EDITORIAL

ਦਰੋਪਦੀ ਮੁਰਮੂ : ਸਭ ਤੋਂ ਛੋਟੀ ਉਮਰ ਦੇ ਰਾਸ਼ਟਰਪਤੀ

ਬੀਜੇਪੀ ਸਰਕਾਰ ਦੇ ਬਿਲ ਕੀਤੇ ਵਾਪਸ

ਅਮਰਜੀਤ ਸਿੰਘ ਵੜੈਚ (94178-01988)

ਸ਼੍ਰੀਮਤੀ ਦਰੋਪਦੀ ਮੁਰਮੂ ਭਾਰਤ ਦੇ 15ਵੇਂ ,ਦੂਜੇ ਔਰਤ ਅਤੇ  ਆਦਿ-ਵਾਸੀਆਂ ‘ਚੋਂ ਪਹਿਲੇ ਰਾਸ਼ਟਰਪਤੀ ਵਜੋਂ 25 ਜੁਲਾਈ ਨੂੰ ਸੌਂਹ ਚੁੱਕ ਲੈਣਗੇ । ਉਹ ਦੇਸ਼ ਦੇ ਪਹਿਲੇ ਰਾਸ਼ਰਪਤੀ ਹੋਣਗੇ ਜੋ ਦੇਸ਼ ਦੇ  698 ਕਬੀਲਿਆਂ ਦੇ ਤਕਰੀਬਨ ਸਾਢੇ ਅੱਠ ਕਰੋੜ ਲੋਕਾਂ ਲਈ ਇਕ ਮਾਣਮੱਤੀ ਪ੍ਰਾਪਤੀ ਵੀ ਹੋਵੇਗੀ ਕਿ ਦੇਸ਼ ਦੇ ਸਰਵ-ਉੱਚ ਅਹੁਦੇ ‘ਤੇ ਇਕ ਕਬੀਲੇ ਦੀ ਇਕ ਔਰਤ ਨੂੰ ਬਿਰਾਜਮਾਨ ਹੋਣ ਦਾ ਮੌਕਾ ਦਿਤਾ ਗਿਆ ਹੈ ;  ਹੁਣ ਤੱਕ ਰਾਸ਼ਟਰਪਤੀਆਂ ‘ਚੋਂ ਮੁਰਮੂ ਆਜ਼ਾਦੀ ਮਗਰੋਂ ਪੈਦਾ ਹੋਏ ਲੋਕਾਂ ਚੋਂ ਬਣਨ ਵਾਲ਼ੇ ਰਾਸ਼ਟਰਪਤੀਆਂ ਚੋਂ ਤੇ ਸੱਭ ਤੋਂ ਛੋਟੀ ਉਮਰ ਦੇ ਪਹਿਲੇ ਰਾਸ਼ਟਰਪਤੀ ਹਨ। ਇਹ ਚੋਣ ਵਿਸ਼ਵ ਵਿੱਚ ਭਾਰਤ ਦੇ ਲੋਕਤੰਤਰ ਲਈ ਵੀ ਇਕ ਮੀਲ ਪੱਥਰ ਦਾ ਸਬੱਬ ਬਣੀ ਹੈ ।

ਉੜੀਸ਼ਾ ਰਾਜ ਦੇ ਮਿਊਰਭੰਜ ਜ਼ਿਲ੍ਹੇ ਦੇ ਪਿੰਡ ਅਪਰਬੇੜਾ ਦੇ  ਸੰਥਾਲਾ ਜਨਜਾਤੀ ‘ਚ ਜੰਮ ਪਲ਼ੇ (20 ਜੂਨ 1958)ਸ਼੍ਰੀਮਤੀ ਮੁਰਮੂ ਨੇ ਕਈ ਮੱਲਾਂ ਮਾਰੀਆਂ ਹਨ ; ਉਹ ਆਪਣੇ ਪਿੰਡ ‘ਚੋ ਗਰੈਜੁਏਟ  ਕਰਨ ਵਾਲ਼ੀ ਪਹਿਲੀ ਲੜਕੀ , ਉੜੀਸ਼ਾ ‘ਚੋ ਰਾਜਪਾਲ ਬਣਨ ਵਾਲ਼ੀ ਪਹਿਲੀ ਔਰਤ ਅਤੇ ਉੜੀਸ਼ਾ ‘ਚੋਂ  ਬਣਨ ਵਾਲੇ ਵੀ ਪਹਿਲੇ ਰਾਸ਼ਟਰਪਤੀ ਹਨ। ਇਨ੍ਹਾਂ ਦੇ ਦਾਦਾ ਅਤੇ ਪਿਤਾ ਜੀ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਹਨ।

ਰਾਮਾ ਦੇਵੀ ਵੂਮਨ ਕੌਲਿਜ ,ਰਾਏਰੰਗਪੁਰ ਤੋਂ ਗਰੈਜੂਏਟ ਮੁਰਮੂ ਜੀ ਪਹਿਲਾਂ ਸ੍ਰੀ ਅਰਬਿੰਦੋ ਇੰਟੈਗਰਲ ਐਜੂਕੇਸ਼ਨ ਐਂਡ ਰਿਸਰਚ ਇੰਸਟੀਚਿਊਟ ‘ਚ  ਅਸਿਟੈਂਟ ਪ੍ਰੋਫੈਸਰ(ਔਨਰੇਰੀ)  ਤੇ ਬਾਅਦ ‘ਚ ਸਿੰਚਾਈ ਵਿਭਾਗ ‘ਚ ਬਤੌਰ ਜੂਨੀਅਰ ਅਸਿਸਟੈਂਟ ਸੇਵਾ ਕਰ ਚੱਕੇ ਹਨ  । ਸਿਆਸਤ ‘ਚ  ਪਹਿਲਾ ਦਾਖਲਾ ਉਨ੍ਹਾਂ ਦਾ  ਰਾਏਰੰਗਪੁਰ ਦੀ ਨਗਰ ਪੰਚਾਇਤ  ਦੇ ਕੌਂਸਲਰ ਵਜੋਂ ਹੋਇਆ ਜਿਸ ਦੇ ਬਾਅਦ ‘ਚ ਪ੍ਰਧਾਨ ਵੀ ਬਣੇ । 1997 ‘ਚ ਉਨ੍ਹਾਂ ਬੀਜੇਪੀ ਦੀ ਮੈਂਬਰਸ਼ਿਪ ਲੈ ਲਈ । ਫਿਰ ਉਹ ਉੜੀਸ਼ਾ ਵਿੱਚ ‘ਬੀਜੇਪੀ-ਬੀਜੂ ਜੰਤਾ ਦਲ’ ਦੀ ਸਾਂਝੀ ਸਰਕਾਰ ਸਮੇਂ 2002 ਤੋਂ 2006 ਤੱਕ ਦੋ ਵਾਰ ਮੰਤਰੀ ਵੀ ਰਹਿ ਚੁੱਕੇ ਹਨ । ਸਾਲ 2015 ਦੀ 15 ਮਈ ਨੂੰ ਸ਼੍ਰੀਮਤੀ ਮੁਰਮੂ ਝਾਰਖੰਡ ਦੇ ਪਹਿਲੇ ਔਰਤ ਰਾਜਪਾਲ ਬਣੇ । ਉਹ ਸੰਥਾਲੀ ਭਾਸ਼ਾ ਬੋਲਦੇ ਹਨ ਜੋ 2004 ਵਿੱਚ ਸੰਵਿਧਾਨ ਦੇ ਅੱਠਵੇਂ ਸ਼ਡਿਊਲ .ਚ ਬੋਡੋ,ਮੈਥਲੀ ਤੇ ਡੋਗਰੀ ਭਾਸ਼ਾਵਾਂ ਦੇ ਨਾਲ਼ ਹੀ ਸ਼ਾਮਿਲ ਕੀਤੀ ਗਈ ਸੀ

ਝਾਰਖੰਡ ‘ਚ ਬੀਜੇਪੀ ਦੇ ਮੁੱਖ-ਮੰਤਰੀ ਰਘੂਬਰ ਦਾਸ ਦੀ ਸਰਕਾਰ ਨੇ 2017 ‘ਚ  Chhotanagpur Tenancy Act 1908  ਤੇ  Santhal Pargana Tenancy Act  ‘ਚ ਸੋਧਾਂ ਕਰਕੇ ਆਦਿ ਵਾਸੀਆਂ ਦੀਆਂ ਜ਼ਮੀਨਾਂ ਨੂੰ ਵਪਾਰਿਕ ਉਦੇਸ਼ਾਂ ਲਈ ਵਰਤਣ ਲਈ ਵਿਧਾਨ ਸਭਾ ‘ਚ ਬਿੱਲ ਪਾਸ ਕਰਕੇ ਰਾਜਪਾਲ ਦੀ ਮੰਜੂਰੀ ਲਈ ਭੇਜੇ  ਪਰ ਸ਼੍ਰੀਮਤੀ ਮੁਰਮੂ ਨੇ ਬਤੌਰ ਰਾਜਪਾਲ ਉਨ੍ਹਾਂ ਕਾਨੂੰਨਾਂ ‘ਚ ਸੋਧ ਨਹੀਂ ਕਰਨ ਦਿੱਤੀ ਤੇ ਬਿਲ ਵਾਪਸ ਕਰ ਦਿਤੇ। ਸ਼੍ਰੀਮਤੀ ਮੁਰਮੂ ਨੂੰ ਇਸ ਤਰ੍ਹਾਂ ਦੇ ਸਦਮੇ ਲੱਗੇ ਜਿਸ ‘ਚੋ ਉਭਰਨਾ ਅਸੰਭਵ ਹੀ  ਲਗਦਾ ਸੀ ਪਰ ਉਹ ਭਾਰਤੀ ਔਰਤਾਂ ਦੀ ਸ਼ਕਤੀ ਦਾ ਪ੍ਰਤੀਕ ਬਣ ਗਏ ਹਨ । ਲਗਾਤਾਰ ਸੱਤ ਸਾਲਾਂ ‘ਚ  ਉਨ੍ਹਾਂ ਦੇ ਦੋ ਜਵਾਨ ਪੁੱਤਰ, ਪਤੀ, ਇਕ ਭਰਾ ਅਤੇ ਮਾਂ ਉਨ੍ਹਾਂ ਤੋਂ ਸਦਾ ਲਈ ਵਿਛੜ ਗਏ । ਹੁਣ ਉਹ ਨਾਨੀ ਵੀ ਬਣ ਚੁੱਕੇ ਹਨ।

ਉਨ੍ਹਾਂ ਦੇ ਇਸ ਅਹੁਦੇ ਤੱਕ ਪਹੁੰਚਣ ਨਾਲ਼ ਪੂਰੇ ਭਾਰਤ ਦੇ ਆਦਿਵਾਸੀ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ ; ਆਦਿਵਾਸੀ ਲੋਕ ਹਾਲੇ ਵੀ ਆਪਣੇ ਸਭਿਆਚਾਰ ਨੂੰ ਲੈਕੇ ਮਾਣ ਕਰਦੇ ਹਨ । ਜੰਗਲ਼ਾਂ ਨੂੰ ਆਦਿਵਾਸੀ ਆਪਣੀ ਜਾਨ ਨਾਲ਼ੋਂ ਵੀ ਵੱਧ ਪਿਆਰ ਕਰਦੇ ਹਨ । ਜਦੋਂ 2019 ‘ਚ ਝਾਰਖੰਡ ਸਰਕਾਰ ਨੇ ਜੰਗਲ਼ ਵਾਲ਼ੀਆਂ ਜ਼ਮੀਨਾਂ ਨੂੰ ਵਪਾਰਿਕ ਉਦੇਸ਼ ਲਈ ਵਰਤਣ ਦੇ ਕਾਨੂੰਨ ਬਣਾਉਣ  ਦੀ ਕੋਸ਼ਿਸ਼ ਕੀਤੀ ਸੀ ਤਾਂ ਰਾਜ ਦੇ ਸਤਾਰਾਂ ਜ਼ਿਲ੍ਹੇ ਅੱਗ ਵਾਂਗ ਵਿਰੋਧ ‘ਚ ਭੜਕ ਉੱਠੇ ਸਨ । ਮਸ਼ਹੂਰ ਆਜ਼ਾਦੀ ਘੁਲਾਟੀਆ,ਧਾਰਮਿਕ ਤੇ ਲੋਕ ਲੀਡਰ  ਬਿਰਸਾ ਮੁੰਡਾ ਇਸੇ ਮਿੱਟੀ ਦਾ ਜੰਮਪਲ਼ ਸੀ ਜਿਸ ਨੇ  25 ਸਾਲ ਦੀ ਭਰ ਜਵਾਨੀ ‘ਚ ਅੰਗਰੇਜ਼ ਹਕੂਮਤ ਤੋਂ ਆਦਿਵਾਸੀਆਂ ਦੇ ਜ਼ਮੀਨੀ ਹੱਕਾਂ ਲਈ ਹਿਕ ਦੇ ਜ਼ੋਰ ‘ਤੇ ਕਾਨੂੰਨ ਬਣਵਾ ਲਏ ਸੀ।

ਸ਼੍ਰੀਮਤੀ ਮੁਰਮੂ  ਦੇ ਰਾਸ਼ਟਰਪਤੀ ਬਣਨ ਨਾਲ਼ ਆਦਿ ਵਾਸੀਆਂ ‘ਚ ਬਹੁਤ ਸੁਪਨੇ ਅੰਗੜਾਈਆਂ ਲੈਣ ਲੱਗ ਪਏ ਹੋਣਗੇ ਜੋ ਸੁਭਾਵਿਕ ਹੀ ਹੈ ; ਸੋ ਇਹ ਤਾਂ ਹੁਣ ਰਾਸ਼ਟਰਪਤੀ ਜੀ ‘ਤੇ ਨਿਰਭਰ ਕਰੇਗਾ ਕਿ ਉਹ ਆਪਣੇ ਕਾਰਜ ਕਾਲ ਦੋਰਾਨ ਆਦਿਵਾਸੀਆਂ ਲਈ ਕੀ ਕੁਝ ਕਰ ਸਕਣਗੇ । 14ਵੇਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸਮੇਂ ਵੀ ਅਨੂਸੁਚਿਤ ਜਾਤੀਆਂ ਨੇ ਬਹੁਤ ਆਸਾਂ ਜਗਾਈਆਂ ਸਨ ਪਰ ਉਨ੍ਹਾਂ ਦਾ ਕਾਰਜਕਾਲ ਇਸ ਵਰਗ ‘ਚ ਕੋਈ ਪਰਿਵਰਤਨ ਨਹੀਂ ਲਿਆ ਸਕਿਆ ਹਾਲੇ ਵੀ ਦਲਿਤਾਂ ਉਪਰ ਜ਼ੁਲਮ ਓਸੇ ਤਰ੍ਹਾਂ ਹੀ ਹੋ ਰਹੇ ਹਨ । ਮੁਰਮੂ ਦੀ ਐਨਡੀਏ ਵੱਲੋਂ ਰਾਸ਼ਟਰਪਤੀ ਦੇ ਉਮੀਦਵਾਰ ਦੀ ਚੋਣ ਬੜੀ ਸੋਚ ਸਮਝਕੇ ਕੀਤੀ ਗਈ ਚੋਣ ਸੀ ਜੋ ਇਕ ਵੱਡੇ ਆਦਿਵਾਸੀ ਵੋਟ ਬੈਂਕ ਨੂੰ 2024 ‘ਚ ਖੁਸ਼ ਕਰਨ ਦਾ ਵੀ ਢੰਗ ਹੈ।

ਇਕ ਆਦਿਵਾਸੀ ਕਬੀਲੇ, ਘੱਟ ਗਿਣਤੀ ਲੋਕਾਂ ਅਤੇ ਦਿਹਾਤੀ ਪਿਛੋਕੜ ਵਾਲ਼ੀ ਔਰਤ ਦਾ ਰਾਸ਼ਟਰਪਤੀ ਬਣ ਜਾਣਾ ਸੱਚਮੁੱਚ ਹੀ ਦੇਸ਼ ਲਈ ਇਕ ਗੌਰਵਮਈ ਪ੍ਰਾਪਤੀ ਹੈ ਅਤੇ ਹਜ਼ਾਰਾਂ ਔਰਤਾਂ ਤੇ ਪੱਛੜੇ ਲੋਕਾਂ ਲਈ ਇਕ ਪ੍ਰੇਰਨਾ ਦਾ ਵੀ ਵੱਡਾ , ਸਗਨਾਂ ਤੇ ਵਧਾਈਆਂ  ਵਾਲ਼ਾ ਸਬੱਬ ਹੈ । ਆਦਾਰਾ ਡੀ5 ,ਪੰਜਾਬੀ ਚੈਨਲ ਵੀ ਇਸ ਮੌਕੇ ਨਵੇਂ ਰਾਸ਼ਟਰਪਤੀ ਜੀ ਨੂੰ ਵਧਾਈ ਦਿੰਦਾ ਹੈ ਅਤੇ ਆਸ ਕਰਦਾ ਹੈ ਕਿ ਭਵਿਖ ਵਿੱਚ ਉਹ ਭਾਰਤੀ ਲੋਕਤੰਤਰ ਦੀਆਂ ਅਮੀਰ ਪ੍ਰੰਪਰਾਵਾਂ ਨੂੰ ਜਿਉਂਦਿਆਂ ਰੱਖਣ ਲਈ ਯਤਨਸ਼ੀਲ ਰਹਿਣਗੇ ਜਿਨ੍ਹਾਂ ਨੂੰ ਹੁਣ ਖੋਰਾ ਲਗਣਾ ਸ਼ੁਰੂ ਹੋ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button