6 ਸਾਲਾਂ ਤੋਂ ਫ਼ਰਾਰ ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਨੇ ਪਟਿਆਲਾ ਪੁਲਿਸ ਅੱਗੇ ਕੀਤਾ ਆਤਮ-ਸਮਰਪਣ

ਪਟਿਆਲਾ: ਨਸ਼ਾ ਤਸਕਰੀ ਅਤੇ ਜਬਰੀ ਵਸੂਲੀ ਦੇ ਗੰਭੀਰ ਮਾਮਲਿਆਂ ਵਿੱਚ ਲੰਬੇ ਸਮੇਂ ਤੋਂ ਭਗੌੜੇ ਚੱਲ ਰਹੇ ਪੰਜਾਬ ਪੁਲਿਸ ਦੇ ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਨੇ ਆਖ਼ਰਕਾਰ ਪਟਿਆਲਾ ਪੁਲਸ ਅੱਗੇ ਆਤਮ-ਸਮਰਪਣ ਕਰ ਦਿੱਤਾ ਹੈ।
ਰਾਜਜੀਤ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ‘ਤੇ ਹੋਈ ਜਾਂਚ ਤੋਂ ਬਾਅਦ ਅਪ੍ਰੈਲ 2019 ਵਿੱਚ ਸੇਵਾ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਜਾਂਚ ਦੌਰਾਨ ਬਰਖ਼ਾਸਤ ਇੰਸਪੈਕਟਰ ਇੰਦਰਜੀਤ ਸਿੰਘ ਨਾਲ ਉਸ ਦੀ ਮਿਲੀਭੁਗਤ ਸਾਹਮਣੇ ਆਈ ਸੀ, ਜੋ ਖ਼ੁਦ ਨਸ਼ਾ ਤਸਕਰੀ ਅਤੇ ਜਬਰੀ ਵਸੂਲੀ ਦੇ ਇੱਕ ਵੱਡੇ ਨੈੱਟਵਰਕ ਨਾਲ ਜੁੜਿਆ ਹੋਇਆ ਸੀ। ਹਾਈ ਕੋਰਟ ਦੇ ਰਿਕਾਰਡ ਮੁਤਾਬਕ ਜਾਂਚ ਵਿੱਚ ਇੰਦਰਜੀਤ ਸਿੰਘ, ਰਾਜਜੀਤ ਸਿੰਘ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਭੂਮਿਕਾ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਗਏ ਸਨ।
ਸਾਲ 2019 ਵਿੱਚ ਰਾਜਜੀਤ ਸਿੰਘ ਖ਼ਿਲਾਫ਼ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਸਨ। ਪਹਿਲਾ ਕੇਸ ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ ਦਰਜ ਕੀਤਾ ਗਿਆ ਸੀ, ਜਦਕਿ ਦੂਜਾ ਕੇਸ ਸਪੈਸ਼ਲ ਟਾਸਕ ਫੋਰਸ ਵੱਲੋਂ ਜਬਰੀ ਵਸੂਲੀ ਕਰਨ, ਨਿਰਦੋਸ਼ ਲੋਕਾਂ ਨੂੰ ਝੂਠੇ ਨਸ਼ਾ ਕੇਸਾਂ ਵਿੱਚ ਫਸਾਉਣ ਅਤੇ ਨਸ਼ਾ ਤਸਕਰਾਂ ਨੂੰ ਸਰਪ੍ਰਸਤੀ ਦੇਣ ਦੇ ਦੋਸ਼ਾਂ ਹੇਠ ਦਰਜ ਹੋਇਆ ਸੀ।
ਹਾਈ ਕੋਰਟ ਵੱਲੋਂ ਜ਼ਮਾਨਤ ਅਰਜ਼ੀ ਖ਼ਾਰਜ ਕੀਤੇ ਜਾਣ ਮਗਰੋਂ ਰਾਜਜੀਤ ਸਿੰਘ ਰੂਪੋਸ਼ ਹੋ ਗਿਆ ਸੀ। ਜਾਂਚ ਏਜੰਸੀਆਂ ਨੇ ਉਸ ਦੀ ਭਾਲ ਲਈ ‘ਲੁੱਕਆਊਟ ਸਰਕੂਲਰ’ ਵੀ ਜਾਰੀ ਕੀਤਾ ਹੋਇਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




