Breaking NewsD5 specialIndiaNewsPoliticsPunjab

ਸੁਖਬੀਰ ਬਾਦਲ ਦੇ ਕਤਲ ਦੀ ਕੋਸ਼ਿਸ਼, ਪੰਜਾਬ ਪੁਲਿਸ ਨੇ ਕੀਤਾ ਪਰਚਾ

ਸੰਗਰੂਰ : ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ 4 ਅਕਤੂਬਰ 2018 ਵਾਲੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਸੰਗਰੂਰ ਫੇਰੀ ਦੌਰਾਨ ਸਿੱਖ ਜਥੇਬੰਦੀਆਂ ਨੇ ਸੜਕ ਤੇ ਵਿਰੋਧ ਕਰਦਿਆਂ, ਉਨ੍ਹਾਂ ਤੇ ਜੁੱਤੀ ਸੁੱਟੀ ਸੀ ਤੇ ਇਹ ਮਾਮਲਾ ਮੀਡੀਆ ਵਿੱਚ ਸੁਰਖੀਆਂ ਦਾ ਕਾਰਨ ਬਣਿਆ ਸੀ। ਸੰਗਰੂਰ ਪੁਲਿਸ ਵੀ ਇਸ ਮਾਮਲੇ ਵਿੱਚ ਤੁਰੰਤ ਹਰਕਤ ਵਿੱਚ ਆਈ ਸੀ, ਅਧਿਕਾਰੀਆਂ ਦਾ ਇਹ ਦਾਅਵਾ ਸੀ ਕਿ ਛੋਟੇ ਬਾਦਲ ਤੇ ਜੁੱਤੀ ਸੁੱਟਣ ਵਾਲਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਵੇਖਣ ਨੂੰ ਇੰਝ ਲੱਗ ਰਿਹਾ ਸੀ ਕਿ ਜਿਵੇਂ ਪੁਲਿਸ ਵੱਲੋਂ ਜੁੱਤੀ ਸੁੱਟਣ ਦੇ ਮਾਮਲੇ ਵਿੱਚ ਸਧਾਰਨ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੋਵੇਗਾ ਕਿਉਂਕਿ ਇਸ ਘਟਨਾ ਦੀਆਂ ਜੋ ਤਸਵੀਰਾਂ ਵਾਈਰਲ ਹੋਈਆਂ ਸਨ। ਉਸਨੂੰ ਦੇਖਦਿਆਂ ਅਜਿਹਾ ਕੁੱਝ ਵੀ ਨਹੀਂ ਕਿਹਾ ਜਾ ਸਕਦਾ ਸੀ ਕਿ ਵਿਰੋਧ ਕਰਨ ਵਾਲੇ ਲੋਕਾਂ ਨੇ ਅਜਿਹਾ ਕੁੱਝ ਕੀਤਾ ਹੋਵੇਗਾ ਜਿਸ ਨਾਲ ਕਿਸੇ ਦਾ ਕਤਲ ਹੋ ਸਕਦਾ ਹੋਵੇ ਪਰ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਇਸ ਮਾਮਲੇ ਵਿੱਚ ਸੰਗਰੂਰ ਪੁਲਿਸ ਨੇ ਜੁੱਤੀ ਸੁੱਟ ਪ੍ਰਦਰਸ਼ਨਕਾਰੀਆਂ ਵਿਰੁੱਧ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਹੈ। ਜਿਸ ਬਾਰੇ ਪਤਾ ਲੱਗਦਿਆਂ ਹੀ ਸਭ ਤੋਂ ਪਹਿਲਾਂ ਉਨ੍ਹਾਂ 35-40 ਪ੍ਰਦਰਸ਼ਨਕਾਰੀਆਂ ਦੇ ਹੱਕ ਵਿੱਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਹਾਂ ਦਾ ਨਾਅਰਾ ਮਾਰਿਆ ਹੈ।

Read Also ਹੁਣ ਸੁਖਬੀਰ ਬਾਦਲ ਨੂੰ ਭਾਸ਼ਣ ਵੀ ਨਹੀਂ ਦੇਣ ਦਿੰਦੇ ਲੋਕ!

ਇਸ ਸਬੰਧ ਵਿੱਚ ਬੈਂਸ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਪੱਤਰ ਲਿਖ ਕੇ ਇਹ ਮੰਗ ਕੀਤੀ ਹੈ ਕਿ ਸੁਖਬੀਰ ਬਾਦਲ ਤੇ ਜੁੱਤੀ ਸੁੱਟਣ ਵਾਲੇ ਲੋਕਾਂ ਖਿਲਾਫ ਦਰਜ ਕੀਤੀ ਗਈ ਐੱਫ.ਆਈ.ਆਰ. ਨੰਬਰ 104 ਅਧੀਨ ਧਾਰਾ 307 ਨੂੰ ਰੱਦ ਕੀਤਾ ਜਾਵੇ। ਬੈੈਂਸ ਮੁਤਾਬਕ ਪ੍ਰਦਰਸ਼ਨਕਾਰੀਆਂ ਦਾ ਮਕਸਦ ਸੁਖਬੀਰ ਬਾਦਲ ਦੇ ਖਿਲਾਫ ਗੁੱਸਾ ਜ਼ਾਹਰ ਕਰਨਾ ਸੀ ਨਾ ਕਿ ਉਨ੍ਰਾਂ ਨੂੰ ਜਾਨੀ ਨੁਕਸਾਨ ਪਹੁੰਚਾਉਣਾ। ਸਿਮਰਜੀਤ ਸਿੰਘ ਬੈਂਸ ਨੇ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਆਪਣੀ ਭੜਾਸ ਕੱਢਦਿਆਂ ਕਿਹਾ ਹੈ ਕਿ ਇਸ ਪਾਰਟੀ ਦੀ ਸਰਕਾਰ ਨੇ ਪਿਛਲੇ 10 ਸਾਲਾਂ ਦੇ ਆਪਣੇ ਕਾਰਜਕਾਲ ਦੌਰਾਨ ਲੋਕਾਂ ਨੂੰ ਲੁੱਟਿਆ-ਕੁੱਟਿਆ ਅਤੇ ਇਸ ਦੇ ਸਾਸ਼ਨ ਵਿੱਚ ਹੀ ਪੰਜਾਬ ਅੰਦਰ ਮਾਫੀਆ ਰਾਜ ਸਥਾਪਿਤ ਹੋਇਆ ਹੈ।

ਇਹ ਤਾਂ ਸੀ ਸਿਮਰਜੀਤ ਸਿੰਘ ਬੈਂਸ ਵੱਲੋਂ ਮੁੱਖ ਮੰਤਰੀ ਨੂੰ ਲਿਖੀ ਗਈ ਚਿੱਠੀ ਦੇ ਤੱਥ, ਹੁਣ ਜ਼ਰਾ ਯਾਦ ਕਰੋ ਚਾਰ ਅਕਤੂਬਰ ਵਾਲੀ ਵਾਪਰੀ ਇਸ ਘਟਨਾ ਨੂੰ ਤੇ ਉਸ ਤੋਂ ਬਾਅਦ ਸੁਖਬੀਰ ਬਾਦਲ ਵੱਲੋਂ ਦਿੱਤੇ ਗਏ ਬਿਆਨ ਨੂੰ ਜਿਸ ਵਿੱਚ ਛੋਟੇ ਬਾਦਲ ਨੇ ਇਹ ਕਿਹਾ ਸੀ ਕਿ ਉਨ੍ਹਾਂ ਤੇ ਹਮਲਾ ਕਰਵਾਉਣ ਵਾਲਾ ਸੰਗਰੂਰ ਪੁਲਿਸ ਦਾ ਐੱਸ.ਐੱਸ.ਪੀ. ਹੈ। ਉਸ ਵੇਲੇ ਐੱਸ.ਐੱਸ.ਪੀ. ਨੇ ਇਹ ਕਹਿ ਕੇ ਸਪੱਸ਼ਟੀਕਰਨ ਦਿੱਤਾ ਸੀ ਕਿ ਅਜਿਹੇ ਹੀ ਖਤਰੇ ਨੂੰ ਭਾਂਪਦਿਆਂ ਉਨ੍ਹਾਂ ਵੱਲੋਂ ਸੁਖਬੀਰ ਬਾਦਲ ਦੇ ਸੁਰੱਖਿਆ ਅਮਲੇ ਨੂੰ ਆਪਣਾ ਰੂਟ ਬਦਲਣ ਦੀ ਸਲਾਹ ਵੀ ਦਿੱਤੀ ਗਈ ਸੀ ਪਰ ਉਨ੍ਹਾਂ ਦੇ ਸੁਰੱਖਿਆ ਅਧਿਕਾਰੀਆਂ ਨੇ ਸਾਡੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਜਿਸ ਤਰ੍ਹਾਂ ਉਸ ਤੋਂ ਬਾਅਦ ਮਾਮੂਲੀ ਪ੍ਰਦਰਸ਼ਨ ਕਰਨ ਉੱਤੇ ਵੀ ਜ਼ਿਲ੍ਹਾ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਵਿਰੁਧ ਇਰਾਦਾ ਕਤਲ ਦੀ ਧਾਰਾ ਲਾ ਦਿੱਤੀ ਗਈ ਹੈ। ਉਸਨੂੰ ਦੇਖਦਿਆਂ ਮਾਹਿਰ ਇਹ ਦੋਸ਼ ਲਾਉਂਦੇ ਹਨ ਕਿ ਇਹ ਸਭ ਸੰਗਰੂਰ ਦੇ ਐੱਸ.ਐੱਸ.ਪੀ. ਨੇ ਸੁਖਬੀਰ ਬਾਦਲ ਵੱਲੋਂ ਉਨ੍ਹਾਂ ਵਿਰੁਧ ਲਾਏ ਗਏ ਦੋਸ਼ਾਂ ਤੋਂ ਆਪਣੀ ਚਮੜੀ ਬਚਾਉਣ ਲਈ ਕੀਤਾ ਹੈ ਕਿ ਇੱਕ ਵਾਰ ਇਹ ਧਾਰਾ ਲਾ ਕੇ ਇਹ ਕੇਸ ਅਦਾਲਤ ਵੱਲੋਂ ਧੱਕ ਦਿਓ, ਉਥੇ ਅਦਾਲਤ ਜਾਣੇ ਜਾਂ ਪ੍ਰਦਰਸ਼ਨਕਾਰੀ ਘੱਟੋ ਘੱਟ ਉਨ੍ਹਾਂ ਤੇ ਲੱਗੇ ਇਲਜ਼ਾਮ ਤਾਂ ਧੋਤੇ ਜਾਣਗੇ।

ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਕਾਂਗਰਸ ਵਰਕਰਾਂ ਨੂੰ ਅਕਾਲੀਆਂ ਵੱਲੋਂ ਉਨ੍ਹਾਂ ਖਿਲਾਫ ਦਰਜ ਕਰਵਾਏ ਝੂਠੇ ਮੁਕੱਦਮਿਆਂ ਤੋਂ ਨਿਜ਼ਾਤ ਦੁਆਉਣ ਦਾ ਵਾਅਦਾ ਕੀਤਾ ਸੀ ਤੇ ਅੱਜ ਕੱਲ ਇਸ ਸਬੰਧ ਵਿੱਚ ਬਣਾਇਆ ਗਿਆ ਜਸਟਿਸ ਮਹਿਤਾਬ ਸਿੰਘ ਗਿੱਲ ਕਮਿਸ਼ਨ 20-20, 50-50 ਕਰ ਕੇ ਕਾਂਗਰਸੀਆਂ ਖਿਲਾਫ ਦਰਜ ਕੀਤੇ ਪੁਰਾਣੇ ਮਾਮਲਿਆਂ ਨੂੰ ਰੱਦ ਕਰਦਾ ਜਾ ਰਿਹਾ ਹੈ ਤੇ ਦੂਜੇ ਪਾਸੇ ਕੈਪਟਨ ਦੇ ਹੀ ਰਾਜ ਵਿੱਚ ਮਾਮੂਲੀ ਪ੍ਰਦਰਸ਼ਨ ਕਰਨ ਤੇ ਇਰਾਦਾ ਕਤਲ ਦਾ ਮੁਕੱਦਮਾ ਦਰਜ ਕੀਤੇ ਜਾਣਾ। ਆਪਣੇ ਆਪ ਵਿੱਚ ਕਈ ਸਵਾਲ ਖੜ੍ਹੇ ਕਰ ਰਿਹਾ ਹੈ ਜੇਕਰ ਪ੍ਰਦਰਸ਼ਨਕਾਰੀਆਂ ਵਾਲੇ ਪਾਸੇ ਖੜ੍ਹੇ ਹੋ ਕੇ ਸੋਚਿਆ ਜਾਵੇ ਤਾਂ ਹਾਲਾਤ ਇਹ ਹਨ ਕਿ ਉਨ੍ਹਾਂ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਵਰਗੇ ਕੋਈ ਵੱਡੇ ਕੱਦ ਵਾਲੇ ਆਗੂ ਤਾਂ ਕੀ ਹਨ। ਸਗੋਂ ਸਰਕਾਰ ਬਦਲਣ ਤੇ ਵੀ ਉਨ੍ਹਾਂ ਨੂੰ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਸ਼ਾਇਦ ਇਹੋ ਜਿਹੇ ਸਮਿਆਂ ਨੂੰ ਦੇਖ ਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਕਿ ਏਤੀ ਮਾਰ ਪਈ ਕੁਰਲਾਣੇ, ਤੈਂ ਕੀ ਦਰਦੁ ਨ ਆਇਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button