ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਰੇਲਵੇ ਲਾਈਨ ਨਾਲ ਜੋੜਣ ਲਈ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਕੀਤੇ ਐਲਾਨ ਸਬੰਧੀ ਖਬਰਾਂ ਦੀ ਅਜੇ ਸਿਆਹੀ ਵੀ ਨਹੀਂ ਸੁੱਕੀ ਸੀ , ਕਿ ਤਲਵੰਡੀ ਸਾਬੋ ਇਲਾਕੇ ਨਾਲ ਸਬੰਧਤ ਬਾਰਾਂ ਪਿੰਡਾਂ ਦੇ ਕਿਸਾਨਾਂ ਨੇ ਬਿੱਟੂ ਦੇ ਡਰੀਮ ਪ੍ਰਜੈਕਟ ਲਈ ਆਪਣੀ ਜ਼ਮੀਨ ਨਾ ਦੇਣ ਦਾ ਐਲਾਨ ਕਰ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਅਸਲ ’ਚ ਪੰਜਾਬ ਵਿੱਚ ਸਿਆਸੀ ਪੈਰ ਜਮਾਉਣ ਲਈ ਭਾਜਪਾ ਸਿੱਖਾਂ ਨੂੰ ਖੁਸ਼ ਕਰਨਾ ਚਾਹੁੰਦੀ ਹੈ ,ਹੋਰ ਕੋਈ ਮਕਸਦ ਨਹੀਂ ਹੈ। ਕੇਂਦਰੀ ਰੇਲ ਬਜਟ 2013-14 ਵਿੱਚ ਤਖਤ ਦਮਦਮਾ ਸਾਹਿਬ ਨੂੰ ਰੇਲ ਮਾਰਗ ਨਾਲ ਜੋੜਨ ਦੀ ਤਜਵੀਜ਼ ਨੂੰ 13 ਸਾਲ ਬਾਅਦ ਬੂਰ ਪੈਣ ਦੀ ਥਾਂ ਬਰੇਕਾਂ ਲੱਗਦੀਆਂ ਨਜ਼ਰ ਆ ਰਹੀਆਂ ਹਨ। ਪੰਜ ਤਖਤਾਂ ਵਿੱਚੋਂ ਸਿਰਫ਼ ਚੌਥਾ ਤਖਤ ਦਮਦਮਾ ਸਾਹਿਬ ਹੀ ਰੇਲ ਲਿੰਕ ਦੀ ਸਹੂਲਤ ਤੋਂ ਵਾਂਝਾ ਹੈ।
ਦਹਾਕਿਆਂ ਤੋਂ ਇਸ ਤਖਤ ਨੂੰ ਰੇਲ ਲਿੰਕ ਨਾਲ ਜੋੜਨ ਦੀ ਮੰਗ ਚੱਲੀ ਆ ਰਹੀ ਹੈ। ਕੇਂਦਰ ਸਰਕਾਰ ਵੱਲੋਂ ਤਖਤ ਦਮਦਮਾ ਸਾਹਿਬ ਨੂੰ ਰੇਲ ਲਿੰਕ ਨਾਲ ਜੋੜਨ ਲਈ ਦੋ ਸਰਵੇ ਵੀ ਕਰਾਏ ਗਏ ਸਨ ਪਰ ਗੱਲ ਕਿਸੇ ਤਣ ਪੱਤਣ ਨਹੀਂ ਲੱਗੀ ਸੀ। ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਵੱਲੋਂ ਵੀ ਕਾਫ਼ੀ ਸਮੇਂ ਤੋਂ ਇਸ ਪ੍ਰਜੈਕਟ ਲਈ ਜੱਦੋਜਹਿਦ ਕੀਤੀ ਜਾ ਰਹੀ ਹੈ ਜਿਸ ਤਹਿਤ ਉਨ੍ਹਾਂ ਕੇਂਦਰ ਸਰਕਾਰ ’ਤੇ ਇਹ ਮੰਗ ਪੂਰੀ ਕਰਾਉਣ ਵਾਸਤੇ ਦਬਾਅ ਪਾਇਆ ਹੋਇਆ ਹੈ। ਹੁਣ ਜਦੋਂ ਸ਼ੁੱਕਰਵਾਰ ਨੂੰ ਰਵਨੀਤ ਬਿੱਟੂ ਨੇ ਇਸ ਸਬੰਧੀ ਐਲਾਨ ਕੀਤਾ ਤਾਂ ਕਿਸਾਨਾਂ ਨੇ ਜਮੀਨਾਂ ਨਾਂ ਦੇਣ ਦਾ ਐਲਾਨ ਕਰ ਦਿੱਤਾ ਹੈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਇਹਨਾਂ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਉਹ ਤਖ਼ਤ ਸਾਹਿਬ ਨੂੰ ਰੇਲਵੇ ਲਾਈਨ ਨਾਲ ਜੋੜਣ ਦਾ ਵਿਰੋਧ ਨਹੀਂ ਕਰ ਰਹੇ, ਸਗੋਂ ਆਪਣੀ ਜ਼ਮੀਨਾਂ ਬਚਾਉਣ ਲਈ ਜੱਦੋਜਹਿਦ ਕਰਨ ਲਈ ਮਜਬੂਰ ਹਨ।
ਕਿਸਾਨਾਂ ਅਨੁਸਾਰ ਪੰਜਾਬ ਦੇ ਕਿਸੇ ਵੀ ਖਿੱਤੇ ਵਿੱਚ ਜ਼ਮੀਨ ਮਿਲਣੀ ਅਸੰਭਵ ਹੈ, ਇਸ ਲਈ ਸਾਡੀਆਂ ਜ਼ਮੀਨਾਂ ਐਕੁਆਇਰ ਕਰਨ ਬਦਲੇ ਮੁਆਵਜੇ ਦੀ ਜੋ ਰਾਸ਼ੀ ਮਿਲੇਗੀ ਉਹ ਕਿੱਥੇ ਖ਼ਰਚੀ ਜਾਵੇ, ਇਹ ਇੱਕ ਨਾ ਸੁਲਝਣਯੋਗ ਸੁਆਲ ਹੈ। ਕਿਸਾਨਾਂ ਅਨੁਸਾਰ ਜਦੋਂ ਇਸ ਸਬੰਧੀ ਸਰਵੇ ਹੋ ਰਿਹਾ ਸੀ, ਉਹਨਾਂ ਉਦੋਂ ਹੀ ਰੇਲ ਰਾਜ ਮੰਤਰੀ ਕੋਲ ਆਪਣੀ ਸਥਿਤੀ ਸਪਸ਼ਟ ਕਰ ਦਿੱਤੀ ਸੀ। ਕਿਸਾਨਾਂ ਅਨੁਸਾਰ ਜੇਕਰ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਰੇਲ ਲਾਈਨ ਨਾਲ ਜੋੜਣਾ ਹੀ ਹੈ ਤਾਂ ਉਪਜਾਊ ਜਮੀਨ ਐਕੁਆਇਰ ਕਰਨ ਦੀ ਥਾਂ ਬਠਿੰਡਾ ਸਿਰਸਾ ਲਾਈਨ ’ਤੇ ਸਥਿਤ ਬੰਗੀ ਨਿਹਾਲ ਸਿੰਘ ਵਾਲਾ ਦੇ ਰੇਲਵੇ ਸਟੇਸ਼ਨ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਨਾਂ ਦੇਕੇ ਉੱਥੋਂ ਤਲਵੰਡੀ ਸਾਬੋ ਤੱਕ ਮੁਫ਼ਤ ਬੱਸਾਂ ਚਲਾਈਆਂ ਜਾ ਸਕਦੀਆਂ ਹਨ। ਕਿਸਾਨਾਂ ਨੇ ਸਪਸ਼ਟ ਕੀਤਾ ਕਿ ਜੇਕਰ ਧੱਕੇ ਨਾਲ ਜਮੀਨਾਂ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਜੱਥੇਬੰਦੀਆਂ ਦੇ ਸਹਿਯੋਗ ਨਾਲ ਤਿੱਖਾ ਵਿਰੋਧ ਕੀਤਾ ਜਾਏਗਾ।
ਕੇਂਦਰ ਸਰਕਾਰ ਵੱਲੋਂ ਸਭ ਤੋਂ ਪਹਿਲਾਂ ਤਖਤ ਦਮਦਮਾ ਸਾਹਿਬ ਨੂੰ ਰੇਲ ਸਹੂਲਤ ਦੇਣ ਵਾਸਤੇ ਦਸੰਬਰ 2006 ਵਿੱਚ ਸਰਵੇ ਕਰਾਇਆ ਸੀ ਜਿਸ ਵਿੱਚ ਇਸ ਰੇਲ ਮਾਰਗ ਤੇ 115.75 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਲਾਇਆ ਗਿਆ ਸੀ। ਰਾਮਾਂ ਮੰਡੀ ਤੋਂ ਮੌੜ ਮੰਡੀ ਵਾਇਆ ਦਮਦਮਾ ਸਾਹਿਬ ਤੱਕ ਬਣਨ ਵਾਲੇ 32.38 ਕਿਲੋਮੀਟਰ ਲੰਮੇ ਰੇਲ ਮਾਰਗ ਸਬੰਧੀ ਹੋਏ ਸਰਵੇ ਦੌਰਾਨ ਭਾਵੇਂ ਇਸ ਮਾਰਗ ਨੂੰ ਮਾਲੀ ਤੌਰ ’ਤੇ ਵਾਜਬ ਨਹੀਂ ਦੱਸਿਆ ਸੀ ਪ੍ਰੰਤੂ ਤਖਤ ਸ੍ਰੀ ਦਮਦਮਾ ਸਾਹਿਬ ਦੀ ਅਹਿਮੀਅਤ ਦੇ ਮੱਦੇਨਜ਼ਰ 2013-14 ਦੇ ਬੱਜਟ ’ਚ ਤੱਤਕਾਲੀ ਰੇਲ ਮੰਤਰੀ ਨੇ ਇਹ ਐਲਾਨ ਕੀਤਾ ਸੀ। ਤਖਤ ਦਮਦਮਾ ਸਾਹਿਬ ਦੇ ਰੇਲ ਮਾਰਗ ਨਾਲ ਜੁੜਨ ਵਜੋਂ ਪਿੰਡ ਜੋਧਪੁਰ ਪਾਖਰ , ਨੱਤ ਅਤੇ ਲਾਲੇਆਣਾ ਵਿੱਚ ਨਵੇਂ ਰੇਲਵੇ ਸਟੇਸ਼ਨ ਬਣਨੇ ਸਨ। ਇਸ ਸਰਵੇ ਵਿੱਚ ਇੱਕ ਡੀ.ਐਮ.ਯੂ ਟਰੇਨ ਚਲਾਏ ਜਾਣ ਨੂੰ ਮੁੱਖ ਰੱਖ ਕੇ ਸਰਵੇ ਕੀਤਾ ਗਿਆ ਸੀ।
ਦੂਸਰਾ ਰੇਲ ਸਰਵੇ ਚੀਫ਼ ਕਮਰਸ਼ੀਅਲ ਮੈਨੇਜਰ (ਟਰੈਫਿਕ ਸਰਵੇ) ਤਰਫੋਂ ਕੀਤਾ ਗਿਆ ਸੀ ਜਿਨ੍ਹਾਂ ਨੇ ਆਪਣੀ ਸਰਵੇ ਰਿਪੋਰਟ ਵਿੱਚ ਇਸ ਰੇਲ ਮਾਰਗ ਦੀ ਲਾਗਤ 123.13 ਕਰੋੜ ਰੁਪਏ ਅਨੁਮਾਨੀ ਸੀ। ਉਨ੍ਹਾਂ ਨੇ ਸਰਵੇ ਵਿੱਚ ਇੱਕ ਇੰਟਰਸਿਟੀ ਟਰੇਨ ਲੁਧਿਆਣਾ ਸਿਰਸਾ ਵਾਇਆ ਧੂਰੀ, ਬਠਿੰਡਾ, ਦਮਦਮਾ ਸਾਹਿਬ ਤਜਵੀਜ਼ ਕੀਤੀ ਅਤੇ ਇਸੇ ਤਰ੍ਹਾਂ ਇੱਕ ਟਰੇਨ ਅੰਮ੍ਰਿਤਸਰ ਰਾਮਾਂ ਵਾਇਆ ਜਲੰਧਰ,ਫਿਰੋਜਪੁਰ, ਬਠਿੰਡਾ, ਦਮਦਮਾ ਸਾਹਿਬ ਤਜਵੀਜ਼ ਕੀਤੀ ਸੀ। ਉਦੋਂ ਬਠਿੰਡਾ ਰਿਫਾਈਨਰੀ ਵੀ ਚਾਲੂ ਨਹੀਂ ਹੋਈ ਸੀ।
ਇਸ ਪ੍ਰਜੈਕਟ ਤਹਿਤ ਬਠਿੰਡਾ ਮਾਨਸਾ ਦੋਹਰੀ ਲਾਈਨ ’ਤੇ ਰਾਮਾਂ ਮੰਡੀ ਤੋਂ ਸੱਦਾ ਸਿੰਘ ਵਾਲਾ ਤੱਕ ਨਵੀਂ ਰੇਲ ਲਾਈਨ ਵਿਛਾਉਣ ਤੋਂ ਇਲਾਵਾ ਤਿੰਨ ਨਵੇਂ ਰੇਲਵੇ ਸਟੇਸ਼ਨਾਂ ਦੀ ਉਸਾਰੀ ਕੀਤੀ ਜਾਏਗੀ। ਤਕਰੀਬਨ 43 ਕਿੱਲੋਮੀਟਰ ਲੰਬੇ ਇਸ ਰੇਲ ਟਰੈਕ ’ਤੇ 1118 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਏਗੀ ਜਿਸ ਲਈ ਦੋਵਾਂ ਜਿਲਿ੍ਹਆਂ ਦੇ 16 ਪਿੰਡਾਂ ਦੀ 192.42 ਹੈਕਟੇਅਰ ਜਮੀਨ ਐਕੁਆਇਰ ਕੀਤੀ ਜਾਣੀ ਹੈ। ਕੇਂਦਰ ਸਰਕਾਰ ਨੇ ਜਮੀਨ ਲਈ ਕਿਸਾਨਾਂ ਨੂੰ ਦੇਣ ਵਾਸਤੇ 336 ਕਰੋੜ ਰੁਪਏ ਵੱਖਰੇ ਰੱਖੇ ਗਏ ਹਨ।ਵਿਸਾਖੀ ਮੇਲੇ ’ਤੇ ਦੇਸ਼ ਭਰ ਤੋਂ ਲੱਖਾਂ ਸ਼ਰਧਾਲੂ ਤਖਤ ਸਾਹਿਬ ’ਤੇ ਨਤਮਸਤਕ ਹੋਣ ਲਈ ਆਉਂਦੇ ਹਨ। ਭਾਜਪਾ ਦੇ ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦਾ ਕਹਿਣਾ ਸੀ ਕਿ ਨਵਾਂ ਰੇਲ ਲਿੰਕ ਮੁਕੰਮਲ ਹੋਣ ਨਾਲ ਤਖਤ ਸਾਹਿਬ ’ਤੇ ਸ਼ਰਧਾਲੂਆਂ ਦੀ ਗਿਣਤੀ ਵਧੇਗੀ ਅਤੇ ਇਲਾਕੇ ਦਾ ਵਿਕਾਸ ਵੀ ਹੋਏਗਾ। ਉਨ੍ਹਾਂ ਕਿਹਾ ਕਿ ਸਿੱਖ ਸੰਗਤ ਲਈ ਪੰਜਾਂ ਤਖਤਾਂ ਦੀ ਯਾਤਰਾ ਸੌਖਾਲੀ ਹੋ ਜਾਏਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




