Breaking NewsIndiaNewsPoliticsPunjab

ਸਿਮਰਜੀਤ ਸਿੰਘ ਬੈਂਸ ਨੇ ਕਿਹਾ ਸੱਤਾ ਤੋਂ ਬਾਹਰ ਹੋਏ ਲੋਕਾਂ ਨੇ ਕਰਵਾਇਆ ਕਾਰਾ

ਲੁਧਿਆਣਾ : ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਅੰਮ੍ਰਿਤਸਰ ਦੇ ਰਾਜਾਸਾਂਸੀ ਇਲਾਕੇ ਵਿੱਚ ਪੈਂਦੇ ਨਿਰੰਕਾਰੀ ਸਤਸੰਗ ਭਵਨ ਵਿੱਚ ਹੋਇਆ ਬੰਬ ਧਮਾਕਾ ਸਰਕਾਰ ਅਤੇ ਸਰਕਾਰ ਦੀਆਂ ਏਜੰਸੀਆਂ ਵਲੋਂ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਨੂੰ 100 ਪ੍ਰਤੀਸ਼ਤ ਯਕੀਨ ਹੈ ਕਿ ਇਹ ਅੱਤਵਾਦੀ ਹਮਲਾ ਹੋ ਹੀ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਇਸ ਵਿੱਚ ਉਨ੍ਹਾਂ ਲੋਕਾਂ ਦਾ ਹੱਥ ਹੈ ਜੋ ਕਿ ਸੱਤਾ ਤੋਂ ਬਾਹਰ ਹੋ ਚੁੱਕੇ ਹਨ ਤੇ ਮੁੜ ਸੱਤਾ ’ਤੇ ਕਾਬਜ਼ ਹੋਣਾ ਚਾਹੁੰਦੇ ਹਨ। ਬੈਂਸ ਇੱਥੇ ਗਲੋਬਲ ਪੰਜਾਬ ਟੀ.ਵੀ. ਨਾਲ ਵਿਸ਼ੇਸ਼ ਗੱਲਬਾਤ ਕਰ ਰਹੇ ਸਨ। ਸਾਡੇ ਪੱਤਰਕਾਰ ਰਜਿੰਦਰ ਅਰੋੜਾ ਨਾਲ ਗੱਲਬਾਤ ਕਰਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਇਸ ਘਟਨਾ ਦਾ ਪਤਾ ਲੱਗਣ ਤੇ ਉਨ੍ਹਾਂ ਨੂੰ ਬੇਹੱਦ ਦੁੱਖ ਹੋਇਆ ਹੈ ਤੇ ਉਹ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਨ।

Read Also ਫ਼ਰਾਰ ਹੋਏ AIG ਦੇ ਮਾਮਲੇ ‘ਚ ਨਵਾਂ ਮੋੜ, ਹੁਣ ਕੀ ਕਰਨਗੇ ਸਿਮਰਜੀਤ ਬੈਂਸ?

ਉਨ੍ਹਾਂ ਕਿਹਾ ਕਿ ਦੁੱਖ ਦੀ ਇਸ ਘੜੀ ਵਿੱਚ ਉਹ ਉਨ੍ਹਾਂ ਪਰਿਵਾਰਾਂ ਦੇ ਨਾਲ ਖੜ੍ਹੇ ਹਨ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਘਟਨਾ ਵਿੱਚ ਆਪਣੀ ਜਾਨ ਗਵਾ ਬੈਠੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਿੱਥੇ ਇਸ ਘਟਨਾ ਸਬੰਧੀ ਅਫਸੋਸ ਹੈ ਉੱਥੇ ਉਨ੍ਹਾਂ ਦੇ ਮਨ ਅੰਦਰ ਇੱਕ ਚਿੰਤਾ ਵੀ ਹੈ ਕਿ ਪਿਛਲੇ ਕਈ ਦਿਨਾਂ ਤੋਂ ਸਰਕਾਰ ਅਤੇ ਏਜੰਸੀਆਂ ਪੰਜਾਬ ਅੰਦਰ ਇਹ ਰੌਲਾ ਪਾ ਰਹੀਆਂ ਸਨ ਕਿ ਅੱਤਵਾਦੀ ਆ ਗਏ ਜਦਕਿ ਉਨ੍ਹਾਂ ਨੂੰ ਇਹ ਸਭ ਅਗਾਊਂ ਸੋਚੀ ਸਮਝੀ ਸਕੀਮ ਜਾਪਦੀ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਕੇਂਦਰ, ਪੰਜਾਬ ਅਤੇ ਸਰਕਾਰੀ ਏਜੰਸੀਆਂ ਜੋ ਕਿ ਪੰਜਾਬ ਦੇ ਇੱਕ ਖਾਸ ਵਰਗ ਨੂੰ ਦਹਿਸ਼ਤ ਦੇ ਸਾਏ ਵਿੱਚ ਲਿਜਾਣਾ ਚਾਹੁੰਦੀਆਂ ਹਨ। ਬੈਂਸ ਅਨੁਸਾਰ 2017 ਵਿਧਾਨ ਸਭਾ ਚੋਣਾਂ ਦੌਰਾਨ ਹੋਏ ਮੌੜ ਮੰਡੀ ਬੰਬ ਧਮਾਕੇ ਦੀਆਂ ਤਾਰਾਂ ਬਾਅਦ ਵਿੱਚ ਰਾਜਨੀਤਕ ਲੋਕਾਂ ਨਾਲ ਜੁੜੀਆਂ ਇਸ ਲਈ ਉਹ ਇਹ ਕਹਿ ਸਕਦੇ ਹਨ ਕਿ ਇਹ ਸੱਤਾਧਾਰੀ ਲੋਕ ਜਾਂ ਸੱਤਾ ਤੋਂ ਬਾਹਰ ਗਏ ਲੋਕ ਸੱਤਾ ਹਾਸਲ ਕਰਨ ਲਈ ਜਾਂ ਆਪਣੀ ਸੱਤਾ ਨੂੰ ਜਾਰੀ ਰੱਖਣ ਲਈ ਅਜਿਹੀਆਂ ਘਟਨਾਵਾਂ ਕਰਾਉਂਦੇ ਹਨ ਤੇ ਇਹ ਲੋਕ ਕੁਝ ਵੀ ਕਰ ਸਕਦੇ ਹਨ।

 

ਸਿਮਰਜੀਤ ਬੈਂਸ ਨੇ ਇਹ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਹ ਪੱਕਾ ਵਿਸ਼ਵਾਸ ਹੈ ਕਿ ਇਸ ਘਟਨਾ ਵਿੱਚ ਕਿਸੇ ਅੱਤਵਾਦੀ ਜੱਥੇਬੰਦੀ ਦਾ ਹੱਥ ਨਹੀਂ ਹੈ ਕਿਉਂਕਿ ਪੰਜਾਬ ਵਿੱਚ ਆਪਸੀ ਭਾਈਚਾਰਕ ਸਾਂਝ ਹੀ ਇੰਨੀ ਮਜ਼ਬੂਤ ਹੈ ਜਿੰਨੀ ਪੂਰੇ ਭਾਰਤ ਦੇਸ਼ ਵਿੱਚ ਨਹੀਂ ਹੈ। ਬੈਂਸ ਨੇ ਕਿਹਾ ਕਿ ਇਹ ਲੋਕਾਂ ਨੂੰ ਡਰਾਉਣ ਲਈ ਭੂਤ ਖੜਾ ਕਰਦੇ ਹਨ ਜਿਸਦੀ ਮਿਸਾਲ 1978 ਦੀਆਂ ਉਨ੍ਹਾਂ ਘਟਨਾਵਾਂ ਤੋਂ ਮਿਲਦੀ ਹੈ ਜਦੋਂ ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ ਤੇ ਉਸ ਵੇਲੇ ਵੀ ਨਿਰੰਕਾਰੀਆਂ ਅਤੇ ਸਿੱਖ ਜੱਥੇਬੰਦੀਆਂ ਦਾ ਆਪਸੀ ਟਕਰਾਅ ਹੋਇਆ ਸੀ, ਉਹ ਟਕਰਾਅ ਵੀ ਚੰਦ ਵੋਟਾਂ ਹਾਸਲ ਕਰਨ ਲਈ ਤੇ ਆਪਣਾ ਰਾਜ ਲੰਮਾ ਸਮਾਂ ਖਿੱਚਣ ਲਈ ਜਾਣਬੁਝ ਕੇ ਕਰਵਾਇਆ ਗਿਆ ਸੀ।

 

ਬੈਂਸ ਨੇ ਕਿਹਾ ਕਿ ਅਜਿਹੇ ਲੋਕਾਂ ਲਈ ਪੰਜ-ਸੱਤ ਬੰਦਿਆਂ ਨੂੰ ਮਾਰਨਾ ਕੋਈ ਵੱਡੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ 100 ਪ੍ਰਤੀਸ਼ਤ ਕਹਿ ਸਕਦੇ ਹਨ ਕਿ ਇਸ ਘਟਨਾ ਨੂੰ ਕਿਸੇ ਅੱਤਵਾਦੀ ਜੱਥੇਬੰਦੀ ਨੇ ਨਹੀਂ ਬਲਕਿ ਸਰਕਾਰ ਅਤੇ ਸਰਕਾਰ ਦੀਆਂ ਏਜੰਸੀਆਂ ਨੇ ਅੰਜਾਮ ਦਿੱਤਾ ਹੈ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਅੱਤਵਾਦੀ ਹਿਲਜੁਲ ਦੀਆਂ ਖਬਰਾਂ ਮਿਲਦੀਆਂ ਹੀ ਅਲਰਟ ਜਾਰੀ ਕੀਤਾ ਗਿਆ ਸੀ ਤੇ ਲੋਕਾਂ ਦੀ ਰੱਖਿਆ ਲਈ ਸਰਕਾਰ ਕੋਲ ਇੰਨੀ ਵੱਡੀ ਪੱਧਰ ਤੇ ਸੀਆਈਡੀ, ਖੁਫੀਆ ਤੰਤਰ, ਪੁਲਿਸ ਤੋਂ ਇਲਾਵਾ ਆਈਬੀ ਅਤੇ ਹੋਰ ਕਿੰਨਾ ਵੱਡਾ ਤੰਤਰ ਹੈ ਪਰ ਉਸ ਦੇ ਬਾਵਜੂਦ ਇਹ ਘਟਨਾ ਵਾਪਰੀ ਹੈ ਜੋ ਕਿ ਇਹ ਸਾਬਤ ਕਰਦਾ ਹੈ ਕਿ ਇਹ ਜਾਣਬੁਝ ਕੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰੀ ਏਜੰਸੀਆਂ ਜਾਣਬੁਝ ਕੇ ਅੱਤਵਾਦੀਆਂ ਸਬੰਧੀ ਰੌਲਾ ਪਾਇਆ ਗਿਆ ਤੇ ਬਾਅਦ ਵਿੱਚ ਇਸ ਘਟਨਾ ਨੂੰ ਆਪ ਹੀ ਅੰਜਾਮ ਦੇ ਦਿੱਤਾ।

 

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੋੜ ਬੰਬ ਧਮਾਕਾ ਕਰਵਾ ਕੇ ਇੱਕ ਖਾਸ ਵਰਗ ਤੋਂ ਆਪਣੇ ਹੱਕ ਵਿੱਚ ਵੋਟਾਂ ਭੁਗਤਵਾਈਆਂ ਗਈਆਂ ਉਸੇ ਤਰ੍ਹਾਂ ਸਾਲ 2019 ਦੀਆਂ ਚੋਣਾਂ ਨੂੰ ਦੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਇਹ ਲੋਕ ਹੋਰ ਬਹੁਤ ਕੁਝ ਕਰਵਾਉਣਗੇ। ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਦੇ ਅਵਾਮ ਨੂੰ ਅਪੀਲ ਕੀਤੀ ਕਿ ਉਹ ਆਪਸ ਵਿੱਚ ਇੱਕਜੁਟ ਹੋ ਕੇ ਰਹਿਣ ਤੇ ਗੁਰਬਾਣੀ ਦੇ ਸਿਧਾਂਤਾਂ ਅਨੁਸਾਰ ਸਾਰੇ ਧਰਮਾਂ, ਜਾਤੀਆਂ ਨੂੰ ਇੱਕ ਸਮਝਦਿਆਂ ਭਾਈਚਾਰਕ ਸਾਂਝ ਕਾਇਮ ਰੱਖੀ ਜਾਵੇ ਤੇ ਇਨ੍ਹਾਂ ਦੀਆਂ ਚਾਲਾਂ ਫੇਲ੍ਹ ਕਰ ਦਿੱਤੀਆਂ ਜਾਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button