ਵੱਡੇ ਬਦਲਾਅ ਦਾ ਪ੍ਰਤੀਕ ਬਣ ਗਿਆ ਹੈ ਦਿੱਲੀ ਦੀਆਂ ਹੱਦਾਂ ਤੇ ਚੱਲ ਰਿਹਾ ਕਿਸਾਨੀ ਅੰਦੋਲਨ
2022 ਲਈ ਬਣ ਸਕਦੇ ਹਨ ਨਵੇਂ ਸਿਆਸੀ ਸਮੀਕਰਨ
(ਜਸਪਾਲ ਸਿੰਘ ਢਿੱਲੋਂ) ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਕਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਨੇ ਦੇਸ ਅੰਦਰ ਅਜੇਹੇ ਅੰਦੋਲਨ ਨੂੰ ਜਨਮ ਦਿੱਤਾ ਜਿਸ ਨੇ ਹਰ ਖੇਤਰ ਦੇ ਸਮੀਕਰਨ ਹੀ ਬਦਲ ਦਿੱਤੇ। ਅਹਿਮ ਗੱਲ ਇਹ ਹੋਈ ਕਿ ਇਸ ਅੰਦੋਲਨ ਨੇ ਸਿਆਸੀ ਪਾਰਟੀਆਂ ਵੱਲੋਂ ਮਨੁੱਖਤਾ ’ਚ ਪਾਈਆਂ ਗਈਆਂ ਵੰਡੀਆਂ ਅਤੇ ਦਿਲਾਂ ਦੀ ਦੂਰੀਆਂ ਨੂੰ ਇਕ ਮਿਕ ਹੀ ਨਹੀਂ ਕੀਤਾ ਸਗੋਂ ਲੰਬੇ ਸਮੇਂ ਤੋ ਪੰਜਾਬ ਤੇ ਹਰਿਆਣਾ ਦੇ ਲੋਕਾਂ ਨੂੰ ਛੋਟੇ ਤੇ ਵੱਡੇ ਭਰਾ ਵਾਲਾ ਰੁਤਬਾ ਦੇਕੇ ਘਿਉ ਖਿਚੜੀ ਕਰ ਦਿੱਤਾ ਹੈ। ਸਿਆਸੀ ਆਗੂਆਂ ਦੀਆਂ ਹੁਣ ਤੱਕ ਦੀਆਂ ਲੂੰਬੜ ਚਾਲਾਂ ਜੋ ਲੋਕਾਂ ਨੂੰ ਮੂਰਖ ਬਣਾਉਦੀਆਂ ਆਈਆਂ ਹਨ ਪਰ ਇਸ ਅੰਦੋਲਨ ਨੇ ਦੋਹਾਂ ਰਾਜਾਂ ਦੇ ਲੋਕਾਂ ਨੂੰ ਇਸ ਹੱਦ ਤੱਕ ਨੇੜੇ ਲਿਆ ਦਿੱਤਾ ਹੈ, ਕਿ ਰਾਜਸੀ ਲੋਕਾਂ ਵੱਲੋਂ ਖੜਾ ਕੀਤਾ ਗਿਆ ਸਤਲੁਜ ਯਮਨਾ ਸੰਪਰਕ ਨਹਿਰ ਵਾਲੇ ਮੁੱਦੇ ਵੀ ਬੌਣੇ ਪੈ ਗਏ ਹਨ। ਇਸ ਅੰਦੋਲਨ ਨੇ ਬਹੁਤ ਸਾਰੇ ਪਿੰਡਾਂ ’ਚ ਭਾਈਚਾਰਕ ਸਾਂਝ ਵੀ ਪੱਕੀ ਤੇ ਪੀਡੀ ਕਰ ਦਿੱਤੀ ਹੈ ਤੇ ਕਈ ਪਿੰਡਾਂ ’ਚ ਲੋਕਾਂ ਨੇ ਚਿਰਾਂ ਤੋਂ ਇਕ ਦੂਜੇ ਵਿਰੁੱਧ ਚਲਦੇ ਕੇਸ ਵੀ ਵਾਪਿਸ ਲੈ ਲਏ ਹਨ। ਇਸ ਦੇ ਨਾਲ ਹੀ ਲੋਕਾਂ ਨੇ ਦਿੱਲੀ ਦੀਆਂ ਹੱਦਾਂ ਤੇ ਡਟੇ ਕਿਸਾਨਾਂ ਦੀ ਖੇਤੀ ਨੂੰ ਸਾਂਭਣ ਲਈ ਉਨਾਂ ਦੇ ਪ੍ਰੀਵਾਰਕ ਮੈਂਬਰਾਂ ਦਾ ਡਟਕੇ ਸਾਥ ਦਿੱਤਾ ਹੈ ਤੇ ਦੇ ਰਹੇ ਹਨ।
ਪੰਜਾਬ ਦੇ ਕਿਸਾਨਾਂ ਦੇ ਪ੍ਰਮੁੱਖ ਆਗੂ ਖਾਸਕਰ ਬਲਬੀਰ ਸਿੰਘ ਰਾਜੇਵਾਲ, ਡਾ: ਦਰਸ਼ਨ ਪਾਲ,ਜੋਗਿੰਦਰ ਸਿੰਘ ਉਗਰਾਹਾਂ, ਮਨਜੀਤ ਸਿੰਘ ਪੰਧੇਰ , ਸਤਨਾਮ ਸਿੰਘ ਬਹਿਰੂ, ਬੂਟਾ ਸਿੰਘ ਬੁਰਜ ਗਿੱਲ, ਸੁਰਜੀਤ ਸਿੰਘ ਫੂਲ, ਬੂਟਾ ਸਿੰਘ ਸਾਦੀਪੁਰ ਅਤੇ ਮਾਝੇ ਤੇ ਦੁਆਬੇ ਦੇ ਆਗੂਆਂ ਸਮੇਤ ਸਾਰੇ ਹੀ ਅਗਲੀ ਕਤਾਰ ਤੇ ਆਗੂਆਂ ਨੇ ਜਿਸ ਤਰਾਂ ਭੂਮਿਕਾ ਨਿਭਾਈ ਹੈ ਉਹ ਅਹਿਮ ਹੈ । ਹਰਿਆਣਾ ਦੇ ਆਗੂ ਗੁਰਨਾਮ ਸਿੰਘ ਚੜੂਨੀ , ਉਤਰ ਪ੍ਰਦੇਸ਼ ਦੇ ਆਗੂ ਰਾਕੇਸ਼ ਟਿਕੈਤ ਦੀ ਅਹਿਮ ਭੂਮਿਕਾ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ । ਜਿਸ ਵੇਲੇ ਪੰਜਾਬ ਦੇ ਕਿਸਾਨਾਂ ਨੇ 25 ਨਵੰਬਰ ਨੂੰ ਸ਼ੰਭੂ ਅਤੇ ਹੋਰਨਾ ਸੜਕਾਂ ਰਾਹੀਂ ਜਦੋਂ ਹਰਿਆਣੇ ’ਚ ਦਾਖਲਾ ਕੀਤਾ ਤੇ ਹਰਿਆਣਾ ਪੁਲਿਸ ਦੀਆਂ ਰੋਕਾਂ ਨੂੰ ਧੂਹ ਧੂਹ ਕੇ ਵਗਾਹ ਮਾਰਿਆ ਅਤੇ ਪੰਜਾਬ ਤੇ ਪਹਿਲਾਂ ਜਿਵੇਂ ਹੀ ਹਰਿਆਣਾ ਦੇ ਕਿਸਾਨਾਂ ਰੋਕਾਂ ਹਟਾਕੇ ਰਾਹ ਪੱਧਰਾ ਕੀਤਾ ਇਹ ਆਪਣੇ ਆਪ ’ਚ ਇਕ ਵੱਡੀ ਮਿਸਾਲ ਸੀ। ਇਸ ਅੰਦੋਲਨ ਪੰਜਾਬ ਦੇ ਨੌਜ਼ਵਾਨਾਂ ਦੇ ਸਿਰ ਸਿਆਸੀ ਲੋਕਾਂ ਵੱਲੋਂ ਨਸ਼ਈ ਹੋਣ ਦਾ ਦਿੱਤਾ ਸਰਟੀਫਕੇਟ ਵੀ ਪਾੜ ਦਿੱਤਾ ਅਤੇ ਨੌਜ਼ਵਾਨਾਂ ਦੇ ਵਿਗਾੜਿਆ ਅਕਸ਼ ਵੀ ਧੋਕੇ ਰੱਖ ਦਿੱਤਾ।
ਇਸ ਅੰਦੋਲਨ ਪ੍ਰਮੁੱਖਤਾ ਅਤੇ ਕਾਮਯਾਬੀ ਦਾ ਕਾਰਨ ਇਹ ਹੈ ਕਿ ਇਸ ਨੇ ਆਪਣੇ ਅੰਦੋਲਨ ਤੋਂ ਸਿਆਸੀ ਧਿਰਾਂ ਨੂੰ ਦੂਰ ਰੱਖਿਆ , ਇਹੋ ਕਾਰਨ ਹੈ ਕਿ ਇਸ ਦਾ ਜੇਤੂ ਰਥ ਬਹੁਤ ਹੀ ਸਫਲਤਾ ਦੇ ਨਾਲ ਅੱਗੇ ਵਧਦਾ ਹੋਇਆ ਮੰਜ਼ਿਲ ਤੋਂ ਕੁੱਝ ਕਦਮ ਦੂਰ ਖੜਾ ਹੈ । ਸਭ ਤੋਂ ਅਹਿਮ ਗੱਲ ਇਹ ਹੈ ਕਿ ਭਾਵੇਂ ਆਗੂਆਂ ’ਚ ਵਿਚਾਰਕ ਮੱਤਭੇਦ ਵੀ ਹੋਣ ਪਰ ਕਿਸੇ ਨੇ ਵੀ ਇਸ ਅੰਦੋਲਨ ਮਾੜਾ ਪਰਛਾਵਾਂ ਨਹੀਂ ਪੈਣ ਦਿੱਤਾ। ਇਸ ਅੰਦੋਲਨ ਨੇ ਬਹੁਤ ਸਾਰੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ ਖਾਸਕਰ ਮਾਨਵਤਾ ਦਾ ਪਰਚਮ ਜਿਸ ਤਰੀਕੇ ਨਾਲ ਲਹਿਰਾਇਆ ਹੈ ਆਪਣੇ ਆਪ ’ਚ ਮਿਸਾਲ ਹੈ, ਇਸ ਦੇ ਨਾਲ ਹੀ ਅਨੁਸਾਸ਼ਤਾ, ਆਪਸੀ ਭਾਈਚਾਰਾ, ਖੁਦ ਆਪੋ ਆਪਣੀਆਂ ਡਿਊਟੀਆਂ ਨੂੰ ਸੰਭਾਲਣਾ, ਨਵਾਂ ਪੰਜਾਬੀ ਸੱਭਿਆਚਾਰ ਜੋ ਕਿਸਾਨੀ ਦਾ ਪੈਦਾ ਹੋਇਆ ਹੈ ਤੇ ਰਵਾਇਤੀ ਸੱਭਿਆਚਾਰ ਜੋ ਸਵਾਲਾਂ ਦੇ ਘੇਰੇ ਵਾਲਾ ਸੀ ਨੂੰਲਤਾੜ ਕੇ ਰੱਖ ਦਿੱਤਾ ਹੈ ਇਸ ਨੇ ਇਕ ਨਵੇਂ ਸੱਭਿਆਚਾਰ ਨੂੰ ਜਨਮ ਦਿੱਤਾ ਹੈ ਜੋ ਲੋਕ ਮਨਾਂ ਤੇ ਭਾਰੂ ਹੋ ਗਿਆ ਹੈ ਤੇ ਇਕ ਚੰਗੀ ਕਿਰਨ ਦਿਖ ਰਿਹਾ ਹੈ।
ਸਭ ਤੋਂ ਅਹਿਮ ਗੱਲ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਭੁੱਖੇ ਸਾਧੂਆਂ ਛਕਾਇਆ ਲੰਗਰ ਅੱਜ ਵੀ ਅਤੁਟ ਵਰਤ ਰਿਹਾ ਹੈ । ਇਸ ਦੇ ਨਾਲ ਹੀ ਇਸ ਅੰਦੋਲਨ ’ਚ ਬੀਬੀਆਂ ਦਾ ਜੋ ਸਤਿਕਾਰ ਵਧਿਆ ਅਤੇ ਉਨਾਂ ਆਪਣੀ ਗੱਲ ਕਹਿਣ ਦਾ ਮੌਕਾ ਦੇਣਾ , ਖੁਦ ਟਰੈਕਟਰਾਂ ਤੇ ਆਪਣੇ ਭਰਾਵਾਂ ਨਾਲ ਜਾ ਖੜੇ ਹੋਣਾ ਆਪਣੇ ਆਪ ’ਚ ਵਿਲੱਖਣ ਹੋ ਨਿਬੜਿਆ ਹੈ । ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਅੰਦੋਲਨ ਨੇ ਕਿਸਾਨਾਂ ਦੇ ਨਾਲ ਹੀ ਵਰਗ ਨੂੰ ਖੜਾ ਕਰ ਦਿੱਤਾ ਹੈ ਸਰਕਾਰ ਦੀਆਂ ਹਰ ਤਰਾਂ ਦੀਆਂ ਚਾਲਾਂ ਲਤਾੜ ਕੇ ਇਸ ਵੇਲੇ ਸਿਰਫ ਇਕੋ ਇਕ ਨਿਸ਼ਾਨਾ ਕਿਸਾਨਾਂ ਦੇ ਖੇਤੀ ਕਾਨੂੰਨਾਂ ਨੂੰ ਵਾਪਿਸ ਕਰਵਾਉਣਾ ਹੀ ਹੈ। ਜਿਸ ਤਰੀਕੇ ਨਾਲ ਹਰਿਅਣਾ ਦੇ ਲੋਕਾਂ ਨੇ ਕਿਸਾਨਾਂ ਲਈ ਘਰਾਂ ਦੇ ਬੂਹੇ ਖੋਲੇ ਹਨ ਤੇ ਪੰਜਾਬ ਨੂੰ ਵੱਡਾ ਭਰਾ ਵਾਲਾ ਮਾਣ ਦਿੱਤਾ ਹੈ, ਇਸ ਦੀ ਮਿਸਾਲ ਵੱਡੀ ਹੈ। ਕਿਸਾਨਾਂ ਨੇ ਵੀ ਸ਼ਾਂਤ ਅੰਦੋਲਨ ਕਰਕੇ ਲੋਕਾਂ ਦੇ ਦਿੱਲ ਜਿੱਤੇ ਹਨ , ਜਿਸ ਕਰਕੇ ਇਹ ਅੰਦੋਲਨ ਹੁਣ ਅੰਤਰਰਾਸ਼ਟਰੀ ਬਣ ਗਿਆ ਹੈ ਤੇ ਹਰ ਵਿਆਕਤੀ ਦੀ ਜੁਬਾਨ ਤੇ ਹੈ।
ਹਰ ਵਿਆਕਤੀ ਇਸ ਵਿਚ ਆਪਣਾਂ ਯੋਗਦਾਨ ਪਾਉਣ ਨੂੰ ਆਪਣਾ ਫਰਜ਼ ਸਮਝਦਾ ਹੈ ਤੇ ਇਸ ਅੰਦੋਲਨ ’ਚ ਆਪਣੇ ਆਪ ਨੂੰ ਭਾਗੀਦਾਰ ਬਣਾਕੇ ਜਿਥੇ ਆਪਣੇ ਆਪ ‘ਚ ਫਖਰ ਮਹਿਸੂਸ ਕਰ ਰਿਹਾ ਹੈ ਉਥੇ ਇਸ ਅੰਦੋਲਨ ’ਚ ਭਾਗ ਲੈਣ ਨੂੰ ਕਿਸੇ ਵੀ ਤੀਰਥ ਯਾਤਰਾ ਤੋਂ ਘੱਟ ਨਹੀਂ ਸਮਝਿਆ ਜਾ ਰਿਹਾ । ਦਿਲਚਸਪ ਗੱਲ ਇਹ ਹੈ ਕਿ ਇਸ ਅੰਦੋਲਨ ਦੇ ਪ੍ਰਬੰਧਕ ਜੋ ਵੀ ਕੋਈ ਵਸਤ ਦੀ ਘਾਟ ਦਾ ਸੁਪਨਾ ਲੈਂਦੇ ਹਨ ਸਵੇਰੇ ਅੱਖਾਂ ਖੁਲਣ ਤੋਂ ਪਹਿਲਾਂ ਪੂਰੀ ਹੋਈ ਹੁੰਦੀ ਹੈ , ਜਿਸ ਕਰਕੇ ਬਹੁਤ ਸਾਰੇ ਲੋਕਾਂ ਦੇ ਮੁੰਹੋਂ ਇਹ ਗੱਲੀ ਸੁਣੀ ਜਾਂਦੀ ਹੈ ਕਿ ਉਥੇ ਬਾਬਾ ਨਾਨਕ ਖੁਦ ਰਹਿਮਤ ਕਰਕੇ ਇਸ ਨੂੰ ਸਫਲਤਾ ਪੂਰਵਕ ਚਲਵਾ ਰਿਹਾ ਹੈ।
ਜੇ ਇਸ ਅੰਦੋਲਨ ਦੀ ਅਹਿਮ ਕੜੀ ਤੇ ਝਾਤੀ ਮਾਰੀ ਜਾਵੇ ਉਹ ਹੈ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਕੇਂਦਰ ਸਰਕਾਰ ਦੀ ਤ੍ਰੈ ਮੂਰਤੀ ਵਜ਼ੀਰਾਂ ਨੂੰ ਦਲੀਲਾਂ ਦੇ ਸਿਕੰਜ਼ੇ ’ਚ ਕਸ ਕੇ ਰੱਖਣਾ ਅਤੇ ਉਨਾਂ ਨੂੰ ਜਵਾਬਹੀਣ ਬਣਾਉਣਾ । ਭਾਵੇਂ ਕੇਂਦਰ ਸਰਕਾਰ ਆਪਣਾ ਅੜੀਅਲ ਰਵਈਆ ਅਪਣਾ ਰਹੀ ਹੈ ਪਰ ਕਿਸਾਨ ਆਗੂਆਂ ਦੀਆਂ ਦਲੀਲਾਂ ਅੱਗੇ ਬੇਵਸ ਹੈ। ਇਥੇ ਹੀ ਬਸ ਨਹੀਂ ਕਿ ਕੇਂਦਰ ਸਰਕਾਰ ਦੀ ਕੋਈ ਵੀ ਸਿਆਸੀ ਚਾਲਬਾਜ਼ੀ ਕਿਸੇ ਵੀ ਆਗੂ ਨੂੰ ਵੱਖ ਨਹੀਂ ਕਰ ਸਕੀ ਇਹ ਆਗੂ ਨਿਰ ਸਵਾਰਥ ਹੋਕੇ ਕਿਸਾਨਾਂ ਦੀ ਲੜਾਈ ਲੜ ਰਹੇ ਹਨ। ਪੰਜਾਬ , ਹਰਿਆਣਾ, ਰਾਜਸਥਾਨ, ਉਤਰਪ੍ਰਦੇਸ਼, ਜੰਮੂ ਕਸ਼ਮੀਰ ,ਹਿਮਾਚਲ, ਮੱਧ ਪ੍ਰਦੇਸ , ਕੇਰਲ, ਕਰਨਾਟਕ, ਮਹਾਂਰਸਟਰ ਸਮੇਤ ਸਾਰੇ ਹੀ ਰਾਜਾਂ ਦੇ ਲੋਕਾਂ ਨੇ ਇਸ ਅੰਦੋਲਨ ’ਚ ਯੋਗਦਾਨ ਨਿਰਸਵਾਰਥ ਹੋਕੇ ਪਾਇਆ ਹੈ ਤੇ ਉਹ ਆਪਣੇ ਆਪ ’ਚ ਇਕ ਅਹਿਮ ਮਿਸਾਲ ਹੈ। ਸਿਆਸੀ ਲੋਕਾਂ ਨੇ ਪੰਜਾਬੀਆਂ ਦੀ ਜੋ ਪੱਗ 1984 ’ਚ ਉਤਾਰੀ ਅੱਜ ਉਹੀ ਪੰਜਾਬੀ ਮਸੀਹਾ ਬਣਕੇ ਅੱਗੇ ਆਏ ਹਨ ਤੇ ਇਨਾਂ ਲੋਕਾਂ ਨੂੰ ਜੋ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ ਇਹ ਵੱਡੀ ਗੱਲ ਹੈ।
ਜਿਸ ਤਰੀਕੇ ਨਾਲ ਸਿਆਸੀ ਪਾਰਟੀਆਂ ਨੂੰ ਇਸ ਅੰਦੋਲਨ ’ਚੋਂ ਖਦੇੜਿਆ ਹੈ ਉਸ ਨੇ ਨਵੀਂ ਚਰਚਾ ਹੀ ਨਹੀਂ ਛੇੜੀ ਸਗੋਂ ਆਗੂਆਂ ਦੀ ਜਿੰਮੇਵਾਰੀ ਵਧਾਈ ਹੈ ਅਤੇ ਨਵੇਂ ਸਿਆਸੀ ਸਮੀਕਰਨਾਂ ਨੂੰ ਜਨਮ ਦਿੱਤਾ ਹੈ ਜਿਸ ਤੋ ਆਸ ਰੱਖੀ ਜਾ ਰਹੀ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਤੱਕ ਨਵੇਂ ਸਿਆਸੀ ਸਮੀਕਰਨ ਵੀ ਉਪਜ ਸਕਦੇ ਹਨ। ਪੰਜਾਬ ਤੇ ਲੋਕ ਲੰਬੇ ਸਮੇਂ ਰਵਾਇਤੀ ਪਾਰਟੀਆਂ ਦੀਆਂ ਲੋਕ ਮਾਰ ਨੀਤੀਆਂ ਤੋਂ ਅੱਕੇ ਹੋਏ ਹਨ ਜੋ ਨਵਾਂ ਬਦਲ ਚਾਹੁੰਦੇ ਹਨ । ਇਨਾਂ ਪੰਜਾਬੀਆਂ ਨੂੰ ਸਾਲ 1989, 2016 ਨੇ ਨਿਰਾਸ਼ ਹੀ ਕੀਤਾ ਹੈ ਪਰ ਲੋਕਾਂ ਨੂੰ ਹੁਣ ਇਸ ਅੰਦੋਲਲ ਤੇ ਵੱਡੀ ਆਸ ਹੈ ਕਿ ਇਸ ਵਿਚੋਂ ਕੋਈ ਨਵੀਂ ਧਿਰ ਜਨਮ ਲਵੇਗੀ ਜੋ ਉਨਾਂ ਦੀ ਸੋਚ ਤੇ ਖਰੀ ਉਤਰੇਗੀ ਅਤੇ ਪੰਜਾਬ ਤੇ ਲੰਬੇ ਸਮੇਂ ਦੇ ਅੱਲੇ ਜਖਮ ਜੋ ਸਿਆਸੀ ਲੋਕਾਂ ਨੇ ਦਿਤੇ ਹਨ ਤੋਂ ਛੁਟਕਾਰਾ ਪਾਉਣ ਦਾ ਸਮਾਂ ਆ ਗਿਆ ਹੈ। ਜੇਕਰ ਫੁੱਟ ਪਾਊ ਸ਼ਕਤੀਆਂ ਦੀਆਂ ਚਾਲਾਂ ਨਾ ਚੱਲਣ ਦਿੱਤੀਆਂ ਤਾਂ ਭਵਿੱਖ ’ਚ ਵੱਡੇ ਸਿਆਸੀ ਬਦਲਾਅ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ।
ਇਕ ਪਾਸੇ ਕੇਂਦਰ ਸਰਕਾਰ ਵੱਲੋਂ ਮਲਕ ਭਾਗੋ ਕਰਾਪੋਰੇਟ ਘਰਾਣਿਆਂ ਦਾ ਪੱਖ ਪੂਰਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਕਿਸਾਨੀ ਅੰਦੋਲਨ ਭਾਈ ਲਾਲੋ ਦੀ ਤਰਜਮਾਨੀ ਕਰ ਰਿਹਾ ਹੈ। ਇਸ ਅੰਦੋਲਨ ਸਾਡੀ ਜਿੰਦਗੀ ’ਚ ਵੱਡੇ ਬਦਲਾਅ ਲਿਆ ਦਿੱਤੇ ਹਨ। ਅੱਜ ਵਿਸ਼ਵ ਭਰ ਦੇ ਲੋਕਾਂ ਦੀਆਂ ਅਰਦਾਸਾਂ ਤੇ ਦੁਆਬਾਂ ਇਸ ਅੰਦੋਲਨ ਨੂੰ ਵੱਡਾ ਹੁਲਾਰਾ ਦੇ ਰਹੀਆਂ ਹਨ, ਸਾਨੂੰ ਪੂੁਰਨ ਆਸ ਹੈ ਕਿ ਇਸ ਵਿਚੋਂ ਜ਼ਰੂਰ ਨਵੀਂ ਸੋਚ ਵਾਲੀ ਕਿਰਨ ਜਨਮ ਲਵੇਗੀ ਜੋ ਕਰੋੜਾਂ ਕਿਰਤੀਆਂ ਦੇ ਹਿਰਦਿਆਂ ਨੂੰ ਸ਼ਾਂਤ ਕਰੇਗੀ।
ਮੋਬਾਇਲ ਨੰਬਰ : 98146-08286
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.