3 ਸਤੰਬਰ ਨੂੰ ਜਨਮ ਦਿਨ ਤੇ ਵਿਸ਼ੇਸ਼ : ਪੰਜਾਬੀ ਬੋਲੀ ਦਾ ਜੁਝਾਰੂ ਅਤੇ ਇਨਕਲਾਬੀ ਲੋਕ ਕਵੀ-ਉਸਤਾਦ ਦਾਮਨ
ਉਜਾਗਰ ਸਿੰਘ : ਦੇਸ ਦੀ ਵੰਡ ਸਬੰਧੀ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਦੋ ਪੰਜਾਬੀ ਦੇ ਸ਼ਾਇਰਾਂ ਅੰਮ੍ਰਿਤਾ ਪ੍ਰੀਤਮ ਅਤੇ ਚਿਰਾਗ ਦੀਨ ਦਾਮਨ ਨੇ ਬੜੀਆਂ ਹੀ ਦਿਲ ਨੂੰ ਟੁੰਬਣ ਵਾਲੀਆਂ ਕਵਿਤਾਵਾਂ ਲਿਖੀਆਂ ਸਨ, ਜਿਹੜੀਆਂ ਰਹਿੰਦੀ ਦੁਨੀਆਂ ਤੱਕ ਤਰੋ ਤਾਜਾ ਰਹਿਣਗੀਆਂ। ਭਾਰਤ ਦੀ ਵੰਡ ਦੇ ਦੁਖਾਂਤ ਨੂੰ ਅੰਮ੍ਰਿਤਾ ਪ੍ਰੀਤਮ ਨੇ ਬੜੇ ਹੀ ਖੂਬਸੂਰਤ ਸ਼ਬਦਾਂ ਵਿਚ ਲਿਖ ਕੇ ਪੰਜਾਬੀਆਂ ਦੇ ਦਿਲਾਂ ਨੂੰ ਤੜਪਾ ਦਿੱਤਾ ਸੀ। ਇਸੇ ਤਰ੍ਹਾਂ ਉਸਤਾਦ ਦਾਮਨ ਨੇ ਵੀ ਇਸ ਵੰਡ ਦੇ ਦਰਦ ਨੂੰ ਆਪਣੇ ਅੰਦਾਜ਼ ਵਿਚ ਲਾਲ ਕਿਲ੍ਹੇ ਦਿੱਲੀ ਵਿਚ ਹੋਏ ਇੱਕ ਕਵੀ ਦਰਬਾਰ ਵਿਚ ਆਪਣੀ ਕਵਿਤਾ ਪੜ੍ਹੀ ਉਥੇ ਹਾਜ਼ਰ ਭਾਰਤ ਦੇ ਰਾਸ਼ਟਰਪਤੀ ਬਾਬੂ ਰਾਜਿੰਦਰ ਪ੍ਰਸ਼ਾਦ ਅਤੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਹਾਜ਼ਰ ਸਨ। ਪੰਡਤ ਜਵਾਹਰ ਲਾਲ ਨਹਿਰੂ ਨੂੰ ਜਿਸ ਕਵਿਤਾ ਨੇ ਰੁਆ ਦਿੱਤਾ ਸੀ। ਉਸ ਦੇ ਬੋਲ ਇਹ ਹਨ-
ਭਾਵੇਂ ਮੂੰਹੋਂ ਨਾ ਕਹੀਏ ਪਰ ਵਿਚੋਂ ਵਿਚੀਂ, ਖੋਏ ਤੁਸੀਂ ਵੀ ਓ ਤੇ ਖੋਏ ਅਸੀਂ ਵੀ ਆਂ।
ਇਹਨਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਏ, ਤੁਸੀਂ ਵੀ ਓ ਹੋਏ ਅਸੀਂ ਵੀ ਆਂ।
ਕੁਝ ਉਮੀਦ ਏ ਜ਼ਿੰਦਗੀ ਮਿਲ ਜਾਵੇਗੀ, ਮੋਏ ਤੁਸੀਂ ਵੀ ਓ ਮੋਏ ਅਸੀ ਂ ਵੀ ਆਂ।
ਜਿਓਂਦੀ ਜਾਨ ਵੀ ਮੌਤ ਦੇ ਮੂੰਹ ਅੰਦਰ, ਢੋਏ ਤੁਸੀਂ ਵੀ ਓ ਢੋਏ ਅਸੀਂ ਵੀ ਆਂ।
ਜਾਗਣੇ ਵਾਲਿਆਂ ਰੱਜ ਕੇ ਲੁੱਟਿਆ ਏ, ਸੋਏ ਤੁਸੀਂ ਵੀ ਓ ਸੋਏ ਅਸੀਂ ਵੀ ਆਂ।
ਲਾਲੀ ਅੱਖੀਆਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਓ ਰੋਏ ਅਸੀਂ ਵੀ ਆਂ।
ਇਹ ਕਵਿਤਾ ਸੁਣ ਕੇ ਪੰਡਤ ਜਵਾਹਰ ਲਾਲ ਨਹਿਰੂ ਨੇ ਉਸਤਾਦ ਦਾਮਨ ਨੂੰ ਉਠ ਕੇ ਜੱਫੀ ਵਿਚ ਲੈ ਲਿਆ ਅਤੇ ਉਸਨੂੰ ਭਾਰਤ ਦੀ ਨਾਗਰਿਕਤਾ ਦੇਣ ਦੀ ਪੇਸ਼ਕਸ਼ ਵੀ ਕੀਤੀ ਸੀ ਪ੍ਰੰਤੂ ਉਸਤਾਦ ਦਾਮਨ ਨੇ ਕਿਹਾ ਕਿ ਉਹ ਰਹੇਗਾ ਤਾਂ ਪਾਕਿਸਤਾਨ ਵਿਚ ਹੀ ਭਾਵੇਂ ਜੇਲ੍ਹ ਵਿਚ ਹੀ ਰਹਿਣਾ ਪਵੇ। ਪਾਕਿਸਤਾਨ ਵਿਚ ਉਸਨੂੰ ਪੰਜਾਬੀ ਭਾਸ਼ਾ ਵਿਚ ਕਵਿਤਾ ਲਿਖਣ ਤੋਂ ਵਰਜਿਆ ਜਾਂਦਾ ਰਿਹਾ ਪ੍ਰੰਤੂ ਉਹ ਆਪਣੀ ਵਿਰਾਸਤ ਨਾਲੋਂ ਟੁੱਟਣ ਨੂੰ ਆਪਣੀ ਆਤਮਕ ਮੌਤ ਮਹਿਸੂਸ ਕਰਦਾ ਸੀ। ਇਸ ਕਰਕੇ ਹੀ ਉਹ ਪਾਕਿਸਤਾਨ ਵਿਚ ਬੈਠਾ ਵੀ ਪੰਜਾਬੀ ਭਾਸ਼ਾ ਦੇ ਸੋਹਲੇ ਗਾਉਂਦਾ ਰਿਹਾ, ਭਾਵੇਂ ਉਸ ਨੂੰ ਮਜ੍ਹਬੀ ਜਨੂੰਨ ਦਾ ਸਾਹਮਣਾ ਵੀ ਕਰਨਾ ਪਿਆ। ਕੋਈ ਵੀ ਬੋਲੀ ਲੋਕਾਂ ਦੇ ਬੁਲਾਂ ਤੇ ਜਿਓਂਦੀ ਹੈ। ਲੋਕਾਂ ਦਾ ਪਿਆਰ ਹੀ ਉਸ ਬੋਲੀ ਨੂੰ ਜਿੰਦਾ ਰਖਦਾ ਹੈ। ਸਾਹਿਤਕਾਰ ਤੇ ਖਾਸ ਤੌਰ ਤੇ ਸ਼ਾਇਰ ਤਾਂ ਹੀ ਲੋਕਾਂ ਵਿਚ ਮਕਬੂਲ ਹੁੰਦਾ ਹੈ, ਜੇਕਰ ਉਹ ਲੋਕਾਂ ਦੇ ਮੂੰਹ ਤੇ ਚੜ੍ਹਨ ਵਾਲੀ ਸਰਲ ਬੋਲੀ ਵੀ ਵਰਤੋਂ ਕਰੇਗਾ। ਸਟੇਜੀ ਕਵੀ ਵੀ ਉਹ ਹੀ ਹਰਮਨ ਪਿਆਰਾ ਹੁੰਦਾ ਹੈ, ਜਿਹੜਾ ਸ਼ਬਦਾਂ ਦੀ ਜਾਦੂਗਿਰੀ ਦਾ ਮਾਹਿਰ ਹੋਵੇ।
ਅਜਿਹਾ ਹੀ ਸਾਂਝੇ ਪੰਜਾਬ ਦੇ ਪੰਜਾਬੀ ਦਾ ਲੋਕ ਕਵੀ ਉਸਤਾਦ ਦਾਮਨ ਵਿਲੱਖਣ ਸ਼ਖਸੀਅਤ ਦਾ ਮਾਲਕ ਸੀ। ਪੰਜਾਬੀ ਬੋਲੀ ਦੇ ਨਾਲ ਉਸਨੂੰ ਅਥਾਹ ਪਿਆਰ ਅਤੇ ਸਤਿਕਾਰ ਸੀ। ਉਹ ਦੇਸ ਭਗਤੀ ਦੀਆਂ ਕਵਿਤਾਵਾਂ ਲਿਖਦਾ ਸੀ। ਗ਼ੁਲਾਮ ਦੇਸ ਵਿਚ ਇਨਕਲਾਬੀ ਕਵਿਤਾ ਲਿਖਣਾ ਸੋਨੇ ਤੇ ਸੁਹਾਗੇ ਵਾਲੀ ਗੱਲ ਸੀ। ਭਾਰਤ ਦੀ ਵੰਡ ਹੋਣ ਸਮੇਂ ਪੰਜਾਬ ਵੀ ਦੋ ਭਾਗਾਂ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚ ਵੰਡਿਆ ਗਿਆ। ਭੂਗੋਲਿਕ ਵੰਡ ਪੰਜਾਬੀਆਂ ਦੀ ਵਿਰਾਸਤ ਬੋਲੀ, ਪਹਿਰਾਵਾ, ਰਸਮੋ-ਰਿਵਾਜ, ਹਵਾ, ਸਭਿਅਤਾ ਅਤੇ ਸਭਿਆਚਾਰ ਦੀਆਂ ਵੰਡੀਆਂ ਨਾ ਪਾ ਸਕੀ। ਪੰਜਾਬੀ ਭਾਵੇਂ ਦੋ ਖਿਤਿਆਂ ਵਿਚ ਵੰਡੇ ਜਾ ਚੁੱਕੇ ਸਨ ਪ੍ਰੰਤੂ ਉਨ੍ਹਾਂ ਦੀਆਂ ਭਾਵਨਾਵਾਂ ਆਪਣੀ ਮਾਤਭੂਮੀ ਲਈ ਭੱਟਕ ਰਹੀਆਂ ਸਨ। ਉਹ ਮਾਨਸਿਕ ਅਤੇ ਆਤਮਿਕ ਤੌਰ ਤੇ ਮਾਖਿਓਂ ਮਿੱਠੀ ਪੰਜਾਬੀ ਭਾਸ਼ਾ ਨਾਲ ਓਤਪੋਤ ਸਨ। ਲਹਿੰਦੇ ਪੰਜਾਬ ਦੇ ਲੋਕ ਕਵੀਆਂ ਵਿਚੋਂ ਚਿਰਾਗ ਦੀਨ ਦਾਮਨ ਜੋ ਉਸਤਾਦ ਦਾਮਨ ਦੇ ਨਾਂ ਨਾਲ ਜਾਣਿਆਂ ਜਾਂਦਾ ਸੀ, ਉਹ ਪੰਜਾਬ ਦੀ ਵੰਡ ਨੂੰ ਮਾਨਸਿਕ ਤੌਰ ਤੇ ਭੁਲਾ ਨਾ ਸਕਿਆ। ਦੇਸ ਦੀ ਵੰਡ ਦੀ ਚੀਸ ਹਮੇਸਾ ਉਸਨੂੰ ਰੜਕਦੀ ਰਹੀ ਅਤੇ ਇਹ ਚੀਸ ਉਸਦੀਆਂ ਕਵਿਤਾਵਾਂ ਦਾ ਵਿਸ਼ਾ ਰਹੀ। ਇਸ ਕਰਕੇ ਉਹ ਦੇਸ ਦੀ ਵੰਡ ਤੋਂ ਬਾਅਦ ਵੀ ਭਾਰਤ ਵਿਚ ਹੋਣ ਵਾਲੇ ਕਵੀ ਦਰਬਾਰਾਂ ਦੀ ਰੌਣਕ ਵਧਾਉਂਦਾ ਰਿਹਾ। ਜਿਸਮਾਨੀ ਤੌਰ ਤੇ ਭਾਵੇਂ ਉਹ ਪਾਕਿਸਤਾਨ ਵਿਚ ਰਹਿ ਰਿਹਾ ਸੀ ਪ੍ਰੰਤੂ ਭਾਵਨਾਤਮਿਕ ਤੌਰ ਤੇ ਉਹ ਚੜ੍ਹਦੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਗੜੂੰਦ ਸੀ।
Êਪੰਜਾਬੀ ਵਿੱਚ ਕਵਿਤਾਵਾਂ ਲਿਖਣ ਕਰਕੇ ਉਸਦਾ ਘਰ ਅਗਨੀ ਭੇਂਟ ਕਰ ਦਿੱਤਾ ਗਿਆ, ਜਿਸਤੋਂ ਬਾਅਦ ਉਹ ਸਾਰੀ ਉਮਰ ਮਸੀਤ ਦੇ ਇੱਕ ਅੱਠ ਬਾਈ ਅੱਠ ਦੇ ਛੋਟੇ ਜਿਹੇ ਕਮਰੇ ਵਿਚ ਆਪਣਾ ਜੀਵਨ ਬਸਰ ਕਰਦਾ ਰਿਹਾ, ਜਿਸ ਵਿਚ ਨਾ ਕੋਈ ਰੋਸ਼ਨਦਾਨ ਅਤੇ ਨਾ ਹੀ ਤਾਕੀ ਸੀ ਪ੍ਰੰਤੂ ਪੰਜਾਬੀ ਵਿਚ ਕਵਿਤਾ ਲਿਖਣੋਂ ਕਦੀਂ ਵੀ ਨਾ ਹਟਿਆ। ਜਦੋਂ ਫਿਰਕਾਪ੍ਰਸਤਾਂ ਨੇ ਉਸਨੂੰ ਵਾਰ-ਵਾਰ ਪੰਜਾਬੀ ਵਿਚ ਕਵਿਤਾ ਲਿਖਣ ਤੋਂ ਵਰਜਿਆ ਗਿਆ ਤਾਂ ਉਹ ਡਰਿਆ ਨਹੀਂ ਸਗੋਂ ਉਸਨੇ ਲਿਖਿਆ-
ਇਥੇ ਬੋਲੀ ਪੰਜਾਬੀ ਹੀ ਬੋਲੀ ਜਾਵੇਗੀ, ਉਰਦੂ ਵਿਚ ਕਿਤਾਬਾਂ ਦੇ ਠੱਣਦੀ ਰਹੇਗੀ।
ਇਹਦਾ ਪੁੱਤਰ ਹਾਂ ਇਹਦੇ ਤੋਂ ਦੁੱਧ ਮੰਗਨਾ, ਮੇਰੀ ਭੁੱਖ ਇਹਦੀ ਛਾਤੀ ਤਣਦੀ ਰਹੇਗੀ।
ਇਹਦੇ ਲੱਖ ਹਰੀਫ ਪਏ ਹੋਣ ਪੈਦਾ, ਦਿਨ-ਬ-ਦਿਨ ਇਹਦੀ ਸ਼ਕਲ ਬਣਦੀ ਰਹੇਗੀ।
ਉਦੋਂ ਤੀਕ ਤੇ ਪੰਜਾਬੀ ਨਹੀਂ ਮਰਦੀ, ਜਦੋਂ ਤੀਕ ਪੰਜਾਬਣ ਕੋਈ ਜਣਦੀ ਰਹੇਗੀ।
ਪੰਜਾਬੀ ਦਾ ਉਹ ਨਿਧੜਕ ਜਰਨੈਲ ਲੋਕ ਕਵੀ ਸੀ, ਜਿਸਨੇ ਤਾਹਨੇ ਮਿਹਣੇ ਸਹਿੰਦਿਆਂ ਪੰਜਾਬੀ ਵਿਚ ਕਵਿਤਾ ਲਿਖਣੋਂ ਗੁਰੇਜ ਨਹੀਂ ਕੀਤਾ। ਹਾਲਾਂਕਿ ਉਸ ਨੂੰ ਪਤਾ ਸੀ ਕਿ ਕਿਸੇ ਵੀ ਸਮੇਂ ਉਸ ਨੂੰ ਸਰੀਰਕ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ। ਅੱਜ ਅਗਲੇ ਪੰਜਾਹ ਸਾਲਾਂ ਵਿਚ ਪੰਜਾਬੀ ਜ਼ੁਬਾਨ ਦੇ ਖਤਮ ਹੋਣ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ। ਜੇਕਰ ਉਸਤਾਦ ਦਾਮਨ ਵਰਗੇ ਸਿਰੜ੍ਹੀ ਪੰਜਾਬੀ ਭਾਸ਼ਾ ਤੇ ਪਹਿਰਾ ਦਿੰਦੇ ਰਹਿਣਗੇ ਤਾਂ ਇਹ ਬੋਲੀ ਕਦੀਂ ਵੀ ਖਤਮ ਨਹੀਂ ਹੋ ਸਕਦੀ। ਗੂੜ੍ਹੀ ਸ਼ਬਦਾਵਲੀ ਦੀ ਥਾਂ ਅਜਿਹੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਹੜੀ ਸੌਖਿਆਂ ਹੀ ਲੋਕਾਂ ਦੇ ਪੱਲੇ ਪੈ ਜਾਵੇ ਅਤੇ ਉਸਦੀ ਸਾਰਥਿਕਤਾ ਦਾ ਪਤਾ ਲੱਗੇ। ਵੇਖੋ ਸਬਜੀ ਦੀ ਸਫਾਈ ਰੱਖਣ ਬਾਰੇ ਉਸਤਾਦ ਦਾਮਨ ਕਿੰਨੀ ਸਰਲ ਸ਼ਬਦਾਵਲੀ ਵਰਤਦਾ ਹੈ-
ਸਬਜੀ ਲਿਆਓ ਭੱਜ ਕੇ, ਖਾਓ ਸਾਰੇ ਰੱਜ ਕੇ, ਬਾਕੀ ਰੱਖੋ ਕੱਜ ਕੇ।
ਕਵਿਤਾ ਪੜ੍ਹਨ ਤੇ ਇਓਂ ਲਗਦਾ ਹੈ ਕਿ ਜਿਵੇਂ ਹਲਕੀ ਫੁਲਕੀ ਜਿਹੀ ਹੈ ਪ੍ਰੰਤੂ ਨੀਝ ਲਾ ਕੇ ਸਮਝੋ ਕਿ ਸਰਲ ਸ਼ਬਦਾਂ ਵਿਚ ਕਿਤਨੀ ਵੱਡੀ ਗੱਲ ਕਰ ਗਿਆ ਹੈ। ਜਦੋਂ ਵਾਰ ਵਾਰ ਉਸ ਉਪਰ ਦਬਾਅ ਪਾਇਆ ਗਿਆ ਕਿ ਮੁਸਲਮਾਨ ਹੋਣ ਅਤੇ ਪਾਕਿਸਤਾਨ ਵਿਚ ਰਹਿਣ ਕਰਕੇ ਉਸ ਨੂੰ ਪੰਜਾਬੀ ਦੀ ਥਾਂ ਉਰਦੂ ਵਿਚ ਆਪਣੀਆਂ ਨਜ਼ਮਾਂ ਲਿਖਣੀਆਂ ਚਾਹੀਦੀਆਂ ਹਨ ਤਾਂ ਉਸ ਨੇ ਕਵਿਤਾ ਵਿਚ ਹੀ ਉਨ੍ਹਾਂ ਨੂੰ ਜਵਾਬ ਦਿੰਦਿਆਂ ਲਿਖਿਆ-
ਉਰਦੂ ਦਾ ਮੈਂ ਦੋਖੀ ਨਾਹੀਂ ਤੇ ਦੁਸ਼ਮਣ ਨਾਹੀਂ ਅੰਗਰੇਜ਼ੀ ਦਾ,
ਪੁਛਦੇ ਹੋ ਮੇਰੇ ਦਿਲ ਦੀ ਬੋਲੀ, ਹਾਂ ਜੀ ਹਾਂ ਪੰਜਾਬੀ ਏ।
ਚਿਰਾਗ ਦੀਨ ਦਾਮਨ ਦਾ ਜਨਮ 3 ਸਤੰਬਰ 1911 ਨੂੰ ਲਾਹੌਰ ਵਿਚ ਕਰੀਮ ਬੀਬੀ ਦੀ ਕੁੱਖੋਂ ਮੀਆਂ ਮੀਰ ਬਖਸ਼ ਦੇ ਘਰ ਹੋਇਆ ਸੀ। ਉਨ੍ਹਾਂ ਦੇ ਪਿਤਾ ਫੌਜ ਦੇ ਦਰਜੀਖਾਨੇ ਵਿਚ ਕਪੜੇ ਸਿਉਣ ਦਾ ਕੰਮ ਕਰਦਾ ਸੀ ਪ੍ਰੰਤੂ ਚਿਰਾਗ ਦੀਨ ਦਾਮਨ ਵੱਲੋਂ ਇਨਕਲਾਬੀ ਅਤੇ ਫੌਜੀ ਰਾਜ ਵਿਰੁਧ ਕਵਿਤਾਵਾਂ ਲਿਖਣ ਕਰਕੇ ਉਸ ਦੇ ਪਿਤਾ ਨੂੰ ਫੌਜ ਦੀ ਨੌਕਰੀ ਤੋਂ ਹੱਥ ਧੋਣੇ ਪਏ। ਫਿਰ ਉਸ ਨੇ ਆਪਣੇ ਪਿਤਾ ਨਾਲ ਰਲਕੇ ਦਰਜੀ ਦੀ ਦੁਕਾਨ ਕਰ ਲਈ, ਜਿਸ ਨੂੰ ਵੀ ਮਜ੍ਹਬੀ ਜਨੂੰਨੀਆਂ ਨੇ ਅੱਗ ਲਗਾਕੇ ਸਾੜ ਦਿੱਤਾ। ਫਿਰ ਵੀ ਦਾਮਨ ਨੇ ਕਿਸੇ ਨੂੰ ਚੰਗਾ ਮਾੜਾ ਨਹੀਂ ਕਿਹਾ ਸਗੋਂ ਲਿਖਿਆ-
ਕਿਸੇ ਤੀਲ੍ਹੀ ਐਸੀ ਲਗਾਈ ਏ, ਥਾਂ ਥਾਂ ਤੇ ਅੱਗ ਮਚਾਈ ਏ।
ਪਈ ਸੜਦੀ ਲੋਕਾਈ ਏ, ਤੇ ਪੈਂਦੀ ਹਾਲ ਦੁਹਾਈ ਏ।
ਦਾਮਨ ਦੀ ਮਾਂ ਨੇ ਲੋਕਾਂ ਦੇ ਭਾਂਡੇ ਮਾਂਜਕੇ ਪਰਵਾਰ ਦਾ ਗੁਜ਼ਾਰਾ ਕੀਤਾ। ਤੰਗੀਆਂ ਤਰੁਸ਼ੀਆਂ ਦਾ ਜੀਵਨ ਵੀ ਉਸ ਨੂੰ ਪੰਜਾਬੀ ਵਿਚ ਕਵਿਤਾ ਲਿਖਣ ਤੋਂ ਰੋਕ ਨਹੀਂ ਸਕਿਆ। ਫਿਰ ਉਹ ਲਿਖਦਾ ਹੈ –
ਮੈਨੂੰ ਕਈਆਂ ਨੇ ਆਖਿਆ ਕਈ ਵਾਰ, ਤੂੰ ਲੈਣਾ ਪੰਜਾਬੀ ਦਾ ਨਾਂ ਛੱਡਦੇ।
ਗੋਦੀ ਜਿਹਦੀ ਵਿਚ ਪਲਕੇ ਜਵਾਨ ਹੋਇਆਂ, ਉਹ ਮਾਂ ਛੱਡਦੇ ਤੇ ਗਰਾਂ ਛੱਡਦੇ।
ਜੇ ਪੰਜਾਬੀ ਪੰਜਾਬੀ ਈ ਕੂਕਣਾ ਏ, ਜਿਥੇ ਖਲੋਤਾ ਏਂ ਥਾਂ ਛੱਡਦੇ।
ਮੈਨੂੰ ਇੰਜ ਲੱਗਦੈ ਲੋਕੀ ਆਖਦੇ ਨੇ, ਤੂੰ ਪੁੱਤਰਾ ਆਪਣੀ ਮਾਂ ਛੱਡਦੇ।
ਉਸਤਾਦ ਦਾਮਨ ਨੇ ਸਾਰੀ ਉਮਰ ਅਣਖ ਨਾਲ ਸ਼ਾਇਰੀ ਕੀਤੀ। ਉਹ ਜਿਸਮਾਨੀ ਤੌਰ ਤੇ ਰੋਹਬ ਦਾਬ ਵਾਲਾ ਪਹਿਲਵਾਨੀ ਦਿਖ ਵਾਲਾ ਸ਼ਾਇਰ ਸੀ । ਸਰਕਾਰਾਂ ਦੇ ਦਮਨ ਦਾ ਸ਼ਿਕਾਰ ਵੀ ਹੋਇਆ। ਉਨ੍ਹਾਂ ਉਪਰ ਕਈ ਕੇਸ ਦਰਜ ਕਰਕੇ ਜੇਲ੍ਹ ਵਿਚ ਬੰਦ ਰੱਖਿਆ ਗਿਆ ਪ੍ਰੰਤੂ ਉਨ੍ਹਾਂ ਨੇ ਸਰਕਾਰਾਂ ਨਾਲ ਆਡ੍ਹਾ ਲਾਈ ਰੱਖਿਆ। ਸਰਕਾਰਾਂ ਦੀਆਂ ਜ਼ੋਰ ਜ਼ਬਰਦਸਤੀ ਦੀਆਂ ਕਾਰਵਾਈਆਂ ਦੇ ਉਹ ਆਪਣੀਆਂ ਕਵਿਤਾਵਾਂ ਵਿਚ ਬਖੀਏ ਉਧੇੜ ਦਿੰਦਾ ਸੀ। ਫੌਜੀ ਰਾਜ ਤੋਂ ਵੀ ਉਹ ਡਰਿਆ ਨਹੀਂ ਸਗੋਂ ਉਸਨੇ ਫੌਜੀ ਰਾਜ ਤੇ ਟਕੋਰ ਕਰਦਿਆਂ ਅਰਥ ਭਰਪੂਰ ਕਵਿਤਾ ਲਿਖੀ-
ਸਾਡੇ ਮੁਲਕ ਦੀਆਂ ਮੌਜਾਂ ਹੀ ਮੌਜਾਂ, ਜਿਧਰ ਦੇਖੋ ਫੌਜਾਂ ਹੀ ਫੌਜਾਂ।
ਇਹ ਕੀ ਕਰੀ ਜਾਨਾ, ਕਦੀ ਚੀਨ ਜਾਨਾ ਕਦੀ ਰੂਸ ਜਾਨਾ।
ਕਦੀ ਸਿਮਲੇ ਜਾਨਾ ਕਦੀ ਮਰੀ ਜਾਨਾ, ਜਿਧਰ ਜਾਨਾ ਬਣਕੇ ਜਲੂਸ ਜਾਨਾ।
ਲਈ ਖੇਸ ਜਾਨਾ ਖਿੱਚੀ ਦਰੀ ਜਾਨਾ, ਇਹ ਕੀ ਕਰੀ ਜਾਨਾ।
ਨੌਜਵਾਨ ਪੀੜ੍ਹੀ ਤੇ ਕਟਾਖਸ ਕਰਨ ਲੱਗਿਆਂ ਵੀ ਕਮਾਲ ਦੀਆਂ ਪੰਜਾਬੀ ਦੀਆਂ ਠੇਠ ਤਸ਼ਬੀਹਾਂ ਆਪਣੀਆਂ ਕਵਿਤਾਵਾਂ ਵਿਚ ਦਿੰਦਾ ਸੀ, ਜਿਹੜੀਆਂ ਅੱਜ 75 ਸਾਲ ਬਾਅਦ ਵੀ ਢੁਕਦੀਆਂ ਹਨ ਉਹ ਲਿਖਦਾ ਹੈ-
ਇਹ ਕਾਲਜ ਏ ਕਿ ਫੈਸ਼ਨ ਦੀ ਫੈਕਟਰੀ ਏ,
ਕੁੜੀਆਂ ਮੁੰਡਿਆਂ ਨਾਲ ਇੰਜ ਫਿਰਨ,
ਜਿਵੇਂ ਅਲਜਬਰੇ ਨਾਲ ਜੁਮੈਟਰੀ ਏ।
ਉਸਤਾਦ ਦਾਮਨ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਆਪਣੀਆਂ ਇਨਕਲਾਬੀ ਕਵਿਤਾਵਾਂ ਕਰਕੇ ਜੇਲ੍ਹ ਵਿਚ ਹੀ ਰਿਹਾ ਹੈ। ਉਹ ਇਹ ਵੀ ਆਮ ਕਹਿੰਦਾ ਸੀ ਕਿ ਉਸ ਦਾ ਕਮਰਾ ਹੀ ਬਹੁਤ ਛੋਟਾ ਸੀ, ਜਿਸ ਕਰਕੇ ਉਸ ਉਪਰ ਬੰਬ ਰੱਖਣ ਦੇ ਕੇਸ ਬਣਦੇ ਰਹੇ ਜੇਕਰ ਮੇਰਾ ਕਮਰਾ ਵੱਡਾ ਹੁੰਦਾ ਤਾਂ ਟੈਂਕ ਰੱਖਣ ਦੇ ਕੇਸ ਵੀ ਹੋ ਸਕਦੇ ਸਨ। ਜੇਲ੍ਹ ਵਿਚ ਰਹਿਣ ਸੰਬੰਧੀ ਉਹ ਲਿਖਦਾ ਹੈ ਕਿ-
ਸਟੇਜਾਂ ਤੇ ਆਈਏ ਸਿਕੰਦਰ ਹੋਈਦਾ ਏ, ਸਟੇਜੋਂ ਉਤਰਕੇ ਕਲੰਦਰ ਹੋਈਦਾ ਏ।
ਉਲਝੇ ਜੋ ਦਾਮਨ ਹਕੂਮਤ ਕਿਸੇ ਨਾਲ, ਬਸ ਏਨਾ ਹੀ ਹੁੰਦਾ, ਅੰਦਰ ਹੋਈਦਾ ਏ।
ਜੇਲ੍ਹ ਵਿਚ ਰਹਿਣ ਕਰਕੇ ਉਸਦੀ ਵਿਆਹੁਤਾ ਜ਼ਿੰਦਗੀ ਵੀ ਬਹੁਤੀ ਸਫਲ ਨਹੀਂ ਰਹੀ। ਉਸਦਾ ਵਿਆਹ ਇੱਕ ਸਿੱਖ ਪਰਿਵਾਰ ਵਿਚ ਹੋਇਆ ਸੀ। ਉਸਦਾ ਇੱਕ ਲੜਕਾ ਵੀ ਸੀ ਪ੍ਰੰਤੂ ਬਹੁਤਾ ਸਮਾਂ ਜੇਲ੍ਹ ਵਿਚ ਰਹਿਣ ਕਰਕੇ ਇੱਕ ਵਾਰ ਵਿਛੜਿਆ ਪਰਵਾਰ ਮੁੜਕੇ ਮਿਲ ਨਹੀਂ ਸਕਿਆ। ਜਿਓਂਦੇ ਜੀਅ ਗ਼ਰੀਬੀ ਕਰਕੇ ਉਹ ਆਪਣੀਆਂ ਕਵਿਤਾਵਾਂ ਦੀ ਕੋਈ ਵੀ ਪੁਸਤਕ ਪ੍ਰਕਾਸ਼ਤ ਨਹੀਂ ਕਰਵਾ ਸਕਿਆ। ਉਸਤਾਦ ਦਾਮਨ ਦੀ ਮੌਤ ਤੋਂ ਬਾਅਦ ਉਸ ਦੀਆਂ ਕਵਿਤਾਵਾਂ ਦੀ ਪੁਸਤਕ ਪਾਕਿਸਤਾਨ ਦੇ ਲੋਕਾਂ ਨੇ ਗੁਰਮੁਖੀ ਵਿਚ ਪ੍ਰਕਾਸ਼ਤ ਹੀ ਨਹੀਂ ਕੀਤੀ ਸਗੋਂ ਉਰਦੂ ਵਿਚ ਪ੍ਰਕਾਸ਼ਤ ਕਰਕੇ ਉਸਨੂੰ ਉਰਦੂ ਦਾ ਸ਼ਾਇਰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.