32 ਸਾਲ ਪੁਰਾਣੇ ਅਗਵਾ ਕਰਨ, ਗੈਰ-ਕਾਨੂੰਨੀ ਹਿਰਾਸਤ ਅਤੇ ਗੁੰਮਸ਼ੁਦਗੀ ਦੇ ਕੇਸ ਵਿਚ CBI ਦੀ ਵਿਸ਼ੇਸ਼ ਅਦਾਲਤ ਨੇ ਸੁਰਿੰਦਰਪਾਲ ਸਿੰਘ, ਜੋ ਕਿ ਤਤਕਾਲੀ ਐੱਸ.ਐੱਚ.ਓ, ਥਾਣਾ ਸਰਹਾਲੀ ਜ਼ਿਲ੍ਹਾ ਤਰਨਤਾਰਨ ਸੀ । ਉਸ ਨੂੰ ਦੋਸ਼ੀ ਕਰਾਰ ਦਿੰਦੇ ਹੋਏ 23 ਦਸੰਬਰ ਨੂੰ ਸਜ਼ਾ ਸੁਣਾਉਣ ਦੀ ਤਾਰੀਖ਼ ਨਿਸ਼ਚਿਤ ਕੀਤੀ ਹੈ।
ਮਾਮਲਾ ਦਰਜ ਕਰਵਾਉਣ ਵਾਲੀ ਸੁਖਵੰਤ ਕੌਰ ਪਤਨੀ ਸੁਖਦੇਵ ਸਿੰਘ ਦੇ ਬਿਆਨਾਂ ਅਨੁਸਾਰ 31 ਅਕਤੂਬਰ 1992 ਨੂੰ ਵਾਈਸ ਪ੍ਰਿੰਸੀਪਲ ਸੁਖਦੇਵ ਸਿੰਘ ਅਤੇ ਉਨ੍ਹਾਂ ਦੇ 80 ਸਾਲ ਦੇ ਸਹੁਰੇ ਸੁਤੰਤਰਤਾ ਸੈਨਾਨੀ ਸੁਲੱਖਣ ਸਿੰਘ ਨੂੰ ਪੁਲਿਸ ਨੇ ਅੰਮ੍ਰਿਤਸਰ ਦੇ ਘਨੂਪੁਰ ਕਾਲੇ ਇਲਾਕੇ ਵਿਚ ਉਨ੍ਹਾਂ ਦੇ ਘਰ ਤੋਂ ਚੁੱਕ ਲਿਆ। ਇਹ ਕਾਰਵਾਈ ਏ ਐੱਸ ਆਈ ਅਵਤਾਰ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਕੀਤੀ ਗਈ ਸੀ। ਇਸ ਮੌਕੇ ਤੇ ਪਰਿਵਾਰ ਨੂੰ ਦੱਸਿਆ ਗਿਆ ਕਿ ਸੁਰਿੰਦਰਪਾਲ ਸਿੰਘ ਨੇ ਉਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਪੁਲੀਸ ਪਾਰਟੀ ਨੇ ਅਗਵਾ ਕਰਕੇ ਦੋਵਾਂ ਨੂੰ ਤਿੰਨ ਦਿਨਾਂ ਤੱਕ ਗੈਰ-ਕਾਨੂੰਨੀ ਹਿਰਾਸਤ ਵਿਚ ਰੱਖਿਆ। ਉਨ੍ਹਾਂ ਨੂੰ ਆਖ਼ਰੀ ਵਾਰ ਥਾਣਾ ਸਰਹਾਲੀ ਵਿਚ ਦੇਖਿਆ ਗਿਆ ਸੀ। ਜਿੱਥੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਮਿਲ ਕੇ ਖਾਣਾ ਅਤੇ ਕੱਪੜੇ ਮੁਹੱਈਆ ਵੀ ਕਰਵਾਏ। ਇਸ ਤੋਂ ਬਾਅਦ ਉਨ੍ਹਾਂ ਦੀ ਕੋਈ ਖ਼ਬਰ ਨਹੀਂ ਮਿਲੀ।
ਸੁਖਦੇਵ ਸਿੰਘ ਦੀ ਪਤਨੀ ਸੁਖਵੰਤ ਕੌਰ ਨੇ ਕਈ ਸ਼ਿਕਾਇਤਾਂ, ਟੈਲੀਗਰਾਮ ਅਤੇ ਅਪੀਲਾਂ ਕੀਤੀਆਂ, ਪਰ ਕੋਈ ਨਤੀਜਾ ਨਹੀਂ ਨਿਕਲਿਆ।ਬਾਅਦ ਵਿਚ, 2003 ਵਿਚ, ਕੁੱਝ ਪੁਲੀਸ ਅਧਿਕਾਰੀਆਂ ਨੇ ਸੁਖਵੰਤ ਕੌਰ ਦੇ ਦਸਤਖ਼ਤ ਖਾਲੀ ਕਾਗ਼ਜ਼ਾਂ ‘ਤੇ ਲਏ ਅਤੇ ਸੁਖਦੇਵ ਸਿੰਘ ਦੀ ਮੌਤ ਦਾ ਸਰਟੀਫਿਕੇਟ ਸੌਂਪਿਆ, ਜਿਸ ਵਿਚ 8 ਜੁਲਾਈ 1993 ਦੀ ਮੌਤ ਦਰਸਾਈ ਗਈ ਸੀ। ਇਸ ਦੌਰਾਨ ਪਰਿਵਾਰ ਨੂੰ ਪਤਾ ਲੱਗਾ ਕਿ ਤਸ਼ੱਦਦ ਦੌਰਾਨ ਸੁਖਦੇਵ ਸਿੰਘ ਦੀ ਮੌਤ ਹੋ ਗਈ ਸੀ ਅਤੇ ਉਸ ਦੀ ਲਾਸ਼ ਜ਼ਿੰਦਾ ਸੁਲੱਖਣ ਸਿੰਘ ਦੇ ਨਾਲ ਹੀ ਹਰੀਕੇ ਨਹਿਰ ਵਿਚ ਸੁੱਟ ਦਿੱਤੀ ਗਈ।
ਸੁਲੱਖਣ ਸਿੰਘ ਬਾਬਾ ਸੋਹਨ ਸਿੰਘ ਭਕਨਾ ਦੇ ਨਜ਼ਦੀਕੀ ਸਾਥੀ ਰਹੇ ਸਨ ਅਤੇ ਸੁਤੰਤਰਤਾ ਸੰਘਰਸ਼ ਦੌਰਾਨ ਕਈ ਜੇਲ੍ਹਾਂ ਕੱਟੀਆਂ। ਇਹ ਮਾਮਲਾ ਉਸ ਸਮੇਂ ਹੋਰ ਵੀ ਮਹੱਤਵਪੂਰਨ ਹੋ ਗਿਆ ਜਦੋਂ ਸਾਬਕਾ ਵਿਧਾਇਕ ਸਤਪਾਲ ਡਾਂਗ ਅਤੇ ਵਿਮਲਾ ਡਾਂਗ ਨੇ ਵੀ ਮੁੱਦੇ ਨੂੰ ਉਠਾਇਆ। ਪਰ, ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੇ ਇਸ ਗੱਲ ਨੂੰ ਰੱਦ ਕਰ ਦਿੱਤਾ ਕਿ ਉਹ ਪੁਲਸ ਦੀ ਹਿਰਾਸਤ ਵਿਚ ਹਨ।
1995 ਵਿਚ ਇਸ ਮਾਮਲੇ ਨੂੰ ਉਸ ਸਮੇਂ ਤੇਜ਼ੀ ਮਿਲੀ ਜਦੋਂ ਸੁਪਰੀਮ ਕੋਰਟ ਨੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਵੱਲੋਂ ਚੁੱਕੇ ਗਏ ਨੌਜਵਾਨਾਂ ਲਈ ਪੁਲਸ ਵੱਲੋਂ ਬੇਨਾਮ ਲਾਸ਼ਾਂ ਦੇ ਵੱਡੇ ਪੈਮਾਨੇ ‘ਤੇ ਸਾੜਨ ਦੇ ਮਾਮਲੇ ਦੀ ਜਾਂਚ ਲਈ ਸੀ ਬੀ ਆਈ ਨੂੰ ਆਦੇਸ਼ ਦਿੱਤਾ। ਇਸ ਤੋਂ ਬਾਅਦ 1997 ਵਿਚ ਸੀ ਬੀ ਆਈ ਨੇ ਏ ਐੱਸ ਆਈ ਅਵਤਾਰ ਸਿੰਘ, ਐੱਸ ਐੱਚ ੳ ਸੁਰਿੰਦਰਪਾਲ ਸਿੰਘ ਅਤੇ ਹੋਰਨਾਂ ਖ਼ਿਲਾਫ਼ 364 ਅਤੇ 34 ਆਈ ਪੀ ਸੀ ਦੇ ਤਹਿਤ ਮੁਕੱਦਮਾ ਦਰਜ ਕੀਤਾ। ਹਾਲਾਂਕਿ, ਕਈ ਦੇਰੀਆਂ, ਕਾਨੂੰਨੀ ਰੁਕਾਵਟਾਂ ਅਤੇ ਏ ਐੱਸ ਆਈ ਅਵਤਾਰ ਸਿੰਘ ਦੀ ਮੌਤ ਦੇ ਬਾਵਜੂਦ, 2009 ਵਿਚ ਸੀ ਬੀ ਆਈ ਨੇ ਚਾਰਜਸ਼ੀਟ ਪੇਸ਼ ਕੀਤੀ। 2016 ਵਿਚ ਸਾਜ਼ਿਸ਼, ਗ਼ੈਰਕਾਨੂੰਨੀ ਹਿਰਾਸਤ ਅਤੇ ਅਗਵਾ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਗਿਆ।
ਅਦਾਲਤ ਨੇ ਹੁਣ 23 ਦਸੰਬਰ ਨੂੰ ਸਜ਼ਾ ਸੁਣਾਉਣ ਲਈ ਤਰੀਖ ਨਿਸ਼ਚਿਤ ਕੀਤੀ ਹੈ। ਇਸ ਕੇਸ ਦੇ ਮੁਲਜ਼ਮ ਸੁਰਿੰਦਰਪਾਲ ਸਿੰਘ ਜਸਵੰਤ ਸਿੰਘ ਖਾਲੜਾ ਹੱਤਿਆ ਕੇਸ ‘ਚ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ ਅਤੇ ਇੱਕ ਹੋਰ ਕੇਸ ‘ਚ ਵੀ 10 ਸਾਲ ਦੀ ਕੈਦ ਭੁਗਤ ਰਹੇ ਹਨ। ਅਦਾਲਤ ਦਾ ਇਹ ਫ਼ੈਸਲਾ 32 ਸਾਲ ਪੁਰਾਣੇ ਮਾਮਲੇ ਨੂੰ ਅੰਜਾਮ ਤੱਕ ਲੈ ਕੇ ਜਾਵੇਗਾ ਪਰ ਇਸ ਦੇ ਨਾਲ ਹੀ ਪੰਜਾਬ ਦੇ ਉਸ ਕਾਲੇ ਦੌਰ ਵਿਚ ਹੋਈ ਉਥੱਲ ਪਥੱਲ ਸਮੇਂ ਦੌਰਾਨ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਲਈ ਇਨਸਾਫ਼ ਦੀ ਜਿੱਤ ਵਜੋਂ ਵੀ ਯਾਦ ਕੀਤਾ ਜਾਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.