਲ ਆਪਣੇ ਪਿਕ ਅੱਪ ਟਰੱਕ ਨੂੰ ਨਿਰਧਾਰਿਤ ਗਤੀ ਸੀਮਾ ਨਾਲੋਂ 50 ਕਿੱਲੋਮੀਟਰ ਪ੍ਰਤੀ ਘੰਟਾ ਤੋਂ ਵੀ ਵੱਧ ਰਫ਼ਤਾਰ ਨਾਲ ਚਲਾ ਰਿਹਾ ਸੀ। ਟਰੱਕ ਸੜਕ ਦੇ ਕਿਨਾਰੇ ਬਣੇ ਪੱਕੇ ਹਿੱਸੇ ‘ਤੇ ਚੜ੍ਹ ਗਿਆ ਅਤੇ ਸਾਈਕਲ ‘ਤੇ ਸਵਾਰ 31 ਸਾਲਾ ਏਗੋਰ ਪੋਪੋਵ ਅਤੇ 25 ਸਾਲਾ ਕੇਰੀ ਬੋਨਰ ਨੂੰ ਟੱਕਰ ਮਾਰ ਦਿੱਤੀ। ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਜੋੜਾ 19 ਮਹੀਨੇ ਦੀ ਇੱਕ ਧੀ ਦਾ ਮਾਤਾ-ਪਿਤਾ ਸੀ, ਜੋ ਇਸ ਹਾਦਸੇ ਮਗਰੋਂ ਅਨਾਥ ਹੋ ਗਈ।
ਐਸੋਸੀਏਟ ਚੀਫ਼ ਜੱਜ ਡੇਵਿਡ ਆਇਰਲੈਂਡ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਇਹ ਸਿਰਫ਼ ਇੱਕ ਸੜਕ ਹਾਦਸਾ ਨਹੀਂ, ਸਗੋਂ ਨਸ਼ੇ ਦੀ ਹਾਲਤ ਵਿੱਚ ਵਾਹਨ ਚਲਾਉਣ ਦਾ ਜਾਣਬੁੱਝ ਕੇ ਲਿਆ ਗਿਆ ਖ਼ਤਰਨਾਕ ਫ਼ੈਸਲਾ ਸੀ। ਉਨ੍ਹਾਂ ਕਿਹਾ ਕਿ ਹਾਦਸੇ ਤੋਂ ਬਾਅਦ ਦੋਸ਼ੀ ਦਾ ਮੌਕੇ ਤੋਂ ਫ਼ਰਾਰ ਹੋਣਾ ਉਸ ਦੇ ਵਿਵਹਾਰ ਨੂੰ ਹੋਰ ਵੀ ਗੰਭੀਰ ਬਣਾਉਂਦਾ ਹੈ। ਜੱਜ ਨੇ ਟਿੱਪਣੀ ਕੀਤੀ ਕਿ ਇੱਕ ਪਰਿਵਾਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਅਤੇ ਕੋਈ ਵੀ ਸਜ਼ਾ ਉਸ ਨੁਕਸਾਨ ਦੀ ਭਰਪਾਈ ਨਹੀਂ ਕਰ ਸਕਦੀ।
ਫੋਰੈਂਸਿਕ ਜਾਂਚ ਵਿੱਚ ਗਿੱਲ ਦੇ ਖ਼ੂਨ ਵਿੱਚ ਅਲਕੋਹਲ ਦੀ ਮਾਤਰਾ ਕਾਨੂੰਨੀ ਹੱਦ ਤੋਂ ਕਾਫ਼ੀ ਵੱਧ ਪਾਈ ਗਈ। ਹਾਦਸੇ ਤੋਂ ਬਾਅਦ ਉਹ ਆਪਣਾ ਟਰੱਕ ਛੱਡ ਕੇ ਫ਼ਰਾਰ ਹੋ ਗਿਆ ਸੀ, ਪਰ ਪੁਲੀਸ ਨੇ ਕੁਝ ਸਮੇਂ ਬਾਅਦ ਨੇੜਲੇ ਇਲਾਕੇ ਤੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਗਿੱਲ ਦੇ ਸਾਹ ਦੇ ਨਮੂਨੇ ਤੋਂ ਉਸ ਦਾ ਖ਼ੂਨ-ਅਲਕੋਹਲ ਪੱਧਰ .137 ਅੰਦਾਜ਼ਾ ਲਗਾਇਆ ਗਿਆ, ਜੋ ਕਾਨੂੰਨੀ ਹੱਦ .08 ਤੋਂ ਕਾਫ਼ੀ ਵੱਧ ਸੀ। ਪੁਲੀਸ ਨੇ ਸਬੂਤਾਂ ਰਾਹੀਂ ਵਿਸਕੀ ਖ਼ਰੀਦਣ ਅਤੇ ਟਰੱਕ ਵਿੱਚ ਉਸ ਦੀ ਅੱਧੀ ਖ਼ਾਲੀ ਬੋਤਲ ਮਿਲਣ ਦੀ ਪੁਸ਼ਟੀ ਕੀਤੀ।
ਕਰੈਸ਼ ਡਾਟਾ ਅਨੁਸਾਰ ਉਹ 131 ਕਿਮੀ/ਘੰਟਾ ਦੀ ਰਫ਼ਤਾਰ ਨਾਲ ਚੱਲ ਰਿਹਾ ਸੀ। ਗਿੱਲ ਨੇ ਇਸ ਸਾਲ ਫ਼ਰਵਰੀ ਵਿੱਚ ਅਦਾਲਤ ਵਿੱਚ ਦੋਸ਼ ਕਬੂਲ ਕਰ ਲਏ ਸਨ। ਅਦਾਲਤ ਨੇ ਕੈਦ ਦੀ ਸਜ਼ਾ ਤੋਂ ਇਲਾਵਾ ਗਿੱਲ ‘ਤੇ ਉਮਰ ਭਰ ਲਈ ਡਰਾਈਵਿੰਗ ਕਰਨ ‘ਤੇ ਪਾਬੰਦੀ, 10 ਸਾਲ ਲਈ ਹਥਿਆਰ ਰੱਖਣ ‘ਤੇ ਰੋਕ ਅਤੇ ਉਸ ਦਾ ਡੀਐੱਨਏ ਰਾਸ਼ਟਰੀ ਡਾਟਾ ਬੈਂਕ ਵਿੱਚ ਦਰਜ ਕਰਨ ਦੇ ਹੁਕਮ ਵੀ ਦਿੱਤੇ ਹਨ।
ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਪੰਜਾਬੀ ਵਿੱਚ ਦਿੱਤੇ ਆਪਣੇ ਬਿਆਨ ਵਿੱਚ ਗਿੱਲ ਨੇ ਕਿਹਾ ਕਿ ਉਹ ਹਰ ਰੋਜ਼ ਪੀੜਤ ਪਰਿਵਾਰ ਅਤੇ ਉਨ੍ਹਾਂ ਦੀ ਧੀ ਬਾਰੇ ਸੋਚਦਾ ਹੈ। ਉਸ ਨੇ ਮੰਨਿਆ ਕਿ ਸ਼ਰਾਬ ਪੀ ਕੇ ਵਾਹਨ ਚਲਾਉਣ ਦਾ ਉਸ ਦਾ ਫ਼ੈਸਲਾ ਗ਼ਲਤ, ਲਾਪਰਵਾਹ ਅਤੇ ਪੂਰੀ ਤਰ੍ਹਾਂ ਉਸ ਦੀ ਆਪਣੀ ਜ਼ਿੰਮੇਵਾਰੀ ਸੀ।
ਪੀੜਤ ਏਗੋਰ ਪੋਪੋਵ ਦੀ ਮਾਤਾ ਏਲੇਨਾ ਮਨਾਕੋਵਾ ਨੇ ਅਦਾਲਤ ਵਿੱਚ ਕਿਹਾ ਕਿ ਕੋਈ ਵੀ ਸਜ਼ਾ ਉਸ ਦੇ ਪੁੱਤਰ ਨੂੰ ਵਾਪਸ ਨਹੀਂ ਲਿਆ ਸਕਦੀ, ਪਰ ਇਹ ਫ਼ੈਸਲਾ ਨਸ਼ੇ ਵਿੱਚ ਵਾਹਨ ਚਲਾਉਣ ਦੇ ਖ਼ਤਰਿਆਂ ਬਾਰੇ ਸਮਾਜ ਲਈ ਇੱਕ ਸਖ਼ਤ ਸੰਦੇਸ਼ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




