Breaking NewsD5 specialNewsPunjab

ਫ਼ਰਾਰ ਹੋਏ AIG ਦੇ ਮਾਮਲੇ ‘ਚ ਨਵਾਂ ਮੋੜ, ਹੁਣ ਕੀ ਕਰਨਗੇ ਸਿਮਰਜੀਤ ਬੈਂਸ?

ਅੰਮ੍ਰਿਤਸਰ : ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਕਿ ਬੀਤੇ ਦਿਨੀਂ ਕਾਨੂੰਨ ਵਿਭਾਗ ਦੀ ਇੱਕ ਵਿਦਿਆਰਥਣ ਨੇ ਪੰਜਾਬ ਪੁਲਿਸ ਦੇ ਇੱਕ ਏਆਈਜੀ ਰਣਧੀਰ ਸਿੰਘ ਉੱਪਲ ਵਿਰੁੱਧ ਬਲਾਤਕਾਰ ਦਾ ਪਰਚਾ ਦਰਜ ਕਰਵਾਇਆ ਸੀ ਤੇ ਉਸ ਤੋਂ ਬਾਅਦ ਹੁਣ ਤੱਕ ਏਆਈਜੀ ਉੱਪਲ ਪੁਲਿਸ ਵਿਭਾਗ ਵਲੋਂ ਫਰਾਰ ਦੱਸਿਆ ਜਾ ਰਿਹਾ ਸੀ। ਇਸ ਦੌਰਾਨ ਪੀੜਤਾ ਵਲੋਂ ਉੱਪਲ ਅਤੇ ਉਸਦੇ ਸਾਥੀਆਂ ਵਲੋਂ ਉਸਨੂੰ ਧਮਕਾਏ ਜਾਣ ਦਾ ਦੋਸ਼ ਲਾ ਕੇ ਰੋ ਰੋ ਕੇ ਫੇਸਬੁਕ ਤੇ ਇੱਕ ਵੀਡੀਉ ਪਾਈ ਸੀ ਜਿਸ ਵਿਚ ਉਹ ਕਹਿੰਦੀ ਦਿਖਾਈ ਦਿੱਤੀ ਸੀ ਕਿ ਮੈਨੂੰ ਐਨਾ ਤੰਗ ਨਾ ਕਰੋ ਕਿ ਮੈਂ ਮਰ ਜਾਵਾਂ। ਉਸ ਉਪਰਤ ਇੱਕ ਲੰਮੀ ਖਾਮੋਸ਼ੀ ਤੋਂ ਬਾਅਦ ਇਹ ਪੀੜਤ ਵਿਦਿਆਰਥਣ ਨੇ ਹੁਣ ਅਚਾਨਕ ਕੰਟੋਨਮੈਂਟ ਥਾਣਾ ਪੁਲਿਸ ਕੋਲ ਪੇਸ਼ ਹੋ ਕੇ ਲਿਖਤੀ ਤੌਰ ਤੇ ਬਿਆਨ ਦਿੱਤਾ ਹੈ ਕਿ ਉਸ ਵਲੋਂ ਉੱਪਲ ਖਿਲਾਫ਼ ਦਰਜ ਕਰਵਾਈ ਗਈ ਐਫਆਈਆਰ ਵਿਰੁੱਧ ਫਿਲਹਾਲ ਉਹ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੀ। ਹੈਰਾਨੀ ਉਦੋਂ ਹੋਈ ਜਦੋਂ ਕਾਨੂੰਨ ਦੇ ਰਖਵਾਲਿਆਂ ਜਿਨ੍ਹਾਂ ਨੂੰ ਸਾਰੀਆਂ ਕਾਨੂੰਨ ਦੀਆਂ ਪੇਚੀਦਗੀਆਂ ਦਾ ਪਤਾ ਹੈ ਉਨ੍ਹਾਂ ਨੇ ਆਪਣੇ ਅਧਿਕਾਰੀ ਨੂੰ ਬਚਾਉਣ ਲਈ ਅਜਿਹੇ ਕੇਸ ਵਿਚ ਕਾਰਵਾਈ ਰੋਕ ਦਿੱਤੀ ਹੈ ਜਿਸ ਦੀਆਂ ਧਾਰਾਵਾਂ ਸਮਝੌਤਾ ਯੋਗ ਨਹੀਂ ਹਨ।

Read Also ਜਬਰ ਜਨਾਹ ਦਾ ਮੁਲਜ਼ਮ ਏਆਈਜੀ ਉੱਪਲ ਨੌਕਰੀ ਤੋਂ ਮੁਅੱਤਲ

ਇਸ ਸਬੰਧ ਵਿਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਏਡੀਸੀਪੀ(2) ਲਖਵੀਰ ਸਿੰਘ ਨੇ ਕਿਹਾ ਕਿ ਹੁਣ ਜੇਕਰ ਸ਼ਿਕਾਇਤ ਕਰਤਾ ਹੀ ਉਸ ਵਲੋਂ ਦਰਜ ਕਰਵਾਈ ਗਈ ਐਫ.ਆਈ.ਆਰ ਤੇ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੀ ਤਾਂ ਇਸ ਵਿਚ ਪੁਲਿਸ ਕੀ ਕਰ ਸਕਦੀ ਹੈ? ਇਸ ਲਈ ਉਨ੍ਹਾਂ ਨੇ ਉੱਪਲ ਨੂੰ ਗ੍ਰਿਫਤਾਰ ਕਰਨ ਲਈ ਭੇਜੀਆਂ ਆਪਣੀਆਂ ਟੀਮਾਂ ਵਾਪਸ ਬੁਲਾ ਲਈਆਂ ਨੇ। ਇੱਥੇ ਦੱਸ ਦੇਈਏ ਕਿ ਕਿਹਾ ਇਹ ਵੀ ਜਾ ਰਿਹਾ ਹੈ ਕਿ ਪੀੜਤਾ ਇਸ ਤੋਂ ਪਹਿਲਾਂ ਵੀ ਆਪਣੇ ਬਿਆਨ ਬਦਲ ਚੁੱਕੀ ਹੈ ਕਿਉਂਕ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਅਤੇ ਕੰਟੋਨਮੈਂਟ ਥਾਣਾ ਪੁਲਿਸ ਨੂੰ ਦਿੱਤੀ ਗਈ ਪਹਿਲੀ ਸ਼ਿਕਾਇਤ ਵਿਚ ਪੀੜਤਾ ਨੇ ਉੱਪਲ ਵਿਰੁੱਧ ਸਿਰਫ ਛੇੜਛਾੜ ਦਾ ਦੋਸ਼ ਲਾਇਆ ਸੀ। ਤੇ ਦੋਸ਼ ਹੈ ਕਿ ਜਿਉਂ ਹੀ ਉਹ ਬੈਂਸ ਭਰਾਵਾਂ ਨੂੰ ਮਿਲੀ ਤੇ ਉਸ ਤੋਂ ਬਾਅਦ ਕੀਤੇ ਗਏ ਪੱਤਰਕਾਰ ਸੰਮੇਲਨ ਵਿਚ ਛੇੜਛਾੜ ਦੇ ਇਹ ਦੋਸ਼ ਜਬਰ ਜਨਾਹ ਦੇ ਦੋਸ਼ਾਂ ਵਿਚ ਤਬਦੀਲ ਹੋ ਗਏ। ਪੁਲਿਸ ਅਨੁਸਾਰ ਏਆਈਜੀ ਵਿਭੂ ਰਾਜ ਨੇ ਜਦੋਂ ਪੀੜਤ ਲੜਕੀ ਦੇ ਬਿਆਨ ਲਏ ਸਨ ਤਾਂ ਉੱਥੇ ਉਸਨੇ ਰਣਧੀਰ ਸਿੰਘ ਉੱਪਲ ਤੇ ਉਸਦੇ ਦੋ ਹੋਰ ਸਾਥੀਆਂ ਵਿਰੁਧ ਜਬਰ ਜਨਾਹ ਦੇ ਦੋਸ਼ ਲਾ ਦਿੱਤੇ।

ਇੱਥੇ ਦੱਸ ਦੇਈਏ ਕਿ ਹੁਸ਼ਿਆਰਪੁਰ ਦੀ ਰਹਿਣ ਵਾਲੀ ਇਸ ਪੀੜਤਾ ਦਾ ਇਹ ਦੋਸ਼ ਸੀ ਕਿ ਉਹ ਅੰਮ੍ਰਿਤਸਰ ਦੇ ਇੱਕ ਕਾਲਜ ਵਿਚ ਕਾਨੂੰਨ ਵਿਭਾਗ ਦੀ ਵਿਦਿਆਰਥਣ ਹੈ ਜਿੱਥੇ ਉਸ ਨੇ ਕਾਲਜ ਦੇ ਇੱਕ ਕੰਮ ਸਬੰਧੀ ਉਨ੍ਹਾਂ ਨੂੰ ਪਹਿਲਾਂ ਤੋਂ ਜਾਣਦੇ ਏਆਈਜੀ ਰਣਧੀਰ ਸਿੰਘ ਉੱਪਲ ਕੋਲੋਂ ਉਹ ਕੰਮ ਕਰਾਉਣ ਦੀ ਬੇਨਤੀ ਕੀਤੀ ਤਾਂ ਉੱਪਲ ਨੇ ਉਸ ਨਾਲ ਨਜ਼ਦੀਕੀਆਂ ਵਧਾਉਂਦਿਆਂ ਚੰਡੀਗੜ੍ਹ ਦੇ ਇੱਕ ਹੋਟਲ ਵਿਚ ਲਿਜਾ ਕੇ ਜਬਰ ਜਨਾਹ ਕੀਤਾ ਸੀ। ਇਸ ਸਬੰਧੀ ਜ਼ਿਆਦਾ ਰੌਲਾ ਪੈ ਜਾਣ ਕਾਰਨ ਪੰਜਾਬ ਪੁਲਿਸ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਆਈ.ਜੀ. ਵਿਭੂ ਰਾਜ ਨੂੰ ਇਸ ਮਾਮਲੇ ਦੀ ਜਾਂਚ ਸੌਂਪੀ ਸੀ ਜਿਨ੍ਹਾਂ ਨੇ ਪੀੜਤਾ ਦੇ ਬਿਆਨ ਦੇ ਆਧਾਰ ਤੇ ਰਣਧੀਰ ਸਿੰਘ ਉੱਪਲ ਅਤੇ ਉਸਦੇ ਦੋ ਸਾਥੀਆਂ ਪਰਮਿੰਦਰ ਸਿੰਘ ਅਤੇ ਜਸਕਰਨ ਸਿੰਘ ਖਿਲਾਫ ਬਲਾਤਕਾਰ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਸੀ।

ਸਮਝੋਤਾ ਨਹੀਂ ਹੋ ਸਕਦਾ, ਜ਼ੁਰਮ ਸਾਬਤ ਹੋਣ ਤੇ ਦੋਵਾਂ ਨੂੰ ਜਾਣਾ ਪਵੇਗਾ ਜੇਲ੍ਹ

ਇੱਧਰ ਦੂਜੇ ਪਾਸੇ ਸੀਬੀਆਈ ਦੇ ਸੀਨੀਅਰ ਵਕੀਲ ਐਚ.ਪੀ.ਐਸ ਵਰਮਾ ਅਨੁਸਾਰ ਬਲਾਤਕਾਰ ਇੱਕ ਅਜਿਹਾ ਜ਼ੁਰਮ ਹੈ ਜਿਸਨੂੰ ਭਾਰਤੀ ਕਾਨੂੰਨ ਵਿਚ ਸੂਬਾ ਅਤੇ ਸਮਾਜ ਵਿਰੁੱਧ ਕੀਤਾ ਗਿਆ ਜ਼ੁਰਮ ਮੰਨਿਆ ਗਿਆ ਹੈ ਤੇ ਇਸ ਵਿਚ ਚਾਹ ਕੇ ਵੀ ਦੋਵੇਂ ਧਿਰਾ ਆਪਸ ਵਿਚ ਫੈਸਲਾ ਨਹੀਂ ਕਰ ਸਕਦੀਆਂ। ਵਰਮਾ ਅਨੁਸਾਰ ਜੇਕਰ ਅਜਿਹੇ ਕੇਸ ਵਿਚ ਸ਼ਿਕਾਇਤਕਰਤਾ ਆਪਣੇ ਬਿਆਨਾਂ ਤੋਂ ਮੁਕਰ ਵੀ ਜਾਵੇ ਤਾਂ ਵੀ ਅਦਾਲਤਾਂ ਵਿਚ ਸੀਆਰਪੀਸੀ ਦੀ ਧਾਰਾ 340 ਤਹਿਤ ਕੇਸ ਦਾ ਟਰਾਇਲ ਚਲਦਾ ਹੈ ਤੇ ਜੇਕਰ ਇਹ ਸਾਬਤ ਹੋ ਜਾਵੇ ਕਿ ਮੁਲਜ਼ਮ ਨੇ ਜ਼ੁਰਮ ਕੀਤਾ ਹੈ ਤੇ ਸ਼ਿਕਾਇਤ ਕਰਤਾ ਕੀਤੀ ਹੋਈ ਸ਼ਿਕਾਇਤ ਤੋਂ ਮੁਕਰ ਗਿਆ ਹੈ ਤਾਂ ਉਨ੍ਹਾਂ ਹਾਲਾਤਾਂ ਵਿਚ ਦੋਵਾਂ ਨੂੰ ਸਜ਼ਾ ਹੁੰਦੀ ਹੈ।

ਉੱਪਲ ਖਿਲਾਫ਼ ਕੇਸ ਜਾਰੀ ਰੱਖਣ ਲਈ ਹਾਈਕੋਰਟ ’ਚ ਕਰਾਂਗੇ ਅਪੀਲ : ਸਰਬਜੀਤ ਸਿੰਘ ਵੇਰਕਾ

ਉੱਧਰ ਇਸੇ ਮਾਮਲੇ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੇਵਾ ਮੁਕਤ ਜੱਜ ਜਸਟਿਸ ਅਜੀਤ ਸਿੰਘ ਬੈਂਸ ਵਾਲੇ ਮਨੁੱਖੀ ਅਧਿਕਾਰ ਸੰਗਠਨ ਦੇ ਮੁੱਖ ਜਾਂਚ ਕਰਤਾ ਸਰਬਜੀਤ ਸਿੰਘ ਵੇਰਕਾ ਦਾ ਕਹਿਣਾ ਹੈ ਕਿ ਉਹ ਉੱਪਲ ਖਿਲਾਫ਼ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਇੱਕ ਪਟੀਸ਼ਨ ਦਾਇਰ ਕਰਕੇ ਇਸ ਕੇਸ ਦੇ ਟਰਾਇਲ ਨੂੰ ਜਾਰੀ ਰੱਖਣ ਦੀ ਅਪੀਲ ਕਰਨਗੇ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਵਲੋਂ 164 ਸੀਆਰਪੀਸੀ ਦੇ ਬਿਆਨ ਦਰਜ ਕਰਵਾਏ ਜਾ ਚੁੱਕੇ ਹਨ ਜਿਸ ਤੋਂ ਹੁਣ ਉਹ ਮੁਕਰ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਅਜਿਹੇ ਸੈਕਸ ਸਕੈਂਡਲਾਂ ਵਿਚ ਕਈ ਹੋਰ ਲੜਕੀਆਂ ਵੀ ਆਪਣੇ ਬਿਆਨਾਂ ਤੋਂ ਮੁਕਰੀਆਂ ਹਨ ਤੇ ਸੀਬੀਆਈ ਅਦਾਲਤ ਵਿਚ ਉਨ੍ਹਾਂ ਖਿਲਾਫ਼ ਟਰਾਇਲ ਚੱਲ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button