ਸਾਬਕਾ ਮੁੱਖ-ਮੰਤਰੀਆਂ ਦੀਆਂ ਵੀ ਖੁਲ੍ਹਣਗੀਆਂ ਫ਼ਾਇਲਾਂ ?
ਅਮਰਜੀਤ ਸਿੰਘ ਵੜੈਚ (94178-01988)
ਜਦੋਂ ਤੋਂ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁਧ ਜੰਗ ਛੇੜੀ ਹੈ ਉਦੋਂ ਤੋਂ ਹੀ ਇਸ ਦਾ ਭਾਵੇਂ ਭਰਵਾਂ ਸਵਾਗਤ ਹੋਇਆ ਹੈ ਪਰ ਨਾਲ ਦੀ ਨਾਲ ਕਈ ਸਵਾਲ ਵੀ ਖੜੇ ਹੋ ਗਏ ਹਨ। ਪੰਜਾਬ ਦੇ ਵਿਜੀਲੈਂਸ ਵਿਭਾਗ ਨੇ ਇਸ ‘ਪ੍ਰੋਜੈਕਟ’ ਦਾ ਸ਼੍ਰੀ ਗਣੇਸ਼ ਮਾਨ ਸਰਕਾਰ ਦੇ ਸਿਹਤ ਮੰਤਰੀ ਵਿਜੇ ਸਿੰਗਲਾ ਦੀ ਗ੍ਰਿਫ਼ਤਾਰੀ ਨਾਲ ਕੀਤਾ ਅਤੇ ਫਿਰ ਸਾਬਕਾ ਮੰਤਰੀ ਧਰਮਸੋਤ, ਸਾਬਕਾ ਐੱਮਐੱਲਏ ਜੋਗਿੰਦਰ ਪਾਲ ਅਤੇ ਹੁਣ ਇਕ ਆਈਏਐੱਸ ਅਫ਼ਸਰ ਸੰਜੇ ਪੋਪਲੀ ਦੀ ਗ੍ਰਿਫ਼ਤਾਰੀ ਨਾਲ ਇਹ ‘ਪ੍ਰੋਜੈਕਟ’ ਰਫ਼ਤਾਰ ਫੜਦਾ ਲਗਦਾ ਹੈ। ਇਸੇ ਸਮੇਂ ਦਰਮਿਆਨ, ਸਰਕਾਰ ਦੇ ਦਾਅਵੇ ਅਨੁਸਾਰ ਹੁਣ ਤੱਕ 45 ਅਧਿਕਾਰੀ ਭ੍ਰਿਸ਼ਟਾਚਾਰਾਂ ਦੇ ਦੋਸ਼ ਅਧੀਨ ਫੜੇ ਜਾ ਚੁੱਕੇ ਹਨ ਜਿਨ੍ਹਾਂ ਲਈ 28 ਐੱਫਆਈਆਰ ਦਰਜ ਹੋ ਚੁੱਕੀਆਂ ਹਨ।
ਮੁੱਖ-ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਲੋਕਾਂ ਨੇ ਉਨ੍ਹਾਂ ਨੂੰ ਇਕ ਵੱਡੀ ਜ਼ਿਮੇਵਾਰੀ ਸੌਂਪੀ ਹੈ ਅਤੇ ਉਹ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਕੇ ਹੀ ਸਾਹ ਲੈਣਗੇ। ਭ੍ਰਿਸ਼ਟਾਚਾਰ ਅਮਰ-ਵੇਲ ਵਾਂਗ ਫੈਲ ਚੁੱਕਿਆ ਹੈ ਭਾਵੇਂ ਇਸ ਦੀਆਂ ਜੜ੍ਹਾਂ ਕੱਟ ਵੀ ਦਿੱਤੀਆਂ ਜਾਣ ਤਾਂ ਵੀ ਇਹ ਵੇਲ ਵਧਣ ਲੱਗ ਜਾਂਦੀ ਹੈ। ਸੋ ਮਾਨ ਸਾਹਿਬ ਲਈ ਇਹ ਲੜਾਈ ਬੜੀ ਜ਼ੋਰ ਵਾਲੀ ਹੈ।
ਹੁਣ ਇਹ ਸਵਾਲ ਉੱਠੇਗਾ ਕਿ ਭ੍ਰਿਸ਼ਟਾਚਾਰ ਦੀਆਂ ਫ਼ਾਇਲਾਂ ਕਦੋਂ ਤੋਂ ਖੁੱਲ੍ਹਣਗੀਆਂ ਭਾਵ ਕੋਈ ਕੱਟ ਡੇਟ ਤਾਂ ਐਲਾਨ ਕਰਨੀ ਹੀ ਪਵੇਗੀ ਨਹੀਂ ਤਾਂ ਇਹ ਸਕੀਮ ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਤੂੜੀ ਦੀ ਪੰਡ’ ਵਾਂਗ ਖਿਲਰ ਜਾਵੇਗੀ। ਮੰਤਰੀ, ਸਾਬਕਾ ਮੰਤਰੀ ਅਤੇ ਸਾਬਕਾ ਐੱਮਐੱਲਏ ਅਤੇ ਹੋਰ ਅਧਿਕਾਰੀ ਫੜੇ ਜਾਣ ਮਗਰੋਂ ਹੋਰਾਂ ਨੂੰ ਵੀ ਪਿਸੂ ਪੈਣ ਲੱਗ ਪਏ ਹਨ। ਮਾਨ ਵੱਲੋਂ ਸੁਖਬੀਰ ਬਾਦਲ ਦੇ ‘ਨਵਾਂ ਚੰਡੀਗੜ੍ਹ’ ਵਿਖੇ ‘ਸੁਖ ਵੀਲਾ’ ਦੀਆਂ ਫ਼ਾਇਲਾਂ ਫਰੋਲਣ ਦੇ ਬਿਆਨ ਨਾਲ ਹੀ ਅਕਾਲੀ ਦਲ ਵਿੱਚ ਵੀ ਧੁੜਧੁੜੀਆਂ ਛਿੜੀਆਂ ਹੋਣਗੀਆਂ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਆਪਣੇ ਬਚਾ ਲਈ ਹੱਥ ਪੈਰ ਮਾਰਨ ਲੱਗ ਪਏ ਹਨ।
ਸਿਰਫ਼ ਇਕ ਦੋ ਮੰਤਰੀਆਂ ਜਾਂ ਅਫ਼ਸਰਾਂ ਦੇ ਫੜੇ ਜਾਣ ਦਾ ਮਤਲਬ ਇਹ ਹੈ ਕਿ ਹਾਲੇ ਤਾਂ ‘ਭ੍ਰਿਸ਼ਟਾਚਾਰ ਦਾ ਥਾਨ’ ਖੁਲ੍ਹਣਾ ਸ਼ੁਰੂ ਹੋਇਆ ਹੈ ਇਸ ਦੇ ਹੋਰ ਕਈ ਰੰਗ ਖੁਲ੍ਹਣਗੇ। ਇਹ ਦੋਸ਼ ਵੀ ਲੱਗ ਰਹੇ ਹਨ ਕਿ ਇਹ ਸਿਰਫ਼ ਰਾਜਨੀਤਕ ਬਦਲਾਖੋਰੀ ਹੈ। ਕੁਝ ਲੋਕ ਇਹ ਕਹਿ ਰਹੇ ਹਨ ਕਿ ਭ੍ਰਿਸ਼ਟਾਚਾਰ ਦੀ ਇਹ ਕਾਰਵਾਈ ‘ਆਪ’ ਸੁਪਰੀਮੋ ਕੇਜਰੀਵਾਲ ਦੀ ਚਾਲ ਹੈ ਤਾਂ ਕਿ ਪੰਜਾਬ ਦੇ ਮੋਢੇ ‘ਤੇ ਬੰਦੂਕ ਰੱਖਕੇ ਹਿਮਾਚਲ ਤੇ ਗੁਜਰਾਤ ਦੀਆਂ ਵਿਧਾਨ-ਸਭਾ ਚੋਣਾਂ ਵਿੱਚ ‘ਭਾਜਪਾ’ ਦਾ ‘ਸ਼ਿਕਾਰ’ ਕੀਤਾ ਜਾ ਸਕੇ।
ਖ਼ੈਰ ! ਭ੍ਰਿਸ਼ਟਾਚਾਰ ਨੂੰ ਨੱਥ ਪਾਉਣੀ ਬੜੀ ਜ਼ਰੂਰੀ ਹੈ। ਵਰਤਮਾਨ ਕੇਸ ਕਿਸੇ ਨਤੀਜੇ ‘ਤੇ ਪਹੁੰਚਣੇ ਚਾਹੀਦੇ ਹਨ ਨਾ ਕਿ ਲੋਕ ਊਠ ਦੇ ਬੁੱਲ੍ਹ ਦੇ ਡਿੱਗਣ ਦੀ ਇੰਤਜ਼ਾਰ ਕਰਦੇ ਹੀ ਰਹਿ ਜਾਣ। ਇੰਜ ਅਤੀਤ ਦੀਆਂ ਉਦਾਹਰਣਾਂ ਬਹੁਤ ਹਨ ; ਕੇਂਦਰ ਵਿੱਚ ਡਾ: ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ‘ਚ ‘2 ਜੀ ਸਕੈਮ’ ਹੋਇਆ ਸੀ ਜਿਸ ਵਿੱਚ ਸਾਬਕਾ ਟੈਲਕਮ ਮੰਤਰੀ ਕੇ ਰਾਜਾ ਅਤੇ ਡੀਐੱਮਕੇ ਦੇ ਮੁੱਖੀ ਕਰੁਣਾਨਿਧੀ ਦੀ ਧੀ ਅਤੇ ਰਾਜ ਸਭਾ ਮੈਂਬਰ ਕੰਨੀਮੋਜੀ ਸਮੇਤ ਕਈ ਅਫ਼ਸਰਾਂ ‘ਤੇ ਇਕ ਲੱਖ 76 ਹਜ਼ਾਰ ਕਰੋੜ ਰੁ: ਦੇ ਘੁਟਾਲੇ ਦੇ ਦੋਸ਼ ਲੱਗੇ ਸੀ। ਦਸੰਬਰ 2017 ਵਿੱਚ ਸਪੈਸ਼ਲ ਸੀਬੀਆਈ ਕੋਰਟ ਨੇ ਸਾਰੇ ਦੋਸ਼ੀ ਬਰੀ ਕਰ ਦਿੱਤੇ ਸਨ। ਹੁਣ ਉਹ ਕੇਸ ਅਪੀਲ ‘ਚ ਧੱਕੇ ਖਾਂਦਾ ਫਿਰਦਾ ਹੈ। ਕੋਰਟ ਨੇ ਸੀਬੀਆਈ ਨੂੰ ਝਾੜਿਆ ਸੀ ਕਿ ਏਜੰਸੀ ਦੋਸ਼ ਸਿਧ ਕਰਨ ਵਿੱਚ ਬੁਰੀ ਤਰ੍ਹਾਂ ਫੇਲ ਹੋਈ ਸੀ।
ਅਕਾਲੀ ਦਲ ਦੀ 2007 ਵਿੱਚ ਸਰਕਾਰ ਬਣਨ ‘ਤੇ ਪੰਜਾਬ ਦੇ ਸਾਬਕਾ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ 1144 ਕਰੋੜ ਰੁ: ਦਾ ਸਿਟੀ ਸੈਂਟਰ, ਲੁਧਿਆਣਾ ਸਕੈਮ ਦਾ ਕੇਸ ਦਰਜ ਹੋਇਆ ਸੀ ਜੋ ਕਾਂਗਰਸ ਦੇ 2017 ਵਿੱਚ ਮੁੜ ਸੱਤ੍ਹਾ ਵਿੱਚ ਆਉਣ ਮਗਰੋਂ ਕਮਜ਼ੋਰ ਕਰ ਦਿੱਤਾ ਗਿਆ ਅਤੇ ਕੈਪਟਨ ਸਮੇਤ ਸਾਰੇ ਦੋਸ਼ੀ ਬਰੀ ਹੋ ਗਏ। ਕੈਪਟਨ ਨੇ 2002 ਵਿੱਚ ਸੱਤ੍ਹਾ ‘ਚ ਆਉਂਦਿਆਂ ਬਾਦਲਾਂ ਖਿਲਾਫ਼ ਕੇਸ ਕਰਵਾ ਦਿੱਤੇ ਸਨ ਜੋ ਹਾਲੇ ਵੀ ਅਪੀਲਾਂ ‘ਚ ਫਿਰਦੇ ਹਨ।
ਇਹ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਅਤੇ ਅਕਾਲੀਆਂ ਦੇ ਕਈ ਲੀਡਰ ਭਾਜਪਾ ਦੇ ਖੰਬਾ ਹੇਠ ਇਸ ਲਈ ਜਾ ਲੁੱਕੇ ਹਨ ਤਾਂ ਕਿ ਪੁਲਿਸ ਤੋਂ ਸੁਰੱਖਿਆ ਮਿਲ ਸਕੇ। ਬੇ-ਇਮਾਨੀ ਦੀ ਕਮਾਈ ਭਾਵੇਂ ਫੜੀ ਨਾ ਵੀ ਜਾਵੇ ਤਾਂ ਵੀ ਜਿਸ ਨੇ ਬੇ-ਇਮਾਨੀ ਕੀਤੀ ਹੁੰਦੀ ਹੈ ਉਸ ਦੇ ਅੰਦਰ ਬੇ-ਇਮਾਨੀ ਦਾ ਕੀੜਾ ਹਮੇਸ਼ਾ ਕੁਰੇਦਦਾ ਰਹਿੰਦਾ ਹੈ ਕਿ ਕਿਸੇ ਵਕਤ ਉਹ ਫੜਿਆ ਨਾ ਜਾਵੇ। ਇਹ ਸਜ਼ਾ ਵੀ ਬਹੁਤ ਵੱਡੀ ਹੁੰਦੀ ਹੈ ਅਤੇ ਪਰਿਵਾਰ ਉੱਤੇ ਲੱਗੇ ਕਲੰਕ ਪੀੜ੍ਹੀ ਦਰ ਪੀੜ੍ਹੀ ਨਾਲ ਹੀ ਚਲਦੇ ਰਹਿੰਦੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.