InternationalTop News

ਸੈਕਰਾਮੈਂਟੋ ‘ਚ ਗਹਿਣਿਆਂ ਦੀ ਦੁਕਾਨ ਲੁੱਟਣ ਦੀ ਕੋਸ਼ਿਸ਼ ਦੌਰਾਨ ਮੁਲਾਜ਼ਮ ਦੀ ਮੌਤ; 2 ਮੁਲਜ਼ਮ ਗ੍ਰਿਫ਼ਤਾਰ

 ਸੈਕਰਾਮੈਂਟੋ ਕਾਊਂਟੀ ਵਿੱਚ ਇੱਕ ਗਹਿਣਿਆਂ ਦੀ ਦੁਕਾਨ ਨੂੰ ਲੁੱਟਣ ਦੀ ਕੋਸ਼ਿਸ਼ ਦੌਰਾਨ 72 ਸਾਲਾ ਮੁਲਾਜ਼ਮ ਦੀ ਮੌਤ ਦੇ ਮਾਮਲੇ ਵਿਚ ਕਰੀਬ ਚਾਰ ਮਹੀਨੇ ਬਾਅਦ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੈਕਰਾਮੈਂਟੋ ਕਾਊਂਟੀ ਸ਼ੈਰਿਫ਼ ਦਫ਼ਤਰ ਅਨੁਸਾਰ ਦੋਵੇਂ ਮੁਲਜ਼ਮਾਂ ਨੂੰ 12 ਅਗਸਤ ਨੂੰ ਵੱਖ-ਵੱਖ ਸ਼ਹਿਰਾਂ ਤੋਂ ਕਾਬੂ ਕੀਤਾ ਗਿਆ।
ਇਹ ਘਟਨਾ 18 ਅਪ੍ਰੈਲ ਨੂੰ ਦੱਖਣੀ ਸੈਕਰਾਮੈਂਟੋ ਦੇ ਸਟਾਕਟਨ ਬੁਲੇਵਾਰਡ ਸਥਿਤ ਚੀਨਾ ਜਿਊਲਰੀ ਵਿਚ ਵਾਪਰੀ ਸੀ। ਜਾਂਚ ਅਧਿਕਾਰੀਆਂ ਮੁਤਾਬਕ ਲੁੱਟ ਦੀ ਕੋਸ਼ਿਸ਼ ਕਰਨ ਵਾਲਾ ਇੱਕ ਗਰੁੱਪ 6 ਵਾਹਨਾਂ ਵਿੱਚ ਉੱਥੇ ਪਹੁੰਚਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਇਹ ਵਾਹਨ ਹਾਲ ਹੀ ਵਿਚ ਚੋਰੀ ਕੀਤੇ ਗਏ ਸਨ।ਅਧਿਕਾਰੀਆਂ ਅਨੁਸਾਰ ਇੱਕ ਵਾਹਨ ਦੀ ਵਰਤੋਂ ਦੁਕਾਨ ਵਿਚ ਟੱਕਰ ਮਾਰ ਕੇ ਅੰਦਰ ਦਾਖ਼ਲ ਹੋਣ ਲਈ ਕੀਤੀ ਗਈ। ਪਰ ਦੁਕਾਨ ‘ਤੇ ਮੌਜੂਦ ਹਥਿਆਰਬੰਦ ਨਿੱਜੀ ਸੁਰੱਖਿਆ ਗਾਰਡ ਦਾ ਸਾਹਮਣਾ ਹੋਣ ਤੋਂ ਬਾਅਦ ਸ਼ੱਕੀ ਵਿਅਕਤੀ ਬਿਨਾਂ ਕੁਝ ਲੁੱਟੇ ਉੱਥੋਂ ਫਰਾਰ ਹੋ ਗਏ।
ਦੁਕਾਨ ਵਿਚ ਟੱਕਰ ਮਾਰਨ ਵਾਲੇ ਵਾਹਨ ਦੀ ਲਪੇਟ ਵਿਚ ਉੱਥੇ ਕੰਮ ਕਰਨ ਵਾਲਾ 72 ਸਾਲਾ ਮੁਲਾਜ਼ਮ ਵੀ ਆ ਗਿਆ। ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ ਅਤੇ ਘਟਨਾ ਤੋਂ ਦਸ ਦਿਨ ਬਾਅਦ ਉਸਦੀ ਮੌਤ ਹੋ ਗਈ। ਘਟਨਾ ਦੀਆਂ ਕਈ ਤਸਵੀਰਾਂ ਨਿਗਰਾਨੀ ਕੈਮਰਿਆਂ ਵਿਚ ਵੀ ਰਿਕਾਰਡ ਹੋਈਆਂ ਸਨ।ਜਾਂਚ ਤੋਂ ਬਾਅਦ ਪੁਲਿਸ ਨੇ ਓਕਲੈਂਡ ਦੇ 24 ਸਾਲਾ ਅਲਫਰੇਡੋ ਕੋਲਮੇਨੇਰੋ-ਮਾਰਟੀਨੇਜ਼ ਦੀ ਪਛਾਣ ਉਸ ਵਿਅਕਤੀ ਵਜੋਂ ਕੀਤੀ ਹੈ, ਜਿਸ ਉੱਤੇ ਵਾਹਨ ਚਲਾਉਣ ਦਾ ਦੋਸ਼ ਹੈ। ਇਸ ਤੋਂ ਇਲਾਵਾ ਸਟਾਕਟਨ ਦੇ 35 ਸਾਲਾ ਜੈਰਨ ਫਰੇਜ਼ੀਅਰ ਨੂੰ ਕਥਿਤ ਤੌਰ ‘ਤੇ ਇਸ ਲੁੱਟ ਦੀ ਯੋਜਨਾ ਬਣਾਉਣ ਅਤੇ ਉਸਦਾ ਤਾਲਮੇਲ ਕਰਨ ਵਾਲਾ ਵਿਅਕਤੀ ਦੱਸਿਆ ਗਿਆ ਹੈ।
ਸੈਕਰਾਮੈਂਟੋ ਕਾਊਂਟੀ ਡਿਸਟ੍ਰਿਕਟ ਅਟਾਰਨੀ ਦਫ਼ਤਰ ਵੱਲੋਂ ਕੋਲਮੇਨੇਰੋ-ਮਾਰਟੀਨੇਜ਼ ਖ਼ਿਲਾਫ਼ ਕਤਲ ਅਤੇ ਫਰੇਜ਼ੀਅਰ ਖ਼ਿਲਾਫ਼ ਲੁੱਟ ਦੀ ਕੋਸ਼ਿਸ਼ ਅਤੇ ਸਾਜ਼ਿਸ਼ ਦੇ ਦੋਸ਼ਾਂ ਤਹਿਤ ਵਾਰੰਟ ਹਾਸਲ ਕੀਤੇ ਗਏ। ਪੁਲਿਸ ਨੇ ਕੋਲਮੇਨੇਰੋ-ਮਾਰਟੀਨੇਜ਼ ਨੂੰ ਟਰੇਸੀ ਅਤੇ ਫਰੇਜ਼ੀਅਰ ਨੂੰ ਕੌਨਕੋਰਡ ਤੋਂ ਗ੍ਰਿਫ਼ਤਾਰ ਕੀਤਾ।ਸ਼ੈਰਿਫ਼ ਦਫ਼ਤਰ ਮੁਤਾਬਕ ਇਸ ਮਾਮਲੇ ਦੀ ਜਾਂਚ ਵਿਚ ਵਾਹਨਾਂ ਦੀਆਂ ਨੰਬਰ ਪਲੇਟਾਂ ਨੂੰ ਆਪਣੇ ਆਪ ਪੜ੍ਹਨ ਵਾਲੇ ਕੈਮਰਿਆਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਇਨ੍ਹਾਂ ਦੀ ਮਦਦ ਨਾਲ ਵੱਖ-ਵੱਖ ਇਲਾਕਿਆਂ ਵਿਚ ਵਾਹਨਾਂ ਅਤੇ ਹੋਰ ਸਬੂਤਾਂ ਨੂੰ ਆਪਸ ਵਿਚ ਜੋੜਿਆ ਗਿਆ।ਦੋਵੇਂ ਮੁਲਜ਼ਮਾਂ ਨੂੰ ਸੈਕਰਾਮੈਂਟੋ ਕਾਊਂਟੀ ਮੇਨ ਜੇਲ੍ਹ ਵਿਚ ਬੰਦ ਕੀਤਾ ਗਿਆ ਹੈ ਅਤੇ ਸ਼ੈਰਿਫ਼ ਦਫ਼ਤਰ ਅਨੁਸਾਰ ਫਿਲਹਾਲ ਦੋਵਾਂ ਨੂੰ ਬਿਨਾਂ ਜ਼ਮਾਨਤ ਦੇ ਹਿਰਾਸਤ ਵਿਚ ਰੱਖਿਆ ਗਿਆ ਹੈ। ਮਾਮਲੇ ਵਿਚ ਲਗਾਏ ਗਏ ਦੋਸ਼ਾਂ ਦਾ ਅਦਾਲਤ ਵਿੱਚ ਸਾਬਤ ਹੋਣਾ ਅਜੇ ਬਾਕੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button