ਅਮਰਜੀਤ ਸਿੰਘ ਵੜੈਚ (94178-01988)
ਇਸ ਕੌੜੀ ਸੱਚਾਈ ਤੋਂ ਨਹੀਂ ਭੱਜਿਆ ਜਾ ਸਕਦਾ ਕਿ ਸਾਡੇ ਦੇਸ਼ ਦੀ ਹਵਾ ਵਿੱਚ ਗੰਧਲਾਪਣ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ । ਪਿਛਲੇ ਕਈ ਸਾਲਾਂ ਤੋਂ ਦਿੱਲੀ ‘ਚ ਖ਼ਤਰਨਾਕ ਹੱਦ ਤੱਕ ਵਧ ਗਏ ਹਵਾ ਪ੍ਰਦੂਸ਼ਣ ਦਾ ਠੀਕਰਾ ਪੰਜਾਬ ਸਿਰ ਭੱਨਿਆਂ ਜਾਂਦਾ ਹੈ ਪਰ ਪ੍ਰਦੂਸ਼ਣ ਤਾਂ ਸਮੁੱਚੇ ਉਤਰੀ ਭਾਰਤ ‘ਚ ਹੀ ਵਧਿਆ ਹੈ ਜਿਥੇ ਖਾਸ ਕਰ ਝੋਨਾ ਹੁੰਦਾ ਹੈ । ਇਹ ਤਾਂ ਸੱਚਾਈ ਹੈ ਕਿ ਪਰਾਲ਼ੀ ਦੇ ਸਾੜਨ ਨਾਲ਼ ਹਵਾ ‘ਚ ਪ੍ਰਦੂਸ਼ਣ ਤਾਂ ਬਹੁਤ ਵੱਧਦਾ ਹੈ । ਇਨ੍ਹਾਂ ਦਿਨਾਂ ‘ਚ ਧੂਏਂ ਕਾਰਨ ਪੰਜਾਬ ‘ਚ ਕਈ ਹਾਦਸੇ ਵੀ ਹੋ ਚੁੱਕੇ ਹਨ । ਇਸ ਤੱਥ ਤੋਂ ਨਹੀਂ ਮੁਕਰਨਾ ਚਾਹੀਦਾ ਕਿ ਪੰਜਾਬ ‘ਚ ਪਰਾਲ਼ੀ ਕਾਰਨ ਬਹੁਤ ਪ੍ਰਦੂਸ਼ਣ ਹੋ ਰਿਹਾ ਹੈ ।
ਅੱਜ ਦਿੱਲੀ ਦੇ ਲੈਫ਼: ਗਵਰਨਰ ਵਿਨੈ ਸਕਸੇਨਾ ਨੇ ਭਗਵੰਤ ਮਾਨ , ਮੁੱਖ-ਮੰਤਰੀ,ਪੰਜਾਬ ਨੂੰ ਚਿੱਠੀ ਲਿਖਕੇ ਇਸ ਸਮੱਸਿਆ ਵੱਲ ਧਿਆਨ ਦੁਆਉਂਦਿਆਂ ਕਿਹਾ ਕਿ ਦਿੱਲੀ ਵਿੱਚ ਹਾਲਾਤ ਖ਼ਤਰਨਾਕ ਹੱਦ ਤੋਂ ਵੀ ਟੱਪ ਗਏ ਹਨ । ਸੈਕਸੇਨਾ ਅਨੁਸਾਰ ਦਿੱਲੀ ਦੇ ਹਾਲਾਤ ਵਿਗੜਨ ‘ਚ 95 ਫ਼ੀਸਦ ਰੋਲ ਪੰਜਾਬ ਦੇ ਧੂਏਂ ਦਾ ਹੈ । ਉਧਰ ਭਗਵੰਤ ਮਾਨ ਨੇ ਇਸ ਚਿੱਠੀ ਦਾ ਜਵਾਬ ਦੇਣ ਤੋਂ ਪਹਿਲਾਂ ਟਵੀਟ ਕਰਕੇ ਉਪ-ਰਾਜਪਾਲ ਨੂੰ ਜਵਾਬ ਦਿਤਾ ਹੈ ਕਿ ਇਸ ‘ਗੰਭੀਰ ਮੁੱਦੇ ‘ਤੇ ਰਾਜਨੀਤੀ ਠੀਕ ਨਹੀਂ’ । ਪਿਛਲੇ ਦਿਨੀ ਮਾਨ ਨੇ ਵੀ ਸੋਸ਼ਲ ਮੀਡੀਏ ‘ਤੇ ਲਾਈਵ ਹੋਕੇ ਕਿਹਾ ਸੀ ਕਿ ਪੰਜਾਬ ਦੇ ਨਾਲ਼ ਨਾਲ਼ ਬਾਕੀ ਸੂਬਿਆਂ ‘ਚ ਵੀ ਪ੍ਰਦੂਸ਼ਣ ਹੋ ਰਿਹਾ ਹੈ ਤੇ ਕੁਝ ਅੰਕੜੇ ਵੀ ਦਿਤੇ ਸਨ । ਸਕਸੇਨਾ ਦੀ ਇਹ ਚਿੱਠੀ ਮਾਨ ਦੇ ਹੀ ਅੰਕੜਿਆਂ ਦਾ ਜਵਾਬ ਹੀ ਹੈ । ਦਰਅਸਲ ਸਾਰੀਆਂ ਧਿਰਾਂ ਹੀ ਘੜਾ ਇਕ ਦੂਜੇ ਦੇ ਸਿਰ ਭੰਨਣ ਦੇ ਬਹਾਨੇ ਲੱਭਦੀਆਂ ਰਹਿੰਦੀਆਂ ਹਨ । ਇਸ ਸਭ ਵਿਚਾਲ਼ੇ ਵੱਡਾ ਨੁਕਸਾਨ ਦਿੱਲੀ ਦੇ ਨਿਵਾਸੀਆਂ ਦਾ ਹੋ ਰਿਹਾ ਹੈ ਜਿਸ ‘ਤੇ ਸੁਪਰੀਮ ਕੋਰਟ ਨੇ ਵੀ ਸਖਤ ਨਾਰਾਜ਼ਗੀ ਪ੍ਰਗਟ ਕੀਤੀ ਹੈ । ਇਸ ਧੂੰਏ ਦਾ ਨੁਕਸਾਨ ਪੰਜਾਬ ਤੇ ਹਰਿਆਣੇ ਨੂੰ ਵੀ ਹੁੰਦਾ ਹੈ । ਹਰਿਆਣੇ ‘ਚ ਵੀ ਪਰਾਲ਼ੀ ਨੂੰ ਅੱਗ ਲੱਗਦੀ ਹੈ ।
ਅੱਜ ਸਵੇਰੇ +IQAIR ਦੀ ਵੈਬਸਾਈਟ ਦੇ ਅੰਕੜਿਆਂ ਅਨੁਸਾਰ ਵਿਸ਼ਵ ਦਾ ਸੱਭ ਤੋਂ ਵੱਧ ਤੇ ਖ਼ਤਰਨਾਕ ਹੱਦ ‘ਚ ਪਹੁੰਚਿਆ ਪ੍ਰਦੂਸ਼ਣ ਦਿੱਲੀ ਸ਼ਹਿਰ ‘ਚ ਹੈ ਜੋ ਹਵਾ ਦੀ ਗੁਣਵੱਤਾ ਦੇ ਬਹੁਤ ਹੀ ਖ਼ਤਰਨਾਕ ਮਾਰੂ ਅੰਕੜੇ ਨੂੰ ਵੀ ਪਾਰ ਕਰਕੇ 549 ‘ਤੇ ਪਹੁੰਚ ਗਿਆ ਸੀ । ਉਧਰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੱਠ ਵਜੇ ਦੇ ਅੰਕੜਿਆਂ ਮੁਤਾਬਿਕ ਦਿੱਲੀ ਦਾ ਪ੍ਰਦੂਸ਼ਣ ਸਵੇਰ ਦੇ 444 ਅੰਕੜਿਆਂ ਤੋਂ ਵਧਕੇ 472 ‘ਤੇ ਪਹੁੰਚ ਗਿਆ ਹੈ ।
ਭਾਰਤ ਦੇ ਤਿੰਨ ਉਤਰੀ ਰਾਜਾਂ ਤੇ ਦਿੱਲੀ ਦੇ ਪ੍ਰਦੂਸ਼ਣ ਦਾ ਵਿਸ਼ਲੇਸ਼ਣ** :
ਪੰਜਾਬ ਹਵਾ ਕੁ:* ਹਰਿਆਣਾ ਹਵਾ ਕੁ:* ਯੂਪੀ ਹਵਾ ਕੁ:* ਰਾਜਿਸ: ਹਵਾ ਕੁ:* ਵਿਸ਼ਵ ਹਵਾ ਕੁ:***
ਲੁਧਿਆਣਾ 318 ਰੋਹਤਕ 433 ਕਾਨਪੁਰ 430 ਜੈਪੁਰ 318 ਦਿੱਲੀ 549
ਪਟਿਆਲ਼ਾ 274 ਕੁਰਕਸ਼ੇਤਰ 394 ਲਖਨਊ 362 ਅਲਵਰ 240 ਲਾਹੌਰ 375
ਅੰਮ੍ਰਿਤਸਰ 245 ਹਿਸਾਰ 338 ਮੁਜ਼ੱਫ਼ਰਨਗਰ 336 ਕੋਟਾ 185 ਜਪਾਨ 000
ਜਲੰਧਰ 226 ਯਮੁਨਾਨਗਰ 234 ਆਗਰਾ 243 ਅਜਮੇਰ 180 ਬੈਲਜ਼ੀਅਮ 000
ਰੋਪੜ 110 ਅੰਬਾਲਾ 233 ਵਰਿੰਦਾਵਨ 234 ਉਦੈਪੁਰ 112 ਆਸਟਰੇਲੀਆ 2
**(ਸਰੋਤ: CPCB, TODAY 6.am )* ਕੁਆਲਟੀ, *** +IQAIR
ਨੋਟ:10-50 ਘੱਟ ਖ਼ਤਰਾ,51-100 ਥੋੜਾ ਖ਼ਤਰਾ,101-200 ਖ਼ਤਰਾ, 201 ਤੋਂ 300 ਵੱਧ ਖ਼ਤਰਾ ,301-400 ਬਹੁਤ ਖ਼ਤਰਾ ਤੇ 401-500 ਬੇਹੱਦ ਖ਼ਤਰਨਾਕ
ਇਹ ਸਮਾਂ ਹੁਣ ਦੋਸ਼ਾਂ ਦੀ ਬੰਬਾਰਮੈਂਟ ਕਰਨ ਦਾ ਨਹੀਂ । ਸਰਕਾਰਾਂ ਤੇ ਰਾਜਸੀ ਲੀਡਰਾਂ ਦੀਆਂ ਨਾਲਾਇਕੀਆਂ ਸਦਕਾ ਹੀ ਅੱਜ ਪੰਜਾਬ ਨੂੰ ਸ਼ਰਮਿੰਦਾ ਹੋਣਾ ਪੈ ਰਿਹਾ ਹੈ । ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਸਾਰੀਆਂ ਧਿਰਾਂ ਇਲਜ਼ਾਮ ਤਰਾਸ਼ੀ ਕਰ ਰਹੀਆਂ ਹਨ ਤੇ ਦਾਅਵੇ ਕਰਨ ਲੱਗੀਆਂ ਹਨ । ਮਾਨ ਸਰਕਾਰ ਕਹਿੰਦੀ ਹੈ ਕਿ ਪੰਜਾਬ ਦੇ ਕਿਸਾਨਾਂ ‘ਤੇ ਸਖ਼ਤੀ ਨਹੀਂ ਕੀਤੀ ਜਾਵੇਗੀ ਤੇ ਪਰਾਲ਼ੀ ਨੂੰ ਅੱਗ ਲਾਉਣ ਵਾਲ਼ੇ ਕਿਸਾਨਾਂ ਦੇ ਮਾਲ ਰਿਕਾਰਡ ‘ਚ ਇੰਦਰਾਜ਼ ਨਹੀਂ ਕੀਤੇ ਜਾਣਗੇ ਪਰ ਉਧਰ ਖਬਰਾਂ ਆ ਰਹੀਆਂ ਹਨ ਕਿ ਕਿਸਾਨਾਂ ਦੇ ਭੌਂ ਮਾਲ ਰਿਕਾਰਡ ‘ਚ ਲਾਲ ਇੰਦਰਾਜ਼ ਕੀਤੇ ਜਾ ਰਹੇ ਹਨ । ਸਰਕਾਰ ਨੇ ਖੇਤੀ ਮਹਿਕਮੇ ਦੇ ਚਾਰ ਅਫ਼ਸਰ ਵੀ ਸਸਪੈਂਡ ਕਰ ਦਿਤੇ ਹਨ । ਇਸਤੇ ਸਰਕਾਰ ਦੀ ਕੋਈ ਵੀ ਸਫ਼ਾਈ ਕਿਸਾਨਾਂ ਦੇ ਗਲ਼ੇ ਨਹੀਂ ਉਤਰ ਰਹੀ
ਉਧਰ ਮਾਨ ਸਰਕਾਰ ਨੇ ਕੇਂਦਰ ਨੂੰ ਜੋ ਪ੍ਰਸਤਾਵ ਭੇਜਿਆ ਸੀ ਉਸ ਲਈ ਕੇਂਦਰ ਨੇ ਮਨ੍ਹਾਂ ਕਰ ਦਿਤਾ ਹੈ ਜਿਸ ਵਿੱਚ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ 2500 ਰੁ: ਪ੍ਰਤੀ ਏਕੜ ਦੇਣ ਲਈ ਕੇਂਦਰ ਤੋਂ 1500 ਰੁ: ਪ੍ਰਤੀ ਏਕੜ ਉਗਰਾਹੀ ਦੇਣ ਲਈ ਕਿਹਾ ਸੀ। ਬਾਕੀ ਦੇ ਹਜ਼ਾਰ ਵਿੱਚੋਂ 500 ਦਿੱਲੀ ਤੇ 500 ਰੁ: ਪ੍ਰਤੀ ਏਕੜ ਪੰਜਾਬ ਸਰਕਾਰ ਨੇ ਦੇਣਾ ਸੀ । ਪੰਜਾਬ ਤੇ ਦਿੱਲੀ ਸਰਕਾਰਾਂ ਆਪਣੇ ਹਿੱਸੇ ਦਾ ਪੈਸਾ ਕਿਸੇ ਇਕ ਝੋਨੇ ਵਾਲ਼ੇ ਇਲਾਕੇ ‘ਚ ਪ੍ਰਤੀ ਏਕੜ 2500ਰੁ: ਦੇ ਕੇ ਮਾਡਲ ਦੇ ਤੌਰ ‘ਤੇ ਮਿਸਾਲ ਪੈਦਾ ਕਰ ਸਕਦਾ ਸੀ ਪਰ ਇੰਜ ਨਹੀਂ ਕੀਤਾ ਗਿਆ । ਕੇਂਦਰ ਨੇ ਕਹਿ ਦਿਤਾ ਕਿ ਕੇਂਦਰ ਵੱਲੋਂ ਪਹਿਲਾਂ ਹੀ 1178 ਕਰੋੜ ਰੁ: ਪੰਜਾਬ ਨੂੰ ਪਰਾਲ਼ੀ ਦੇ ਪ੍ਰਬੰਧ ਲਈ ਦਿਤੇ ਜਾ ਚੁੱਕੇ ਹਨ । ਇਸ ਗਰਾਂਟ ਨਾਲ਼ ਦਿੱਤੀ 90422 ਮਸ਼ੀਨਰੀ ‘ਚੋਂ 11275 ਮਸ਼ੀਨਾਂ ਜ਼ਮੀਨੀ ਰੂਪ ‘ਤੇ ਗੁੰਮ ਹਨ । ਇਸਦੀ ਜਾਂਚ ਵਿਜੀਲੈਂਸ ਵਿਭਾਗ ਕਰੇਗਾ ।
ਅਸੀਂ ਪਹਿਲਾਂ ਹੀ ਬਹੁਤ ਸਮਾਂ ਨਸ਼ਟ ਕਰ ਚੁੱਕੇ ਹਾਂ । ਇਹ ਵਕਤ ਕਿਸੇ ਸਥਾਈ ਹੱਲ ਦਾ ਹੈ ਨਾ ਕੇ ਸਿਰਫ਼ ਸਮਾਂ ਪਾਸ ਕਰਨ ਦਾ । ਸਰਕਾਰਾਂ ਪਹਿਲਾਂ ਸੁੱਤੀਆਂ ਰਹਿੰਦੀਆਂ ਹਨ ਜਦੋਂ ਮੁਸੀਬਤ ਸਿਰ ‘ਤੇ ਆ ਜਾਂਦੀ ਹੈ ਫਿਰ ਮੀਟਿੰਗ ‘ਤੇ ਮੀਟਿੰਗ ਹੁੰਦੀ ਹੈ । ਕੋਈ ਕਿਸਾਨ ਨਹੀਂ ਚਾਹੁੰਦਾ ਕਿ ਉਹ ਆਪਣੇ ਖੇਤ ‘ਚ ਅੱਗ ਲਾਵੇ ਸੋ ਅਗਲੇ ਸੀਜ਼ਨ ਤੋਂ ਪਹਿਲਾਂ-ਪਹਿਲਾਂ ਕੋਈ ਪ੍ਰੋਗਰਾਮ ਤਿਆਰ ਕਰਨ ਦੀ ਲੋੜ ਹੈ । ਇਹ ਸਮੱਸਿਆ ਕਿਸੇ ਇਕੱਲੇ ਰਾਜ ਦੇ ਵੱਸ ਦੀ ਨਹੀਂ । ਕੇਂਦਰ ਦੀ ਮੱਦਦ ਤੋਂ ਬਿਨਾ ਇਸ ਦਾ ਕੋਈ ਹੱਲ ਸੰਭਵ ਨਹੀਂ । ਇਸ ਸਮੱਸਿਆ ਦਾ ਹੱਲ ਸਥਾਈ ਹੋਣਾ ਚਾਹੀਦਾ ਹੈ ਜਿਸ ਲਈ ਕਿਸਾਨਾਂ,ਖੇਤੀਬਾੜੀ ਮਾਹਿਰਾਂ, ਖੇਤੀਬਾੜੀ ਯੂਨੀਵਰਸਿਟੀਆਂ ਤੇ ਪਰਾਲ਼ੀ ਸੰਭਾਲਣ ਦੇ ਕੰਮ ‘ਚ ਲੱਗੀਆਂ ਖੋਜ ਸੰਸਥਾਵਾਂ ਤੋਂ ਵੀ ਮਦਦ ਲਈ ਜਾ ਸਕਦੀ ਹੈ । ਵਿਦੇਸ਼ਾਂ ਤੋਂ ਵੀ ਨਕਲ ਕਰਕੇ ਭਾਰਤ ਲਈ ਕੋਈ ਮਾਡਲ ਤਿਆਰ ਕੀਤਾ ਜਾ ਸਕਦਾ ਹੈ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.