InternationalTop News

ਚਿਰਾਗ ਵੀਰ ਸਿੰਘ ਸਰਾਓ ਯੂ.ਐੱਸ. ਏਅਰਫੋਰਸ ਅਕੈਡਮੀ ‘ਚ ਸ਼ਾਮਲ ਹੋਣ ਵਾਲਾ ਪਹਿਲਾ ਕੇਸਧਾਰੀ ਸਿੱਖ ਬਣਿਆ

 ਅਮਰੀਕਾ ਵਿਚ ਰਹਿਣ ਵਾਲੇ ਸਿੱਖ ਭਾਈਚਾਰੇ ਲਈ ਇੱਕ ਬੇਹੱਦ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਸਿੱਖ ਨੌਜਵਾਨ ਚਿਰਾਗ ਵੀਰ ਸਿੰਘ ਸਰਾਓ ਕੋਲੋਰੈਡੋ ਸਪ੍ਰਿੰਗਜ਼ ਸਥਿਤ ਵੱਕਾਰੀ ‘ਯੂ.ਐੱਸ. ਏਅਰ ਫੋਰਸ ਅਕੈਡਮੀ’ (ਯੂ.ਐੱਸ. ਏ.ਐੱਫ.ਏ.) ਵਿਚ ਸ਼ਾਮਲ ਹੋਣ ਵਾਲੇ ਪਹਿਲੇ ਕੇਸਧਾਰੀ ਸਿੱਖ ਅਮਰੀਕੀ ਬਣ ਗਏ ਹਨ। ਅਮਰੀਕਨ ਸਿੱਖ ਕੌਂਸਲ ਵੱਲੋਂ ਇਸ ਇਤਿਹਾਸਕ ਪ੍ਰਾਪਤੀ ਦੀ ਅਧਿਕਾਰਤ ਪੁਸ਼ਟੀ ਕੀਤੀ ਗਈ ਹੈ। ਕੌਂਸਲ ਮੁਤਾਬਕ, ਚਿਰਾਗ ਵੀਰ ਸਿੰਘ ਨੂੰ 4 ਅਪ੍ਰੈਲ ਨੂੰ ਅਕੈਡਮੀ ਵਿਚ ਨਿਯੁਕਤ ਕੀਤਾ ਗਿਆ ਸੀ ਅਤੇ ਲੰਮੀ ਪ੍ਰਕਿਰਿਆ ਤੋਂ ਬਾਅਦ 20 ਜੂਨ ਨੂੰ ਉਨ੍ਹਾਂ ਨੂੰ ਵਿਸ਼ੇਸ਼ ‘ਧਾਰਮਿਕ ਛੋਟ’ ਪ੍ਰਦਾਨ ਕੀਤੀ ਗਈ। ਇਸ ਇਜਾਜ਼ਤ ਤਹਿਤ ਉਹ ਆਪਣੀ ਮੂਲ ਸਿੱਖ ਪਛਾਣ ਨੂੰ ਬਰਕਰਾਰ ਰੱਖਦੇ ਹੋਏ ਅਨਕੱਟੇ ਕੇਸ (ਵਾਲ) ਅਤੇ ਦਾੜ੍ਹੇ ਸਣੇ ਆਪਣੇ ਧਾਰਮਿਕ ਚਿੰਨ੍ਹਾਂ ਦੇ ਨਾਲ ਹਵਾਈ ਫੌਜ ਵਿਚ ਸੇਵਾ ਨਿਭਾ ਸਕਣਗੇ।
ਚਿਰਾਗ ਵੀਰ ਸਿੰਘ ਸਰਾਓ ਅਧਿਕਾਰਤ ਤੌਰ ‘ਤੇ 24 ਜੂਨ ਨੂੰ ਅਕੈਡਮੀ ਦੇ ‘ਇਨ-ਪ੍ਰੋਸੈਸਿੰਗ ਡੇ’ ਮੌਕੇ ਸ਼ਾਮਲ ਹੋਏ ਸਨ ਅਤੇ ਇਸ ਵੇਲੇ ਉਹ ਛੇ ਹਫ਼ਤਿਆਂ ਦੇ ਸਖ਼ਤ ਬੂਟ ਕੈਂਪ (ਮਿਲਟਰੀ ਸਿਖਲੀ) ਵਿਚੋਂ ਲੰਘ ਰਹੇ ਹਨ।
ਦੱਸਣਯੋਗ ਹੈ ਕਿ ਹਵਾਈ ਫੌਜ ਦੀ ਇਸ ਮੁੱਖ ਅਕੈਡਮੀ ਵਿਚ ਚੁਣੇ ਜਾਣ ਤੋਂ ਪਹਿਲਾਂ ਚਿਰਾਗ ਨੇ ਆਪਣੀ ਕਾਬਲੀਅਤ ਦੇ ਦਮ ‘ਤੇ ਏਅਰ ਫੋਰਸ ਰਿਜ਼ਰਵ ਅਫਸਰਸ ਸਿਖਲਾਈ ਕੋਰ (ਆਰ.ਓ.ਟੀ.ਸੀ.) ਅਤੇ ਨੇਵਲ ਆਰ.ਓ.ਟੀ.ਸੀ. ਦੋਵਾਂ ਤੋਂ ਪੂਰੀ ਸਕਾਲਰਸ਼ਿਪ ਹਾਸਲ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਅਮਰੀਕਾ ਦੀਆਂ ਨਾਮੀ ਯੂਨੀਵਰਸਿਟੀਆਂ ਜਿਵੇਂ ਯੂਨੀਵਰਸਿਟੀ ਆਫ਼ ਸਦਰਨ ਕੈਲੀਫੋਰਨੀਆ ਅਤੇ ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਵਿਚ ਵੀ ਦਾਖ਼ਲੇ ਦੀ ਪੇਸ਼ਕਸ਼ ਮਿਲੀ ਸੀ।
ਕੌਂਸਲ ਨੇ ਚਿਰਾਗ ਦੇ ਸ਼ਾਨਦਾਰ ਪਿਛੋਕੜ ਬਾਰੇ ਦੱਸਦਿਆਂ ਕਿਹਾ ਕਿ ਉਹ ਪੜ੍ਹਾਈ ਵਿਚ ਅਵੱਲ ਰਹਿਣ ਦੇ ਨਾਲ-ਨਾਲ ਇੱਕ ਵਧੀਆ ਖਿਡਾਰੀ ਵੀ ਹਨ। ਉਹ ‘ਈਗਲ ਸਕਾਊਟ’ (ਸਕਾਊਟਿੰਗ ਵਿਚ ਸਰਵਉੱਚ ਰੈਂਕ) ਰਹਿ ਚੁੱਕੇ ਹਨ, ਤਾਈਕਵਾਂਡੋ ਵਿਚ ਸੈਕੰਡ-ਡਿਗਰੀ ਬਲੈਕ ਬੈਲਟ ਧਾਰਕ ਹਨ ਅਤੇ ਯੂਨੀਵਰਸਿਟੀ ਦੀ ਵਾਰਸਿਟੀ ਵਾਟਰ ਪੋਲੋ ਟੀਮ ਵੱਲੋਂ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਕੋਲੋਰੈਡੋ ਸਪ੍ਰਿੰਗਜ਼ ਸਥਿਤ ਯੂਨਾਈਟਿਡ ਸਟੇਟਸ ਏਅਰ ਫੋਰਸ ਅਕੈਡਮੀ ਅਮਰੀਕਾ ਦੀਆਂ ਪੰਜ ਸੰਘੀ ਸੇਵਾ ਅਕੈਡਮੀਆਂ ਵਿਚੋਂ ਇੱਕ ਹੈ। ਇੱਥੇ ਨੌਜਵਾਨਾਂ ਨੂੰ ਉੱਚ ਸਿੱਖਿਆ ਦੇ ਨਾਲ-ਨਾਲ ਸਖ਼ਤ ਮਿਲਟਰੀ ਅਤੇ ਲੀਡਰਸ਼ਿਪ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇੱਥੋਂ ਗ੍ਰੈਜੂਏਟ ਹੋਣ ਵਾਲੇ ਕੈਡਿਟਾਂ ਨੂੰ ਅਮਰੀਕੀ ਹਵਾਈ ਫੌਜ (ਯੂ.ਐੱਸ. ਏਅਰਫੋਰਸ) ਜਾਂ ਅਮਰੀਕੀ ਸਪੇਸ ਫੌਜ (ਯੂ.ਐੱਸ. ਸਪੇਸ ਫੋਰਸ) ਵਿਚ ਸਿੱਧੇ ਸੈਕੰਡ ਲੈਫਟੀਨੈਂਟ ਵਜੋਂ ਤਾਇਨਾਤ ਕੀਤਾ ਜਾਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button