ਸਹਿਜ ਪੱਕੇ,ਸੋ ਮੀਠਾ ਹੋਇ!
ਗੁਰਬਾਣੀ ਵਿੱਚ ਮਨੁੱਖ ਦੀ ਜਿੰਦਗੀ ਨਾਲ ਸਵੰਧਿਤ ਹਰ ਦੁੱਖ ਤੇ ਸੁੱਖ ਦੀ ਵਿਆਖਿਆ ਕੀਤੀ ਹੈ।ਇਕੱਲਾ ਇਹ ਹੀ ਨਹੀਂ, ਕਿ ਦੁਨੀਆਂ ਦਾ ਦੁੱਖ ਹੀ ਬਿਆਨ ਕੀਤਾ ਗਿਆ ਹੈ।ਸਗੋਂ ਮਨੁੱਖ ਦੇ ਦਰਦ ਅਤੇ ਹਰ ਸਮੱਸਿਆ ਦਾ ਇਲਾਜ ਵੀ ਦੱਸਿਆ ਗਿਆ ਹੈ।ਇਹ ਗੱਲ ਵੱਖਰੀ ਹੈ,ਕਿ ਮਨੁੱਖ ਉਨ੍ਹਾਂ ਸਿਖਿਆਵਾਂ ਤੇ ਅਸਰ ਨਹੀਂ ਕਰਦਾ। ਜਿਸ ਤਰ੍ਹਾਂ, ਪੁਰਾਣੇ ਜਮਾਨੇ ਚ ਵੈਦ,ਨਬਜ਼ ਫੜਕੇ ਹੀ ਰੋਗ ਦੱਸ ਦਿੰਦੇ ਸਨ ਅਤੇ ਫੇਰ ਉਹਦਾ ਇਲਾਜ ਕਰ ਦਿੰਦੇ ਸਨ।ਅੱਜਕਲ੍ਹ ਦੇ ਡਾਕਟਰਾਂ ਵਾਂਗ,ਹਰ ਮਰਜ ਦਾ ਅਲੱਗ 2 ਡਾਕਟਰ ਨਹੀਂ ਸੀ ਹੁੰਦਾ ਅਤੇ ਨਾ ਹੀ ਤਰ੍ਹਾਂ 2 ਦੇ ਟੈਸਟਾਂ ਦੀ ਲੋੜ ਪੈਂਦੀ ਸੀ।ਬੱਸ ਇਸੇ ਤਰ੍ਹਾਂ,ਗੁਰਬਾਣੀ ਆਪਣੇ ਆਪ ਰੋਗ ਵੀ ਦੱਸ ਦਿੰਦੀ ਹੈ ਅਤੇ ਉਹਦਾ ਇਲਾਜ ਵੀ ਕਰ ਦਿੰਦੀ ਹੈ। ਅਜੋਕੇ ਦੌਰ ਚ,ਮਨੁੱਖ ਦੀ ਬੇਲੋੜੀ ਕਾਹਲ ਨੂੰ ਬਿਆਨ ਕਰਦਿਆਂ, ਗੁਰਬਾਣੀ ਚ ਫਰਮਾਇਆ ਗਿਆ ਹੈ,ਕਿ,
ਅੱਤ ਨਾ ਬਾਹਲਾ ਬੋਲਣਾ, ਅੱਤ ਨਾ ਬਾਹਲੀ ਚੁੱਪ।ਅੱਤ ਨਾ ਬਾਹਲਾ ਖਾਣਾ,ਅੱਤ ਨਾ ਬਾਹਲੀ ਭੁੱਖ।ਅੱਤ ਨਾ ਬਾਹਲਾ ਬਰਸਣਾ,ਅੱਤ ਨਾ ਬਾਹਲੀ ਧੁੱਪ!
ਭਾਵ ਕਿ ਹਰ ਚੀਜ ਲੋੜ ਤੋਂ ਜਿਆਦਾ ਅਤੇ ਲੋੜ ਤੋਂ ਘੱਟ ਮਾੜੀ ਹੀ ਹੁੰਦੀ ਹੈ।ਇੱਥੋਂ ਤੱਕ ਕਿ,ਲੋੜ ਤੋਂ ਜਿਆਦਾ ਤਾਂ,ਸ਼ਰਾਫਤ ਵੀ ਮਾੜੀ ਹੁੰਦੀ ਹੈ।
ਇਸੇ ਸੰਦਰਭ ਦੇ ਵਿੱਚ, ਅਗਰ ਕਿਸੇ ਫਲ ਨੂੰ ਆਪਣੀ ਰੁੱਤ ਅਤੇ ਸਮੇਂ ਦੇ ਅਨੁਸਾਰ ਪੱਕਣ ਦਿੱਤਾ ਜਾਵੇ,ਤਾਂ ਉਹ ਸਹੀ ਰਹਿੰਦਾ ਹੈ।ਅਗਰ ਉਸਨੂੰ ਕਿਸੇ ਹੋਰ ਤਰੀਕੇ ਨਾਲ ਪਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ,ਤਾਂ ਉਹ ਫਲ ਫਾਇਦੇ ਦੀ ਥਾਂ ਤੇ ਨੁਕਸਾਨ ਹੀ ਕਰਦਾ ਹੈ।ਅਜੋਕੇ ਦੌਰ ਦੀ ਇਸ ਕਾਹਲ ਨੇ,ਮਨੁੱਖ ਦੇ ਗਲ ਅਨੇਕਾਂ ਹੀ ਸਮੱਸਿਆਵਾਂ ਪਾ ਦਿੱਤੀਆਂ ਹਨ। ਜਿੰਦਗੀ ਚ ਹਰ ਚੀਜ ਦਾ ਕੋਈ ਨਾ ਕੋਈ ਸਮਾਂ ਹੁੰਦਾ ਹੈ।ਹਰ ਰੁੱਤ, ਹਰ ਮੌਸਮ,ਗਰਮੀ, ਸਰਦੀ, ਪੱਤਝੜ ਅਤੇ ਬਹਾਰ ਦਾ ਆਪੋ ਆਪਣਾ ਮਹੱਤਵ ਹੁੰਦਾ ਹੈ।ਅਸਲ ਵਿੱਚ ਕੁਦਰਤ ਨੇ ਇਹ ਸਾਰੇ ਹੀ ਮਨੁੱਖ ਦੀ ਬਿਹਤਰੀ ਲਈ ਹੀ ਤਾਂ ਦਿੱਤੇ ਹਨ।ਪਰ ਮਨੁੱਖ ਤਾਂ ਕੁਦਰਤ ਨੂੰ ਵੀ ਆਪਣੇ ਅਧੀਨ ਕਰਨ ਲਈ ਬੇਚੈਨ ਹੈ।
ਇਹੋ ਕਾਰਨ ਹੈ,ਕਿ ਕੋਈ ਵੀ ਮਨੁੱਖ ਆਪਣੇ ਆਪਨੂੰ ਸੁਖੀ ਮਹਿਸੂਸ ਨਹੀਂ ਕਰ ਰਿਹਾ।ਸਗੋਂ ਹਰ ਕੋਈ ਚਿੰਤਾ ਗ੍ਰਸਤ ਲੱਗ ਰਿਹਾ ਹੈ। ਮਨੁੱਖ ਦੇ ਦੁਖੀ ਹੋਣ ਦਾ ਮੁੱਖ ਕਾਰਨ ਵੀ ਇਹੋ ਹੈ,ਜਦੋਂ ਮਨੁੱਖ ਸਹਿਜ ਨੂੰ ਛੱਡਕੇ ਕਾਹਲ ਦਾ ਪੱਲਾ ਫੜ ਲੈਂਦਾ ਹੈ।ਪੁਰਾਣੇ ਜਮਾਨੇ ਚ ਲੋਕ ਸਹਿਜ ਦਾ ਪੱਲਾ ਘੁੱਟਕੇ ਫੜੀ ਰੱਖਦੇ ਸਨ।ਅੱਜ ਦੇ ਜਮਾਨੇ ਵਾਂਗ,ਹਰ ਵਕਤ ਮਰੂੰ 2 ਨਹੀਂ ਸੀ ਕਰਦੇ।ਸਗੋਂ ਸਬਰ ਸੰਤੋਖ ਦੇ ਨਾਲ ਜਿੰਦਗੀ ਬਤੀਤ ਕਰਦੇ ਸਨ।ਇਹੋ ਕਾਰਨ ਸੀ,ਕਿ ਲੋਕ ਘੱਟ ਸਾਧਨਾਂ ਦੇ ਹੁੰਦਿਆਂ ਵੀ ਸੁਖੀ ਸਨ। ਮੁੱਕਦੀ ਗੱਲ ਤਾਂ ਇਹ ਹੈ,ਕਿ ਜਿੰਦਗੀ ਦੀ ਹਰ ਤਰ੍ਹਾਂ ਦੀ ਕਾਹਲ ਅਤੇ ਲੋੜ ਤੋਂ ਜਿਆਦਾ ਕੀਤਾ ਗਿਆ ਕੋਈ ਵੀ ਕੰਮ ਮਨੁੱਖ ਲਈ ਘਾਟੇ ਦਾ ਸੌਦਾ ਹੁੰਦਾ ਹੈ।ਇਸ ਲਈ ਇਸਨੂੰ ਬੜੀ ਸਾਦਗੀ ਨਾਲ ਜਿਉਣਾ ਚਾਹੀਦਾ ਹੈ।ਇਸੇ ਲਈ ਤਾਂ,ਸਹਿਜ ਨੂੰ ਸਭ ਤੋਂ ਉੱਤਮ ਮੰਨਿਆ ਗਿਆ ਹੈ।
ਸੁਬੇਗ ਸਿੰਘ, ਸੰਗਰੂਰ
93169 10402
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.