
ਅੰਮ੍ਰਿਤਸਰ, 22 ਜੁਲਾਈ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ 24 ਜੁਲਾਈ 2026 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਣ ਵਾਲੇ ‘ਮੀਰੀ ਪੀਰੀ ਖ਼ਾਲਸਾ ਮਾਰਚ’ ’ਚ ਸੰਗਤ ਨੂੰ ਪਰਿਵਾਰਾਂ ਸਮੇਤ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਲਈ ਸਰਵਉੱਚ ਹਨ, ਜਿਸ ਤੋਂ ਹੋਏ ਆਦੇਸ਼ ਅਨੁਸਾਰ ਸਜਾਏ ਜਾ ਰਹੇ ਇਸ ‘ਮੀਰੀ ਪੀਰੀ ਖ਼ਾਲਸਾ ਮਾਰਚ’ ’ਚ ਸ਼ਾਮਲ ਹੋਣਾ ਹਰ ਸਿੱਖ ਦਾ ਕੌਮੀ ਫ਼ਰਜ਼ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕਰਕੇ ਮੀਰੀ ਪੀਰੀ ਸਿਧਾਂਤ ਦਿੱਤਾ, ਜੋ ਧਰਮ ਅਤੇ ਰਾਜ ਦੇ ਸੁਮੇਲ ਦਾ ਪ੍ਰਤੀਕ ਹੈ। ਇਸ ਦੇ ਸਿਧਾਂਤ ਅਤੇ ਪ੍ਰੰਪਰਾਵਾਂ ’ਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਣਾ ਕੌਮੀ ਜ਼ੁੰਮੇਵਾਰੀ ਦਾ ਅਹਿਸਾਸ ਹੈ। ਇਸ ਮਹਾਨ ਸਿਧਾਂਤ ਨੂੰ ਮੁਗਲਾਂ ਤੇ ਅੰਗਰੇਜ਼ਾਂ ਤੋਂ ਲੈ ਕੇ ਅਜ਼ਾਦ ਭਾਰਤ ਦੀਆਂ ਸਰਕਾਰਾਂ ਵੱਲੋਂ ਵੀ ਕਈ ਚੁਣੌਤੀਆਂ ਦਿੱਤੀਆਂ ਜਾਂਦੀਆਂ ਰਹੀਆਂ, ਪ੍ਰੰਤੂ ਸਿੱਖਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਰਪ੍ਰਸਤੀ ਹੇਠ ਇਨ੍ਹਾਂ ਦਾ ਡੱਟ ਕੇ ਮੁਕਾਬਲਾ ਕੀਤਾ। ਅੱਜ ਵੀ ਪੰਥ ਵਿਰੋਧੀ ਸ਼ਕਤੀਆਂ ਵੱਲੋਂ ਇਸ ਦੇ ਸਿਧਾਂਤ ਨੂੰ ਸੱਟ ਮਾਰਨ ਦੀਆਂ ਚਾਲਾਂ ਅਤੇ ਹਰਕਤਾਂ ਹੋ ਰਹੀਆਂ ਹਨ। ਇਨ੍ਹਾਂ ਪ੍ਰਤੀ ਸੰਗਤਾਂ ਨੂੰ ਜਾਣੂ ਕਰਵਾਉਣਾ ਇਸ ‘ਮੀਰੀ ਪੀਰੀ ਖ਼ਾਲਸਾ ਮਾਰਚ’ ਦਾ ਮੁੱਖ ਮਕਸਦ ਹੋਵੇਗਾ।
ਐਡਵੋਕੇਟ ਧਾਮੀ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਮੀਰੀ ਪੀਰੀ ਦਿਵਸ ਮੌਕੇ 24 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਆਰੰਭ ਹੋਣ ਵਾਲੇ ‘ਮੀਰੀ ਪੀਰੀ ਖ਼ਾਲਸਾ ਮਾਰਚ’ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ। ਉਨ੍ਹਾਂ ਸੰਗਤਾਂ ਨੂੰ ਵੱਖ-ਵੱਖ ਪੜਾਵਾਂ ’ਤੇ ਖ਼ਾਲਸਾ ਮਾਰਚ ਦਾ ਸਵਾਗਤ ਕਰਨ ਅਤੇ ਸ਼ਾਮਲ ਹੋਣ ਦਾ ਸੁਨੇਹਾ ਦਿੱਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




