EDITORIAL

ਧਰਤੀ ਹੇਠੋਂ ਸੱਭ ਤੋਂ ਵੱਧ ਪਾਣੀ ਖਿਚਦਾ ਹੈ ਪੰਜਾਬ,  ਪਾਣੀ ਹੋ ਰਿਹਾ ਹੈ ਜ਼ਹਿਰੀਲਾ

 ਹੋਰ 117 ਬਲਾਕ ਵੀ ਵਧ ਰਹੇ ਨੇ ਖ਼ਤਰੇ ਵੱਲ

ਅਮਰਜੀਤ ਸਿੰਘ ਵੜੈਚ (94178-01988)

ਪੰਜਾਬ ਦਾ ਧਰਤੀ ਹੇਠਲਾ ਪਾਣੀ ਜਿਥੇ ਘਟ ਰਿਹਾ ਉਥੇ ਨਾਲ਼ ਦੀ ਨਾਲ਼ ਪ੍ਰਦੂਸ਼ਿਤ ਤੇ ਜ਼ਹਿਰੀਲਾ ਵੀ ਹੋ ਰਿਹਾ ਹੈ । ਕੇਂਦਰੀ ਜਲ ਸ਼ਕਤੀ ਵਿਭਾਗ ਦੇ ਕੇਂਦਰੀ ਗਰਾਊਂਡ ਵਾਟਰ ਬੋਰਡ ਦੀ 2020-21 ਦੀ ਈਅਰ ਬੁੱਕ ‘ਚ ਇਹ ਤੱਥ ਸਾਹਮਣੇ ਆਏ ਹਨ ਕਿ ਪੰਜਾਬ ਦੇ ਵੱਡੇ ਹਿੱਸੇ ਦਾ ਧਰਤੀ ਹੇਠਲਾ ਪਾਣੀ ਬਹੁਤ ਬੁਰੀ ਤਰ੍ਹਾਂ ਹੇਠਾਂ ਜਾ ਰਿਹਾ ਹੈ ਜੋ ਬਹੁਤ ਹੀ ਖ਼ਤਰਨਾਕ ਚਿਤਾਵਨੀ ਹੈ ।

tubewell

ਇਸ ਰਿਪੋਰਟ ਅਨੁਸਾਰ ਪੰਜਾਬ ਦੇ 153  ਵਿਕਾਸ ਬਲਾਕਾਂ ‘ਚੋਂ 150 ਦਾ ਸਰਵੇਖਣ ਕੀਤਾ ਗਿਆ । ਇਸ ਰਿਪੋਰਟ ਮੁਤਾਬਿਕ ਸਿਰਫ 17 ਬਲਾਕ ਹੀ ਅਜਿਹੇ ਹਨ ਜਿਨ੍ਹਾਂ ਦੇ ਧਰਤੀ ਹੇਠਲੇ ਪਾਣੀ ਨੂੰ ਹਾਲੇ ਕੋਈ ਖ਼ਤਰਾ ਨਹੀਂ ਹੈ ਪਰ ਛੇ ਬਲਾਕ ਤਾਂ ਖ਼ਤਰਨਾਕ ਹੱਦ ਤੋਂ ਵੀ ਵੱਧ ਪਾਣੀ ਧਰਤੀ ਹੇਠੋਂ ਕੱਢ ਰਹੇ ਹਨ । ਰਾਜ ਦੇ 10 ਬਲਾਕ ਖ਼ਤਰਨਾਕ ਸਥਿਤੀ  ਦੇ ਨੇੜੇ  ਹਨ ਤੇ 117 ਬਲਾਕ ਅਜਿਹੇ ਹਨ ਜਿਨ੍ਹਾਂ ‘ਚੋਂ ਲੋੜ ਤੋਂ ਵੱਧ ਪਾਣੀ ਕੱਢਿਆ ਜਾਣਾ ਸ਼ੁਰੂ ਹੋ ਚੁੱਕਿਆ ਹੈ ਭਾਵ ਇਹ ਬਲਾਕ ਵੀ ਅਗਲੇ ਸਮੇਂ ‘ਚ ਖ਼ਤਰਨਾਕ ਸਥਿਤੀ ਵੱਲ ਵੱਧ ਰਹੇ ਹਨ ।

Punjab-map

ਇਸ ਰਿਪੋਰਟ ਅਨੁਸਾਰ ਦੇਸ਼ ਵਿੱਚ ਪੰਜ ਰਾਜ ਅਜਿਹੇ ਹਨ ਜੋ ਧਰਤੀ ਹੇਠਲੇ ਪਾਣੀ ਨਾਲ਼ ਬਹੁਤ ਵੱਡਾ ਖਿਲਵਾੜ ਕਰ ਰਹੇ ਹਨ ਯਾਨੀ ਪਾਣੀ ਰੀਚਾਰਜ ਘੱਟ ਕਰ ਰਹੇ ਹਨ ਤੇ ਧਰਤੀ ਵਿਚੋਂ ਕੱਢ ਜ਼ਿਆਦਾ ਰਹੇ ਹਨ : ਇਨ੍ਹਾਂ ਰਾਜਾਂ ‘ਚ ਪੰਜਾਬ ਪਹਿਲੇ, ਗੁਜਰਾਤ ਦੂਜੇ, ਮਹਾਂਰਾਸ਼ਟਰ ਤੀਜੇ ਤੇ ਹਰਿਆਣਾ ਤੇ ਮੱਧ-ਪ੍ਰਦੇਸ ਚੌਥੇ ਨੰਬਰ ‘ਤੇ ਹਨ । ਹਰਿਆਣਾ ਪੰਜਾਬ ਨਾਲ਼ੋਂ ਕਿਤੇ ਘੱਟ ਧਰਤੀ ਹੇਠਲੇ ਪਾਣੀ ਨੂੰ ਵਰਤ ਰਿਹਾ ਹੈ ।

ਇਹ ਰਿਪੋਰਟ ਦੱਸਦੀ ਹੈ ਕਿ ਪੰਜਾਬ ਬਰਸਾਤਾਂ ਦੇ ਪਾਣੀ ਨੂੰ ਅਜਾਈਂ ਗਵਾਉਣ ਵਾਲ਼ਿਆਂ ਰਾਜਾਂ ‘ਚ ਵੀ ਚੌਥੇ ਨੰਬਰ ‘ਤੇ ਹੈ । ਪਹਿਲੇ ਨੰਬਰ ‘ਤੇ ਲੱਦਾਖ, ਪੁਡੂਚਰੀ ਦੂਜੇ ‘ਤੇ ਜੰਮੂ-ਕਸ਼ਮੀਰ ਤੀਜੇ ਨੰਬਰ ‘ਤੇ  ਅਤੇ ਪੁਡੂਚਰੀ ਪੰਜਵੇ ਸਥਾਨ ‘ਤੇ ਹਨ ।

ਇਸੇ ਹੀ ਬੋਰਡ ਦੀ 2002 ‘ਚ ਛਪੀ ਰਿਪੋਰਟ ‘ਚ ਦੱਸਿਆ ਗਿਆ ਸੀ ਕਿ ਪੰਜਾਬ ਦੇ ਧਰਤੀ ਹੇਠਲੇ ਪਾਣੀਆਂ ‘ਚੋਂ ਬਹੁਤੇ ਡੂੰਘੇ ਪਾਣੀ ਜ਼ਿਆਦਾ ਪ੍ਰਦੂਸ਼ਿਤ ਹੋ ਰਹੇ ਹਨ । ਇਸ ਰਿਪੋਰਟ ਅਨੁਸਾਰ ਅੱਜ ਤੋਂ 20 ਸਾਲ  ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ‘ਚ 589 ਦਰਮਿਆਨੇ ਤੇ ਵੱਡੇ  ਫ਼ੂਡ ਪ੍ਰੋਸੈਸਿੰਗ ,  ਕੋਲਡ ਡਰਿੰਕਸ, ਕਾਗਜ਼,ਚਮੜਾ,ਇਲੈਕਟਰੋਪਲੇਟ,ਬੈਟਰੀਆਂ ਤੇ ਖੰਡ ਉਦਯੋਗ  ਸਨ । ਇਨ੍ਹਾਂ ਸਾਰੇ ਉਦਯੋਗਾਂ ਦਾ ਗੰਦਾ ਪਾਣੀ ਹੰਡਿਆਰਾ ਤੇ ਛੇਹਰਟਾ ਨਹਿਰਾਂ ‘ਚ ਸੁਟਿਆ ਜਾਂਦਾ ਸੀ । ਇਸੇ ਤਰ੍ਹਾਂ ਲੁਧਿਆਣੇ ਵਿੱਚ ਵੀ 2431 ਅਜਿਹੇ ਉਦਯੋਗਾਂ ਦਾ ਗੰਦਾ ਪਾਣੀ ਬੁੱਢੇ ਨਾਲ਼ੇ ‘ਚ ਪਾਇਆ ਜਾਂਦਾ ਸੀ । ਇਹ ਵਰਤਾਰਾ ਹਾਲੇ ਵੀ ਜਾਰੀ ਹੈ । ਇਹੋ ਸਥਿਤੀ  ਜਲੰਧਰ ,ਹੁਸ਼ਿਆਰਪੁਰ ‘ਤੇ ਮੰਡੀ ਗੋਬਿੰਦਗੜ੍ਹ ਸਮੇਤ ਬਾਕੀ ਸ਼ਹਿਰਾਂ ਦੀ ਵੀ ਸੀ ।

Factory Pollution

ਪੰਜਾਬ ਦੇ ਪਾਣੀਆਂ ‘ਚ ਉਦਯੋਗਿਕ ਗੰਦੇ ਪਾਣੀਆਂ ਤੋਂ ਇਲਾਵਾ ਸ਼ਹਿਰੀ ਨਗਰ ਨਿਗਮਾਂ,  ਨਗਰ ਪਾਲਿਕਾਵਾਂ ਤੇ ਹੋਰ ਰਿਹਾਇਸ਼ੀ ਇਲਾਕਿਆਂ ਦਾ ਗੰਦਾ ਪਾਣੀ ਵੀ ਨਹਿਰਾਂ ਆਦਿ ‘ਚ ਹੀ ਸੁਟਿਆ ਜਾ ਰਿਹਾ ਹੈ । ਇਸਦੇ ਨਾਲ਼ ਹੀ ਖੇਤਾਂ ਦਾ ਵਾਧੂ ਪਾਣੀ ਵੀ ਧਰਤੀ ਵਿਚ ਹੀ ਜੀਰ ਜਾਂਦਾ ਹੈ ਜਿਸ ਵਿੱਚ ਵੱਡੀ ਮਾਤਰਾ ‘ਚ ਦਵਾਈਆਂ ਤੇ ਖਾਦਾਂ ਮਿਲ਼ੀਆਂ ਹੁੰਦੀਆਂ ਹਨ । ਪੰਜਾਬ ਦੇ ਹਸਪਤਾਲ਼ਾਂ ਦਾ ਗੰਦਾ ਪਾਣੀ ਵੀ ਧਰਤੀ ਵਿਚ ਹੀ ਮਿਲ਼ ਰਿਹਾ  ਜਿਸ ਵਿਚ ਕਈ ਖ਼ਤਰਨਾਕ ਤੱਤ ਹੁੰਦੇ ਹਨ । ਇਸ ਰਿਪੋਰਟ ਅਨੁਸਾਰ ਕਈ ਤੱਤ ਜਿਵੇਂ ਫ਼ਲੋਰਾਈਡ   ਤੇ ਸੈਲੀਨੀਅਮ ਲੋੜ ਤੋਂ ਵੱਧ ਮਾਤਰਾ ‘ਚ  ਪੰਜਾਬ ਦੇ ਹੇਠਲੇ ਪਾਣੀਆਂ ‘ਚ ਮਿਲ਼ੇ ਹਨ ਜੋ ਕਈ ਬਿਮਾਰੀਆਂ ਦਾ ਕਾਰਨ ਬਣਦੇ ਹਨ । ਇਹ ਰਿਪੋਰਟ 20 ਸਾਲ ਪੁਰਾਣੀ ਹੈ ਇਸ ਲਈ ਇਨ੍ਹਾਂ ਪਾਣੀਆਂ ਦੀ ਹਾਲਤ ਹੁਣ ਕੀ ਹੋਵੇਗੀ ਆਪਾਂ ਅੰਦਾਜ਼ਾ ਲਾ ਸਕਦੇ ਹਾਂ । ਹਾਲ ਹੀ ਵਿੱਚ ਫ਼ਾਜ਼ਿਲਕਾ ਜ਼ਿਲ੍ਹੇ ਦੇ ਜੀਰਾ ਕਸਬੇ ਦੀ ਸ਼ਰਾਬ ਦੀ ਫ਼ੈਕਟਰੀ ਦਾ ਕੇਸ ਸਭ ਦੇ ਸਾਹਮਣੇ ਹੈ ।

Zira liquor Factory

ਪੰਜਾਬ ਲਈ ਨਵੀਂ ਬਣ ਰਹੀ ਖੇਤੀ ਨੀਤੀ ‘ਚ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਖੇਤੀ ‘ਚ ਖਾਦਾਂ ਤੇ ਦਵਾਈਆਂ ਦੀ ਵਰਤੋਂ ਘਟਾਈ ਜਾ ਸਕੇ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ । ਇਸੇ ਤਰ੍ਹਾਂ ਉਦਯੋਗਿਕ ,ਨਿਜੀ ,ਸਰਕਾਰੀ ਅਦਾਰਿਆਂ  ਤੇ ਖਾਸਕਰ ਹਸਪਤਾਲ਼ਾਂ ਲਈ ਵੀ ਸਖਤ ਨਿਯਮ ਬਣਾਉਣ ਤੇ ਲਾਗੂ ਕਰਨ ਦੀ ਲੋੜ ਹੈ ।

ਅਸੀ ਪਹਿਲਾਂ ਹੀ ਬਹੁਤ ਦੇਰ ਕਰ ਚੁੱਕੇ ਹਾਂ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦੀ ਹਵਾ,ਪਾਣੀ ਤੇ ਮਿੱਟੀ ਨੂੰ ਸੰਭਾਲਣ ਲਈ ਜ਼ਿੰਮੇਵਾਰ  ਪਰਾਈਵੇਟ ਤੇ ਸਰਕਾਰੀ ਵਿਭਾਗਾਂ ਨੂੰ ਹਲੂਣਿਆਂ ਜਾਵੇ ਤੇ ਅਣਗਹਿਲੀਆਂ ਕਰਨ ਵਾਲ਼ੇ ਅਫ਼ਸਰਾਂ/ਕਰਮੀਆਂ ਦੇ ਕੰਨ ਖਿਚੇ ਜਾਣ ।  ਇਸੇ ਤਰ੍ਹਾਂ ਆਮ ਜਨਤਾ ਨੂੰ ਵੀ ਇਸ ਪ੍ਰਤੀ ਜਾਗਰੂਕ ਕੀਤਾ ਜਾਵੇ ਅਤੇ ਫਿਰ ਕੁਤਾਹੀਆਂ ਕਰਨ ਵਾਲ਼ਿਆਂ ਨੂੰ ਜੁਰਮਾਨੇ ਕੀਤੇ ਜਾਣ ।

ਇਸ ਕੰਮ ਲਈ  ਸਾਡੇ ਪਰਿਵਾਰ , ਧਾਰਮਿਕ,ਸਮਾਜਿਕ ਤੇ ਵਿਦਿਅਕ ਅਦਾਰੇ ਵੱਡੀ ਭੁਮਿਕਾ ਨਿਭਾ ਸਕਦੇ ਹਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button