
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਬਲਾਈਂਡ ਮਰਡਰ ਕੇਸ ਨੂੰ ਸੁਲਝਾਉਂਦੇ ਹੋਏ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਸ ਮਾਮਲੇ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ, ਕਿਉਂਕਿ ਮ੍ਰਿਤਕ ਮਹਿਲਾ ਦਾ ਪੁੱਤਰ ਹੀ ਇਸ ਕਤਲ ਦਾ ਮਾਸਟਰਮਾਈਂਡ ਨਿਕਲਿਆ।ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਪੀ ਡੀ ਰੂਰਲ ਅਦਿਤਿਆ ਵਾਰਿਅਰ ਨੇ ਦੱਸਿਆ ਕਿ ਪਿੰਡ ਮੋਹਨ-ਭੰਡਾਰੀਆਂ ਵਿੱਚ 14 ਮਾਰਚ 2026 ਨੂੰ 65 ਸਾਲਾ ਪਰਮਜੀਤ ਕੌਰ ਦਾ ਕਤਲ ਕੀਤਾ ਗਿਆ ਸੀ। ਉਸ ਵੇਲੇ ਮਹਿਲਾ ਆਪਣੇ ਨਵੇਂ ਬਣ ਰਹੇ ਘਰ ਵਿੱਚ ਮੌਜੂਦ ਸੀ
ਦੁਪਹਿਰ ਦੇ ਸਮੇਂ ਜਦੋਂ ਮਿਸਤਰੀ ਅਤੇ ਮਜ਼ਦੂਰ ਖਾਣੇ ਲਈ ਗਏ ਹੋਏ ਸਨ, ਉਸ ਦੌਰਾਨ ਦੋ ਅਣਪਛਾਤੇ ਵਿਅਕਤੀ ਘਰ ਵਿੱਚ ਦਾਖਲ ਹੋਏ ਅਤੇ ਮਹਿਲਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਹ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ।ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸੀਸੀਟੀਵੀ ਫੁਟੇਜ ਅਤੇ ਤਕਨੀਕੀ ਸਬੂਤਾਂ ਦੀ ਮਦਦ ਨਾਲ 16 ਮਾਰਚ ਨੂੰ ਦੋ ਮੁਲਜ਼ਮ—ਹਰਮਨਪ੍ਰੀਤ ਸਿੰਘ ਅਤੇ ਗੁਰਸੇਵਕ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਉਨ੍ਹਾਂ ਕੋਲੋਂ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ, ਸੋਨੇ ਦੇ ਗਹਿਣੇ ਅਤੇ ਬਿਜਲੀ ਦੀ ਤਾਰ ਬਰਾਮਦ ਕੀਤੀ, ਜਿਸ ਨਾਲ ਕਤਲ ਕੀਤਾ ਗਿਆ ਸੀ।ਪੁੱਛਗਿੱਛ ਦੌਰਾਨ ਦੋਵਾਂ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਕਿ ਇਹ ਕਤਲ ਮਹਿਲਾ ਦੇ ਪੁੱਤਰ ਸੁਮਨਦੀਪ ਸਿੰਘ ਦੇ ਕਹਿਣ ‘ਤੇ ਕੀਤਾ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਸੁਮਨਦੀਪ ਸਿੰਘ ਨੂੰ ਨਾਮਜ਼ਦ ਕਰਕੇ 19 ਮਾਰਚ ਨੂੰ ਗ੍ਰਿਫ਼ਤਾਰ ਕਰ ਲਿਆ।ਜਾਂਚ ਵਿੱਚ ਸਾਹਮਣੇ ਆਇਆ ਕਿ ਸੁਮਨਦੀਪ ਸਿੰਘ ਦਾ ਆਪਣੀ ਮਾਂ ਨਾਲ ਜਾਇਦਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਉਹ ਨਵਾਂ ਬਣ ਰਿਹਾ ਘਰ ਆਪਣੇ ਨਾਮ ਕਰਵਾਉਣਾ ਚਾਹੁੰਦਾ ਸੀ, ਪਰ ਮਾਂ ਦੇ ਇਨਕਾਰ ਕਰਨ ‘ਤੇ ਉਸ ਨੇ ਸੁਪਾਰੀ ਦੇ ਕੇ ਆਪਣੀ ਹੀ ਮਾਂ ਦਾ ਕਤਲ ਕਰਵਾ ਦਿੱਤਾ।ਪੁਲਿਸ ਨੇ ਕਿਹਾ ਕਿ ਮਾਮਲੇ ਦੀ ਹੋਰ ਵੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਰੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




