ਕੀ ਤੁਸੀਂ ਮਿਲਾਵਟ ਵਾਲਾ ਦੁੱਧ ਤਾਂ ਨਹੀਂ ਪੀਂਦੇ ?
ਪੰਜਾਬ ਮਿਲਾਵਟ ਲਈ ਸਭ ਤੋਂ ਵੱਧ ਬਦਨਾਮ, ਦੁੱਧ ਟੈਸਟ ਕਰਨ ਦਾ ਸੌਖਾ ਢੰਗ
ਅਮਰਜੀਤ ਸਿੰਘ ਵੜੈਚ (9417801988)
ਇਕ ਕਹਾਵਤ ਹੈ ਕਿ ਸੁਨਿਆਰਾ ਤਾਂ ਆਪਣੀ ਮਾਂ ਨੂੰ ਵੀ ਖੋਟ ਪਾਕੇ ਸੋਨਾ ਦਿੰਦਾ ਹੈ ਭਾਵ ਕਿ ਸੋਨਾ ਕਦੇ ਖ਼ਰਾ ਨਹੀਂ ਮਿਲ ਸਕਦਾ ਪਰ ਅੱਜ ਕੱਲ੍ਹ ਇਹ ਕਹਾਵਤ ਦੁੱਧ ‘ਤੇ ਲਾਗੂ ਹੁੰਦੀ ਹੈ। ਸਾਡੀਆਂ ਮਾਵਾਂ, ਦਾਦੀਆਂ-ਨਾਨੀਆਂ ਨਵ-ਵਿਆਹੀਆਂ ਨੂੰ ਇਹ ਕਹਿ ਕੇ ਅਸੀਸ ਦਿੰਦੀਆਂ ਹਨ ਕਿ ‘ਦੁੱਧੀਂ ਨਾਵ੍ਹੇ ਤੇ ਪੁੱਤੀਂ ਫਲੇ ‘; ਦੁੱਧ ਤੇ ਪੁੱਤ ਇਕ ਬਰਾਬਰ ਸਮਝੇ ਜਾਂਦੇ ਹਨ। ਸੱਚ ਤੇ ਝੂਠ ਦਾ ਨਿਤਾਰਾ ਕਰਨ ਲਈ ਕਿਹਾ ਜਾਂਦਾ ਹੈ ਕਿ ‘ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ’। ਲੋਕ ਸੱਚ ਦਾ ਨਿਤਾਰਾ ਕਰਨ ਲਈ ਕਹਿੰਦੇ ਨੇ ਕਿ ‘ਚੁੱਕ ਦੁੱਧ-ਪੁੱਤ ਦੀ ਸੌਂਹ’। ਦੁੱਧ ਨੂੰ ਤੇਰ੍ਹਵਾਂ ਰਤਨ ਵੀ ਕਿਹਾ ਜਾਂਦਾ ਹੈ।
ਅੱਜ ਭਾਰਤ ‘ਚ 20 ਲੱਖ ਕਰੋੜ ਲੀਟਰ ਦੁੱਧ ਦਾ ਰੋਜ਼ਾਨਾ ਉਤਪਾਦਨ ਹੁੰਦਾ ਹੈ। ਭਾਵੇਂ ਭਾਰਤ ਦੁਨੀਆਂ ਵਿੱਚ ਦੁੱਧ ਉਤਪਾਦਨ ਲਈ ਇਕ ਨੰਬਰ ‘ਤੇ ਆਉਂਦਾ ਹੈ ਪਰ ਤਾਂ ਵੀ ਸਾਡੇ ਦੇਸ਼ ‘ਚ ਦੁੱਧ ਮਿਲਾਵਟ ਕਰਕੇ ਵੇਚਿਆ ਜਾਂਦਾ ਹੈ। ਭਾਰਤ ਇਕੱਲਾ ਹੀ ਦੁਨੀਆਂ ਦਾ 23 ਫ਼ੀਸਦ ਦੁੱਧ ਪੈਦਾ ਕਰਦਾ ਹੈ ਤਾਂ ਵੀ ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ ਅਨੁਸਾਰ ਮੌਜੂਦਾ ਸਮੇਂ ‘ਚ ਇਕੱਲੇ ਭਾਰਤੀ ਭਾਵ ਪ੍ਰਤੀ ਨਾਗਰਿਕ 406 ਗ੍ਰਾਮ ਦੁੱਧ ਪ੍ਰਤੀ ਦਿਨ ਔਸਤ ਬੈਠਦੀ ਹੈ ਪਰ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਤਕਰੀਬਨ 30 ਕਰੋੜ ਭਾਰਤੀ ਰੋਜ਼ਾਨਾਂ 100 ਗਰਾਮ ਵੀ ਮੁਸ਼ਕਿਲ ਨਾਲ ਪੀਂਦੇ ਹੋਣਗੇ।
ਬਾਜ਼ਾਰ ‘ਚ ਤਿੰਨ ਕਿਸਮ ਦਾ ਦੁੱਧ ਵਿਕਦਾ ਹੈ ; ਸ਼ੁੱਧ, ਮਿਲਾਵਟੀ ਤੇ ਨਕਲੀ। ਭਾਵੇ ਅਸੀਂ ਵਿਸ਼ਵ ‘ਚ ਸਭ ਤੋਂ ਵੱਧ ਦੁੱਧ ਪੈਦਾ ਕਰਦੇ ਹਾਂ ਤਾਂ ਵੀ ਅਸੀਂ ਅਕਸਰ ਖ਼ਬਰਾਂ ਪੜ੍ਹਦੇ ਤੇ ਵੇਖਦੇ ਹਾਂ ਕਿ ਹਜ਼ਾਰਾਂ ਲੀਟਰ ਨਕਲੀ ਦੁੱਧ ਫੜਿਆ ਜਾ ਰਿਹਾ ਹੈ ਤੇ ਵੱਡੇ ਪੱਧਰ ‘ਤੇ ਦੁੱਧ ‘ਚ ਮਿਲਾਵਟ ਕੀਤੀ ਜਾਂਦੀ ਹੈ। ਇਸ ਦਾ ਮਤਲਬ ਇਹ ਹੈ ਕਿ ਸਾਡੇ ਦੇਸ਼ ਵਿੱਚ ਮੰਗ ਮੁਤਾਬਿਕ ਦੁੱਧ ਦਾ ਉਤਪਾਦਨ ਨਹੀਂ ਹੁੰਦਾ ਇਸੇ ਕਰਕੇ ਸਮਾਜ ਵਿਰੋਧੀ ਤੇ ਰਾਤੋ-ਰਾਤ ਅਮੀਰ ਬਣਨ ਦੇ ਸੁਪਨੇ ਲੈਣ ਵਾਲੇ ਸਮਾਜ ਵਿਰੋਧੀ ਲੋਕ ਨਕਲੀ ਤੇ ਮਿਲਾਵਟੀ ਦੱਧ ਤਿਆਰ ਕਰਕੇ ਬਾਜ਼ਾਰ ‘ਚ ਵੇਚ ਰਹੇ ਹਨ।
ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ (FSSAI) ਅਨੁਸਾਰ ਤਾਂ ਬਹੁਤ ਥੋੜਾ ਦੁੱਧ ਦਾ ਹਿੱਸਾ ਹੀ ਮਿਲਾਵਟ ਵਾਲਾ ਹੁੰਦਾ। ਇਸ ਅਥਾਰਟੀ ਵੱਲੋਂ 2018 ‘ਚ ਕਰਵਾਏ ਸਰਵੇਖਣ ਅਨੁਸਾਰ ਭਾਰਤ ‘ਚ ਬਹੁਤਾ ਦੁੱਧ ਪੀਣ ਲਈ ਸੁਰੱਖਿਅਤ ਹੈ। ਇਸ ਵਲੋਂ 2019 ‘ਚ ਜਾਰੀ ਬਿਆਨ ‘ਚ ਦੱਸਿਆ ਗਿਆ ਹੈ ਕਿ ਦੇਸ਼ ‘ਚ ਕੀਤੇ ਸਰਵੇਖਣ ‘ਚ ਦੁੱਧ ਦੇ 6432 ਨਮੂਨੇ ਭਰੇ ਗਏ ਜਿਨ੍ਹਾਂ ‘ਚੋਂ ਸਿਰਫ਼ 12 ਨਮੂਨੇ ਹੀ ਮਿਲਾਵਟੀ ਸਨ। ‘ਦਾ ਇਕਨੌਮਿਕ ਟਾਇਮ’ ਦੇ ਪੰਜ ਸਿਤੰਬਰ 2018 ਦੇ ਅੰਕ ਮੁਤਾਬਿਕ ਇਸੇ ਹੀ ਸੰਸਥਾ ਦੇ ਮੈਂਬਰ ਮੋਹਨ ਸਿੰਘ ਆਹਲੂਵਾਲੀਆ ਨੇ 2018 ਨੂੰ ਲੁਧਿਆਣੇ ‘ਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ‘ਚ ਕਿਹਾ ਸੀ ਕਿ ਦੇਸ਼ ‘ਚ 68.7 ਫ਼ੀਸਦੀ ਦੁੱਧ ਇਸ ਅਥੌਰਟੀ ਦੇ ਮਾਪ ਦੰਡਾਂ ‘ਤੇ ਪੂਰਾ ਨਹੀਂ ਉਤਰਦਾ।
ਪੰਜਾਬ ‘ਚ ਜਦੋਂ ਵੀ ਵੱਡੀ ਪੱਧਰ ‘ਤੇ ਦੁੱਧ ਜਾਂ ਦੁੱਧ ਤੋਂ ਬਣੀਆਂ ਚੀਜ਼ਾਂ ਦੇ ਨਮੂਨੇ ਭਰੇ ਗਏ ਹਨ ਤਦੋਂ ਹੀ 50 ਫੀਸਦ ਤੋਂ ਜ਼ਿਆਦਾ ਫੇਲ ਹੋਏ ਹਨ। ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਕਸਬਾ ਦੇਵੀਗੜ੍ਹ ਨੇੜੇ ਅਗਸਤ 2018 ‘ਚ ਨਕਲੀ ਦੁੱਧ ਤੇ ਹੋਰ ਚੀਜ਼ਾਂ ਬਣਾਉਣ ਵਾਲੀ ਫ਼ੈਕਟਰੀ ਫੜੀ ਗਈ ਸੀ ਜਿਸ ਬਾਰੇ ਪੁਲਿਸ ਨੇ ਖ਼ੁਲਾਸਾ ਕੀਤਾ ਸੀ ਕਿ ਉਹ ਫ਼ੈਕਟਰੀ ਸਿਹਤ ਮਹਿਕਮੇ ਦੇ ਕਰਮਚਾਰੀਆਂ/ਅਧਿਕਾਰੀਆਂ ਨਾਲ ਮਿਲਕੇ 2014 ਤੋਂ ਜ਼ਹਿਰੀਲਾ ਦੁੱਧ ਤੇ ਹੋਰ ਚੀਜ਼ਾਂ ਬਣਾਉਣ ਦਾ ਕੰਮ ਕਰ ਰਹੀ ਸੀ । ਇਹ ਫ਼ੈਕਟਰੀ ਨਕਲੀ ਦੁੱਧ ਤਿਆਰ ਕਰਨ ਮਗਰੋਂ ਬਚੇ ਰਸਾਇਣਕ ਪਦਾਰਥਾਂ ਨੂੰ ਧਰਤੀ ਹੇਠਲੇ ਪਾਣੀ ‘ਚ ਭੇਜ ਦਿੰਦੀ ਸੀ ਜਿਸ ਲਈ ਫ਼ੈਕਟਰੀ ਦੇ ਅੰਦਰ ਹੀ ਇਕ ਡੂੰਘਾ ਬੋਰ ਕੀਤਾ ਹੋਇਆ ਸੀ। ਇਹ ਹਾਲ ਦੇਸ਼ ਦੇ ਦੂਜੇ ਸੂਬਿਆਂ ਦਾ ਵੀ ਹੈ।
ਮਿਲਾਵਟ ਕਰਨ ਵਾਲੇ ਦੇਸ਼ ਦੁਸ਼ਮਣ ਲੋਕ ਦੁੱਧ ਵਿੱਚ ਕੱਪੜੇ ਧੋਣ ਵਾਲਾ ਪਾਊਡਰ,ਕਾਸਟਿਕ ਸੋਡਾ, ਗੁਲੂਕੋਜ਼, ਚਿੱਟਾ ਪੇਂਟ, ਰਿਫ਼ਾਇੰਡ ਤੇਲ, ਯੂਰੀਆ, ਸਟਾਰਚ, ਸਲਫੂਰਿਕ ਐਸਿਡ, ਪਾਣੀ ਆਦਿ ਦੀ ਮਿਲਾਵਟ ਕਰਦੇ ਹਨ। ਇਹ ਚੀਜ਼ਾਂ ਸਿਰਫ਼ ਦੁੱਧ ਰਾਹੀਂ ਹੀ ਸਾਡੇ ਅੰਦਰ ਨਹੀਂ ਜਾ ਰਹੀਆਂ ਬਲਕਿ ਦੁੱਧ ਤੋਂ ਬਣੀਆਂ ਚੀਜ਼ਾਂ ਮਿਠਾਈਆਂ, ਦਹੀਂ, ਲੱਸੀ,ਪਨੀਰ, ਕਰੀਮ, ਦੁੱਧ ਪਾਉਡਰ, ਘਿਓ ਆਦਿ ਰਾਹੀਂ ਵੀ ਲੋਕਾਂ ‘ਤੇ ਅਸਰ ਕਰ ਰਹੀਆਂ ਹਨ।
ਦੁੱਧ ਦੀ ਮੰਗ ਹਰ ਵਰ੍ਹੇ ਵਧ ਰਹੀ ਹੈ। ਕੇਂਦਰ ਸਰਕਾਰ ਨੇ 1970 ‘ਚ ‘ਔਪਰੇਸ਼ਨ ਫਲੱਡ’ ਨਾਮ ਦਾ ਇਕ ਪ੍ਰੋਗਰਾਮ ਚਲਾਇਆ ਸੀ ਜਿਸ ਦਾ ਉਦੇਸ਼ ਦੁੱਧ ਦਾ ਉਤਪਾਦਨ ਵਧਾਉਣਾ ਸੀ। ਆਬਾਦੀ ਵਧ ਰਹੀ ਹੈ, ਲੋਕਾਂ ‘ਚ ਖਾਣ-ਪੀਣ ਵਾਲੀਆਂ ਚੀਜ਼ਾਂ ‘ਚ ਦੁੱਧ ਵਾਲ਼ੀਆਂ ਵਸਤਾਂ ‘ਤੇ ਦੁੱਧ ਦੀ ਮੰਗ ਵਧ ਰਹੀ ਹੈ। ਅੱਜ ਦੀ ਤਾਰੀਖ਼ ‘ਚ ਦੁੱਧ ਤੇ ਦੁੱਧ ਤੋਂ ਬਣੀਆਂ ਚੀਜ਼ਾਂ ਦਾ ਵਪਾਰ ਸਭ ਤੋਂ ਵੱਧ ਨਿਵੇਸ਼ ਤੇ ਆਮਦਨ ਵਾਲਾ ਵਪਾਰ ਬਣ ਚੁੱਕਿਆ ਹੈ ਪਰ ਦੁੱਧ ਦੀ ਪੈਦਾਵਾਰ ਵਧ ਨਹੀਂ ਰਹੀ ਇਸ ਕਰਕੇ ਬਾਜ਼ਾਰ ‘ਚ ਮਿਲਾਵਟ ਤੇ ਨਕਲੀ ਦੁੱਧ ਦਾ ਧੰਦਾ ਵਧ ਰਿਹਾ ਹੈ।
‘ਟਾਇਮਜ਼ ਆਫ ਇੰਡੀਆ’ ਦੇ ਨੀਲ ਕਮਲ ਦੀ 19 ਜੁਲਾਈ 2019 ਦੀ ਖ਼ਬਰ ਮੁਤਾਬਿਕ ਪੂਰੇ ਦੇਸ਼ ਨਾਲ਼ੋਂ ਵੱਧ ਮਿਲਾਵਟੀ ਤੇ ਨਕਲੀ ਸਮਾਨ ਪੰਜਾਬ ਵਿੱਚ ਵਿਕਦਾ ਹੈ । ਭਰੇ ਗਏ ਨਮੂਨਿਆਂ ‘ਚੋਂ ਦੇਸ਼ ਚ’ ਮਿਲਾਵਟੀ ਤੇ ਨਕਲੀ ਸਮਾਨ ਦੀ ਦਰ 27.56 ਹੈ ਜਦੋਂ ਕੇ ਪੰਜਾਬ ‘ਚ 28.55 ਫ਼ੀਸਦ ਹੈ । ਇਹ ਜਾਣਕਾਰੀ ਅਖ਼ਬਾਰ ਨੇ ਰਾਜਸਭਾ ‘ਚ ਮੰਤਰੀ ਰਾਮੇਸ਼ਵਰ ਤੇਲੀ ਦੇ ਹਵਾਲੇ ਨਾਲ ਦਿੱਤੀ ਸੀ ।
ਬੋਰਡ ਦੇ ਤਾਜ਼ਾ ਅੰਕੜਿਆਂ ਮੁਤਬਿਕ ਪੰਜਾਬ ‘ਚ 1221 ਗ੍ਰਾਮ ਪ੍ਰਤੀ ਜੀਅ ਦੁੱਧ ਦੀ ਖਪਤ ਹੈ ਜਦੋਂ ਕੇ ਦੇਸ਼ ‘ਚ ਇਹ ਦਰ 406 ਹੈ। ਪੰਜਾਬ ‘ਚ ਵੀ ਨਕਲੀ ਦੁੱਧ ਦਾ ਧੰਦਾ ਵਧ ਰਿਹਾ ਹੈ ਜਿਸ ਨੂੰ ਰੋਕਣ ਦੀ ਬਹੁਤ ਸਖ਼ਤ ਜ਼ਰੂਰਤ ਹੈ ਕਿਉਂਕਿ ਨਕਲੀ ਦੁੱਧ ਤੋਂ ਬੱਚਿਆਂ, ਬਜ਼ੁਰਗਾਂ ਬੀਮਾਰਾਂ ਤੇ ਗਰਭਵਤੀ ਮਾਵਾਂ ਨੂੰ ਬਹੁਤ ਹੀ ਖ਼ਤਰਨਾਕ ਬਿਮਾਰੀਆਂ ਲੱਗ ਸਕਦੀਆਂ ਹਨ ਤੇ ਲੱਗ ਵੀ ਰਹੀਆਂ ਹਨ। ਜੇਕਰ ਸਾਡੀ ਸਰਕਾਰ ਹੁਣੇ ਐਕਸ਼ਨ ‘ਚ ਨਾ ਆਈ ਤਾਂ ਭਵਿਖ ‘ਚ ਆਉਣ ਵਾਲ਼ੀਆਂ ਪੀੜ੍ਹੀਆਂ ਲਈ ਬਹੁਤ ਹੀ ਖ਼ਤਰਨਾਕ ਬਿਮਾਰੀਆਂ ਮਹਾਂਮਾਰੀਆਂ ਦਾ ਰੂਪ ਲੈ ਸਕਦੀਆਂ ਹਨ।
* ਘਰ ਦੁੱਧ ਟੈਸਟ ਕਰਨ ਦਾ ਢੰਗ : 50 ਗਰਾਮ ਦੁੱਧ ਨੂੰ ਉਭਾਲ਼ ਕੇ ਖੋਆ ਬਣਾਓ ; ਬਣਿਆ ਖੋਆ ਤੋੜ ਕੇ ਵੇਖੋ ਜੇ ਆਰਾਮ ਨਾਲ ਟੁੱਟਦਾ ਹੈ ਤਾਂ ਠੀਕ ਜੇ ਰਬੜ ਵਾਂਗ ਵਧਦਾ ਹੈ ਤਾਂ ਨਕਲੀ/ਮਿਲਾਵਟ ਹੈ। ਨਕਲੀ ਖੋਏ ਦਾ ਸਵਾਦ ਵੀ ਵੱਖਰਾ ਹੁੰਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.