Opinion

ਪਰਮਜੀਤ ਵਿਰਕ ਦਾ ‘ਨਾ ਤਾਰੇ ਭਰਨ ਹੁੰਗਾਰੇ’ ਕਾਵਿ ਸੰਗ੍ਰਹਿ ਕਦਰਾਂ ਕੀਮਤਾਂ ਦਾ ਪ੍ਰਤੀਕ

ਉਜਾਗਰ ਸਿੰਘ

ਕਵਿਤਾ ਇਨਸਾਨ ਦੀ ਮਾਨਸਿਕਤਾ ਦੇ ਅਨੁਭਵ ਦਾ ਪ੍ਰਗਟਾਵਾ ਹੁੰਦੀ ਹੈ। ਕਵਿਤਾ ਲਿਖਣ ਦੀ ਸਮਰੱਥਾ ਸੂਖਮ ਭਾਵਾਂ ਵਾਲੇ ਵਿਅਕਤੀ ਨੂੰ ਹੀ ਹੁੰਦੀ ਹੈ। ਪਰਮਜੀਤ ਵਿਰਕ ਪੰਜਾਬ ਪੁਲਿਸ ਵਿੱਚੋਂ ਅਧਿਕਾਰੀ ਸੇਵਾ ਮੁਕਤ ਹੋਇਆ ਹੈ ਪਰੰਤੂ ਉਸਦਾ ‘ਨਾ ਤਾਰੇ ਭਰਨ ਹੁੰਗਾਰੇ’ ਪਲੇਠਾ  ਕਾਵਿ ਸੰਗ੍ਰਹਿ, ਉਸ ਨੇ ਪੁਲਿਸ ਦੀ ਨੌਕਰੀ ਦੌਰਾਨ ਹੀ ਪ੍ਰਕਾਸ਼ਤ ਕੀਤਾ ਸੀ। ਅਚੰਭੇ ਦੀ ਗੱਲ ਹੈ ਕਿ ਇਨ੍ਹਾਂ ਕਵਿਤਾਵਾਂ ਦਾ ਪ੍ਰਭਾਵ ਪੰਜਾਬ ਪੁਲਿਸ ਅਤੇ ਭਲਮਾਨੀ ਦੇ ਮੁਹਾਂਦਰੇ ਤੋਂ ਬਿਲਕੁਲ ਉਲਟ ਇਕ ਸੰਜੀਦਾ ਅਤੇ ਸੰਵੇਦਨਸ਼ੀਲ ਵਿਅਕਤੀ ਵਲੋਂ ਲਿਖੀਆਂ ਗਈਆਂ ਲਗਦੀਆਂ ਹਨ। ਉਨ੍ਹਾਂ ਨੇ ਇਸ ਕਾਵਿ ਸੰਗ੍ਰਹਿ ਵਿੱਚ 40 ਕਵਿਤਾਵਾਂ ਪ੍ਰਕਾਸ਼ਤ ਕੀਤੀਆਂ ਹਨ, ਜਿਨ੍ਹਾਂ ਨੂੰ ਪੜ੍ਹਨ ਤੋਂ ਬਾਅਦ ਕਵੀ ਦੀ  ਮਾਨਵਵਾਦੀ ਅਤੇ ਰੁਮਾਂਸਵਾਦੀ ਸੋਚ ਦਾ ਪ੍ਰਗਟਾਵਾ ਕਰਦੀਆਂ ਹਨ।

ਸਮਾਜਿਕ ਤਾਣੇ ਬਾਣੇ ਵਿੱਚ ਜੋ ਕੁਝ ਵਾਪਰ ਰਿਹਾ ਹੈ, ਸ਼ਾਇਰ ਨੇ ਉਸ ਨੂੰ ਆਪਣੀਆਂ ਕਵਿਤਾਵਾਂ ਦਾ ਨਿਧੜਕ ਹੋ ਕੇ ਵਿਸ਼ਾ ਬਣਾਇਆ ਹੈ। ਉਸ ਦੀਆਂ ਕਵਿਤਾਵਾਂ ਦੇ ਵਿਸ਼ੇ ਕੁਦਰਤ ਨਾਲ ਖਿਲਵਾੜ, ਨਸ਼ੇ, ਆਧੁਨਿਕਤਾ ਦੇ ਨੁਕਸਾਨ, ਵਿਰਾਸਤ ਨਾਲੋਂ ਟੁੱਟਣਾ, ਇਨਸਾਨ ਦੀ ਬੇਪ੍ਰਵਾਹੀ, ਪਰਵਾਸ ਦਾ ਸੰਤਾਪ, ਦਾਜ, ਭਰੂਣ ਹੱਤਿਆ ਅਤੇ ਭਰਿਸ਼ਟਾਚਾਰ ਆਦਿ ਵਰਣਨਯੋਗ ਹਨ। ਇਹ ਵਿਸ਼ੇ ਉਨ੍ਹਾਂ ਦੀਆਂ ਬਹੁਤੀਆਂ ਕਵਿਤਾਵਾਂ ਵਿੱਚ ਕਈ ਵਾਰ ਆਉਂਦੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਕਵੀ ਸਮਾਜਿਕ ਕੁਰੀਤੀਆਂ ਬਾਰੇ ਕਾਫੀ ਚਿੰਤਾਜਨਕ ਹੈ। ਉਸ ਦੀਆਂ ਕਵਿਤਾਵਾਂ ਬਹੁਤ ਹੀ ਸੰਵੇਦਨਸ਼ੀਲ ਹਨ। ਸਮਾਜਿਕ ਕੁਰੀਤੀਆਂ ਕਵੀ ਦੀ ਮਾਨਸਿਕਤਾ ਨੂੰ ਝੰਜੋੜਦੀਆਂ ਰਹਿੰਦੀਆਂ ਹਨ ਜਦੋਂ ਉਹ ਲਿਖਦਾ ਹੈ-

ਵਿੱਚ ਲਿਫਾਫੇ ਬੰਦ ਕਰ ਮਾਇਆ, ਸੇਵਾ ਆਖ ਫੜਾ ਆਇਆ ਕਰ।

ਵਿਸਕੀ, ਦੁੱਧ, ਸਿਲੰਡਰ, ਸੌਦਾ, ਅਫ਼ਸਰ ਘਰ ਪਹੁੰਚਾ ਆਇਆ ਕਰ।

ਹਫ਼ਤੇ ਪਿੱਛੋਂ ਠਾਕੁਰ ਦੁਆਰੇ, ਜਾ ਕੇ ਭੁੱਲ ਬਖ਼ਸ਼ਾ ਆਇਆ ਕਰ।

ਪਰਮਜੀਤ ਵਿਰਕ ਦੀ ਇਸ ਕਾਵਿ ਸੰਗ੍ਰਹਿ ਦੀ ਪਹਿਲੀ ਕਵਿਤਾ ‘ਨਾ ਤਾਰੇ ਭਰਨ ਹੁੰਗਾਰੇ’ ਪਾਠਕ ਦੇ ਦਿਲ ਨੂੰ ਝੰਜੋੜਦੀ ਹੈ, ਜਦੋਂ ਉਹ ਆਧੁਨਿਕਤਾ ਦੇ ਪ੍ਰਭਾਵਾਂ ਦਾ ਇਨਸਾਨ ਦੇ ਜੀਵਨ ‘ਤੇ ਪੈ ਰਹੇ ਬੁਰੇ ਪ੍ਰਭਾਵਾਂ ਦਾ ਜ਼ਿਕਰ ਕਰਦਾ ਹੋਇਆ, ਪੰਜਾਬੀ ਵਿਰਾਸਤ ਨਾਲੋਂ ਟੁੱਟ ਰਹੇ ਲੋਕਾਂ ਦੀ ਤ੍ਰਾਸਦੀ ਦੀ ਬਾਤ ਪਾਉਂਦਾ ਹੈ। ਇਥੇ ਹੀ ਬਸ ਨਹੀਂ ਇਕੋ ਕਵਿਤਾ ਵਿੱਚ ਅਨੇਕ ਵਿਸ਼ੇ ਛੋਂਹਦਾ ਹੋਇਆ ਆਪਸੀ ਰਿਸ਼ਤਿਆਂ ਦੀ ਅਣਹੋਂਦ, ਨੌਜਵਾਨਾ ਦਾ ਪ੍ਰਵਾਸ ਨੂੰ ਭੱਜਣਾ, ਨਸ਼ਿਆਂ ਦੀ ਭਰਮਾਰ, ਖੇਡਾਂ ਤੋਂ ਕਿਨਾਰਾਕਸ਼ੀ ਅਤੇ ਸਾਂਝੇ ਪਰਿਵਾਰਾਂ ਦੇ ਟੁੱਟਣ ਦਾ ਜ਼ਿਕਰ ਕਰਦੀ ਹੈ। ‘ਪਾਣੀ’ ਦੇ ਸਿਰਲੇਖ ਵਾਲੀ ਕਵਿਤਾ ਜ਼ਮੀਨ ਵਿੱਚੋਂ ਸੁੱਕ ਰਹੇ ਪਾਣੀ ਦੇ ਨੁਕਸਾਨ ਬਾਰੇ ਚਿੰਤਾ ਪ੍ਰਗਟ ਕਰਦਾ ਹੋਇਆ ਪਾਣੀ ਨੂੰ ਬਚਉਣ ਦੀ ਤਾਕੀਦ ਕਰਦਾ ਹੈ। ਇਹ ਵੀ ਕਹਿੰਦਾ ਹੈ ਕਿ ਇਨਸਾਨ ਨਿੱਜੀ ਮੁਫਾਦਾਂ ਲਈ ਪਾਣੀ ਦੀ ਦੁਰਵਰਤੋਂ ਕਰ ਰਿਹਾ ਹੈ।

‘ਤਿੜਕਦੇ ਮਨੁੱਖੀ ਰਿਸ਼ਤੇ’ ਕਵਿਤਾ ਵਿੱਚ ਪਰਿਵਾਰਾਂ ਵਿੱਚ ਕੁੜਿਤਣ, ਰਿਸ਼ਤਿਆਂ ਨੂੰ ਪੈਸਿਆਂ ਨਾਲ ਮਾਪਣਾ, ਪੈਸੇ ਦਾ ਲਾਲਚ, ਮਾਪਿਆਂ ਦੀ ਅਣਵੇਖੀ, ਜਾਨਵਰਾਂ ਨਾਲ ਪਿਆਰ, ਦਾਜ ਦੀ ਲਾਹਣਤ,  ਆਦਿ ਬਾਰੇ ਸੁਚੇਤ ਕੀਤਾ ਗਿਆ ਹੈ। ਇਨਸਾਨ ਜਿਉਂਦਿਆਂ ਦੀ ਕਦਰ ਨਈਂ ਕਰਦਾ ਸਗੋਂ ਮੌਤ ਤੋਂ ਬਾਅਦ ਰਸਮਾ ਕਰਕੇ ਪਖੰਡ ਕਰਦਾ ਹੈ। ਭਾਵ ਇਨਸਾਨ ਮਖੌਟੇ ਪਾਈ ਫਿਰਦਾ ਹੈ। ਕਵੀ ਲਿਖਦਾ ਹੈ, ਜਿਹੜਾ ਇਨਸਾਨਾਂ ਦੀ ਕਦਰ ਨਹੀਂ ਕਰਦਾ ਉਹ ਰੁੱਖਾਂ ਦੀ ਰੱਖਿਆ ਕਿਵੇਂ ਕਰੇਗਾ? ‘ਰੇਲ ਗੱਡੀ ਚੋਂ ਆਉਂਦੀ ਆਵਾਜ਼’ ਸਿੰਬਾਲਿਕ ਕਵਿਤਾ ਹੈ। ‘ਫੁੱਲ ਦੀ ਤਾਂਘ’ ਕਵਿਤਾ ਭਾਈ ਵੀਰ ਦੇ ਅਸਰ ਦੀ ਪ੍ਰਤੀਕ ਹੈ। ਇਨਸਾਨ ਫੁੱਲਾਂ ਦੀ ਖੁਸ਼ਬੋ ਦਾ ਆਨੰਦ ਮਾਨਣ ਦੀ ਥਾਂ ਘਰਾਂ ਦੀ ਸਜਾਵਟ ਲਈ ਫੁੱਲਾਂ ਨੂੰ ਵਰਤਕੇ ਆਪਣੇ ਮਾਨਸਿਕ ਖੋਖਲੇਪਣ ਦਾ ਸਬੂਤ ਦੇ ਰਿਹਾ ਹੈ।

‘ਪੰਛੀ ਚਹਿਚਹਾਉਂਦੇ’ ਕਵਿਤਾ ਇਨਸਾਨ ਦੀ ਪੈਸੇ ਪਿਛੇ ਭੱਜਣ ਦੀ ਫਿਤਰਤ ਦਾ ਜ਼ਿਕਰ ਹੈ, ਪੈਸੇ ਇਕੱਠੇ ਕਰਦਿਆਂ ਜੀਵਨ ਲੰਘਾ ਦਿੰਦਾ ਹੈ ਪਰੰਤੂ ਕੁਦਰਤ ਦੇ ਕਾਦਰ ਵੱਲੋਂ ਜ਼ਿੰਦਗੀ ਦੇ ਵਡਮੁੱਲੇ ਤੋਹਫ਼ੇ ਦਾ ਆਨੰਦ ਮਾਨਣ ਦੀ ਥਾਂ ਕੀਮਤੀ ਸਮਾਂ ਅਜਾਈਂ ਗੁਆ ਦਿੰਦਾ ਹੈ। ਬਾਅਦ ਵਿੱਚ ਪਛਤਾਉਂਦਾ ਹੈ, ਜਿਸ ਦਾ ਕੋਈ ਲਾਂਭ ਨਹੀਂ ਹੁੰਦਾ। ‘ਚੋਰ ਤੇ ਕੁੱਤੀ’ ਵੀ ਸਿੰਬਾਲਿਕ ਕਵਿਤਾ ਹੈ, ਜਿਸ ਵਿੱਚ ਪ੍ਰਸ਼ਾਸ਼ਨ ਅਤੇ ਰਾਜਨੀਤੀਵਾਨਾ ਦੇ ਮਿਲਕੇ ਲੋਕਾਂ ਨੂੰ ਲੁੱਟਣ ਦਾ ਸੰਕੇਤ ਹੈ। ‘ਕੀਮਤੀ ਗੱਲਾਂ’ ਕਵਿਤਾ ਵਿੱਚ ਵੀ ਕਈ ਮਹੱਤਵਪੂਰਨ ਵਿਸ਼ੇ ਜਿਵੇਂ ਵੱਧਦੀ ਆਬਾਦੀ, ਅਨਪੜ੍ਹਤਾ, ਨਸ਼ੇ, ਦਾਜ-ਦਹੇਜ, ਛੂਤ-ਛਾਤ, ਵਹਿਮ-ਭਰਮ, ਜਾਤ-ਪਾਤ ਅਤੇ ਸੰਪਰਦਾਇਕ ਦੰਗੇ ਆਦਿ ਦੇ ਨੁਕਸਾਨ ਦਾ ਜ਼ਿਕਰ ਕੀਤਾ ਗਿਆ ਹੈ। ਏਸੇ ਤਰ੍ਹਾਂ ‘ਕੁਦਰਤ ਨਾਲ ਖਿਲਵਾੜ’ ਕਵਿਤਾ ਵਿੱਚ ਰੁੱਖਾਂ ਦਾ ਕੱਟਣਾ, ਹਵਾ ਦਾ ਪ੍ਰਦੂਸ਼ਣ, ਧਾਰਮਿਕ ਅੰਧ ਵਿਸ਼ਵਾਸ਼, ਅਤੇ ਲੜਕਿਆਂ ਦੀ ਚਾਹਤ ਵਰਗੀਆਂ ਸਮਾਜਿਕ ਬੀਮਾਰੀਆਂ ਦੇ ਪ੍ਰਭਾਵਾਂ ਤੋਂ ਚੇਤੰਨ ਕੀਤਾ ਗਿਆ ਹੈ।

‘ਬੁਢਾਪੇ ਦੇ ਵਾਰ, ਜ਼ਿੰਦਗੀ ਦੇ ਸਫਰ, ‘ਹੋ ਜਾਓ ਗੋਲ ਪਿਆਰੇ’ ਚਾਪਲੂਸੀ ਦੇ ਲਾਭ ਅਤੇ ਸਚਾਈ ਦੀ ਜਿੱਤ ਬਾਰੇ ਦੱਸਿਆ ਗਿਆ ਹੈ। ‘ਕਿਉਂ ਬੁੱਧੂ ਐਨੇ ਰੱਬ ਜੀ’ ਕਵਿਤਾ ਵਿੱਚ ਦੇਸ਼ ਦੇ ਨਾਗਰਿਕਾਂ ਦੀ ਸਫਾਈ, ਨਿਯਮਾ ਦੀ ਉਲੰਘਣਾ, ਰਾਜਨੀਤਕਾਂ ਲੋਕਾਂ ਵਿੱਚ ਨਿਘਾਰ, ਸਾਧਾਂ, ਪਾਖੰਡੀਆਂ, ਪਹਿਰਾਵੇ ਵਿੱਚ ਪੱਛਮ ਦੀ ਨਕਲ, ਧਾਰਮਿਕ ਜਨੂੰਨ ਅਤੇ ਕਤਲੋਗਾਰਤ ਦੇ ਕਾਰਨਾ ਲਈ ਸਵਾਲ ਕੀਤਾ ਗਿਆ ਹੈ? ਅਸਿਧੇ ਤੌਰ ‘ਤੇ ਲੋਕਾਂ ਦੀ ਘਟੀਆ ਜ਼ਹਿਨੀਅਤ ਦਾ ਪਰਦਾ ਫਾਸ਼ ਕੀਤਾ ਗਿਆ ਹੈ। ‘ਨਾਰੀ ਦੀ ਆਵਾਜ਼’ ਇਸਤਰੀ ਨੂੰ ਮਰਦ ਪ੍ਰਧਾਨ ਸਮਾਜ ਵੱਲੋ ਬਰਾਬਰਤਾ ਦੇ ਅਧਿਕਾਰ ਨਾ ਦੇਣ ਦੀ ਤ੍ਰਾਸਦੀ ਦਾ ਵਰਣਨ ਕੀਤਾ ਗਿਆ ਹਾਲਾਂ ਕਿ ਇਸਤਰੀਆਂ ਮਰਦ ਨਾਲੋਂ ਹਰ ਖੇਤਰ ਵਿੱਚ ਮੋਹਰੀ ਦੀ ਭੂਮਿਕਾ ਨਿਭਾ ਰਹੀਆਂ ਹਨ। ‘ਲਹੂ-ਲੁਹਾਨ ਮਨੁੱਖਤਾ ਕੀਤੀ’ ਧਰਮ ਦੇ ਠੇਕੇਦਾਰਾਂ, ਪੰਜਾਬ ਅਤੇ ਦਿੱਲੀ ਵਿੱਚ ਹੋਏ ਕਤਲੋਗਾਰਤ ਦੇਸ਼ ਵਿਰੋਧੀ ਅਨਸਰਾਂ ਦੀ ਸ਼ਾਜਸ਼ ਦਾ ਨਤੀਜਾ ਹਨ।

‘ਕਲਜੁਗ ਆ ਗਿਆ’ ਪੱਛਵੀਂ ਸਭਿਅਚਾਰ ਦੇ ਪ੍ਰਭਾਵਾਂ ਦੇ ਬੁਰੇ ਨਤੀਜਿਆ ਕਰਕੇ ਨੌਜਵਾਨੀ ਇਸ਼ਕ ਮੁਸ਼ਕ ਦੇ ਚਕਰਾਂ ਵਿੱਚ ਪੈ ਕੇ ਗ਼ਲਤ ਰਸਤੇ ਪੈ ਗਈ ਹੈ। ਅਮੀਰ ਲੋਕ ਆਧੁਨਿਕਤਾ ਦੇ ਨਾਮ ਹੇਠ ਗ਼ਰੀਬਾਂ ਦੇ ਘਰ ਢਾਹ ਕੇ ਮਹਿਲ ਉਸਾਰਕੇ ਨਾਲ ਜ਼ਿਆਦਤੀਆਂ ਕਰ ਰਹੇ ਹਨ। ‘ਰੋਕ ਸਕੇਂ ਤਾਂ ਰੋਕ ਲੈ’ ਕਵਿਤਾ ਵਰਤਮਾਨ ਪ੍ਰਸ਼ਾਸ਼ਨ ਨੂੰ ਵੰਗਾਰ ਹੈ ਕਿ ਜ਼ੋਰ ਜ਼ਰਦਸਤੀ ਵਾਲੇ ਲੋਕ ਅਸਿਧੇ ਢੰਗ ਵਰਤਕੇ ਲੋਕਾਂ ਨੂੰ ਮਿੱਧ ਕੇ ਪੈਸੇ ਇਕੱਠੇ ਕਰ ਰਹੇ ਹਨ, ਇਨ੍ਹਾਂ ਨੂੰ ਰੋਕਣ ਦਾ ਹੌਸਲਾ ਕਰੋ। ‘ਆਉ ਸੀਸ ਝੁਕਾਈਏ ਲੋਕੋ’ ਕਵਿਤਾ ਦੇਸ਼ ਦੀ ਆਜ਼ਾਦੀ ਵਿੱਚ ਜਾਨਾ ਦੀ ਆਹੂਤੀ ਦੇਣ ਵਾਲੇ ਸ਼ਹੀਦਾਂ ਨੂੰ ਪ੍ਰਣਾਮ ਹੈ। ‘ਅੰਬਰ ਅੱਥਰੂ ਕੇਰੇ ਸੀ’ ਅਤੇ ‘ਨੀ ਅੰਮੀਏਂ ਅੱਜ ਜਾ ਕੇ ਮੌਤ ਨਾਲ’ ਕਰਤਾਰ ਸਿੰਘ ਸਰਾਭੇ ਦੀ ਆਜ਼ਾਦੀ ਲਈ ਕੀਤੀ ਕੁਰਬਾਨੀ ਦੀ ਗਾਥਾ ਹੈ, ਜਿਸ ਵਿੱਚ ਉਹ ਜੱਜ ਨੂੰ ਵੰਗਾਰਦਾ ਹੋਇਆ ਆਪਣੀ ਮਾਂ ਨੂੰ ਹੌਸਲਾ ਰੱਖਣ ਦੀ ਪ੍ਰੇਰਨਾ ਦਿੰਦਾ ਹੈ। ‘ਸ਼ਹੀਦ ਭਗਤ ਸਿੰਘ ਨੂੰ ਬਲਾਵਾ’ ਕਵਿਤਾ ਵਿੱਚ ਦੇਸ਼ ਦੀ ਵੰਡ ਦਾ ਸੰਤਾਪ, ਲੁੱਟ ਘਸੁੱਟ ਦਾ ਬੋਲ ਬਾਲਾ, ਕਰਜ਼ੇ, ਆਤਮ ਹੱਤਿਆਵਾਂ, ਪਖੰਡੀਆਂ, ਸਰਕਾਰਾਂ ਦੀ ਬੇਰੁਖੀ, ਅਤੇ ਇਨਸਾਫ ਦੇ ਵਿਕਣ ਦੀ ਤ੍ਰਾਸਦੀ ਦਾ ਪ੍ਰਗਟਾਵਾ ਹੈ।

‘ਕਿਸਮਤ ਦਾ ਨਹੀਂ ਕਸੂਰ’ ਕਵਿਤਾ ਵਿੱਚ ਕਿਸਾਨਾ ਨੂੰ ਹੌਸਲਾ ਰੱਖਣ ਦੀ ਪ੍ਰੇਰਨਾ ਦਿੰਦਾ ਹੋਇਆ ਸੋਚ ਸਮਝ ਕੇ ਵੋਟ ਦੀ ਵਰਤੋਂ ਕਰਨ ਲਈ ਜਾਗ੍ਰਤ ਕਰਦੀ ਹੈ। ‘ਕਿਹੜੀ ਨਵੀਂ ਪੜ੍ਹਾਈ’ ਦੇ ਸਿਰਲੇਖ ਵਾਲੀ ਕਵਿਤਾ ਆਧੁਨਿਕ ਸਹੂਲਤਾਂ ਦੇ ਲਾਭ ਦੀ ਥਾਂ ਨੁਕਸਾਨ ਜ਼ਿਆਦਾ ਹੋਣ ਬਾਰੇ ਦੱਸਿਆ ਗਿਆ ਹੈ। ਕਿਸਾਨ ਨੂੰ ਮਿਹਨਤ ਕਰਨ ਲਈ ਪ੍ਰੇਰਿਆ ਗਿਆ ਹੈ। ‘ਜਦੋਂ ਅਕਲ ‘ਤੇ ਪਰਦਾ ਪੈ ਜਾਂਦਾ’ ਵਿੱਚ ਮਾਨਸਿਕ ਭਟਕਣਾ ਕਰਕੇ ਇਨਸਾਨ ਕੁਰਾਹੇ ਪੈ ਕੇ ਗ਼ਲਤ ਕੰਮ ਕਰਦਾ ਹੈ। ‘ਧੀ ਜੰਮੀ ਤੇ ਇਉਂ ਸੋਗ’ ਕਵਿਤਾ ਵਿੱਚ ਲੜਕੀ ਦੇ ਜੰਮਣ ਨੂੰ ਬੁਰਾ ਮਨਾਉਣ ਵਾਲਿਆਂ ਨੂੰ ਲੜਕੀਆਂ ਨੂੰ ਪੜ੍ਹਾਈ ਕਰਵਾਉਣ ਤੇ ਜ਼ੋਰ ਦਿੱਤਾ ਗਿਆ ਹੈ ਤਾਂ ਜੋ ਉਹ ਮਰਦਾਂ ਦੇ ਮੁਕਾਬਲੇ ਅੱਗੇ ਲੰਘ ਰਹੀਆਂ ਲੜਕੀਆਂ ਦੀ ਤਰ੍ਹਾਂ ਸਫਲਤਾ ਪ੍ਰਾਪਤ ਕਰ ਸਕੇ। ਲੜਕੀ ਸਰਾਪ ਨਹੀਂ ਹੁੰਦੀ।

‘ਆਟੇ ਦੀ ਪਰਾਤ’ ਕਵਿਤਾ ਆਲਸੀ ਲੋਕਾਂ ਦੀ ਜ਼ਿੰਦਗੀ ਦਾ ਪੱਖ ਉਜਾਗਰ ਕਰਦੀ ਹੈ। ‘ਸ਼ਰਾਬ’ ਅਤੇ ਨਸ਼ਿਆਂ ਤੇ ਗੰਦਿਆਂ ਗੀਤਾਂ ਵਾਲੀਆਂ ਕਵਿਤਾਵਾਂ ਸਮਾਜਿਕ ਬੁਰਾਈਆਂ ਤੋਂ ਖਹਿੜਾ ਛੁਡਾਉਣ ਦੀ ਤਾਕੀਦ ਕਰਦੀਆਂ ਹਨ। ‘ਨਿੱਕੀ ਨਿੱਕੀ ਗੱਲ ਪਿੱਛੇ’ ਕਵਿਤਾ ਵਿੱਚ ਏਕੇ ਵਿੱਚ ਬਰਕਤ, ਮਿੱਠੀ ਬੋਲੀ ਅਤੇ ਇਕ ਦੂਜੇ ਦਾ ਸਤਿਕਾਰ ਕਰਨ ਦੀ ਮਹੱਤਤਾ ਦੱਸੀ ਗਈ ਹੈ। ਦੁੱਖ-ਸੁੱਖ ਦੋਵੇਂ ਜ਼ਿੰਦਗੀ ਦਾ ਹਿੱਸਾ ਹਨ, ਇਨ੍ਹਾਂ ਨੂੰ ਪ੍ਰਵਾਨ ਕਰਨਾ ਚਾਹੀਦਾ। ‘ਕੁੜੀ ਤੇ ਚਿੜੀ’ ਵੀ ਸਿੰਬਾਲਿਕ ਕਵਿਤਾ ਹੈ। ‘ਕੁਝ ਸਚਾਈਆਂ’ ਅਤੇ ਕਾਵਿ ਸੰਗ੍ਰਹਿ ਦੀ ਆਖਰੀ ਕਵਿਤਾ ‘ਮਾਡਰਨ ਜਮਦੂਤ’ ਵਰਤਮਾਨ ਹਾਲਾਤ ਦਾ ਪ੍ਰਗਟਾਵਾ ਕਰਦੀਆਂ ਹਨ, ਜਿਨ੍ਹਾਂ ਵਿੱਚ ਸਮਾਜਿਕ ਕਦਰਾਂ ਕੀਤਾਂ ਦੇ ਹੋ ਰਹੇ ਘਾਣ ਦੀ ਤਸਵੀਰ ਪੇਸ਼ ਕੀਤੀ ਗਈ ਹੈ।

ਮਾਨਵਵਾਦੀ ਕਵਿਤਾਵਾਂ ਤੋਂ ਇਲਾਵਾ 9 ਗੀਤ ਅਤੇ ਕਵਿਤਾਵਾਂ ਰੁਮਾਂਸਵਾਦ ਨਾਲ ਸੰਬੰਧਤ ਹਨ, ਜੋ ਪੰਜਾਬੀ ਸਭਿਅਚਾਰ ਦਾ ਪ੍ਰਗਟਾਵਾ ਵੀ ਕਰਦੀਆਂ ਹਨ। ‘ਪ੍ਰਦੇਸ ਵਸੇਂਦੇ ਮਾਹੀ ਨੂੰ’ ਕਵਿਤਾ ਵਿੱਚ ਵੀ ਪਿਛੇ ਰਹਿ ਗਏ ਪਰਿਵਾਰ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪਤਨੀ ਆਪਣੇ ਪਤੀ ਦੀ ਉਡੀਕ ਵਿੱਚ ਪਿਆਰ ਮੁਹੱਬਤ ਦੀ ਤਾਂਘ ਰੱਖਦੀ ਹੈ। ‘ਤੇਰੇ ਬਿਨਾਂ ਗਿੱਧਾ ਭਾਬੀ ਨਹੀਉਂ ਜੱਚਣਾ’ ਪੰਜਾਬੀ ਸਭਿਆਚਾਰ ਦੀ ਪ੍ਰਤੀਕ ਕਵਿਤਾ ਹੈ। ‘ਮੇਲੇ ‘ਚ ਸੋਹਣਾ ਗੁੰਮ ਹੋ ਗਿਆ’ ਰੁਮਾਂਟਿਕ ਗੀਤ ਹੈ ਜੋ ਪਿਆਰਿਆਂ ਦੀਆਂ ਭਾਵਨਾਵਾਂ ਦਰਸਾਉਂਦਾ ਹੈ। ‘ਚਿੱਠੀ  ਸੱਜਣਾ ਦੀ’, ਉਡੀਕ, ਲੋਹੜੀ ਵਾਲੇ ਦਿਨ, ਯਾਦ ਸੱਜਣ ਦੀ ਅਤੇ ਮਾਡਰਨ ਮਿਰਜ਼ਾ ਕਵਿਤਾਵਾਂ ਵਿੱਚ ਮੁਹੱਬਤ ਦੀਆਂ ਬਾਤਾਂ ਪਾਈਆਂ ਹੋਈਆਂ ਹਨ। ਭਵਿਖ ਵਿੱਚ ਪਰਮਜੀਤ ਵਿਰਕ ਤੋਂ ਹੋਰ ਸਮਾਜਿਕ ਸਰੋਕਾਰਾਂ ਅਤੇ ਮਾਨਵਾਦੀ ਕਵਿਤਾਵਾਂ ਦੀ ਉਮੀਦ ਕੀਤੀ ਜਾ ਸਕਦੀ ਹੈ।

95 ਪੰਨਿਆਂ,120 ਰੁਪਏ ਕੀਮਤ ਵਾਲਾ ਕਾਵਿ ਸੰਗ੍ਰਹਿ ਰਵੀ ਸਾਹਿਤ ਪ੍ਰਕਾਸ਼ਨ ਅੰਮਿ੍ਰਤਸਰ ਨੇ ਪ੍ਰਕਾਸ਼ਤ ਕੀਤਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ                                                       

ਮੋਬਾਈਲ-94178 13072

ujagarsingh48@yahoo.com

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button