
ਵਿਦਿਆਰਥੀਆਂ ’ਤੇ ਤਸ਼ੱਦਦ ਢਾਹੇ ਦੀ ਜਵਾਬਦੇਹੀ ਤੈਅ ਕਰਨ ਦਾ ਵੀ ਦਿੱਤਾ ਸੱਦਾ, ਜ਼ੋਰ ਦੇ ਕਿਹਾ ਕਿ ਐਨ ਐਸ ਏ ਵਰਗੇ ਕਾਲੇ ਕਾਨੂੰਨ ਲਾਗੂ ਕਰਨਾ ਲੋਕਤੰਤਰ ਲਈ ਸਹੀ ਨਹੀਂ
ਚੰਡੀਗੜ੍ਹ, 23 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਦੂਰ ਕੀਤੀਆਂ ਜਾਣ ਅਤੇ ਜ਼ੋਰ ਦੇ ਕੇ ਕਿਹਾ ਕਿ ਫਾਸਟ ਟਰੈਕ ਅਦਾਲਤਾਂ ਸਥਾਪਿਤ ਕਰਨ ਦਾ ਫੈਸਲਾ ਦੇਰੀ ਨਾਲ ਚੁੱਕਿਆ ਗਿਆ ਬਹੁਤ ਛੋਟਾ ਕਦਮ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਬਠਿੰਡਾ ਦੇ ਐਮ ਪੀ ਨੇ ਸ਼ਾਂਤਮਈ ਢੰਗ ਨਾਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ’ਤੇ ਤਸ਼ੱਦਦ ਢਾਹੁਣ ਵਾਲਿਆਂ ਜਵਾਬਦੇਹੀ ਵੀ ਤੈਅ ਕੀਤੀ ਜਾਵੇ। ਉਹਨਾਂ ਕਿਹਾ ਕਿ ਅਸੀਂ ਦਿੱਲੀ ਦੇ ਉਪ ਰਾਜਪਾਲ ਅਤੇ ਪੁਲਿਸ ਕਮਿਸ਼ਨਰ ਕੋਲੋਂ ਇਹ ਜਵਾਬ ਚਾਹੁੰਦੇ ਹਾਂ ਕਿ ਉਹਨਾਂ ਨੇ ਵਿਦਿਆਰਥੀਆਂ ’ਤੇ ਅਜਿਹਾ ਤਸ਼ੱਦਦ ਢਾਹੁਣ ਦੀ ਆਗਿਆ ਕਿਉਂ ਦਿੱਤੀ। ਉਹਨਾਂ ਕਿਹਾ ਕਿ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਉਹਨਾਂ ਪੁਲਿਸ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ਜਿਹਨਾਂ ਨੇ ਸਾਡੀਆਂ ਧੀਆਂ ਨੂੰ ਵੀ ਨਹੀਂ ਬਖਸ਼ਿਆ।
ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਇਹ ਵੀ ਪੁੱਛਿਆ ਕਿ ਕੇਂਦਰ ਸਰਕਾਰ ਨੇ ਦਿੱਲੀ ਪੁਲਿਸ ਨੂੰ ਤਿੰਨ ਮਹੀਨਿਆਂ ਤੱਕ ਲੋਕਾਂ ਨੂੰ ਬਿਨਾਂ ਮੁਕੱਦਮੇ ਦੇ ਹਿਰਾਸਤ ਵਿਚ ਰੱਖਣ ਵਾਸਤੇ ਨੈਸ਼ਨਲ ਸਕਿਓਰਿਟੀ ਐਕਟ (ਐਨ ਐਸ ਏ) ਵਰਗੇ ਕਾਲੇ ਕਾਨੂੰਨ ਨੂੰ ਲਾਗੂ ਕਰਨ ਦੀਆਂ ਸ਼ਕਤੀਆਂ ਕਿਉਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਅਜਿਹੇ ਕਾਲੇ ਕਾਨੂੰਨ ਲੋਕਤੰਤਰ ਲਈ ਸਹੀ ਨਹੀਂ ਹਨ।
ਅਕਾਲੀ ਆਗੂ ਨੇ ਆਮ ਆਦਮੀ ਪਾਰਟੀ (ਆਪ) ਵੱਲੋਂ ਇਸ ਸੰਵੇਦਨਸ਼ੀਲ ਮੁੱਦੇ ’ਤੇ ਸਸਤੀ ਰਾਜਨੀਤੀ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਮਨੀਸ਼ ਸਿਸੋਦੀਆ ਜਿਸਨੇ ਸਾਮ ਦਾਮ ਦੰਡ ਭੇਦ ਨਾਲ ਚੋਣਾਂ ਜਿੱਤਣ ਦਾ ਨਾਅਰਾ ਦਿੱਤਾ, ਨੇ ਝੂਠ ਬੋਲਿਆ ਕਿ ਪੰਜਾਬ ਵਿਚ ਜੇਕਰ ਕੋਈ ਪੇਪਰ ਲੀਕ ਹੋਇਆ ਤਾਂ ਤੁਰੰਤ ਬਰਖ਼ਾਸਤਗੀ ਹੋਵੇਗੀ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਆਪ ਦੇ ਰਾਜ ਵਿਚ ਪੰਜਾਬ ਵਿਚ ਲਗਾਤਾਰ ਪੇਪਰ ਲੀਕ ਹੋ ਰਹੇ ਹਨ। ਉਹਨਾਂ ਕਿਹਾ ਕਿ ਨਾਇਬ ਤਹਿਸੀਲਦਾਰਾਂ, ਖੇਤੀਬਾੜੀ ਅਫਸਰਾਂ, ਆਬਕਾਰੀ ਇੰਸਪੈਕਟਰਾਂ ਤੇ ਫਾਰਮੇਸੀ ਅਫਸਰਾਂ ਦੀ ਭਰਤੀ ਵਾਸਤੇ ਪੇਪਰ ਜਾਂ ਤਾਂ ਲੀਕ ਕੀਤੇ ਗਏ ਤੇ ਜਾਂ ਫਿਰ ਆਪ ਦੇ ਚਹੇਤੇ ਉਮੀਦਵਾਰਾਂ ਦੀ ਚੋਣ ਵਾਸਤੇ ਵਰਤੇ ਗਏ। ਉਹਨਾਂ ਕਿਹਾ ਕਿ ਇਹਨਾਂ ਕੇਸਾਂ ਵਿਚ ਨਾ ਤਾਂ ਸਿੱਖਿਆ ਮੰਤਰੀ ਤੇ ਨਾ ਹੀ ਸਿਹਤ ਮੰਤਰੀ ਦੇ ਖਿਲਾਫ ਕੋਈ ਕਾਰਵਾਈ ਕੀਤੀ ਗਈ।
ਆਪ ਦੇ ਦੋਗਲੇਪਨ ਨੂੰ ਬੇਨਕਾਬ ਕਰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਜਿਵੇਂ ਪੇਪਰ ਲੀਕ ਦੇ ਮਾਮਲੇ ਵਿਚ ਪੰਜਾਬ ਵਿਚ ਆਪ ਦਾਗੀ ਹੈ, ਇਸੇ ਤਰੀਕੇ ਉਹ ਸੂਬੇ ਵਿਚ ਬੇਰਹਿਮੀ ਤੇ ਦਹਿਸ਼ਤ ਨਾਲ ਪ੍ਰਸ਼ਾਸਨ ਚਲਾਉਣ ਲਈ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿਆਪ ਦੇ ਆਗੂ ਦਿੱਲੀ ਵਿਚ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਵਾਸਤੇ ਤਾਂ ਮਗਰਮੱਛ ਦੇ ਹੰਝੂ ਵਹਾ ਰਹੇ ਹਨ ਪਰ ਪੰਜਾਬ ਵਿਚ ਉਹ ਬੇਰਹਿਮੀ ਨਾਲ ਸਰਕਾਰ ਚਲਾ ਰਹੇ ਹਨ ਜੋ ਸਮਝਦੀ ਹੈ ਕਿ ਉਹ ਡਾਂਗਾਂ, ਹੰਝੂ ਗੈਸ ਤੇ ਜਲ ਤੋਪਾਂ ਨਾਲ ਰੋਜ਼ਾਨਾ ਆਧਾਰ ’ਤੇ ਕੰਮ ਚਲਾ ਸਕਦੀ ਹੈ। ਉਹਨਾਂ ਕਿਹਾ ਕਿ ਇਸ ਸਰਕਾਰ ਨੇ ਕਿਸੇ ਨੂੰ ਵੀ ਨਹੀਂ ਬਖਿਸ਼ਆ ਭਾਵੇਂ ਉਹ ਕਿਸਾਨ, ਮੁਲਾਜ਼ਮ, ਬਿਜਲੀ ਬੋਰਡ ਦੇ ਲਾਈਨਮੈਨ, ਮਨਰੇਗਾ ਵਰਕਰ ਜਾਂ ਸਫਾਈ ਸੇਵਕ ਹੋਣ। ਉਹਨਾਂ ਕਿਹਾ ਕਿ ਪੰਜਾਬ ਨੂੰ ਪੁਲਿਸ ਰਾਜ ਵਾਂਗੂ ਚਲਾਇਆ ਜਾਰਿਹਾ ਹੈ ਜਿਸ ਵਿਚ ਬਿਨਾਂ ਕਿਸੇ ਆਧਾਰ ਤੋਂ ਲੋਕਾਂ ਨੂੰ ਹਿਰਾਸਤ ਵਿਚ ਲਿਆ ਜਾਂਦਾ ਹੈ, ਰੋਸ ਵਿਖਾਵਾ ਕਰਨ ਵਾਲਿਆਂ ਨੂੰ ਕੁੱਟਿਆ ਜਾਂਦਾ ਹੈ ਤੇ ਲੋਕਾਂ ਦੀ ਆਵਾਜ਼ ਕੁਚਲਣ ਵਾਸਤੇ ਰੋਜ਼ਾਨਾ ਝੂਠੇ ਕੇਸ ਦਰਜ ਕੀਤੇ ਜਾਂਦੇ ਹਨ। ਉਹਨਾਂ ਕਿਹਾ ਕਿ ਇਹ ਤਾਨਾਸ਼ਾਹੀ ਨਹੀਂ ਚਲੇਗੀ ਅਤੇ ਪੰਜਾਬੀ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਾਂਝੇ ਤੌਰ ’ਤੇ ਇਸਦਾ ਭੋਗ ਪਾਉਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




