PunjabTop News

ਸ਼੍ਰੀ ਅਕਾਲ ਤਖ਼ਤ ਸਾਹਿਬ ਅੱਗੇ ਵਚਨ, ਵਿਧਾਨ ਸਭਾ ‘ਚ ਮੁੱਕਰੇ — ਸਪੀਕਰ ਸੰਧਵਾਂ ਨੇ ਤਖ਼ਤ ਸਾਹਿਬ ਦੇ ਨਾਂ ਨੂੰ ਐਕਸਪੰਜ ਕਰਕੇ ਪੰਥ ਨਾਲ ਕੀਤੀ ਗਦਾਰੀ

ਗਿਆਨੀ ਜੈਲ ਸਿੰਘ ਤੋਂ ਬਾਅਦ ਹੁਣ ਸਪੀਕਰ ਕੁਲਤਾਰ ਸੰਧਵਾਂ — ਸ਼੍ਰੀ ਅਕਾਲ ਤਖ਼ਤ ਸਾਹਿਬ ਦੇ੬ ਸਨਮਾਨ ਨੂੰ ਠੇਸ ਪਹੁੰਚਾ ਕੇ ਇਤਿਹਾਸ ਦੇ ਕਾਲੇ ਸਫ਼ਿਆਂ 'ਚ ਦਰਜ ਹੋਣਗੇ,

ਚੰਡੀਗੜ੍ਹ, 5 ਅਗਸਤ 2026 : ਅੱਜ ਪੰਜਾਬ ਵਿਧਾਨ ਸਭਾ ਦੇ ਇਤਿਹਾਸ ਦਾ ਇੱਕ ਬਹੁਤ ਹੀ ਦੁਖਦਾਈ ਅਤੇ ਕਾਲਾ ਦਿਨ ਹੈ। ਅੱਜ ਵਿਧਾਨ ਸਭਾ ਦੇ ਅੰਦਰ ਜੋ ਕੁਝ ਵਾਪਰਿਆ ਹੈ, ਉਸ ਨੇ ਹਰ ਸਿੱਖ ਦੇ ਮਨ ਨੂੰ ਗਹਿਰੀ ਠੇਸ ਪਹੁੰਚਾਈ ਹੈ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸਿੱਧਾ ਆਹਤ ਕੀਤਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ  ਬਿਕਰਮ ਸਿੰਘ ਮਜੀਠੀਆ ਨੇ ਕੀਤਾ ਉਹਨਾਂ ਕਿਹਾ ਇਸ ਸਮੇਂ ਵਿਧਾਨਸਭਾ ਦਾ ਸਪੀਕਰ ਮਜਬੂਤ ਨਹੀਂ ਮਜਬੂਰ ਹੋ ਚੁੱਕਿਆ ਹੈ ਅਤੇ ਗੁਰੂ ਦੋਖੀ ਸਮੇਤ ਅਰਵਿੰਦ ਕੇਜਰੀਵਾਲ ਦੇ ਅੱਗੇ ਗੋਡੇ ਟੇਕ ਚੁੱਕਿਆ ਹੈ ਸਿਰਫ ਆਪਣੀ ਕੁਰਸੀ ਬਚਾਉਣ ਲਈ ਅਤੇ ਇਤਿਹਾਸ ਦੇ ਕਾਲੇ ਪੰਨਿਆਂ ਵਿੱਚ ਵੀ ਗਿਆਨੀ ਜੈਲ ਸਿੰਘ ਦਾ ਨਾਮ ਦਰਜ ਹੈ ਜਿਸਨੇ ਸ਼੍ਰੀ ਦਰਬਾਰ ਸਾਹਿਬ ਤੇ ਹੋਏ ਅਟੈਕ ਦੀ ਮੌਨ ਸਹਿਮਤੀ ਦਿੱਤੀ ਸੀ। ਅੱਜ ਉਹੀ ਇਤਿਹਾਸ ਸਪੀਕਰ ਕੁਲਤਾਰ ਸੰਧਵਾਂ ਨੇ ਦੋਹਰਾਇਆ ਹੈ ਜਿਸਨੇ ਸ਼੍ਰੀ ਅਕਾਲ ਤਖਤ ਸਹਿਬ ਦਾ ਨਾਮ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਤੋਂ ਬਾਹਰ ਕਰਵਾਇਆ ਹੈ।

ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸਮੁੱਚੇ ਮੈਂਬਰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਏ, ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਵਾਪਸ ਆਏ ਸਨ। ਉੱਥੇ ਪੂਰੀ ਸੰਗਤ ਦੇ ਸਾਹਮਣੇ ਜੈਕਾਰੇ ਛੱਡ ਕੇ ਇਹ ਵਚਨ ਦਿੱਤਾ ਗਿਆ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਬੰਧਤ ਨਵੇਂ ਐਕਟ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਝਾਈਆਂ ਗਈਆਂ ਸੋਧਾਂ ਨੂੰ ਹਰ ਹਾਲ ਵਿੱਚ ਸ਼ਾਮਲ ਕੀਤਾ ਜਾਵੇਗਾ। ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਉਸ ਵਚਨ ਦੇ ਗਵਾਹ ਸਨ। ਪੰਜ ਵਾਰ ਜੈਕਾਰਿਆ ਦੀ ਗੂੰਜ ਵਿੱਚ ਸਾਰੇ ਵਿਧਾਇਕਾਂ ਨੇ ਇਹ ਬਚਨ ਦਿੱਤਾ ਸੀ ਸਿੰਘ ਸਾਹਿਬ ਜਥੇਦਾਰ ਨੇ ਵੀ ਸਪੱਸ਼ਟ ਆਦੇਸ਼ ਦਿੱਤਾ ਸੀ ਕਿ ਇਹ ਮੁੱਦਾ ਵਿਧਾਨ ਸਭਾ ਦੇ ਅੰਦਰ ਪੂਰੀ ਗੰਭੀਰਤਾ ਨਾਲ ਉਠਾਇਆ ਜਾਵੇ।

ਪਰ ਅੱਜ ਜਦੋਂ ਬੀਬਾ ਗਨੀਵ ਕੌਰ, ਵਿਧਾਇਕ ਮਜੀਠਾ ਨੇ ਸਿਰਫ਼ ਉਹੀ ਗੱਲ ਦੁਹਰਾਈ ਜਿਸ ‘ਤੇ ਸਾਰੇ ਵਿਧਾਇਕ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਹਿਮਤ ਹੋ ਕੇ ਆਏ ਸਨ, ਤਾਂ ਸਪੀਕਰ ਸਾਹਿਬ ਨੇ ਉਨ੍ਹਾਂ ਦੀ ਆਵਾਜ਼ ਨੂੰ ਹੀ ਬਾਹਰ ਕਰ ਦਿੱਤਾ। ਅਤੇ ਮਾਇਕ ਤੱਕ ਬੰਦ ਕਰ ਦਿੱਤਾ ਗਿਆ ।ਉਨ੍ਹਾਂ ਨੇ ਕੇਵਲ ਇਹੀ ਕਿਹਾ ਸੀ ਕਿ “ਕਿ ਉਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਅਸੀਂ ਕੀ ਕਹਿ ਕੇ ਆਏ ਸੀ ਅਤੇ ਇਸ ਬਿੱਲ ਬਾਰੇ ਕੋਈ ਚਰਚਾ ਨਹੀਂ ਹੋ ਰਹੀ ਅਤੇ ਇਸ ਸੰਬਧੀ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਹਿਬ ਉਪਰ ਗਏ ਕਈ ਵਿਧਾਇਕਾਂ ਨੂੰ ਵੀ ਬੋਲਣ ਲਈ ਕਿਹਾ ਲੇਕਿਨ ਵਿਧਾਨਸਭਾ ਦੇ ਅੰਦਰ ਸਭ ਗੂੰਗੇ ਬਣ ਗਏ ਅਤੇ ਗੁਰੂ ਦੋਖੀ ਦਾ ਸਾਥ ਦੇਣ ਲਗੇ ਉਹਨਾਂ ਕਿਹਾ ਕਿ ਬੀਬੀ ਮਜੀਠਿਆ ਦੇ ਬਿਆਨ ਵਿੱਚ ਅਜਿਹਾ ਕੀ ਸੀ ਜੋ ਵਿਧਾਨ ਸਭਾ ਦੀ ਕਾਰਵਾਈ ਵਿੱਚੋਂ ਮਿਟਾਉਣ ਦੀ ਲੋੜ ਪੈ ਗਈ ਖਾਸਕਰ ਸ਼੍ਰੀ ਅਕਾਲ ਤਖਤ ਸਹਿਬ ਦੀ ਮਾਣ ਮਰਿਆਦਾ ਵਾਲੀ ਗੱਲ।

ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਕੇ ਸੋਧਾਂ ਮੰਨਣ ਦਾ ਵਚਨ ਦੇਣਾ ਅਤੇ ਵਿਧਾਨ ਸਭਾ ਵਿੱਚ ਪਹੁੰਚਦਿਆਂ ਹੀ ਉਸੇ ਵਚਨ ਤੋਂ ਮੁੱਕਰ ਜਾਣਾ, ਇੱਥੋਂ ਤੱਕ ਕਿ “ਸ਼੍ਰੀ ਅਕਾਲ ਤਖ਼ਤ ਸਾਹਿਬ” ਦੇ ਹੱਕ ਵਿੱਚ ਬੋਲੇ ਗਏ ਸ਼ਬਦਾਂ ਨੂੰ ਹੀ ਐਕਸਪੰਜ ਕਰ ਦੇਣਾ, ਸਿਰਫ਼ ਦੋਹਰੇ ਚਿਹਰੇ ਦੀ ਨਿਸ਼ਾਨੀ ਨਹੀਂ, ਸਗੋਂ ਸਮੁੱਚੇ ਸਿੱਖ ਪੰਥ ਦੀਆਂ ਭਾਵਨਾਵਾਂ ਦਾ ਅਪਮਾਨ ਹੈ। ਇਹ ਪੰਥ ਨਾਲ ਸਿੱਧੀ ਗਦਾਰੀ ਹੈ।

ਇਸੇ ਨਾਲ ਹੀ ਉਹਨਾਂ ਕਿਹਾ ਕਿ ਅੱਜ ਮੇਰਾ ਸਿੱਧਾ ਸਵਾਲ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਆਮ ਆਦਮੀ ਪਾਰਟੀ ਦੀ ਰੰਗੀਲੀ ਸਰਕਾਰ ਤੋਂ ਹੈ—ਤੁਹਾਡੇ ਲਈ ਕੁਰਸੀ ਵੱਡੀ ਹੈ ਜਾਂ ਸ਼੍ਰੀ ਅਕਾਲ ਤਖ਼ਤ ਸਾਹਿਬ? ਜੇ ਤਖ਼ਤ ਸਾਹਿਬ ਦੇ ਸਾਹਮਣੇ ਕੀਤਾ ਗਿਆ ਵਚਨ ਸੱਚਾ ਸੀ ਤਾਂ ਅੱਜ ਉਸ ਤੋਂ ਮੁੱਕਰ ਕਿਉਂ ਗਏ? ਅਤੇ ਜੇ ਅੱਜ ਦਾ ਰੁਖ਼ ਹੀ ਸਹੀ ਹੈ ਤਾਂ ਫਿਰ ਸੰਗਤ ਦੇ ਸਾਹਮਣੇ ਉਹ ਵਚਨ ਕਿਉਂ ਦਿੱਤਾ ਗਿਆ ਸੀ? ਸੱਚਾਈ ਇਹ ਹੈ ਕਿ ਤੁਹਾਡੀ ਪਹਿਲ ਗੁਰੂ ਦਾ ਹੁਕਮ ਨਹੀਂ, ਸਗੋਂ ਗੁਰੂ ਦੋਖੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨਾ ਹੈ। ਮੁੱਖ ਮੰਤਰੀ ਦੀ ਕੁਰਸੀ ਦੀ ਲਾਲਸਾ ਨੇ ਤੁਹਾਨੂੰ ਆਪਣੇ ਹੀ ਵਚਨਾਂ ਤੋਂ ਮੁੱਕਰਨ ਲਈ ਮਜਬੂਰ ਕਰ ਦਿੱਤਾ ਹੈ।

ਸ਼੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਦੀ ਸਰਵਉੱਚ ਸੰਸਥਾ ਹੈ। ਇਹ ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਥਾਪਿਤ ਉਹ ਮਹਾਨ ਅਸਥਾਨ ਹੈ, ਜਿਸ ਦੇ ਸਨਮਾਨ ਤੋਂ ਉੱਪਰ ਕੋਈ ਸੰਸਥਾ, ਕੋਈ ਅਹੁਦਾ ਅਤੇ ਕੋਈ ਕੁਰਸੀ ਨਹੀਂ ਹੋ ਸਕਦੀ। ਵਿਧਾਨ ਸਭਾ ਦੀ ਕਾਰਵਾਈ ਵਿੱਚੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਨਾਂ ਐਕਸਪੰਜ ਕੀਤਾ ਜਾ ਸਕਦਾ ਹੈ, ਪਰ ਸਿੱਖਾਂ ਦੇ ਦਿਲਾਂ ਵਿੱਚ ਉਸ ਦਾ ਸਥਾਨ ਕਦੇ ਨਹੀਂ ਮਿਟਾਇਆ ਜਾ ਸਕਦਾ। ਵਿਧਾਨ ਸਭਾ ਗੁਰੂ ਦੀ ਬਖ਼ਸ਼ਿਸ਼ ਨਾਲ ਚੱਲਦੀ ਹੈ; ਗੁਰੂ ਦੀ ਮਰਿਆਦਾ ਕਿਸੇ ਵਿਧਾਨ ਸਭਾ ਦੀ ਮੋਹਤਾਜ ਨਹੀਂ ਹੈ ਉਹਨਾਂ ਕਿਹਾ।

ਅੱਜ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜੋ ਕੀਤਾ ਹੈ, ਉਹ ਇਤਿਹਾਸ ਵਿੱਚ ਗਿਆਨੀ ਜੈਲ ਸਿੰਘ ਦੇ ਵਿਵਾਦਿਤ ਫ਼ੈਸਲਿਆਂ ਦੀ ਯਾਦ ਤਾਜ਼ਾ ਕਰਦਾ ਹੈ। ਜਿਸ ਤਰ੍ਹਾਂ ਗਿਆਨੀ ਜੈਲ ਸਿੰਘ ਨੂੰ ਆਪਣੇ ਕਦਮਾਂ ਲਈ ਬਾਅਦ ਵਿੱਚ ਪੰਥ ਦੇ ਸਾਹਮਣੇ ਜਵਾਬਦੇਹ ਹੋਣਾ ਪਿਆ ਸੀ, ਉਸੇ ਤਰ੍ਹਾਂ ਅੱਜ ਸਪੀਕਰ ਸੰਧਵਾਂ ਨੇ ਵਿਧਾਨ ਸਭਾ ਦੀ ਕਾਰਵਾਈ ਵਿੱਚੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਨਾਂ ਐਕਸਪੰਜ ਕਰਕੇ ਆਪਣੇ ਆਪ ਨੂੰ ਇਤਿਹਾਸ ਦੇ ਕਾਲੇ ਸਫ਼ਿਆਂ ਵਿੱਚ ਦਰਜ ਕਰਵਾ ਲਿਆ ਹੈ। ਇਤਿਹਾਸ ਇਸ ਫ਼ੈਸਲੇ ਨੂੰ ਕਦੇ ਮੁਆਫ਼ ਨਹੀਂ ਕਰੇਗਾ।

ਉਹਨਾਂ ਕਿਹਾ ਕਿ ਅੱਜ ਇਹ ਵੀ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਵਿਧਾਨ ਸਭਾ ਵਿੱਚ ਇੱਕ ਮਹਿਲਾ ਵਿਧਾਇਕ ਦਾ ਸਤਿਕਾਰ ਵੀ ਨਹੀਂ ਕੀਤਾ ਗਿਆ। ਬੀਬਾ ਗਨੀਪ ਕੌਰ ਨੇ ਕੋਈ ਗਲਤ ਜਾਂ ਇਤਰਾਜ਼ਯੋਗ ਗੱਲ ਨਹੀਂ ਕਹੀ। ਉਨ੍ਹਾਂ ਨੇ ਸਿਰਫ਼ ਸੰਗਤ ਦੀ ਪਰਿਭਾਸ਼ਾ ਦੱਸੀ। ਸੰਗਤ ਉਹ ਹੈ ਜੋ ਗੁਰੂ ਦੇ ਚਰਨਾਂ ਵਿੱਚ ਬੈਠਦੀ ਹੈ, ਨਾਮ ਸਿਮਰਦੀ ਹੈ, ਕੀਰਤਨ ਸਰਵਣ ਕਰਦੀ ਹੈ ਅਤੇ ਲੰਗਰ ਦੀ ਸੇਵਾ ਕਰਦੀ ਹੈ। ਜੋ ਸ਼ਰਾਬ ਪੀ ਕੇ ਗੁਰੂ ਘਰ ਜਾਵੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਠੇਸ ਪਹੁੰਚਾਏ, ਉਹ ਸੰਗਤ ਨਹੀਂ ਹੋ ਸਕਦੀ। ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਸੇ ਗੁਰੂ ਦੋਖੀ ਸੋਚ ਦਾ ਸਾਥ ਦੇ ਕੇ ਆਪਣਾ ਅਸਲੀ ਚਿਹਰਾ ਪੰਜਾਬ ਦੇ ਲੋਕਾਂ ਸਾਹਮਣੇ ਬੇਨਕਾਬ ਕਰ ਦਿੱਤਾ ਹੈ।

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੈਂ ਇਸ ਗੱਲ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ ਕਿ ਜਿੱਥੇ ਸਿੱਖ ਕੌਮ ਦੇ ਸਰਵਉੱਚ ਅਸਥਾਨ ਦੀ ਗੱਲ ਹੋ ਰਹੀ ਹੋਵੇ, ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਬੰਧਤ ਸੋਧਾਂ ਦੀ ਗੱਲ ਹੋ ਰਹੀ ਹੋਵੇ, ਉੱਥੇ ਉਸ ਪਵਿੱਤਰ ਅਸਥਾਨ ਦੇ ਨਾਂ ਨੂੰ ਹੀ ਵਿਧਾਨ ਸਭਾ ਦੀ ਕਾਰਵਾਈ ਵਿੱਚੋਂ ਹਟਾ ਦਿੱਤਾ ਜਾਵੇ। ਬਰਗਾੜੀ ਅਤੇ ਬਹਿਬਲ ਕਲਾਂ ਦੇ ਨਾਂ ‘ਤੇ ਸਾਲਾਂ ਤੱਕ ਸਿਆਸਤ ਕਰਨ ਵਾਲਿਆਂ ਦਾ ਅਸਲੀ ਚਿਹਰਾ ਅੱਜ ਪੂਰੇ ਪੰਜਾਬ ਦੇ ਸਾਹਮਣੇ ਆ ਗਿਆ ਹੈ।

ਉਹਨਾਂ ਕਿਹਾ ਕਿ ਮੈਂ ਮੰਗ ਕਰਦਾ ਹਾਂ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੁਰੰਤ ਵਿਧਾਨ ਸਭਾ ਦੀ ਕਾਰਵਾਈ ਵਿੱਚੋਂ ਐਕਸਪੰਜ ਕੀਤੇ ਗਏ ਸ਼ਬਦ ਬਹਾਲ ਕਰਨ, ਆਪਣੇ ਇਸ ਕਦਮ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਮੰਗਣ ਅਤੇ ਪੰਥ ਦੀਆਂ ਭਾਵਨਾਵਾਂ ਦਾ ਸਨਮਾਨ ਕਰਨ। ਜੇ ਅਜਿਹਾ ਨਹੀਂ ਕੀਤਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਲੋਕ ਤੁਹਾਨੂੰ ਵੀ ਇਤਿਹਾਸ ਦੇ ਕਟਹਿਰੇ ਵਿੱਚ ਖੜ੍ਹਾ ਕਰਕੇ ਜਵਾਬ ਮੰਗਣਗੇ। ਜਿਸ ਤਰ੍ਹਾਂ ਅੱਜ ਤੱਕ ਗਿਆਨੀ ਜੈਲ ਸਿੰਘ ਤੋਂ ਮੰਗਿਆ ਜਾ ਰਿਹਾ ਹੈ।

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਪੰਥ ਵਿਰੋਧੀ ਕਾਰਵਾਈ ਦਾ ਹਰ ਲੋਕਤੰਤਰੀ ਅਤੇ ਸੰਵਿਧਾਨਕ ਢੰਗ ਨਾਲ ਡਟ ਕੇ ਵਿਰੋਧ ਕਰੇਗਾ। ਇਹ ਲੜਾਈ ਵਿਧਾਨ ਸਭਾ ਤੋਂ ਲੈ ਕੇ ਸੜਕਾਂ ਤੱਕ ਅਤੇ ਸੰਗਤ ਤੋਂ ਲੈ ਕੇ ਹਰ ਪੰਜਾਬੀ ਦੇ ਮਨ ਤੱਕ ਲੜੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button