D5 specialOpinion

ਵੀਰਾਂਗਣਾ ਨੂੰ ਸਲਾਮ! ਜਿਹੜੀਆਂ ਗ੍ਰਹਿਸਥੀ ਦੇ ਨਾਲ 2, ਸਮਾਜ ਸੇਵਾ ਵੀ ਕਰਦੀਆਂ ਨੇ!

ਸੁਬੇਗ ਸਿੰਘ (ਸੰਗਰੂਰ)

ਪ੍ਰਮਾਤਮਾ ਵੱਲੋਂ ਸਮੁੱਚੀ ਮਨੁੱਖ ਜਾਤੀ ਨੂੰ ਬਰਾਬਰਤਾ ਦਾ ਦਰਜਾ ਦਿੱਤਾ ਗਿਆ ਹੈ। ਭਾਵੇਂ ਇਹ ਕੋਈ ਮਨੁੱਖ ਹੋਵੇ ਜਾਂ ਫਿਰ ਔਰਤ ਹੋਵੇ। ਇਸ ਦੁਨੀਆਂ ‘ਚ ਜਨਮ ਤੋਂ ਲੈ ਕੇ ਮਰਨ ਤੱਕ,ਹਰ ਕੋਈ ਹੀ ਬਰਾਬਰ ਹੈ।ਇਹ ਗੱਲ ਵੱਖਰੀ ਹੈ,ਕਿ ਕੁੱਝ ਧਰਮ ਦੇ ਠੇਕੇਦਾਰਾਂ ਅਤੇ ਸਾਡੇ ਸਮਾਜਿਕ ਵਰਤਾਰੇ ਨੇ ਮਨੁੱਖ ਨੂੰ ਕੁੱਝ ਵਿਸ਼ੇਸ਼ ਅਧਿਕਾਰ,ਭਾਵ ਮਨੁੱਖ ਨੂੰ ਸਮਾਜ ਵਿੱਚ ਉੱਚਾ ਤੇ ਔਰਤ ਨੂੰ ਨੀਵਾਂ ਸਥਾਨ ਦਿੱਤਾ ਹੋਇਆ ਹੈ।
ਸਾਡੇ ਆਪਣੇ ਹੀ ਦੇਸ਼ ਚ,ਔਰਤ ਨੂੰ ਕੁਲਿਹਣੀ,ਮਨਹੂਸ, ਪੈਰ ਦੀ ਜੁੱਤੀ ਅਤੇ ਹੋਰ ਪਤਾ ਨਹੀਂ ਕਿਹੜੇ 2 ਨਾਵਾਂ ਨਾਲ ਪੁਕਾਰਿਆ ਜਾਂਦਾ ਹੈ।ਪੁਰਾਣੇ ਸਮਿਆਂ ਚ,ਲੜਕੀ ਨੂੰ ਜੰਮਦਿਆਂ ਹੀ ਮਾਰ ਦਿੱਤਾ ਜਾਂਦਾ ਸੀ।ਕਈ ਵਾਰ,ਘੜੇ ਚ ਪਾ ਕੇ ਜਿਉਂਦੀ ਨੂੰ ਹੀ ਜਮੀਨ ਵਿੱਚ ਦੱਬ ਦਿੱਤਾ ਜਾਂਦਾ ਸੀ।ਪੁਰਾਣੇ ਸਮਿਆਂ ਚ,ਪਤੀ ਦੀ ਮੌਤ ਹੋਣ ਤੇ ਉਸਨੂੰ ਦੁਬਾਰਾ ਵਿਆਹ ਕਰਵਾਉਣ ਦੀ ਆਗਿਆ ਵੀ ਨਹੀਂ ਸੀ।ਕਈ ਵਾਰ ਤਾਂ,ਔਰਤ ਨੂੰ ਆਪਣੇ ਪਤੀ ਦੀ ਮੌਤ ਹੋ ਜਾਣ ਦੀ ਸੂਰਤ ਵਿੱਚ ਆਪਣੇ ਪਤੀ ਨਾਲ ਜਿੰਦਾ ਹੀ ਜਲਾ ਦਿੱਤਾ ਜਾਂਦਾ ਸੀ।ਜਿਸਨੂੰ ਸਤੀ ਹੋਣਾ ਵੀ ਕਿਹਾ ਜਾਂਦਾ ਸੀ।

ਭਾਵੇਂ ਇਹ ਸਭ ਗੱਲਾਂ, ਔਰਤ ਨਾਲ ਹੱਦ ਤੋਂ ਜਿਆਦਾ ਹੀ ਅਨਿਆਏ ਸੀ ਅਤੇ ਉਸਨੂੰ ਪਸ਼ੂਆਂ ਤੋਂ ਵੀ ਭੈੜੀ ਜਿੰਦਗੀ ਜਿਉਣ ਲਈ ਮਜਬੂਰ ਕੀਤਾ ਜਾਂਦਾ ਸੀ।ਪਰ ਇਹ ਸਭ ਕੁੱਝ, ਸਮਾਜ ਵੱਲੋਂ ਪ੍ਰਵਾਨਿਤ ਸੀ।ਕਿਉਂਕਿ ਇੰਨ੍ਹਾਂ ਕੁਰੀਤੀਆਂ ਨੂੰ ਧਾਰਮਿਕ ਸ੍ਰਪਸਤੀ ਵੀ ਹਾਸਲ ਸੀ।ਦੂਸਰੀ ਗੱਲ,ਸਮਾਜ ਦੇ ਕੁੱਝ ਵਰਗ ਅਤੇ ਘੜੰਮ ਚੌਧਰੀ ਔਰਤ ਨੂੰ ਇਸ ਹਾਲਤ ਚ ਰੱਖਣ ਦੇ ਹਾਮੀ ਵੀ ਸਨ,ਤਾਂ ਕਿ ਉਨ੍ਹਾਂ ਦਾ ਔਰਤ ਜਾਤੀ ਤੇ ਦਬਦਬਾ ਬਣਿਆ ਰਹੇ ਅਤੇ ਸਮਾਜ ਦੇ ਅਮੀਰ ਲੋਕ ਅਤੇ ਘੜੰਮ ਚੌਧਰੀ,ਔਰਤ ਦਾ ਸ਼ੋਸ਼ਣ ਵੀ ਕਰਦੇ ਰਹਿਣ। ਔਰਤ ਦੀ ਅਜਿਹੀ ਹਾਲਤ ਨੂੰ ਵੇਖਦਿਆਂ ਹੀ,ਸ਼੍ਰੀ ਗੁਰੂ ਨਾਨਕ ਸਾਹਿਬ ਨੇ ਔਰਤ ਜਾਤੀ ਦੇ ਹੱਕ ਚ ਸਭ ਤੋਂ ਪਹਿਲਾਂ ਆਪਣੀ ਆਵਾਜ਼ ਬੁਲੰਦ ਕੀਤੀ ਕਿ
ਸੋ ਕਿਉ ਮੰਦਾ ਆਖੀਐ,ਜਿਤੁ ਜੰਮੇ ਰਾਜਾਨ!
ਭਾਵ ਕਿ ਜਿਹੜੀ ਔਰਤ ਰਾਜੇ ਮਹਾਰਾਜਿਆਂ ਅਤੇ ਸੂਰਵੀਰਾਂ ਨੂੰ ਜਨਮ ਦਿੰਦੀ ਹੈ। ਉਸ ਔਰਤ ਜਾਤੀ ਨੂੰ ਮਾੜਾ ਜਾਂ ਨੀਵਾਂ ਕਿਉਂ ਸਮਝਿਆ ਜਾਂਦਾ ਹੈ।

ਇਸ ਤੋਂ ਬਾਅਦ, ਭਾਰਤੀ ਸੰਵਿਧਾਨ ਦੇ ਨਿਰਮਾਤਾ, ਡਾਕਟਰ ਅੰਬੇਡਕਰ ਜੀ ਨੇ ਭਾਰਤ ਦੇ ਸੰਵਿਧਾਨ ਚ ਦੇਸ਼ ਦੀ ਸਮੁੱਚੀ ਔਰਤ ਜਾਤੀ ਨੂੰ ਹਰ ਪ੍ਰਕਾਰ ਦੀ ਬਰਾਬਰਤਾ ਦੇ ਅਧਿਕਾਰ ਲੈ ਕੇ ਦਿੱਤੇ।ਇਹੋ ਕਾਰਨ ਹੈ,ਕਿ ਅੱਜ ਸਾਡੇ ਦੇਸ਼ ਦੀ ਕੋਈ ਵੀ ਔਰਤ,ਵਕੀਲ, ਜੱਜ, ਰਾਜਪਾਲ, ਡਿਪਟੀ ਕਮਿਸ਼ਨਰ,ਪ੍ਰਧਾਨ ਮੰਤਰੀ,ਮੁੱਖ ਮੰਤਰੀ ਅਤੇ ਰਾਸਟਰਪਤੀ,ਇੱਥੋਂ ਤੱਕ ਕਿ ਹਰ ਅਹੁਦੇ ਤੇ ਬਿਰਾਜਮਾਨ ਹੋ ਸਕਦੀ ਹੈ।ਅਜੋਕੇ ਦੌਰ ਚ,ਕਿਸੇ ਵੀ ਔਰਤ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਹੋ ਸਕਦਾ।ਅਗਰ ਕੋਈ ਅਜਿਹਾ ਕਰਦਾ ਹੈ,ਤਾਂ ਉਹ ਵਿਅਕਤੀ ਸੰਵਿਧਾਨਕ ਤੌਰਤੇ ਸ਼ਜਾ ਦਾ ਹੱਕਦਾਰ ਹੁੰਦਾ ਹੈ। ਭਾਵੇਂ ਅੱਜ ਵੀ,ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਚ ਔਰਤ ਨਾਲ ਕਈ ਤਰ੍ਹਾਂ ਦਾ ਵਿਤਕਰਾ ਹੁੰਦਾ ਹੈ। ਦੇਸ਼ ਦੇ ਬਹੁਤ ਸਾਰੇ ਧਾਰਮਿਕ ਸਥਾਨਾਂ ਤੇ ਔਰਤਾਂ ਦੇ ਜਾਣ ਦੀ ਮਨਾਹੀ ਹੈ।ਦੇਸ਼ ਦੇ ਅੰਦਰ ਔਰਤਾਂ ਨੂੰ ਕਈ ਥਾਵਾਂ ਤੇ ਨੌਕਰੀ ਕਰਨ ਦੀ ਮਨਾਹੀ ਹੈ।ਜਿਸਦੇ ਸਬੰਧ ‘ਚ ਦੇਸ਼ ਦੀ ਮਾਨਯੋਗ ਅਦਾਲਤ ਨੇ ਔਰਤਾਂ ਦੇ ਹੱਕ ਚ ਫੈਸਲਾ ਸੁਣਾਇਆ ਹੈ ਤਾਂ ਕਿ ਔਰਤ ਜਾਤੀ ਨੂੰ ਉਨ੍ਹਾਂ ਦੇ ਹਰ ਪ੍ਰਕਾਰ ਸੰਵਿਧਾਨਕ ਹੱਕ ਮਿਲ ਸਕਣ।

ਇਸ ਗੱਲ ਤੋਂ ਅਜਿਹੇ ਸ਼ੰਕੇਤ ਮਿਲਦੇ ਹਨ,ਕਿ ਔਰਤ ਕਿਸੇ ਵੀ ਤਰ੍ਹਾਂ ਮਰਦ ਤੋਂ ਘੱਟ ਨਹੀਂ ਹਨ।ਸਗੋਂ ਬਹੁਤ ਸਾਰੇ ਖੇਤਰਾਂ ਚ ਤਾਂ, ਔਰਤਾਂ, ਮਰਦਾਂ ਤੋਂ ਵੀ ਕਿਤੇ ਅੱਗੇ ਹੈ। ਅੱਜ ਕੱਲ੍ਹ, ਦੇਸ਼ ਦੀਆਂ ਲੜਕੀਆਂ, ਹਰ ਮੁਕਾਬਲੇ ਚ ਲੜਕਿਆਂ ਤੋਂ ਅੱਗੇ ਜਾ ਰਹੀਆਂ ਹਨ।ਸੋ ਅਗਰ ਔਰਤਾਂ ਨੂੰ ਵੀ ਅੱਗੇ ਵੱਧਣ ਦਾ ਮੌਕਾ ਮਿਲੇ,ਤਾਂ ਉਹ ਕਿਸੇ ਵੀ ਤਰ੍ਹਾਂ ਮਰਦਾਂ ਤੋਂ ਘੱਟ ਨਹੀਂ ਹੁੰਦੀਆਂ। ਇਹਦੇ ਨਾਲ ਹੀ,ਔਰਤ ਜਾਤੀ ਦੇ ਸਬੰਧ ਵਿੱਚ ਇੱਕ ਗੱਲ ਹੋਰ ਬੜੀ ਅਸਚਰਜ ਭਰਭੂਰ ਹੈ ਕਿ ਉਹ ਸਾਰੇ ਪਰਿਵਾਰ ਦੀ ਦੇਖ-ਭਾਲ ਕਰਨ ਦੇ ਨਾਲ 2,ਹੋਰ ਖੇਤਰਾਂ ਚ ਵੀ ਬੜਾ ਵੱਡਾ ਯੋਗਦਾਨ ਪਾ ਰਹੀ ਹੈ।ਉਹ ਔਰਤਾਂ ਤਾਂ ਹੋਰ ਵੀ ਸਤਿਕਾਰ ਦੀਆਂ ਪਾਤਰ ਹਨ,ਜਿਹੜੀਆਂ ਘਰ ਗ੍ਰਹਿਸਥੀ ਦੇ ਨਾਲ 2 ਸਮਾਜ ਸੇਵਾ ਚ ਵੀ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੀਆਂ ਹਨ। ਇਸ ਸੇਵਾ ਦੇ ਦੌਰਾਨ,ਭਾਵੇਂ ਉਨ੍ਹਾਂ ਨੂੰ ਸਮਾਜਿਕ,ਆਰਥਿਕ,ਰਾਜਨੀਤਕ ਅਤੇ ਹੋਰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।ਪਰ ਇਹ ਸਮਾਜ ਸੇਵਾ ਕਰਨ ਵਾਲੀਆਂ ਔਰਤਾਂ ਹਰ ਔਕੜ ਦਾ ਮੁਕਾਬਲਾ ਕਰਦੀਆਂ ਅੱਗੇ ਹੀ ਅੱਗੇ ਵੱਧ ਰਹੀਆਂ ਹਨ,ਜੋ ਕਿ ਬਹੁਤ ਹੀ ਸਲਾਘਾਯੋਗ ਅਤੇ ਚੁਣੌਤੀ ਪੂਰਣ ਕਦਮ ਹੈ।

ਮੁੱਕਦੀ ਗੱਲ ਤਾਂ ਇਹ ਹੈ,ਕਿ ਮਰਦ ਪ੍ਰਧਾਨ ਸਮਾਜ ਚ ਐਨੀਆਂ ਮੁਸ਼ਕਲਾਂ ਅਤੇ ਦੁਸ਼ਵਾਰੀਆਂ ਨਾਲ ਜੂਝਦੀਆਂ ਹੋਈਆਂ,ਇਹ ਸਮਾਜ ਸੇਵੀ ਮਹਾਨ ਔਰਤਾਂ ਸੱਚਮੁੱਚ ਹੀ ਮਹਾਨ ਹਨ,ਜਿਹੜੀਆਂ ਆਪਣੇ ਗ੍ਰਹਿਸਥੀ ਜੀਵਨ ਨੂੰ ਸਫਲਤਾ ਨਾਲ ਚਲਾਉਣ ਦੇ ਨਾਲ 2 ਸਮਾਜ ਸੇਵਾ ਚ ਵੀ ਆਪਣਾ ਪੂਰਾ 2 ਯੋਗਦਾਨ ਪਾ ਰਹੀਆਂ ਹਨ। ਭਾਵੇਂ ਬਹੁਤ ਸਾਰੀਆਂ ਔਰਤਾਂ ਨੇ ਰਾਜਨੀਤੀ ਅਤੇ ਹੋਰ ਖੇਤਰਾਂ ਚ,ਆਪਣਾ ਬੜਾ ਵੱਡਾ ਯੋਗਦਾਨ ਪਾਇਆ ਹੈ।ਪਰ ਉਨ੍ਹਾਂ ਦੇ ਮੁਕਾਬਲੇ,ਇਹ ਔਰਤਾਂ ਕਿਤੇ ਜਿਆਦਾ ਮਹਾਨ ਹਨ,ਕਿਉਂਕਿ ਇਹ ਸਮੁੱਚੇ ਸਮਾਜ ਦੀ ਬਿਨਾਂ ਕਿਸੇ ਪੱਖਪਾਤ ਅਤੇ ਬਿਨਾਂ ਕਿਸੇ ਲੋਭ ਲਾਲਚ ਦੇ ਮੁੱਫਤ ਚ ਸੇਵਾ ਕਰ ਰਹੀਆਂ ਹਨ।ਕਿਉਂਕਿ ਅਜੋਕੇ ਦੌਰ ਚ,ਬਹੁਤ ਸਾਰੀਆਂ ਸਮਾਜਿਕ ਜਥੇਬੰਦੀਆਂ ਚ ਇਹ ਔਰਤਾਂ ਮੂਹਰਲੀਆਂ ਸਫਾਂ ਚ ਆਪਣਾ ਰੋਲ ਅਦਾ ਕਰ ਰਹੀਆਂ ਹਨ,ਜੋ ਕਿ ਕਿਸੇ ਵੀ ਪੱਖੋਂ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਤੋਂ ਘੱਟ ਨਹੀਂ ਹੈ।ਸਮੁੱਚੇ ਸਮਾਜ ਅਤੇ ਇਨਸਾਫ ਪਸੰਦ ਲੋਕਾਂ ਨੂੰ,ਅਜਿਹੀਆਂ ਔਰਤਾਂ ਨੂੰ ਸਲਾਮ ਕਰਨਾ ਬਣਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button