73 ਸਾਲਾ ਔਰਤ ਨਾਲ ਠੱਗੀ ਦੇ ਦੋਸ਼ ਹੇਠ 2 ਪੰਜਾਬੀ ਗ੍ਰਿਫ਼ਤਾਰ

ਇੰਡੀਆਨਾ ਸਟੇਟ ਪੁਲਿਸ ਨੇ 2 ਮਹੀਨਿਆਂ ਦੀ ਜਾਂਚ ਮਗਰੋਂ ਜੈਕਸਨ ਕਾਊਂਟੀ ਦੀ ਇਕ ਬਜ਼ੁਰਗ ਔਰਤ ਨਾਲ ਵੱਡੀ ਰਕਮ ਦੀ ਠੱਗੀ ਦੇ ਮਾਮਲੇ ਵਿਚ 2 ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੰਡੀਆਨਾਪੋਲਿਸ ਵਾਸੀ ਸਰਵਣ ਸਿੰਘ (24) ਅਤੇ ਸਾਜਨਪ੍ਰੀਤ ਸਿੰਘ (23) ਖ਼ਿਲਾਫ਼ ਧੋਖਾਧੜੀ ਅਤੇ ਚੋਰੀ ਦੇ ਸੰਗੀਨ ਦੋਸ਼ ਲਾਏ ਗਏ ਹਨ।
ਬ੍ਰਾਊਨਸਟਾਊਨ ਦੀ 73 ਸਾਲਾ ਔਰਤ ਨੇ ਸਤੰਬਰ ਵਿੱਚ ਪੁਲਿਸ ਨੂੰ ਦੱਸਿਆ ਸੀ ਕਿ ਉਸ ਦੇ ਲੈਪਟਾਪ ਉੱਤੇ ਮਾਈਕ੍ਰੋਸਾਫਟ ਵਲੋਂ ਭੇਜਿਆ ਜਾਪਦਾ ਇਕ ਚਿਤਾਵਨੀ ਸੁਨੇਹਾ ਆਇਆ। ਲਿੰਕ ਖੋਲ੍ਹਣ ਮਗਰੋਂ ਉਸ ਦੀ ਫ਼ੋਨ ਉੱਤੇ ਇਕ ਵਿਅਕਤੀ ਨਾਲ ਗੱਲ ਹੋਈ, ਜਿਸ ਨੇ ਕਿਹਾ ਕਿ ਉਸ ਦੇ ਬੈਂਕ ਖ਼ਾਤੇ ਵਿੱਚ ਪਏ ਪੈਸੇ ਸੁਰੱਖਿਅਤ ਨਹੀਂ ਹਨ। ਪੁਲਿਸ ਮੁਤਾਬਕ ਰਕਮ ਸੁਰੱਖਿਅਤ ਕਰਨ ਦੇ ਬਹਾਨੇ ਔਰਤ ਨੂੰ ਬੈਂਕ ਵਿੱਚੋਂ ਪੈਸੇ ਕਢਵਾ ਕੇ ਬ੍ਰਾਊਨਸਟਾਊਨ ਦੇ ਮੈਕਡੋਨਲਡਜ਼ ਵਿੱਚ ਸੰਘੀ ਏਜੰਟ ਬਣ ਕੇ ਆਏ ਵਿਅਕਤੀ ਨੂੰ ਸੌਂਪਣ ਲਈ ਰਾਜ਼ੀ ਕੀਤਾ ਗਿਆ।
ਪੈਸੇ ਦੇਣ ਤੋਂ ਕੁਝ ਸਮੇਂ ਬਾਅਦ ਠੱਗੀ ਦਾ ਸ਼ੱਕ ਪੈਣ ਉੱਤੇ ਉਸ ਨੇ ਸ਼ਿਕਾਇਤ ਕਰ ਦਿੱਤੀ। ਜਾਂਚ ਅਧਿਕਾਰੀ ਟੀਆ ਹੰਟ ਨੇ ਰੈਸਟੋਰੈਂਟ ਦੇ ਨਿਗਰਾਨੀ ਕੈਮਰਿਆਂ ਦੀ ਵੀਡੀਓ ਤੋਂ ਰਕਮ ਲੈਣ ਵਾਲੇ ਵਿਅਕਤੀ ਤੇ ਉਸ ਨਾਲ ਜੁੜੀ ਗੱਡੀ ਬਾਰੇ ਸੁਰਾਗ ਹਾਸਲ ਕੀਤੇ। ‘ਫਲੌਕ’ ਨੰਬਰ ਪਲੇਟ ਰੀਡਰ ਸਿਸਟਮ ਰਾਹੀਂ ਪਤਾ ਲੱਗਿਆ ਕਿ ਗੱਡੀ ਸਰਵਣ ਸਿੰਘ ਦੇ ਨਾਂਅ ਦਰਜ ਸੀ। ਜਾਂਚ ਦੌਰਾਨ ਵੇਨ ਕਾਊਂਟੀ ਵਿੱਚ ਪਹਿਲਾਂ ਹੋਈ ਇਕ ਟ੍ਰੈਫਿਕ ਕਾਰਵਾਈ ਦਾ ਰਿਕਾਰਡ ਵੀ ਮਿਲਿਆ, ਜਿਸ ਵਿਚ ਸਰਵਣ ਦੀ ਡਰਾਈਵਰ ਅਤੇ ਸਾਜਨਪ੍ਰੀਤ ਦੀ ਨਾਲ ਬੈਠੇ ਵਿਅਕਤੀ ਵਜੋਂ ਪਛਾਣ ਦਰਜ ਸੀ।
ਪੁਲਿਸ ਅਨੁਸਾਰ ਹੰਟ ਨੇ ਸਾਜਨਪ੍ਰੀਤ ਨੂੰ ਔਰਤ ਤੋਂ ਪੈਸੇ ਲੈਣ ਵਾਲੇ ਕਥਿਤ ਵਿਅਕਤੀ ਵਜੋਂ ਪਛਾਣਿਆ। ਪੁਲਿਸ ਨੇ ਕਿਹਾ ਹੈ ਕਿ ਜਾਂਚ ਦੌਰਾਨ ਹੋਰ ਦੋਸ਼ ਵੀ ਲਾਏ ਜਾ ਸਕਦੇ ਹਨ। ਹਾਲਾਂਕਿ, ਦੋਵਾਂ ਖ਼ਿਲਾਫ਼ ਲੱਗੇ ਦੋਸ਼ ਹਾਲੇ ਅਦਾਲਤ ਵਿਚ ਸਾਬਤ ਹੋਣੇ ਬਾਕੀ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




