
ਜਰਸੀ ਦੇ ਰੰਗ ਬਦਲਣ ਦੀ ਬਜਾਏ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰੇ ਸਰਕਾਰ
‘ਆਪ’ ਵੀ ਪੰਜਾਬ ਵਿੱਚ ਰੰਗਾਂ ਦੀ ਰਾਜਨੀਤੀ ਕਰ ਰਹੀ ਹੈ, ਸਰਕਾਰੀ ਮਸ਼ੀਨਰੀ ਅਤੇ ਸਕੂਲਾਂ ਨੂੰ ਪਾਰਟੀ ਦੇ ਰੰਗਾਂ ਵਿੱਚ ਰੰਗਿਆ
ਚੰਡੀਗੜ੍ਹ, 30 ਜੁਲਾਈ
ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ, ਉਲੰਪਿਅਨ ਅਤੇ ਵਿਧਾਇਕ ਪਰਗਟ ਸਿੰਘ ਨੇ ਭਾਰਤੀ ਹਾਕੀ ਟੀਮ ਦੀ ਰਵਾਇਤੀ ਨੀਲੀ ਜਰਸੀ ਦਾ ਰੰਗ ਬਦਲਣ ‘ਤੇ ਸਖ਼ਤ ਐਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਦਹਾਕਿਆਂ ਤੋਂ ਭਾਰਤੀ ਹਾਕੀ ਟੀਮ ਨੀਲੇ ਰੰਗ ਦੀ ਜਰਸੀ ਪਹਿਨਦੀ ਆ ਰਹੀ ਹੈ ਅਤੇ ਇਹ ਰੰਗ ਦੇਸ਼ ਦੀ ਖੇਡ ਪਛਾਣ ਦਾ ਅਟੁੱਟ ਹਿੱਸਾ ਬਣ ਚੁੱਕਾ ਹੈ। ਅਜਿਹੇ ਵਿੱਚ ਜਰਸੀ ਦਾ ਰੰਗ ਬਦਲ ਕੇ ਭਗਵਾ ਕਰਨਾ ਖੇਡਾਂ ਨੂੰ ਰਾਜਨੀਤੀ ਨਾਲ ਜੋੜਨ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਫ਼ੈਸਲਾ ਹੈ ਅਤੇ ਇਸ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ।
ਪਰਗਟ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਹਰ ਖੇਤਰ ਵਿੱਚ ਆਪਣੀ ਵਿਚਾਰਧਾਰਾ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਹੁਣ ਖੇਡਾਂ ਨੂੰ ਵੀ ਇਸ ਤੋਂ ਅਛੂਤਾ ਨਹੀਂ ਛੱਡਿਆ ਗਿਆ। ਉਨ੍ਹਾਂ ਕਿਹਾ ਕਿ ਖੇਡਾਂ ਦਾ ਮਕਸਦ ਦੇਸ਼ ਨੂੰ ਜੋੜਨਾ, ਖਿਡਾਰੀਆਂ ਨੂੰ ਅੱਗੇ ਵਧਾਉਣਾ ਅਤੇ ਰਾਸ਼ਟਰੀ ਮਾਣ ਨੂੰ ਮਜ਼ਬੂਤ ਕਰਨਾ ਹੈ, ਨਾ ਕਿ ਉਨ੍ਹਾਂ ਨੂੰ ਰਾਜਨੀਤਿਕ ਵਿਚਾਰਧਾਰਾ ਦਾ ਸਾਧਨ ਬਣਾਉਣਾ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਖਿਡਾਰੀਆਂ ਦੀ ਜਰਸੀ ਦਾ ਰੰਗ ਬਦਲਣ ਦੀ ਬਜਾਏ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਵਿਸ਼ਵ ਪੱਧਰੀ ਸਿਖਲਾਈ ਸਹੂਲਤਾਂ ਮੁਹੱਈਆ ਕਰਵਾਉਣ, ਆਧੁਨਿਕ ਖੇਡ ਸਾਜ਼ੋ-ਸਾਮਾਨ ਦੇਣ ਅਤੇ ਖਿਡਾਰੀਆਂ ਨੂੰ ਬਿਹਤਰ ਆਰਥਿਕ ਅਤੇ ਸੰਸਥਾਗਤ ਸਹਿਯੋਗ ਦੇਣ ‘ਤੇ ਧਿਆਨ ਦੇਣਾ ਚਾਹੀਦਾ ਹੈ। ਇਹੀ ਕਦਮ ਭਾਰਤ ਨੂੰ ਵਿਸ਼ਵ ਪੱਧਰੀ ਖੇਡ ਮਹਾਸ਼ਕਤੀ ਬਣਾਉਣ ਵਿੱਚ ਸਹਾਇਕ ਹੋਣਗੇ।
ਸਾਬਕਾ ਸਿੱਖਿਆ ਮੰਤਰੀ ਨੇ ਕਿਹਾ ਕਿ ਖੇਡਾਂ ਦਾ ਕੋਈ ਧਰਮ, ਜਾਤ ਜਾਂ ਰਾਜਨੀਤਿਕ ਰੰਗ ਨਹੀਂ ਹੁੰਦਾ। ਖੇਡਾਂ ਸਿਰਫ਼ ਖੇਡ ਭਾਵਨਾ, ਅਨੁਸ਼ਾਸਨ, ਪ੍ਰਤਿਭਾ ਅਤੇ ਰਾਸ਼ਟਰ ਦੇ ਸਨਮਾਨ ਦਾ ਪ੍ਰਤੀਕ ਹੁੰਦੀਆਂ ਹਨ। ਇਸ ਲਈ ਸਰਕਾਰ ਨੂੰ ਖੇਡਾਂ ਨੂੰ ਰਾਜਨੀਤੀ ਤੋਂ ਦੂਰ ਰੱਖਦਿਆਂ ਖਿਡਾਰੀਆਂ ਦੇ ਹਿੱਤਾਂ ਅਤੇ ਖੇਡਾਂ ਦੇ ਵਿਕਾਸ ਨੂੰ ਸਰਵੋਚ ਤਰਜੀਹ ਦੇਣੀ ਚਾਹੀਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਵੀ ਭਾਜਪਾ ਦੀ ਬੀ-ਟੀਮ ਆਮ ਆਦਮੀ ਪਾਰਟੀ ਪਹਿਲਾਂ ਹੀ ਆਪਣੀ ਪਾਰਟੀ ਦੇ ਰੰਗਾਂ ਵਿੱਚ ਪੰਜਾਬ ਦੀ ਸਰਕਾਰੀ ਮਸ਼ੀਨਰੀ ਅਤੇ ਸਕੂਲਾਂ ਨੂੰ ਰੰਗ ਚੁੱਕੀ ਹੈ। ਪਹਿਲਾਂ ਸਕੂਲਾਂ ਨੂੰ ਰੰਗਿਆ ਗਿਆ, ਫਿਰ ਬੱਸਾਂ ਅਤੇ ਸਰਕਾਰੀ ਦਫ਼ਤਰਾਂ ਨੂੰ ਵੀ ਪਾਰਟੀ ਦੇ ਨੀਲੇ ਅਤੇ ਪੀਲੇ ਰੰਗ ਵਿੱਚ ਰੰਗ ਦਿੱਤਾ ਗਿਆ। ਆਮ ਆਦਮੀ ਪਾਰਟੀ ਵੀ ਭਾਜਪਾ ਦੇ ਰਾਹ ‘ਤੇ ਚੱਲਦਿਆਂ ਰੰਗਾਂ ਦੀ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਨੂੰ ਪਾਰਟੀ ਦੇ ਰੰਗਾਂ ਅਤੇ ਭਗਵਾਕਰਨ ਦੀ ਰਾਜਨੀਤੀ ਤੋਂ ਬਾਜ਼ ਆਉਣਾ ਚਾਹੀਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




