Opinion

ਜ਼ਾਹਿਦ ਇਕਬਾਲ ਦੀ ‘ਹੀਰ ਵਾਰਿਸ ਸ਼ਾਹ ਵਿੱਚ ਮਿਲਾਵਟੀ ਸ਼ਿਅਰਾਂ ਦਾ ਵੇਰਵਾ’ ਪੁਸਤਕ ਪੜਚੋਲ

ਉਜਾਗਰ ਸਿੰਘ

ਕਿੱਸੇ ਪੰਜਾਬੀ ਸਾਹਿਤਕ ਸਭਿਆਚਾਰ ਦਾ ਮਹੱਤਵਪੂਰਨ ਰੂਪ ਹਨ। ਕਿੱਸਾਕਾਰੀ ਦਾ ਇਤਿਹਾਸ ਵੀ ਬਹੁਤ ਪੁਰਾਣਾ ਹੈ। ਸਮਾਜ ਵਿੱਚ ਵਾਪਰੀਆਂ ਘਟਨਾਵਾਂ ਨੂੰ ਕਿੱਸਾਕਾਰਾਂ ਨੇ ਲੋਕ ਕਾਵਿ ਦਾ ਰੂਪ ਦੇ ਕੇ ਲੋਕਾਂ ਦੇ ਮਨਪ੍ਰਚਾਵੇ ਦਾ ਸਾਧਨ ਬਣਾਇਆ ਹੈ। ਪਰੰਤੂ ਕਿੱਸੇ ਮੂੰਹ ਜ਼ੁਬਾਨੀ ਜਾਂ ਹੱਥ ਲਿਖਤਾਂ ਰਾਹੀਂ ਪੀੜ੍ਹੀ ਦਰ ਪੀੜ੍ਹੀ ਪਹੁੰਚਦੇ ਰਹੇ ਹਨ। ਜਿਸ ਕਰ ਕੇ ਇਨ੍ਹਾਂ ਵਿੱਚ ਮਿਲਾਵਟ ਆ ਗਈ ਹੈ। ਹੀਰ ਰਾਂਝਾ ਦੀ ਗਾਥਾ ਵਿੱਚ ਬਹੁਤ ਸਾਰੇ ਕਿੱਸਾਕਾਰਾਂ ਨੇ ਹੱਥ ਅਜਮਾਇਆ ਪਰੰਤੂ ਸਯਦ ਵਾਰਿਸ ਸ਼ਾਹ ਨੇ ਸ਼ਾਹਕਾਰ ਰਚਨਾ ਕਰਕੇ ਆਪਣਾ ਸਥਾਨ ਬਣਾ ਲਿਆ। ਵਾਰਿਸ ਸ਼ਾਹ ਨੇ ਹੀਰ ਰਾਂਝੇ ਦੀ ਪ੍ਰੇਮ ਕਹਾਣੀ ਨੂੰ ਸਮਾਜਿਕ ਤਾਣੇ ਬਾਣੇ ਦੀਆਂ ਦਕਿਆਨੂਸੀ ਪਰੰਪਰਾਵਾਂ ਦੇ ਵਿਰੁੱਧ ਲਿਖਕੇ ਨਵੀਆਂ ਪਗਡੰਡੀਆਂ ਬਣਾਈਆਂ ਹਨ। ਉਨ੍ਹਾਂ ਹੀਰ ਨੂੰ ਨਾਬਰ, ਬਹਾਦਰ ਅਤੇ ਦਲੇਰੀ ਦੀ ਪ੍ਰਤੀਕ ਬਣਾਇਆ ਸੀ ਪਰੰਤੂ ਪਬਲਿਸ਼ਰਾਂ ਦੇ ਧੱਕੇ ਚੜ੍ਹਕੇ ਹਲਕੇ ਸ਼ਾਇਰਾਂ ਨੇ ਉਸ ਨੂੰ ਨਵਾਂ ਹੀ ਰੰਗ ਦੇ ਕੇ ਉਸ ਵਿੱਚ ਮਿਲਾਵਟ ਕਰ ਦਿੱਤੀ।

ਭਾਵ ਹੀ ਵਾਰਿਸ ਦੀ ਰੂਹ ਜ਼ਖ਼ਮੀ ਕਰ ਦਿੱਤੀ, ਜਿਸ ਦਾ ਸਾਹਿਤਕ, ਸਮਾਜਿਕ ਅਤੇ ਸਭਿਅਚਾਰਕ ਖੇਤਰ ਵਿੱਚ ਗ਼ਲਤ ਪ੍ਰਭਾਵ ਪਿਆ। ਹੈਰਾਨੀ ਦੀ ਗੱਲ ਹੈ ਕਿ ਵਾਰਿਸ ਸ਼ਾਹ ਦੀ ਹੀਰ ਵਿੱਚ ਹੋਈ ਮਿਲਾਵਟ ਨੂੰ 300 ਸਾਲ ਕਿਸੇ ਵੀ ਅਕਾਦਮਿਕ ਵਿਦਵਾਨ ਨੇ ਗੌਲਿਆ ਹੀ ਨਹੀਂ, ਸਗੋਂ ਅਚੰਭੇ ਦੀ ਗੱਲ ਹੈ ਕਿ ਉਹ ਮਿਲਾਵਟੀ ਹੀਰ ਵਾਰਿਸ ‘ਤੇ ਹੀ ਪੀ.ਐਚ.ਡੀ.ਦੀਆਂ ਡਿਗਰੀਆਂ ਕਰਵਾਉਂਦੇ ਰਹੇ। ਵਾਰਿਸ ਸ਼ਾਹ ਦੀ ਤਰ੍ਹਾਂ ਹੀ ਜ਼ਾਹਿਦ ਇਕਬਾਲ ਨੇ ਪਰੰਪਰਾਵਾਂ ਤੇ ਚਲਣ ਦੀ ਥਾਂ ਨਵੀਂਆਂ ਪਗਡੰਡੀਆਂ ਬਣਾਕੇ ਪੰਜਾਬੀ ਵਿਦਵਾਨਾ ਨੂੰ ਹੈਰਾਨ ਕਰ ਦਿੱਤਾ। ਪੁਰਾਤਨ ਪੰਜਾਬੀ ਸਾਹਿਤ ਵਿੱਚ ਮਿਲਾਵਟ ਆਮ ਜਿਹੀ ਗੱਲ ਹੋ ਗਈ ਸੀ। ਇਥੋਂ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਅਤੇ ਦਸਮ ਗ੍ਰੰਥ ਵਿੱਚ ਮਿਲਾਵਟ ਦੇ ਚਰਚੇ ਵਿਚਾਰ ਵਟਾਂਦਰਾ ਦਾ ਸਾਧਨ ਬਣਦੇ ਰਹੇ ਹਨ।

ਇਸੇ ਤਰ੍ਹਾਂ ਸੂਫ਼ੀ ਕਿੱਸਿਆਂ ਖਾਸ ਕਰਕੇ ‘ਹੀਰ ਵਾਰਿਸ ਸ਼ਾਹ’ ਵਿੱਚ ਮਿਲਾਵਟ ਹੋਣ ਦੀ ਕਾਫੀ ਚਰਚਾ ਰਹੀ ਹੈ। ਹੀਰ ਵਾਰਿਸ ਬਹੁਤ ਹੀ ਮਕਬੂਲ ਪੁਸਤਕ ਸੀ ਪ੍ਰੰਤੂ ਬਹੁਤ ਸਾਰੇ ਸ਼ਇਰਾਂ ਨੇ ਪਬਲਿਸ਼ਰਾਂ ਨਾਲ ਰਲਕੇ ਉਸ ਤੋਂ ਪੈਸੇ ਕਮਾਉਣ ਲਈ ਉਸ ਵਿੱਚ ਐਸੀ ਮਿਲਾਵਟ ਕੀਤੀ, ਜਿਸ ਨਾਲ ਵਾਰਿਸ ਸ਼ਾਹ ਦੀ ਵਿਚਾਰਧਾਰਾ ਅਤੇ ਪੁਸਤਕ ਦੀ ਰੂਹ ਹੀ ਗਾਇਬ ਕਰ ਦਿੱਤੀ। ਵਾਰਿਸ ਸ਼ਾਹ ਨੇ ਇਸਤਰੀ ਦੀ ਆਜ਼ਾਦੀ ਦੀ ਬਾਤ ਪਾਈ ਸੀ ਪ੍ਰੰਤੂ ਮਿਲਾਵਟਖ਼ੋਰਾਂ ਨੇ ਹੀਰ ਨੂੰ ਕਮਜ਼ੋਰ ਬਣਾ ਕੇ ਵਿਖਾ ਦਿੱਤਾ। ਇਥੋਂ ਤੱਕ ਕਿ ਵਧੇਰੇ ਵਿਕਰੀ ਕਰਨ ਲਈ ਉਸ ਪੁਸਤਕ ਵਿੱਚ ਅਸ਼ਲੀਲ ਸ਼ਿਅਰ ਸ਼ਾਮਲ ਕਰ ਕੇ ਵਾਰਿਸ ਸ਼ਾਹ ਦੀ ਅਸਲੀ ਅਤੇ ਵੱਡੀ ਹੀਰ ਕਹਿਕੇ ਵੇਚਣਾ ਸ਼ੁਰੂ ਕਰ ਦਿੱਤਾ। ਦੋ ਦਰਜਨ ਦੇ ਕਰੀਬ ਲੇਖਕਾਂ ਨੇ ਇਸ ਮਿਲਾਵਟ ਵਿੱਚ ਯੋਗਦਾਨ ਪਾਇਆ। ਇਹ ਨਿੰਦਣਯੋਗ ਕਾਰਵਾਈ ਸੀ।

ਵਾਰਿਸ ਦੀ ਇਹ ਸ਼ਾਹਕਾਰ ਰਚਨਾ 1766 ਈਸਵੀ ਵਿੱਚ ਲਿਖੀ ਗਈ ਸੀ। ਵਾਰਿਸ ਸ਼ਾਹ ਪੰਜਾਬੀ ਸ਼ਾਇਰੀ ਦਾ ਵਾਰਿਸ ਤਾਂ ਹੈ ਹੀ ਪਰੰਤੂ ਸਾਡੀ ਵਿਰਾਸਤ ਵੀ ਹੈ। ਇਸ ਮਿਲਾਵਟ ਸੰਬੰਧੀ ਲਹਿੰਦੇ ਪੰਜਾਬ ਦੇ ਗੁਜਰਾਂਵਾਲਾ ਜਿਲ੍ਹੇ ਦੇ ਖਾਰਾ ਪਿੰਡ ਦੇ ਨਿਵਾਸੀ ਜ਼ਾਹਿਦ ਇਕਬਾਲ ਨੇ ਖੋਜ ਕਰਕੇ ਇਕ ਪੁਸਤਕ ‘ਹੀਰ ਵਾਰਿਸ ਸ਼ਾਹ ਵਿੱਚ ਮਿਲਾਵਟੀ ਸ਼ਿਅਰਾਂ ਦਾ ਵੇਰਵਾ’ ਸਿਰਲੇਖ ਹੇਠ ਲਿਖੀ ਹੈ, ਜਿਸ ਨੂੰ ‘ਯੂਰਪੀ ਪੰਜਾਬੀ ਸੱਥ ਵਾਲਸਲ (ਯੂ.ਕੇ.)’, ਨੇ ਪੰਜਾਬੀ ਵਿੱਚ ਪ੍ਰਕਾਸ਼ਤ ਕੀਤਾ ਹੈ। ਇਸ ਤੋਂ ਪਹਿਲਾਂ ਪੰਜਾਬੀ ਯੂਰਪੀ ਸੱਥ ਵਾਲਸਾਲ ਯੂ.ਕੇ.ਨੇ ਸ਼ਾਹ ਮੁੱਖੀ ਵਿੱਚ ਵੀ ਪ੍ਰਕਾਸ਼ਤ ਕੀਤਾ ਸੀ। ਜ਼ਾਹਿਦ ਇਕਬਾਲ ਦਾ ਪਿੰਡ ਵਾਰਿਸ ਸ਼ਾਹ ਦੇ ਜੰਡਿਆਲਾ ਸ਼ੇਰ ਖ਼ਾਂ ਪਿੰਡ ਤੋਂ 15 ਮੀਲ ਹੈ। ਜ਼ਾਹਿਦ ਇਕਬਾਲ ਦੇ ਤਾਇਆ ਮੁਹੰਮਦ ਸ਼ਰੀਫ਼ ਵਾਰਿਸ ਸ਼ਾਹ ਦੇ ਮਜ਼ਾਰ ਜਾਇਆ ਕਰਦੇ ਸਨ, ਉਨ੍ਹਾਂ ਨੇ ਜ਼ਾਹਿਦ ਨੂੰ ਵਾਰਿਸ ਸ਼ਾਹ ਨਾਲ ਪਿਆਰ ਕਾਇਮ ਰੱਖਣ ਦੀ ਤਾਕੀਦ ਕੀਤੀ ਸੀ। ਜ਼ਾਹਿਦ ਇਕਬਾਲ ਨੇ 18 ਸਾਲ ਦੀ ਖ਼ੋਜ ਕਰਕੇ ਇਹ ਪੁਸਤਕ ਲਿਖੀ ਹੈ।

ਉਸ ਨੇ ਸੰਸਾਰ ਵਿੱਚ ਭਾਵੇਂ ਕਿਸੇ ਵੀ ਥਾਂ ਵਾਰਿਸ ਸ਼ਾਹ ਦੀ ਪੁਸਤਕ ਜਾਂ ਖਰੜਾ ਮਿਲਿਆ, ਉਸ ਨੂੰ ਪ੍ਰਾਪਤ ਕਰ ਕੇ, ਪੜ੍ਹ ਕੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਇਹ ਮਿਲਾਵਟ ਕਿਵੇਂ ਅਤੇ ਕਿਥੇ ਪਈ ਹੋਈ ਹੈ। ਉਨ੍ਹਾਂ ਦੇਸ਼ ਵਿਦੇਸ਼ ਦੇ ਲਗਪਗ 100 ਵਿਦਵਾਨਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਦੇ ਵਿਚਾਰ ਲਏ ਅਤੇ ਮਿਲਾਵਟ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਜ਼ਾਹਿਦ ਇਕਬਾਲ ਨੇ 112 ਪੁਸਤਕਾਂ ਤੋਂ ਜਾਣਕਾਰੀ ਇਕੱਤਰ ਕੀਤੀ, ਜਿਸ ਦੀ ਸੂਚੀ ਪੁਸਤਕ ਵਿੱਚ ਦਿੱਤੀ ਗਈ ਹੈ। ਇਕ ਸੰਸਥਾ ਦਾ ਕੰਮ ਇਕੱਲੇ ਇਕੱਹਿਰੇ ਵਿਅਕਤੀ ਨੇ ਕਰਕੇ ਪੰਜਾਬੀ ਭਾਸ਼ਾ ਦੀ ਸੇਵਾ ਕੀਤੀ ਹੈ। ਉਨ੍ਹਾਂ ਸੰਸਾਰ ਦੀਆਂ ਸਰਕਾਰੀ ਅਤੇ ਨਿੱਜੀ ਲਾਇਬਰੇਰੀਆਂ ਵਿੱਚੋਂ ਦੁਰਲਭ ਵਾਰਿਸ ਲਿਖਤਾਂ ਦੇ ਖਰੜੇ, ਫੋਟੋ ਕਾਪੀਆਂ, ਪੁਰਾਣੇ ਕਿੱਸੇ ਇਕੱਠੇ ਕੀਤੇ ਅਤੇ ਫਿਰ ਤੁਲਨਾਤਮਿਕ ਅਧਿਐਨ ਕਰਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਨਿਤਾਰਨ ਦਾ ਕੰਮ ਕੀਤਾ, ਅਜਿਹਾ ਕੰਮ ਮਹਾਨ ਵਿਅਕਤੀਆਂ ਦੇ ਹਿੱਸੇ ਹੀ ਆਉਂਦਾ ਹੈ। ਉਹ ਇਕ ਅਣਥੱਕ ਪੜਚੋਲਕਾਰ ਹਨ, ਜਿਨ੍ਹਾਂ ਨੇ ਮਿਲਾਵਟੀ ਸ਼ਿਅਰਾਂ ਨੂੰ ਤਹਿਕੀਕ ਦੇ ਛਾਨਣੇ ਵਿੱਚ ਛਾਣ ਕੇ ਤੇ ਮਿਆਰ ਦੇ ਛੱਜ ਵਿੱਚ ਛੱਟ ਕੇ ਨਿਰੋਲ ਕਰ ਦਿੱਤਾ ਹੈ।

ਉਨ੍ਹਾਂ ਦੇ ਇਸ ਕਾਰਜ ਨੂੰ ਇਤਿਹਾਸਿਕ ਖੋਜ ਕਿਹਾ ਜਾ ਸਕਦਾ ਹੈ। ਭਾਰਤ ਪਾਕਿ ਵੰਡ ਤੋਂ 64 ਸਾਲ ਬਾਅਦ ਸਾਹਿਤਕ ਮੇਲ ਮਿਲਾਪ ਦੇ ਪਾਸੇ ਇਹ ਪਹਿਲਾ ਮੀਲ ਪੱਥਰ ਹੈ। ਉਨ੍ਹਾਂ ਦੀ ਇਹ ਪੁਸਤਕ ਲੋਕ ਧਾਰਾ ਦਾ ਇਤਿਹਾਸ ਲਿਖਣ ਵਾਲਿਆਂ ਲਈ ਪ੍ਰਮਾਣਿਕ ਸ੍ਰੋਤ ਸਾਬਤ ਹੋਵੇਗੀ। ਇਸ ਤੋਂ ਪਹਿਲਾਂ ਲਗਪਗ 100 ਸਾਲ ਵਿਦਵਾਨਾ ਨੇ ਅਜਿਹੀ ਕੋਸ਼ਿਸ਼ ਹੀ ਨਹੀਂ ਕੀਤੀ। ਉਹ ਆਪਣੀ ਸਾਹਿਤਕ ਵਿਰਾਸਤ ਨੂੰ ਅਣਗੌਲਿਆਂ ਕਰਦੇ ਰਹੇ। ਹੀਰ ਵਾਰਿਸ ਦੇ ਕਰੀਬ 4000 ਮਿਸਰੇ ਸਨ ਜੋ ਕਿ ਮਿਲਾਵਟ ਨਾਲ ਇਨ੍ਹਾਂ ਦੀ ਗਿਣਤੀ 16000 ਮਿਸਰਿਆਂ ਤੱਕ ਕਰ ਦਿੱਤੀ ਗਈ ਸੀ। 1860 ਤੱਕ ਮਿਸਰਿਆਂ ਦੀ ਗਿਣਤੀ 4000 ਹੀ ਸੀ। ਜ਼ਾਹਿਦ ਇਕਬਾਲ ਦੀ ਖੋਜ ਨੇ 11069 ਮਿਲਾਵਟੀ ਮਿਸਰਿਆਂ ਦੀ ਪਛਾਣ ਕੀਤੀ ਹੈ। ਇਹ ਪਛਾਣ ਤੱਥਾਂ ਤੇ ਅਧਾਰਤ ਹੈ। ਕਈ ਮਿਲਾਵਟਖ਼ੋਰ ਸ਼ਾਇਰਾਂ ਨੇ ਇਕ ਮਿਸਰੇ ਨੂੰ ਕਈ ਵਾਰ ਥੋੜ੍ਹੀ ਬਹੁਤੀ ਤਬਦੀਲੀ ਕਰ ਕੇ ਵਰਤਿਆ ਹੈ।

ਜ਼ਾਹਿਦ ਇਕਬਾਲ ਨੇ ਸਾਰੇ ਉਨ੍ਹਾਂ ਸ਼ਾਇਰਾਂ ਦੇ ਨਾਮ ਅਤੇ ਮਿਸਰੇ ਸਬੂਤਾਂ ਸਮੇਤ ਦਿੱਤੇ ਹਨ, ਜਿਨ੍ਹਾਂ ਨੇ ਮਿਲਾਵਟ ਕੀਤੀ ਹੈ। ਭਾਵੇਂ ਜ਼ਾਹਿਦ ਇਕਬਾਲ ਕਿਸੇ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਨਹੀਂ ਹੈ ਪਰੰਤੂ ਉਨ੍ਹਾਂ ਦਾ ਕੰਮ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨਾਲੋਂ ਵੀ ਜ਼ਿਆਦਾ ਹੈ। ਹੀਰ ਵਾਰਿਸ ਬਾਰੇ ਇਸ ਤਰ੍ਹਾਂ ਦਾ ਖੋਜੀ ਕਾਰਜ ਪਹਿਲੀ ਵਾਰ ਹੋਇਆ ਹੈ। ਇਹ ਪੁਸਤਕ ਹੀਰ ਵਾਰਿਸ ਸ਼ਾਹ ਨਾਲ ਹੋਣ ਵਾਲੀਆਂ ਬੇਇਨਸਾਫੀਆਂ ਦੀ ਦਾਸਤਾਂ ਹੈ। ਜਿਹੜੇ ਧ੍ਰੋਹ ਹੋਏ ਉਹ ਦੂਰ ਕੀਤੇ ਹਨ। ਵਾਰਿਸ ਹੀਰ ਨੂੰ ਨਾਬਰ ਇਸਤਰੀ ਵਿਖਾਉਂਦਾ ਹੈ। ਜਾਗੀਰਦਾਰਾਂ ਦੇ ਵਿਰੁੱਧ ਆਵਾਜ਼ ਬੁਲੰਦ ਕਰਵਾਉਂਦਾ ਹੈ। ਪਰੰਤੂ ਮਿਲਾਵਟੀ ਲੋਕ ਹੀਰ ਨੂੰ ਬੇਬਸ ਵਿਖਾਉਂਦੇ ਹਨ। ਜ਼ਾਹਿਦ ਇਕਬਾਲ ਨੇ ਵਿਚਾਰਧਾਰਾ ਦੀ ਖੋਜ ਦਾ ਵੱਡਾ ਭੰਡਾਰ ਦੇ ਦਿੱਤਾ ਹੈ। ਅੱਜ ਪੰਜਾਬੀਆਂ ਲਈ ਉਹ ਵੱਡਾ ਖੋਜੀ ਸਾਹਿਤਕਾਰ ਹੈ। ਉਸ ਨੇ ਹਵਾਲਾ ਪੁਸਤਕ ਬਣਾ ਦਿੱਤੀ ਹੈ। ਉਹ ਲਕੀਰ ਦੇ ਫਕੀਰ ਨਹੀਂ ਬਣੇ ਸਗੋਂ ਨਵੀਂਆਂ ਪਗਡੰਡੀਆਂ ਬਣਾਈਆਂ ਹਨ।

ਉਸ ਨੇ ਜਿਹੜੇ ਸ਼ਇਰਾਂ ਨੇ ਮਿਲਾਵਟ ਕੀਤਾ ਹੈ, ਉਨ੍ਹਾਂ ਦੀ ਸੂਚੀ ਵਿੱਚ ਹਦਾਇਤ ਉੱਲਾ, ਪੀਰਾਂ ਦਿੱਤਾ ਤਰੱਗੜ, ਮੁਹੰਮਦਦੀਨ ਸੋਖ਼ਤਾ, ਅਜ਼ੀਜ਼ ਕਾਨੂੰਗੋ, ਨਵਾਬਦੀਨ, ਅਸ਼ਰਫ਼ ਗਲਿਆਨਵੀ, ਤਾਜਦੀਨ, ਸ਼ਫੀ ਅਖ਼ਤਰ, ਮਹਿਬੂਬ ਆਲਮ ਅਤੇ ਹੋਰ ਨਾਮਾਲੂਮ ਸ਼ਇਰਾਂ ਦੇ ਮਿਲਾਵਟੀ ਮਿਸ਼ਰਿਆਂ ਦੀ ਪਛਾਣ ਕੀਤੀ ਹੈ। ਉਨ੍ਹਾਂ ਖੋਜ ਪਰਖ ਦੇ ਸਾਰੇ ਪੱਖ ਸਾਹਮਣੇ ਰੱਖ ਕੇ ਇੱਕ-ਇੱਕ ਤੰਦ ਨੂੰ ਨਿਖੇੜਿਆ ਅਤੇ ਜੋੜਿਆ ਹੈ। ਉਸ ਨੇ ਆਪਣੀ ਖੋਜ ਦਾ ਆਧਾਰ ਅਬਦੁਲ ਅਜ਼ੀਜ਼ ਦੀ ਖੋਜ ਨੂੰ ਬਣਾਇਆ ਹੈ। ਜ਼ਾਹਿਦ ਇਕਬਾਲ ਸੱਚ ਦਾ ਆਲੰਬਰਦਾਰ ਹੈ। ਉਨ੍ਹਾਂ ਹਦਾਇਤੳੱਲਾ ਦੇ 1805, ਪੀਰਾਂ ਦਿੱਤਾ ਦੇ 1691, ਮੁਹੰਮਦਦੀਨ ਸੋਖ਼ਤਾ ਦੇ 773,  ਅਜ਼ੀਜ਼ ਕਾਨੂੰਗੋ ਦੇ 2603, ਨਵਾਬਦੀਨ ਦੇ 619,  ਅਸ਼ਰਫ਼ ਗਲਿਆਨਵੀ ਦੇ 528, ਤਾਜਦੀਨ ਦੇ 401, ਸ਼ਫੀ ਅਖ਼ਤਰ ਦੇ 64, ਮਹਿਬੂਬ ਆਲਮ ਦੇ 823 ਅਤੇ ਨਾਮਾਲੂਮ ਸ਼ਾਇਰਾਂ ਦੇ 1717 ਮਿਲਾਵਟੀ ਸ਼ਿਅਰਾਂ ਦੀ ਜਾਣਕਾਰੀ ਦਿੱਤੀ ਹੈ। ਜ਼ਾਹਿਦ ਇਕਬਾਲ ਦੀ ਖੋਜ ਦੇ ਕਾਰਜ ਨੂੰ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਵਿਦਿਅਕ ਅਦਾਰਿਆਂ ਨੂੰ ਮਾਣਤਾ ਦੇ ਕੇ ਪੀ.ਐਚ.ਡੀ.ਦੀ ਡਿਗਰੀ ਪ੍ਰਦਾਨ ਕਰਨੀ ਬਣਦੀ ਹੈ।

ਇਸ ਖੋਜ ਕਾਰਜ ਦੇ 10 ਸਾਲ ਬਾਅਦ ਵੀ ਵਿਦਿਅਕ ਮਾਹਿਰ ਪ੍ਰਸੰਸਾ ਤਾਂ ਕਰ ਰਹੇ ਹਨ ਪ੍ਰੰਤੂ ਉਸ ਦੀ ਖੋਜ ਦਾ ਮੁੱਲ ਪਾਉਣ ਤੋਂ ਆਨਾਕਾਨੀ ਕਰ ਰਹੇ ਹਨ। ਯੂਰਪੀ ਪੰਜਾਬੀ ਸੱਥ ਵਾਲਸਾਲ ਨੂੰ ਇਸ ਉਦਮ ਦੀ ਵਧਾਈ ਹੈ, ਜਿਸ ਨੇ ਪੰਜਾਬੀਆਂ ਦੀ ਵਿਰਾਸਤ ਦੀ ਪਰਖ ਕਰਕੇ ਸੱਚ ਸਾਹਮਣੇ ਲਿਆਂਦਾ ਹੈ ਪ੍ਰੰਤੂ ਹੁਣ ਉਨ੍ਹਾਂ ਨੂੰ ਜ਼ਾਹਿਦ ਇਕਬਾਲ ਦੀ ਸਹਾਇਤਾ ਲੈ ਕੇ ਬਿਨਾ ਮਿਲਾਵਟ ਤੋਂ ਹੀਰ ਵਾਰਿਸ ਦੀ ਪ੍ਰਕਾਸ਼ਨਾ ਕਰਵਾਉਣ ਵਿੱਚ ਵੀ ਪਹਿਲ ਕਰਨੀ ਚਾਹੀਦੀ ਹੈ। ਜ਼ਾਹਿਦ ਇਕਬਾਲ ਅਤੇ ਯੂਰਪੀ ਪੰਜਾਬੀ ਸੱਥ ਨੂੰ ਇਕ ਵਾਰ ਫਿਰ ਵਧਾਈ ਦਿੰਦਾ ਹਾਂ, ਜਿਨ੍ਹਾਂ ਨੇ ਪੰਜਾਬੀਆਂ ਦੀ ਰੂਹ ਦੀ ਖੁਰਾਕ ਪਹੁੰਚਾਉਣ ਦਾ ਕੰਮ ਕੀਤਾ ਹੈ।

 914 ਪੰਨਿਆਂ, 1125 ਰੁਪਏ ਕੀਮਤ, ਸੁਚਿਤਰ ਰੰਗਦਾਰ ਮੁੱਖ ਕਵਰ ਵਾਲੀ ਇਹ ਵੱਡ ਆਕਾਰੀ ਪੁਸਤਕ ‘‘ਯੂਰਪੀ ਪੰਜਾਬੀ ਸੱਥ ਵਾਲਸਾਲ (ਯੂ.ਕੇ.)’’ ਨੇ ਪ੍ਰਕਾਸ਼ਤ ਕੀਤੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ 

ਮੋਬਾਈਲ-94178 13072

ujagarsingh48@yahoo.com

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button