
ਸੀ.ਜੇ.ਪੀ. ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਉੱਤਰੀ ਰੇਲਵੇ ਨੇ 250 ਤੋਂ ਵੱਧ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ। ਇਨ੍ਹਾਂ ਰੱਦ ਕੀਤੀਆਂ ਗਈਆਂ ਰੇਲ ਗੱਡੀਆਂ ਵਿਚ ਮੇਲ, ਐਕਸਪ੍ਰੈੱਸ ਅਤੇ ਲੋਕਲ ਰੇਲ ਗੱਡੀਆਂ ਸ਼ਾਮਿਲ ਹਨ। ਰੱਦ ਕੀਤੀਆਂ ਰੇਲ ਗੱਡੀਆਂ ਦੀ ਗਿਣਤੀ ਨੂੰ ਲੈ ਕੇ ਬਣੀ ਅਨਿਸ਼ਚਿਤਤਾ ਦਰਮਿਆਨ ਉੱਤਰੀ ਰੇਲਵੇ ਨੇ ਸ਼ੁੱਕਰਵਾਰ ਦੇਰ ਸ਼ਾਮ ਤੱਕ ਕਈ ਬੁਲੇਟਿਨ ਜਾਰੀ ਕੀਤੇ, ਜਿਸ ਨਾਲ ਰੱਦ ਹੋਈਆਂ ਰੇਲ ਗੱਡੀਆਂ ਦੀ ਗਿਣਤੀ 38 ਤੋਂ ਵਧ ਕੇ 250 ਤੋਂ ਪਾਰ ਹੋ ਗਈ ਹੈ। ਸਵੇਰੇ ਰੇਲਵੇ ਬੋਰਡ ਵਲੋਂ ਜਾਰੀ ਇੱਕ ਅਧਿਕਾਰਤ ਸੂਚਨਾ ’ਚ ਕਿਹਾ ਗਿਆ ਸੀ ਕਿ ਟਰੈਫ਼ਿਕ ਜਾਮ ਕਾਰਨ ਦੂਜੇ ਸੂਬਿਆਂ ਦੇ ਵੱਖ-ਵੱਖ ਸਟੇਸ਼ਨਾਂ ਤੋਂ 9 ਅਕਤੂਬਰ ਨੂੰ ਦੁਪਹਿਰ 2 ਵਜੇ ਤੋਂ ਬਾਅਦ ਚੱਲਣ ਵਾਲੀਆਂ ਅਤੇ 10 ਅਕਤੂਬਰ ਨੂੰ ਸਵੇਰੇ 4 ਵਜੇ ਤੋਂ ਦੁਪਹਿਰ 2 ਵਜੇ ਦੇ ਦਰਮਿਆਨ ਨਵੀਂ ਦਿੱਲੀ ਅਤੇ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨਾਂ ’ਤੇ ਪਹੁੰਚਣ ਵਾਲੀਆਂ ਰੇਲ ਗੱਡੀਆਂ ਰੱਦ ਰਹਿਣਗੀਆਂ। ਉੱਤਰ ਰੇਲਵੇ ਦੇ ਮੁੱਖ ਜਨ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਵਲੋਂ ਜਾਰੀ ਬਿਆਨ ਅਨੁਸਾਰ ਪ੍ਰਭਾਵਿਤ ਰੇਲ ਗੱਡੀਆਂ ’ਚ ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ (12014), ਦੌਲਤਪੁਰ ਚੌਕ-ਨਵੀਂ ਦਿੱਲੀ (12058), ਕਾਲਕਾ-ਨਵੀਂ ਦਿੱਲੀ (12006), ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ (12446, 22462, 04082), ਜੰਮੂ ਤਵੀ-ਨਵੀਂ ਦਿੱਲੀ (12426) ਤੇ ਸ੍ਰੀ ਗੰਗਾਨਗਰ-ਤਿਲਕ ਬ੍ਰਿਜ (14727) ਵਰਗੀਆਂ ਮੁੱਖ ਗੱਡੀਆਂ ਸ਼ਾਮਿਲ ਹਨ। ਇਸ ਤੋਂ ਇਲਾਵਾ ਇੰਦੌਰ, ਬਨਾਰਸ, ਲਖਨਊ, ਹੌੜਾ, ਰਾਂਚੀ, ਸੀਲਦਾਰ ਤੇ ਮੁੰਬਈ ਵਲੋਂ ਦਿੱਲੀ ਆਉਣ ਵਾਲੀਆਂ ਕਈ ਐਕਸਪ੍ਰੈਸ ਤੇ ਸ਼ਤਾਬਦੀ ਰੇਲ ਗੱਡੀਆਂ ਵੀ ਰੱਦ ਰਹਿਣਗੀਆਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




