IndiaTop News

ਹਰਿਆਣਾ ਦੇ ਰੋਹਤਕ ‘ਚ ਢਾਬੇ ‘ਤੇ ਖੂਨੀ ਵਾਰਦਾਤ, 4 ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ; ਪੁਲਿਸ ਚੌਕੀ ਤੋਂ ਸਿਰਫ਼ 50 ਕਦਮ ਦੂਰ ਹੋਈ ਫਾਇਰਿੰਗ

ਹਰਿਆਣਾ ਦੇ ਰੋਹਤਕ ‘ਚ ਚਾਰ ਨੌਜਵਾਨਾਂ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਬੁੱਧਵਾਰ ਦੇਰ ਰਾਤ ਖਰਾਵੜ ਪੁਲਿਸ ਚੌਕੀ ਤੋਂ ਮਹਿਜ਼ 50 ਕਦਮ ਦੀ ਦੂਰੀ ‘ਤੇ ਸਥਿਤ ਮਿਲਨ ਢਾਬੇ ‘ਤੇ ਪੰਜ ਬਦਮਾਸ਼ਾਂ ਨੇ ਅੰਨ੍ਹੇਵਾਹ ਫਾਇਰਿੰਗ ਕਰਕੇ ਚਾਰ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹਮਲਾਵਰ ਸਵਿਫਟ ਕਾਰ ‘ਚ ਸਵਾਰ ਹੋ ਕੇ ਆਏ ਸਨ। ਅਚਾਨਕ ਹੋਈ ਗੋਲੀਬਾਰੀ ਕਾਰਨ ਢਾਬੇ ‘ਤੇ ਹਫੜਾ-ਦਫੜੀ ਮਚ ਗਈ। ਆਪਣੀ ਜਾਨ ਬਚਾਉਣ ਲਈ ਲੋਕ ਮੇਜ਼ਾਂ ਤੇ ਕੁਰਸੀਆਂ ਪਿੱਛੇ ਲੁਕ ਗਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਹਥਿਆਰ ਲਹਿਰਾਉਂਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।
ਇਹ ਵਾਰਦਾਤ ਰਾਤ ਕਰੀਬ 12:30 ਵਜੇ ਵਾਪਰੀ। ਪੰਜ ਬਦਮਾਸ਼ ਸਵਿਫਟ ਕਾਰ ‘ਚ ਸਵਾਰ ਹੋ ਕੇ ਮਿਲਨ ਢਾਬੇ ‘ਤੇ ਪਹੁੰਚੇ। ਉਸ ਸਮੇਂ ਢਾਬੇ ‘ਤੇ ਕੁਝ ਨੌਜਵਾਨ ਖਾਣਾ ਖਾ ਰਹੇ ਸਨ। ਬਦਮਾਸ਼ਾਂ ਨੇ ਬਿਨਾਂ ਕੁਝ ਕਹੇ ਉਨ੍ਹਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਅਚਾਨਕ ਹੋਈ ਫਾਇਰਿੰਗ ਕਾਰਨ ਢਾਬੇ ‘ਤੇ ਮੌਜੂਦ ਲੋਕਾਂ ‘ਚ ਭਗਦੜ ਮਚ ਗਈ। ਤਿੰਨ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਚੌਥਾ ਨੌਜਵਾਨ ਆਪਣੀ ਜਾਨ ਬਚਾਉਣ ਲਈ ਉੱਥੋਂ ਭੱਜਣ ਲੱਗਾ, ਪਰ ਹਮਲਾਵਰਾਂ ਨੇ ਉਸ ਦਾ ਪਿੱਛਾ ਕੀਤਾ ਤੇ ਉਸ ਨੂੰ ਵੀ ਗੋਲੀਆਂ ਮਾਰ ਦਿੱਤੀਆਂ।
ਚਾਰਾਂ ਨੌਜਵਾਨਾਂ ਦੀ ਕਤਲ ਕਰਨ ਤੋਂ ਬਾਅਦ ਮੁਲਜ਼ਮ ਕਈ ਮਿੰਟਾਂ ਤੱਕ ਹਥਿਆਰ ਲਹਿਰਾਉਂਦੇ ਹੋਏ ਘਟਨਾ ਸਥਾਨ ‘ਤੇ ਘੁੰਮਦੇ ਰਹੇ। ਇਸ ਤੋਂ ਬਾਅਦ ਉਹ ਕਾਰ ‘ਚ ਸਵਾਰ ਹੋ ਕੇ ਫ਼ਰਾਰ ਹੋ ਗਏ। ਮ੍ਰਿਤਕਾਂ ਦੀ ਪਛਾਣ ਝੱਜਰ ਜ਼ਿਲ੍ਹੇ ਦੇ ਡੀਘਲ ਪਿੰਡ ਦੇ ਰਹਿਣ ਵਾਲੇ ਰਿੰਕੂ, ਵਿਨੀਤ ਤੇ ਗੰਜੂ ਵਜੋਂ ਹੋਈ ਹੈ। ਜਦਕਿ ਚੌਥਾ ਨੌਜਵਾਨ ਬੇਰੀ ਇਲਾਕੇ ਦਾ ਰਹਿਣ ਵਾਲਾ ਹਿਮਾਂਸ਼ੂ ਦੱਸਿਆ ਜਾ ਰਿਹਾ ਹੈ।
ਇਸ ਕਤਲਕਾਂਡ ਨੂੰ ਭਾਊ ਰਿਟੋਲੀਆ ਗੈਂਗ ਤੇ ਸਨੀ ਰਿਟੋਲੀਆ ਗੈਂਗ ਵਿਚਾਲੇ ਚੱਲ ਰਹੀ ਗੈਂਗਵਾਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਮਾਮਲੇ ਦੇ ਤਾਰ ਡੀਘਲ ਪਿੰਡ ‘ਚ ਪਿਛਲੇ ਦਿਨੀਂ ਹੋਏ ਇੱਕ ਨੌਜਵਾਨ ਦੇ ਕਤਲ ਨਾਲ ਵੀ ਜੁੜਨ ਦਾ ਸ਼ੱਕ ਹੈ। ਹਾਲਾਂਕਿ, ਕਤਲ ਦੇ ਅਸਲ ਕਾਰਨਾਂ ਤੇ ਹਮਲਾਵਰਾਂ ਦੀ ਪਛਾਣ ਬਾਰੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਰੋਹਤਕ ਪੁਲਿਸ ਰੇਂਜ ਦੇ IG ਹਾਮਿਦ ਅਖ਼ਤਰ ਅੱਧੀ ਰਾਤ ਨੂੰ ਘਟਨਾ ਸਥਾਨ ‘ਤੇ ਪਹੁੰਚੇ। SP ਗੌਰਵ ਰਾਜਪੁਰੋਹਿਤ ਸਮੇਤ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਪਹੁੰਚੇ। CIA, ਸਪੈਸ਼ਲ ਸੈੱਲ ਤੇ FSL ਦੀਆਂ ਟੀਮਾਂ ਨੇ ਘਟਨਾ ਸਥਾਨ ਦਾ ਨਿਰੀਖਣ ਕਰਕੇ ਸਬੂਤ ਇਕੱਠੇ ਕੀਤੇ।
ਪੁਲਿਸ ਵੱਲੋਂ ਆਲੇ-ਦੁਆਲੇ ਦੇ ਇਲਾਕਿਆਂ ‘ਚ ਲੱਗੇ CCTV ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ, ਤਾਂ ਜੋ ਬਦਮਾਸ਼ਾਂ ਦੀ ਕਾਰ ਤੇ ਉਨ੍ਹਾਂ ਦੇ ਫ਼ਰਾਰ ਹੋਣ ਦੇ ਰਸਤੇ ਦਾ ਪਤਾ ਲਗਾਇਆ ਜਾ ਸਕੇ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਮੁਲਜ਼ਮਾਂ ਦੀ ਭਾਲ ‘ਚ ਜੁਟੀਆਂ ਹੋਈਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button