Breaking NewsD5 specialIndiaNewsPunjab

ਰੇਲ ਹਾਦਸੇ ‘ਚ ਸਿਰ ਵੱਢੀ ਲਾਸ਼ ਦਾ ਵਾਰਿਸ ਕੌਣ? 5 ਲੱਖ ਦੇ ਲਾਲਚ ‘ਚ ਕਈ ਦਾਅਵੇਦਾਰ

ਅੰਮ੍ਰਿਤਸਰ : ਗੁਰਬਾਣੀ ‘ਚ ਲਿਖਿਆ ਹੈ ਕਿ, ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ।। ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ।। ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ ।। ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰਿ ਭਾਗੀ ।। ਜਿਸ ਦਾ ਅੱਖਰੀਂ ਅਰਥ ਹੈ ਕਿ ਜਦੋਂ ਮਨੁੱਖ ਸੁਖੀ ਹੁੰਦਾ ਹੈ ਤਾਂ ਬਹੁਤ ਸਾਰੇ ਲੋਕ ਉਸਨੂੰ ਘੇਰੀ ਰੱਖਦੇ ਹਨ, ਪਰ ਜਿਉਂ ਹੀ ਉਸੇ ਮਨੁੱਖ ਤੇ ਮੁਸੀਬਤ ਪੈਂਦੀ ਹੈ ਤਾਂ ਸਾਰੇ ਉਸਦਾ ਸਾਥ ਛੱਡ ਜਾਂਦੇ ਹਨ। ਜਿਸ ਤਰ੍ਹਾਂ ਪਤਨੀ ਹਰ ਪਲ ਪਤੀ ਦੇ ਨਾਲ ਰਹਿੰਦੀ ਹੈ ਤੇ ਉਸ ਨਾਲ ਉਸ ਪਤੀ ਦਾ ਘਣਾ ਪਿਆਰ ਹੁੰਦਾ ਹੈ ਪਰ ਜਿਉਂ ਹੀ ਪਤੀ ਦੀ ਆਤਮਾਂ ਸ਼ਰੀਰ ਛੱਡ ਜਾਂਦੀ ਹੈ ਤੇ ਭਵਿੱਖ ਵਿੱਚ ਦੁਬਾਰਾਂ ਕਦੇ ਉਹੀ ਪਤੀ ਜੇਕਰ ਉਸ ਪਤਨੀ ਨੂੰ ਦੁਬਾਰਾ ਦਿੱਸ ਜਾਂਦਾ ਹੈ ਤਾਂ ਉਹ ਪਰੇਤ-ਪਰੇਤ ਕਰਕੇ ਦੌੜ ਜਾਂਦੀ ਹੈ । ਪਰ ਜੋ ਮਾਮਲਾ ਅਸੀਂ ਤੁਹਾਡੇ ਧਿਆਨ ਹਿੱਤ ਲਿਆਉਣ ਜਾ ਰਹੇ ਹਾਂ ਉਸ ਨੂੰ ਵੇਖ ਸੁਣ ਤੁਸੀਂ ਕਹਿਣ ਮਜਬੂਰ ਹੋ ਜਾਵੋਗੇ ਕਿ ਕਲਜੁਗ ਵਿੱਚ ਬਹੁਤ ਕੁੱਝ ਬਦਲ ਚੁੱਕਾ ਹੈ, ਜੀ ਹਾਂ ਇਹ ਸੱਚ ਹੈ। ਮਾਮਲਾ ਰੇਲ ਹਾਦਸੇ ਨਾਲ ਜੁੜਿਆ ਹੋਇਐ, ਜਿਥੇ ਇਕ ਸਿਰ ਕਟੀ ਲਾਸ਼ ਅੱਜ ਕੱਲ੍ਹ ਕਈ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਕੋਈ ਇਸ ਧੜ ਨੂੰ ਆਪਣਾ ਕਹਿੰਦਾ ਹੈ ਤੇ ਕੋਈ ਆਪਣਾ। ਇਥੋਂ ਤੱਕ ਕਿ ਇਕ ਔਰਤ ਨੇ ਤਾਂ ਇਸਨੂੰ ਆਪਣੇ ਪਤੀ ਦੀ ਲਾਸ਼ ਤੱਕ ਕਹਿ ਦਿੱਤਾ ਹੈ।

Read Also Amritsar ਰੇਲ ਹਾਦਸੇ ਤੋਂ ਬਾਅਦ ਡਰਾਈਵਰ ਟੈਨਸ਼ਨ ‘ਚ

ਇਸ ਸਬੰਧ ਵਿੱਚ ਅੰਮ੍ਰਿਤਸਰ ਜੀਆਰਪੀ ਪੁਲਿਸ ਦੇ ਅਧਿਕਾਰੀਆਂ ਅਨੁਸਾਰ ਇਸ ਹਾਦਸੇ ਤੋਂ ਬਾਅਦ ਲਗਭਗ ਸਾਰੇ ਹੀ ਲੋਕ ਆਪੋ-ਆਪਣੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਲਜਾ ਕੇ ਸਸਕਾਰ ਕਰ ਚੁੱਕੇ ਹਨ। ਪਰ ਇਕ ਧੜ ਅਜੇ ਵੀ ਇਥੋਂ ਦੇ ਥਾਣੇ ਅੰਦਰ ਬਰਫ ‘ਚ ਲਗਾ ਕੇ ਇਸ ਲਈ ਰੱਖਿਆ ਗਿਆ ਹੈ ਕਿਉਕਿ ਨਾ ਤਾਂ ਹਾਲੇ ਤੱਕ ਇਸ ਧੜ ਦਾ ਸਿਰ ਮਿਲਿਆ ਹੈ ਤੇ ਨਾਂ ਇਸ ਦੇ ਵਾਰਸ । ਅਧਿਕਾਰੀਆਂ ਅਨੁਸਾਰ ਸੂਬਾ ਸਰਕਾਰ ਵਲੋਂ ਮ੍ਰਿਤਕਾਂ ਦੇ ਵਾਰਸਾਂ ਨੂੰ ਪੰਜ-ਪੰਜ ਲ਼ੱਖ ਦਾ ਮੁਆਵਜਾ ਦਿੱਤੇ ਜਾਣ ਦੇ ਐਲਾਨ ਤੋਂ ਬਾਅਦ ਇਹ ਧੜ ਹੁਣ ਲੋਕਾਂ ਨੂੰ ਆਪਣਾ ਲੱਗਣ ਲੱਗ ਪਿਆ ਹੈ, ਜਿਸ ਦਾ ਕਾਰਨ ਹੈ ਕਿ ਹੁਣ ਤੱਕ ਇਸ ਧੜ ਤੇ ਤਿੰਨ ਲੋਕ ਦਾਅਵਾ ਕਰ ਚੁੱਕੇ ਨੇ ਕਿ ਇਹ ਉਨ੍ਹਾਂ ਦੇ ਕਿਸੇ ਆਪਣੇ ਦਾ ਹੈ। ਇਸ ਬਾਰੇ ਹੋਰ ਵਿਸਥਾਰ ਨਾਲ ਦੱਸਦਿਆਂ ਅੰਮ੍ਰਿਤਸਰ ਥਾਣਾ ਜੀਆਰਪੀ ਦੇ ਜਾਂਚ ਅਧਿਕਾਰੀ ਇੰਸਪੈਕਟਰ ਬਲਬੀਰ ਸਿੰਘ ਘੁੰਮਣ ਕਹਿੰਦੇ ਹਨ ਕਿ ਹੁਣ ਤੱਕ ਧੜ ‘ਤੇ ਦਾਅਵਾ ਕਰਨ ਆਏ ਵਿਅਕਤੀਆਂ ‘ਚੋਂ ਇਕ ਨੇ ਆਪਣਾ ਨਾਮ ਪ੍ਰੀਤਮ ਸਿੰਘ ਦੱਸਿਐ, ਤੇ ਉਸ ਦਾ ਕਹਿਣਾ ਸੀ ਕਿ ਇਹ ਧੜ ਉਸਦੇ ਰਿਸਤੇਦਾਰ ਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜਦੋਂ ਉਸਨੇ ਸ਼ੱਕ ਪੈਣ ਤੇ ਡੀਐਨਏ ਟੈਸਟ ਕਰਾਉਣ ਦੀ ਗੱਲ਼ ਕਹੀ ਤਾਂ ਪ੍ਰੀਤਮ ਸਿੰਘ ਕਦੋਂ ਕਮਰੇ ਚੋਂ ਬਾਹਰ ਖਿਸਕ ਗਿਆ ਉਸ ਨੂੰ ਪਤਾ ਹੀ ਨਹੀਂ ਚੱਲ਼ਿਆ। ਬਲਬੀਰ ਘੁੰਮਣ ਦੱਸਦੇ ਹਨ ਕਿ ਇਹੋ ਜਿਹੇ ਹੀ ਇਕ ਹੋਰ ਵਿਅਕਤੀ ਨੇ ਜਦੋਂ ਇਸ ਧੜ ਨੂੰ ਆਪਣਾ ਚਚਰਾ ਭਰਾ ਦਾ ਦੱਸ ਕੇ ਦਾਅਵਾ ਜਤਾਉਣ ਦੀ ਗੱਲ ਆਖੀ ਤਾਂ ਉਸ ਨੂੰ ਵੀ ਡੀਐਨਏ ਟੈਸਟ ਕਰਵਾਉਣ ਵਾਲੀ ਗੱਲ ਨੇ ਅਜਿਹਾ 440 ਵੋਲਟ ਕਰੰਟ ਦਾ ਝਟਕਾ ਲੱਗਾ ਕਿ ਉਸ ਨੇ ਅਗਲਾ ਸਾਹ ਥਾਣੇ ਤੋਂ ਬਾਹਰ ਜਾ ਕੇ ਲਿਆ।

ਬਲਬੀਰ ਸਿੰਘ ਘੁੰਮਣ ਕਹਿੰਦੇ ਹਨ ਕਿ ਉਨ੍ਹਾਂ ਨੂੰ ਸਭ ਤੋਂ ਵੱਧ ਹੈਰਾਨੀ ਉਦੋਂ ਹੋਈ ਜਦੋਂ ਇਸ ਧੜ ‘ਤੇ ਦਾਅਵਾ ਜਤਾਉਣ ਲਈ ਇਕ ਅਜਿਹੀ ਔਰਤ ਸਾਹਮਣੇ ਆਈ ਜਿਸ ਦਾ ਕਹਿਣਾ ਸੀ ਇਹ ਧੜ ਉਸ ਦੇ ਪਤੀ ਦਾ ਹੈ। ਜਾਂਚ ਅਧਿਕਾਰੀ ਅਨੁਸਾਰ ਜਦੋਂ ਉਸ ਨੇ ਔਰਤ ਤੋਂ ਧੜ ਅਤੇ ਉਸ ਦੇ ਪਤੀ ਦਾ ਹੁਲੀਆ ਪੁੱਛਿਆ ਤਾਂ ਉਹ ਸਹੀ-ਸਹੀ ਉਤਰ ਨਾ ਦੇ ਸਕੀ। ਪੁਲਿਸ ਅਧਿਕਾਰੀ ਨੇ ਇਸ ਔਰਤ ਨੂੰ ਵੀ ਡੀਐਨਏ ਟੈਸਟ ਕਰਾਉਣ ਦੀ ਸ਼ਰਤ ਰੱਖ ਦਿੱਤੀ ਤੇ ਉਹ ਵੀ ਥਾਣੇ ਅੰਦਰੋਂ ਤਿੱਤਰ ਹੋ ਗਈ। ਅਜਿਹਾ ਵਾਰ-ਵਾਰ ਕਿਉਂ ਹੋ ਰਿਹਾ ਹੈ ਤੇ ਕਿਉਂ ਇੱਕ ਧੜ ‘ਤੇ ਦਾਅਵਾ ਜਤਾਉਣ ਲਈ ਵੱਖ-ਵੱਖ ਲੋਕ ਸਾਹਮਣੇ ਆ ਰਹੇ ਹਨ ਇਸ ਸਬੰਧੀ ਗੱਲਬਾਤ ਕਰਨ ‘ਤੇ ਪੁਲਿਸ ਅਧਿਕਾਰੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਸ਼ੱਕ ਹੈ ਦਾਅਵਾ ਜਤਾਉਣ ਵਾਲੇ ਲੋਕ ਸਰਕਾਰ ਤੋਂ ਪੰਜ ਲੱਖ ਰੁਪਈਆ ਠੱਗਣਾ ਚਾਹੁੰਦੇ ਹਨ। ਜਿਸ ਲਈ ਪੁਲਿਸ ਪੂਰੀ ਤਰ੍ਹਾਂ ਮੁਸ਼ਤੈਦ ਹੈ।
ਇੱਧਰ ਇਸ ਬਾਰੇ ਗੱਲਬਾਤ ਕਰਨ ‘ਤੇ ਜੀਆਰਪੀ ਦੇ ਏਆਈਜੀ ਦਲਜੀਤ ਸਿੰਘ ਰਾਣਾ ਕਹਿੰਦੇ ਹਨ ਕਿ ਪੁਲਿਸ ਵਲੋਂ ਇਸ ਧੜ ਦਾ ਮੈਡੀਕਲ ਕਾਲਜ ਤੋਂ ਡੀਐਨਏ ਟੈਸਟ ਕਰਵਾਇਆ ਜਾ ਰਿਹਾ ਹੈ ਇਸ ਲਈ ਪੈਸੇ ਵੀ ਜਮਾਂ ਕਰਵਾ ਦਿੱਤੇ ਗਏ ਅਤੇ ਡੀਐਨਏ ਦਾ ਸੈਂਪਲ ਸੁਰੱਖਿਅਤ ਕਰ ਲਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਸ ਧੜ ਦਾ ਡੀਐਨਏ ਕਿਸੇ ਵਾਰਸ ਨਾਲ ਮੈਚ ਨਹੀਂ ਕਰਾ ਲਿਆ ਜਾਂਦਾ ਉਦੋਂ ਤੱਕ ਇਹ ਧੜ ਕਿਸੇ ਦੇ ਹਵਾਲੇ ਨਹੀਂ ਕੀਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button