EDITORIAL

ਲਕਸ਼ਮੀ ਦੀ ਪੂਜਾ ਜਾਂ  ਸੁਰੱਖਿਆ ? ਹਰ 17 ਮਿੰਟਾਂ ਮਗਰੋਂ ‘ਲਕਸ਼ਮੀ’ ਦਾ ਬਲਾਤਕਾਰ

'ਲਕਸ਼ਮੀ ਸਫ਼ਰ 'ਚ ਸੁਰੱਖਿਅਤ ਨਹੀਂ

ਅਮਰਜੀਤ ਸਿੰਘ ਵੜੈਚ (94178-01988) 

ਕੱਲ੍ਹ ਸਵੇਰੇ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਦੋ ਖ਼ਬਰਾਂ  ਪੜ੍ਹਕੇ ਮਨ ਬੜਾ ਉਦਾਸ ਹੋਇਆ : ਪਹਿਲੀ ਖ਼ਬਰ ਸੀ ਝਾਰਖੰਡ ਦੇ ਪੱਛਮੀ ਜ਼ਿਲ੍ਹੇ ਸਿੰਘਭੂਮ ਦੀ ਜਿਥੇ 10 ਦਰਿੰਦਿਆਂ ਨੇ ਇਕ ਸੌਫ਼ਟਵੇਅਰ ਇੰਜਨੀਅਰ ਲੜਕੀ ਦੀ ਜ਼ਿੰਦਗੀ ਨਰਕ ਤੋਂ ਵੀ ਬਦਤਰ ਬਣਾ ਦਿਤੀ ਤੇ ਦੂਜੀ ਖ਼ਬਰ ਸੀ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਮਜੀਠੇ ਨੇੜੇ ਇਕ ਪਿੰਡ ਦੀ ਜਿਥੇ ਦੋ ਸ਼ੈਤਾਨਾਂ ਨੇ ਇਕ ਵਿਧਵਾ ਮਾਂ ਦੀ  ਨਾਬਾਲਿਗ ਧੀ ਦੀ ਇਜ਼ਤ ਨਾਲ਼  ਖਿਲਵਾੜ ਕਰਕੇ ਉਸ ਨੂੰ ਉਸਦੇ ਘਰ ‘ਚ ਹੀ ਫਾਹੇ ਲਾ ਦਿਤਾ ਤੇ ਆਪ ਫ਼ਰਾਰਾ ਹੋ ਗਏ ।

ਜਦੋਂ ਕਿਸੇ ਘਰ ਲੜਕੀ ਜਨਮ ਲੈਂਦੀ ਹੈ ਤਾਂ ਕਿਹਾ ਜਾਂਦਾ ਹੈ ‘ਲਕਸ਼ਮੀ ਆਈ ਹੈ’, । ਅੱਜ  ਦਿਵਾਲੀ ਹੈ ! ਭਾਰਤ ਅੱਜ ‘ਲਕਸ਼ਮੀ ਦੇਵੀ ‘ ਦੀ  ਪੂਜਾ ਕਰੇਗਾ  । ਜਿਥੇ  ਮੰਦਰਾਂ ‘ਚ ਅਸੀਂ ਨਾਰੀ ਨੂੰ  ਦੇਵੀ ਵਜੋਂ ਪੂਜਦੇ ਹਾਂ ਓਸੇ ਹੀ ਦੇਸ਼ ਵਿੱਚ ਕੁਝ ਸ਼ੈਤਾਨ ਲੋਕ ਔਰਤ ਦੀ ਇਜ਼ਤ ਨਾਲ਼ ਖਿਲਵਾੜ ਕਰਨ ਲੱਗਿਆਂ ਜ਼ਰਾ ਵੀ ਨਹੀਂ ਸੋਚਦੇ ਕਿ ਉਹ ਐਡਾ ਘਿਨਾਉਣਾ ਕੁਕਰਮ ਕਰਕੇ ਆਪਣੀ ਮਾਂ ਜਾਂ ਭੈਣ ਦੇ ਸਾਹਮਣੇ ਕਿਵੇਂ ਜਾਣਗੇ ?  ਉਂਜ ਅਸੀਂ ਹਰ ਵਰ੍ਹੇ 8 ਮਾਰਚ ਨੂੰ ‘ਨਾਰੀ ਦਿਵਸ’ ਮਨਾਉਂਦੇ ਹਾਂ ।

ਇਸੇ ਵਰ੍ਹੇ ਭਾਰਤ ਨੇ ਬੜੇ ਮਾਣ ਨਾਲ਼ ਦੇਸ਼ ਦੇ ਸੱਭ ਤੋਂ ਉੱਚੇ ਅਹੁਦੇ ਰਾਸ਼ਟਰਪਤੀ ਪਦ ਲਈ ਇਕ ਕਬਾਇਲੀ ਨਾਰੀ ਸ਼੍ਰੀ ਮਤੀ ਦਰੋਪਦੀ ਮੁਰਮੂ ਨੂੰ ਬੜੇ ਮਾਣ ਨਾਲ਼ ਰਾਸ਼ਟਰਪਤੀ ਦੇ ਰੁਤਬੇ ‘ਤੇ ਸੁਸ਼ੋਭਤ ਹੋਣ ਦੀਆਂ ਵਧਾਈਆਂ ਦਿਤੀਆਂ ਸਨ, ਇਸੇ ਵਰ੍ਹੇ ਆਜ਼ਾਦੀ ਦਿਵਸ ‘ਤੇ ਲਾਲ ਕਿਲ੍ਹੇ ਤੋਂ ਬੋਲਦਿਆਂ ਪੀਐੱਮ ਮੋਦੀ ਨੇ ਦੇਸ਼ ਨੂੰ ਨਾਰੀ ਪ੍ਰਤੀ ਰਵੱਈਆ ਬਦਲਣ ਦਾ ਸੁਨੇਹਾ ਦਿਤਾ ਸੀ, ਇਸੇ ਵਰ੍ਹੇ ਕਾਂਗਰਸ ਦੇ ਅਧੀਰ ਰੰਜਨ ਚੌਧਰੀ ਵੱਲੋਂ ਜ਼ੁਬਾਨ ਫਿਸਲਣ ਕਰਕੇ ਰਾਸ਼ਟਰਪਤੀ ਨੂੰ ‘ਰਾਸ਼ਟਰਪਤਨੀ’ ਕਹੇ ਜਾਣ ‘ਤੇ ਦੇਸ਼ ਵਿੱਚ ਰੌਲ਼ਾ ਪੈ ਗਿਆ ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਲੋਕਸਭਾ ‘ਚ ਇਹ ਮੁੱਦਾ ਚੀਕ-ਚੀਕ ਕੇ ਚੁੱਕਿਆ ਤੇ ਚੌਧਰੀ ਨੂੰ ਮੁਆਫ਼ੀ ਮੰਗਣ ਲਈ ਕਿਹਾ ਸੀ  (ਚੌਧਰੀ ਨੇ ਮੁਆਫ਼ੀ ਮੰਗ ਲਈ ਸੀ ) ।

ਦਸ ਸਾਲ ਪਹਿਲਾਂ ਕੇਂਦਰ ‘ਚ  ਯੂਪੀਏ ਦੀ ਸਰਕਾਰ ਸਮੇਂ 16 ਦਿਸੰਬਰ 2012 ਨੂੰ ਦਿੱਲੀ ‘ਚ ਇਕ ਲੜਕੀ ਦਾ ਚੱਲਦੀ ਬੱਸ ‘ਚ ਛੇ ਸ਼ੈਤਾਨਾਂ ਨੇ ਬਲਾਤਕਾਰ ਕੀਤਾ । ਇਹ ਕੇਸ ‘ਨਿਰਭੈਆ ਕੇਸ’ ਕਰਕੇ ਵਿਸ਼ਵ ‘ਚ ਚਰਚਿਤ ਹੋਇਆ ਸੀ ਜਿਸ ‘ਤੇ ਬਾਅਦ ‘ਚ ਸਰਕਾਰ ਨੇ  ‘ਨਿਰਭੈਆ ਕਾਨੂੰਨ’ ਵੀ ਬਣਾਇਆ ਸੀ । ਇਸ ਦੁਰਘਟਨਾ ਨੇ ਪੂਰੇ ਦੇਸ਼ ਵਿੱਚ ਗੁੱਸੇ ਦੀ ਇਕ ਜ਼ਬਰਦਸਤ ਅੱਗ ਭੜਕਾ ਦਿਤੀ ਸੀ ਜਿਸ ਨੇ ਨਿੱਜੀ ਟੀਵੀ ਚੈਨਲਾਂ ਦੀ ਟੀਆਰਪੀ ਵਧਾਉਣ ‘ਚ ਕਾਫ਼ੀ ‘ਮਦਦ’ ਕੀਤੀ ਸੀ ।

ਇਸੇ ਵਰ੍ਹੇ ਮਾਰਚ ਮਹੀਨੇ ‘ਚ ਇਕ 40 ਸਾਲਾ ਸ਼ੈਤਾਨ ਨੇ ਛੇ ਮਹੀਨੇ ਦੀ ਬੱਚੀ ਨਾਲ਼ ਦਿੱਲੀ ‘ਚ ਬਲਾਤਕਾਰ ਕਰ ਦਿੱਤਾ, ਇਸੇ ਵਰ੍ਹੇ ਝਾਰਖੰਡ ‘ਚ ਦੁਮਕਾ ਜ਼ਿਲ੍ਹੇ ‘ਚ ਇਕ ਲੜਕੀ ਨੂੰ ਓਹਦੇ ਘਰ ‘ਚ ਵੜਕੇ ਇਸ ਕਰਕੇ ਅੱਗ ਲਾ ਦਿਤੀ ਕਿਉਂਕਿ ਉਹ ਲੜਕੀ ਉਸ ਲੜਕੇ ਨਾਲ਼ ਵਿਆਹ ਨਹੀਂ ਸੀ ਕਰਾਉਣਾ ਚਾਹੁੰਦੀ । ਇਸੇ ਮਹੀਨੇ ਝਾਰਖੰਡ ਦੇ ਹੀ ਇਕ ਸਬਾਕਾ ਆਈਏਐੱਸ ਅਫ਼ਸਰ ਦੀ ਪਤਨੀ ਸੀਮਾ ਪਾਤਰਾ ‘ਤੇ ਉਹਦੀ ਕੰਮ ਕਰਨ ਵਾਲ਼ੀ ਔਰਤ ਨਾਲ਼ ਕੁੱਟਮਾਰ ਕਰਨ ਦੇ ਦੋਸ਼ ਲੱਗੇ ਸਨ ।

ਨੈਸ਼ਨਲ ਕਰਾਈਮ ਬਿਊਰੋ ਦੀ 2020 ਦੀ ਰਿਪੋਰਟ ਮੁਤਾਬਿਕ ਦੇਸ਼ ਵਿੱਚ ਉਸ ਵਰ੍ਹੇ ਕੁੱਲ 28153 ਬਲਾਤਕਾਰ ਦੇ ਕੇਸ ਦਰਜ ਹੋਏ ਸਨ । ਇਸ ਹਿਸਾਬ ਨਾਲ਼ ਹਰ 17 ਮਿੰਟਾਂ ਮਗਰੋਂ ਦੇਸ਼ ਵਿੱਚ ਕਿਤੇ ਇਕ ਔਰਤ ਦੀ ਜ਼ਿੰਦਗੀ ਬਰਬਾਦ ਕਰ ਦਿਤੀ ਜਾਂਦੀ ਹੈ ਭਾਵ ਹਰ ਰੋਜ਼ 77 ਕੇਸ ਬਕਾਤਕਾਰਾਂ ਦੇ ! ਇਨ੍ਹਾਂ ਵਿੱਚ ਵੀ ਸੱਤ ਪੀੜਤ ਲੜਕੀਆਂ 16 ਸਾਲ ਤੋਂ ਘੱਟ  ਉਮਰ ਦੀਆਂ ਹੁੰਦੀਆਂ ਹਨ ।  ‘ਦਾ ਹਿੰਦੂ’ ਅਖ਼ਬਾਰ ਦੇ ਇਸ ਵਰ੍ਹੇ ਦੇ 31 ਅਗਸਤ ਦੇ ਔਨਲਾਈਨ ਅਡੀਸ਼ਨ ‘ਚ ਐੱਨਸੀਆਰਬੀ ਦੇ ਹਵਾਲੇ ਨਾਲ ਖ਼ਬਰ ਹੈ ਕਿ ਸਾਲ 2021 ‘ਚ ਭਾਰਤ ‘ਚ 31677 ਬਲਾਤਕਾਰ ਦੇ ਕੇਸ ਹੋਏ ਸਨ ਜਿਸ ਮੁਤਾਬਿਕ ਹਰ ਰੋਜ਼ ਬਲਾਤਕਾਰ ਹੋਣ ਦੀ ਔਸਤ ਦਰ ਹੁਣ 86 ਹੋ ਗਈ ਹੈ ਜੋ ਦੇਸ ਲਈ ਸ਼ਰਮ ਨਾਲ਼ ਡੁੱਬ ਮਰਨ ਵਾਲ਼ੀ ਗੱਲ ਹੈ । ਉਂਜ ਦੇਸ਼ ਵਿੱਚ ਔਰਤਾਂ ਨਾਲ਼  ਬਲਾਤਕਾਰ ਸਮੇਤ ਹੋਰ ਹੋਣ ਵਾਲ਼ੇ ਅਪਰਾਧਾਂ  ਦੀ ਦਰ ਪ੍ਰਤੀ ਘੰਟਾ 49 ਹੈ ।

ਦੇਸ਼ ਵਿੱਚ ‘ਸਵੱਛਤਾ ਅਭਿਆਨ’, ਚੱਲ ਸਕਦਾ ਹੈ, ਦੁਨੀਆਂ ਦੀ ਸੱਭ ਤੋਂ ਉੱਚੀ ਮੂਰਤੀ ਬਣਾਉਣ ਲਈ ਦੇਸ਼ ‘ਚੋਂ ਲੋਹਾ ਇਕੱਠਾ ਕੀਤਾ ਜਾ ਸਕਦਾ ਹੈ, ਦੇਸ਼ ‘ਚ  ‘ਰੱਥ ਯਾਤਰਾ’ ਤੇ ‘ਭਾਰਤ ਜੋੜੋ ਯਾਤਰਾ’ ਆਯੋਜਿਤ ਹੋ ਸਕਦੀਆਂ ਹਨ, ਕੋਵਿਡ ਤੋਂ ਬਚਾ ਲਈ ਸਾਰਾ ਦੇਸ਼ ਬੰਦ ਹੋ ਸਕਦਾ ਹੈ, ਨੋਟਬੰਦੀ ਹੋ ਸਕਦੀ ਹੈ, ‘ਇਕ ਦੇਸ਼ ਇਕ ਟੈਕਸ ‘ ਹੋ ਸਕਦਾ ਹੈ , ਵਿਸ਼ਵ ਦੇ ਇਸ ਸੱਭ ਤੋਂ ਵੱਡੇ ਲੋਕਤੰਤਰ ਦੀਆਂ  ਇਕੋ ਵਾਰੀ ਚੋਣਾਂ ਹੋ ਸਕਦੀਆਂ ਹਨ…ਤਾਂ ਫਿਰ ਜਿਸ ਨਾਰੀ ‘ਚ ਮੋਦੀ ਜੀ ‘ਰਾਸ਼ਟਰ ਦੇ ਸੁਪਨੇ ਪੂਰੇ ਕਰਨ ਵਾਲ਼ੀ ਸ਼ਕਤੀ’ ਵੇਖ ਰਹੇ ਹਨ ਉਸ ਦੀ ਸੁਰੱਖਿਆ ਲਈ ਦੇਸ਼ ਵਿਆਪੀ ਕੋਈ ਸ਼ਕਤੀਸਾਲੀ ਪ੍ਰੋਗਰਾਮ ਕਿਉਂ ਨਹੀਂ ਹੋ ਸਕਦਾ ?

ਸਾਡਾ’ ਆਪੇ-ਬਣਿਆਂ’ ‘ਰਾਸ਼ਟਰੀ ਮੀਡੀਆ’ (ਨਿੱਜੀ ਚੈਨਲ) ਹਰ ਰੋਜ਼ ਧਰਮ,ਅੱਤਵਾਦ ਤੇ ਪਾਕਿਸਤਾਨ ਨਾਲ਼ ਸਬੰਧਿਤ ਵਿਸ਼ਿਆਂ ‘ਤੇ ਘੰਟਿਆਂ ਬੱਧੀ ਬਹਿਸ ਕਰਵਾ ਸਕਦੇ ਹਨ ਪਰ ਇਨ੍ਹਾਂ ਨੂੰ ਮਜੀਠੇ ਜਾਂ ਝਾਰਖੰਡ ਦੇ ਦੂਰ-ਦਰਾਜ ਇਲਾਕੇ ‘ਚ ਹੋਇਆ ਬਲਾਤਕਾਰ ਇਸ ਕਰਕੇ ਬਲਾਤਕਾਰ ਨਹੀਂ ਲਗਦਾ ਕਿਉਂਕਿ ਉਸ ਨਾਲ਼ ਦੇਸ਼ ਦੇ ਮੈਟਰੋ ਸ਼ਹਿਰਾਂ ‘ਚ ਟੀਆਰਪੀ ਨਹੀਂ ਵਧਣੀ ਜਿਸ ਨਾਲ਼ ਰੋਜ਼ ਇਸ਼ਤਿਹਾਰਾਂ ਦੇ ਰੇਟ ਤਹਿ ਹੋਣੇ ਹੁੰਦੇ  ਹਨ ।

ਅਮਰੀਕਾ ਦੀ ‘ਟਰੈਵਲ ਇੰਡੱਸਟਰੀ ਐਸੋਸੀਏਸ਼ਨ’ ਅਨੁਸਾਰ  ਏਸ਼ੀਆ ‘ਚੋਂ ਸਿਰਫ਼ ਸਿੰਗਾਪੁਰ ਇਕੋ ਦੇਸ਼ ਹੈ ਜੋ ਇਕੱਲੀ ਔਰਤ ਦੇ ਸਫ਼ਰ ਕਰਨ ਲਈ ਸੁਰੱਖਿਅਤ ਹੈ ।  .’ ਸਵਾ ਸੌ ਦੇਸ਼ ਵਾਸੀਆਂ ‘ ਵਾਲ਼ੇ ਦੁਨੀਆਂ ਦੇ ਸੱਭ ਤੋਂ ਵੱਡੇ ਲੋਕਤੰਤਰ  ਭਾਰਤ ਦਾ  ਨਾਂ ਦੇਸ਼ ‘ਚ  ਇਕੱਲੀ ਔਰਤ ਦੇ ਸਫ਼ਰ ਕਰਨ ਵਾਲ਼ੇ ਸੱਭ ਤੋਂ ਸੁਰੱਖਿਅਤ ਪਹਿਲੇ  10 ਮੁਲਕਾਂ ‘ਚ ਵੀ  ਨਹੀਂ ਆਂਉਂਦਾ । ਭਾਰਤ ਇਸ ਲਿਸਟ ਵਿੱਚ 42 ਵੇਂ ਸਥਾਨ ‘ਤੇ ਹੈ । ਵਿਸ਼ਵ ਵਿੱਚ ਇਕੱਲੀ ਔਰਤ ਲਈ  ਸਫ਼ਰ ਕਰਨ ਲਈ ਸੱਭ ਤੋਂ ਵੱਧ  10 ਸੁਰੱਖਿਅਤ ਮੁਲਕਾਂ ਵਿੱਚ ਸਪੇਨ,ਸਿੰਗਾਪੁਰ ,ਆਇਰਲੈਂਡ, ਆਸਟਰੀਆ, ਸਵਿਟਜ਼ਰਲੈਂਡ,   ਨੌਰਵੇ, ਪੁਰਤਗਾਲ,ਕਰੋਏਸ਼ੀਆ,ਕਨੇਡਾ ਤੇ ਪੋਲੈਂਡ ਆਉਂਦੇ ਹਨ ।

ਦੇਸ਼ ਦੇ ‘ਰਹਿਬਰਾਂ’ ਨੂੰ  ਅੱਜ ‘ਲਕਸ਼ਮੀ ਪੂਜਾ ‘ ‘ਤੇ ਇਕ ਸਵਾਲ ਤਾਂ ਕਰਨਾ ਬਣਦਾ ਹੈ ਕਿ  ਕੀ ਸਿਰਫ਼ ਲਕਸ਼ਮੀ ਦੀ ਪੂਜਾ ਹੀ ਕਰਦੇ ਰਹਾਂਗੇ ਜਾਂ ਫਿਰ ਲਕਸ਼ਮੀ ਦੀ ਹਿਫ਼ਾਜ਼ਤ ਵੀ ਕਰਨੀ ਸਿਖਾਂਗੇ ? ਕਿਉਂ ਨਹੀਂ ਇਸ ਦਿਨ ਨੂੰ ‘ਲਕਸ਼ਮੀ ਪੂਜਾ’ ਦੀ ਥਾਂ ਲਕਸ਼ਮੀ-ਸੁਰੱਖਿਆ ਦਿਵਸ ‘ ਵਜੋਂ ਮਨਾਇਆ ਜਾਵੇ ?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button