ਸੁਖਬੀਰ ਨੂੰ ਮਾਰਨ ਦੀ ਕੋਸ਼ਿਸ਼ ਵਾਲੀ ਗੱਲ ‘ਝੂਠੀ’ SIT ਨੇ ਕਰਦਿੱਤਾ ਖੁਲਾਸਾ

ਸੰਗਰੂਰ : ਬੀਤੀ 4 ਅਕਤੂਬਰ ਨੂੰ ਸੰਗਰੂਰ ਦੇ ਗੁਰਦੁਆਰਾ ਨਾਨਕਿਆਣਾ ਸਾਹਿਬ ਵੱਲ ਜਾਂਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਰਸਤਾ ਰੋਕਣ ਅਤੇ ਉਨ੍ਹਾਂ ਤੇ ਵਗਾਵਾਂ ਜੁੱਤਾ ਸੁੱਟਣ ਤੋਂ ਬਾਅਦ ਸੰਗਰੂਰ ਪੁਲਿਸ ਨੇ ਜਿਨ੍ਹਾਂ 40 ਬੰਦਿਆਂ ਤੇ ਆਈ.ਪੀ.ਸੀ. ਦੀ ਧਾਰਾ 307,427,148,149 ਤਹਿਤ ਪਰਚਾ ਦਰਜ ਕੀਤਾ ਸੀ ਉਸ ਸਬੰਧੀ ਆਈ.ਜੀ. ਪਟਿਆਲਾ ਜ਼ੋਨ ਵੱਲੋਂ ਬਣਾਈ ਗਈ ਐਸ.ਆਈ.ਟੀ. ਨੇ ਇਹ ਖੁਲਾਸਾ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਨੇ ਸੁਖਬੀਰ ਦਾ ਰਸਤਾ ਰੋਕਿਆ ਤੇ ਉਨ੍ਹਾਂ ਦੀ ਗੱਡੀ ਤੇ ਜੁੱਤਾ ਸੁੱਟਿਆ ਸੀ ਉਨ੍ਹਾਂ ਵਿਚੋਂ ਕਿਸੇ ਨੇ ਵੀ ਸੁਖਬੀਰ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਐਸ.ਐਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਵਿੱਚ ਬਣਾਈ ਗਈ ਇਸ ਐਸ.ਆਈ.ਟੀ. ਨੇ ਨਾ ਸਿਰਫ਼ ਉਸ ਗੱਡੀ ਦਾ ਮੁਆਇਨਾ ਕੀਤਾ ਜਿਸ ਤੇ ਜੁੱਤਾ ਸੁੱਟੇ ਜਾਣ ਦੀ ਗੱਲ ਆਖੀ ਗਈ ਸੀ ਬਲਕਿ ਘਟਨਾ ਮੌਕੇ ਬਣਾਈਆਂ ਗਈਆਂ ਵੀਡੀਓ ਅਤੇ ਆਸਪਾਸ ਦੇ ਲੋਕਾਂ ਤੋਂ ਬਿਆਨ ਲੈਣ ਤੋਂ ਬਾਅਦ ਇਹ ਸਿੱਟਾ ਕੱਢਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਸੁਖਬੀਰ ਦੇ ਕਾਫਲੇ ਦਾ ਰਸਤਾ ਰੋਕਿਆ ਸੀ
Read Also ਸੁਖਬੀਰ ਬਾਦਲ ਦਾ ਉੱਡਿਆ ਮਜ਼ਾਕ, ਪੂਰੇ ਪਿੰਡ ‘ਚ ਪਿਆ ਹਾਸਾ!
ਉਹ ਸਿਰਫ਼ ਪ੍ਰਦਰਸ਼ਨ ਕਰ ਰਹੇ ਸਨ ਤੇ ਇੱਕ ਜੁੱਤਾ ਵੀ ਸੁੱਟਿਆ ਗਿਆ, ਇਸਦੇ ਨਾਲ ਹੀ ਬਚਿੱਤਰ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਆਪਣੀ ਕ੍ਰਿਪਾਨ ਮਿਆਨ ਸਮੇਤ ਸੁਖਬੀਰ ਦੀ ਗੱਡੀ ਵੱਲ ਵਗਾਹ ਮਾਰੀ ਸੀ ਜੋ ਕਿ ਨਾ ਤਾਂ ਗੱਡੀ ਨੂੰ ਲੱਗੀ ਅਤੇ ਨਾ ਹੀ ਉਹ ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ ਸੁੱਟੀ ਗਈ ਸੀ। ਇਸ ਪੂਰੇ ਘਟਨਾਕ੍ਰਮ ਦੌਰਾਨ ਅਹਿਮ ਗੱਲ ਇਹ ਰਹੀ ਕਿ ਨਾ ਤਾਂ ਸੰਗਰੂਰ ਪੁਲਿਸ ਅਤੇ ਨਾ ਹੀ ਐਸ.ਆਈ.ਟੀ. ਉਸ ਸ਼ਖਸ ਨੂੰ ਪਹਿਚਾਣਨ ਵਿੱਚ ਕਾਮਯਾਬ ਹੋਈ ਜਿਸਨੇ ਸੁਖਬੀਰ ਦੀ ਗੱਡੀਆਂ ਦੇ ਕਾਫਲੇ ਤੇ ਜੁੱਤਾ ਸੁੱਟਿਆ ਸੀ। ਇੱਥੇ ਦੱਸਣਯੋਗ ਹੈ ਕਿ ਜਿਸ ਵੇਲੇ ਇਹ ਘਟਨਾ ਵਾਪਰੀ ਸੀ ਤਾਂ ਉੱਥੋਂ ਸੁਖਬੀਰ ਦੀਆਂ ਗੱਡੀਆਂ ਦੇ ਕਾਫਲੇ ਦੇ ਨਾਲ ਜਾ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਨਰਜੀਤ ਸਿੰਘ ਗੋਲਡੀ ਦੀ ਗੱਡੀ ਵੀ ਉਸ ਕਾਫਲੇ ਦੇ ਨਾਲ ਸੀ ਜਿਸ ਵਿੱਚ ਗੋਲਡੀ ਸਾਈਡ ਤੇ ਬੈਠਾ ਸੀ ਤੇ ਲੱਖੀ ਨਾਮ ਦਾ ਵਿਅਕਤੀ ਉਸ ਗੱਡੀ ਨੂੰ ਚਲਾ ਰਿਹਾ ਸੀ।
ਗੋਲਡੀ ਦੀ ਸ਼ਿਕਾਇਤ ’ਤੇ ਹੀ ਬਾਅਦ ਵਿੱਚ ਸੰਗਰੂਰ ਪੁਲਿਸ ਨੇ 5 ਕੱਟੜਪੰਥੀ ਸਿੱਖ ਨੌਜੁਆਨਾਂ ਦੇ ਨਾਮ ਤੇ ਅਤੇ 35 ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਸੁਖਬੀਰ ਦੀ ਗੱਡੀ ਤੇ ਹਮਲਾ ਕਰਨ ਸਬੰਧੀ ਆਈ.ਪੀ.ਸੀ. ਦੀ ਅਧੀਨ ਧਾਰਾ 427,148,149 ਤਹਿਤ ਪਰਚਾ ਦਰਜ ਕੀਤਾ ਸੀ ਤੇ ਬਾਅਦ ਵਿੱਚ 6 ਅਕਤੂਬਰ ਨੂੰ ਪੁਲਿਸ ਨੇ ਮਨਜੀਤ ਸਿੰਘ, ਸੁਖਵਿੰਦਰ ਸਿੰਘ, ਦਵਿੰਦਰ ਸਿੰਘ, ਗੁਰਜੰਟ ਸਿੰਘ, ਗੁਰਜੀਤ ਸਿੰਘ ਅਤੇ ਬਚਿੱਤਰ ਸਿੰਘ ਨਾਮ ਦੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਜਿਨ੍ਹਾਂ ਦੇ ਖਿਲਾਫ਼ ਦੋ ਦਿਨ ਬਾਅਦ ਸੁਖਬੀਰ ਬਾਦਲ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰਨ ਦੀ ਧਾਰਾ 307 ਆਈ.ਪੀ.ਸੀ. ਵੀ ਲਗਾ ਦਿੱਤੀ ਗਈ ਸੀ। ਸੰਗਰੂਰ ਪੁਲਿਸ ਦੇ ਇਸ ਕਦਮ ਤੋਂ ਬਾਅਦ ਉਸਦੀ ਚਾਰੋਂ ਪਾਸੋਂ ਸਿੱਖ ਜੱਥੇਬੰਦੀਆਂ ਵੱਲੋਂ ਨਿੰਦਾ ਕੀਤੀ ਗਈ ਤੇ ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਨੇ ਇਸ ਘਟਨਾ ਦੇ ਖਿਲਾਫ਼ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਸੀ ਜਿਸ ’ਤੇ ਕਾਰਵਾਈ ਕਰਦਿਆਂ ਪਟਿਆਲਾ ਜ਼ੋਨ ਦੇ ਆਈ.ਜੀ. ਏ.ਐਸ.ਰਾਏ ਨੇ ਐਸ.ਐਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ (SIT) ਦਾ ਗਠਨ ਕੀਤਾ ਸੀ ਜਿਸ ਨੇ ਕਿ ਹੁਣ ਇਹ ਰਿਪੋਰਟ ਦੇ ਕੇ ਸੰਗਰੂਰ ਪੁਲਿਸ ਦੀ ਕਾਰਵਾਈ ਨੂੰ ਝੂਠਾ ਕਰਾਰ ਦੇ ਦਿੱਤਾ ਹੈ।




