InternationalTop News

ਯੂਰਪ ਦੇ 4 ਦੇਸ਼ਾਂ ਵੱਲੋਂ ਭਾਰਤ ਨੂੰ ਸੰਯੁਕਤ ਰਾਸ਼ਟਰ ਦਾ ਸਥਾਈ ਮੈਂਬਰ ਬਣਾਉਣ ਦਾ ਸਮਰਥਨ!

 ਲੰਬੇ ਸਮੇਂ ਤੋਂ ਭਾਰਤ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) ਦਾ ਸਥਾਈ ਮੈਂਬਰ ਬਣਾਏ ਜਾਣ ਦੀ ਮੰਗ ਰੱਖੀ ਜਾ ਰਹੀ ਹੈ। ਇਸੇ ਦੌਰਾਨ ਭਾਰਤ ਦੀ ਸਥਾਈ ਮੈਂਬਰਸ਼ਿਪ ਦੀ ਦਾਅਵੇਦਾਰੀ ਨੂੰ ਇੱਕ ਵੱਡਾ ਗਲੋਬਲ ਸਮਰਥਨ ਮਿਲਿਆ ਹੈ। ਯੂਰਪੀ ਮਹਾਂਦੀਪ ਦੇ ਚਾਰ ਪ੍ਰਮੁੱਖ ਦੇਸ਼ਾਂ- ਆਸਟ੍ਰੀਆ, ਚੈੱਕ ਗਣਰਾਜ, ਹੰਗਰੀ ਅਤੇ ਸਲੋਵਾਕੀਆ ਨੇ ਸੁਰੱਖਿਆ ਪ੍ਰੀਸ਼ਦ ‘ਚ ਭਾਰਤ ਨੂੰ ਸਥਾਈ ਸੀਟ ਦਿੱਤੇ ਜਾਣ ਦੀ ਮੰਗ ਦਾ ਪੁਰਜ਼ੋਰ ਸਮਰਥਨ ਕੀਤਾ ਹੈ।
ਨਿਊਯਾਰਕ ‘ਚ ਹੋ ਰਹੀ ਯੂ.ਐੱਨ.ਜੀ.ਏ. ਦੀ ਬੈਠਕ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਸ ਸਮਰਥਨ ਦਾ ਸੁਆਗਤ ਕਰਦਿਆਂ ਇਨ੍ਹਾਂ ਚਾਰਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਹੋਈ ਉੱਚ-ਪੱਧਰੀ ਬੈਠਕ ਨੂੰ ਇਤਿਹਾਸਕ ਕਰਾਰ ਦਿੱਤਾ ਹੈ। ਚਾਰੋਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਸਰਬਸੰਮਤੀ ਨਾਲ ਮੰਨਿਆ ਕਿ ਗਲੋਬਲ ਮੰਚਾਂ ‘ਤੇ ਭਾਰਤ ਦੀ ਵਧਦੀ ਆਰਥਿਕ ਅਤੇ ਕੂਟਨੀਤਕ ਭੂਮਿਕਾ ਨੂੰ ਦੇਖਦੇ ਹੋਏ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) ‘ਚ ਸੁਧਾਰ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ 1.4 ਅਰਬ ਤੋਂ ਵੱਧ ਦੀ ਆਬਾਦੀ ਅਤੇ ਦੁਨੀਆਂ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹੋਣ ਕਾਰਨ ਭਾਰਤ ਯੂ.ਐੱਨ.ਐੱਸ.ਸੀ. ‘ਚ ਸਥਾਈ ਸੀਟ ਦਾ ਪੂਰਾ ਹੱਕਦਾਰ ਹੈ।
ਇਸ ਮੌਕੇ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਗਲੋਬਲ ਅਨਿਸ਼ਚਿਤਤਾਵਾਂ ਦੇ ਇਸ ਦੌਰ ‘ਚ ਭਾਰਤ ਅਤੇ ਯੂਰਪੀ ਦੇਸ਼ਾਂ ਵਿਚਾਲੇ ਰਣਨੀਤਕ ਸਹਿਯੋਗ ਹੋਰ ਮਜ਼ਬੂਤ ਹੋਇਆ ਹੈ। ਉਨ੍ਹਾਂ ਕਿਹਾ, ”ਸੁਰੱਖਿਆ ਪ੍ਰੀਸ਼ਦ ‘ਚ ਭਾਰਤ ਦੀ ਸਥਾਈ ਮੈਂਬਰਸ਼ਿਪ ਦਾ ਸਮਰਥਨ ਕਰਨ ਲਈ ਅਸੀਂ ਇਨ੍ਹਾਂ ਚਾਰਾਂ ਦੇਸ਼ਾਂ ਦੇ ਧੰਨਵਾਦੀ ਹਾਂ। ਇਹ ਬੈਠਕ ਭਾਰਤ-ਯੂਰਪ ਸਬੰਧਾਂ ਦੇ ਇੱਕ ਨਵੇਂ ਪੜਾਅ ਦੀ ਸ਼ੁਰੂਆਤ ਹੈ।”
ਇਸ ਬੈਠਕ ਦੌਰਾਨ ਭਾਰਤ ਅਤੇ ਚਾਰੋਂ ਯੂਰਪੀ ਦੇਸ਼ਾਂ ਵਿਚਾਲੇ ਵਪਾਰ, ਨਿਵੇਸ਼, ਰੱਖਿਆ, ਸਪਲਾਈ ਚੇਨ ਨੂੰ ਮਜ਼ਬੂਤ ਕਰਨ ਅਤੇ ਡਿਜੀਟਲ ਤਕਨਾਲੋਜੀ ਦੇ ਖੇਤਰ ਵਿਚ ਸਹਿਯੋਗ ਵਧਾਉਣ ‘ਤੇ ਵਿਸਥਾਰਪੂਰਵਕ ਗੱਲਬਾਤ ਹੋਈ। ਇਸ ਤੋਂ ਇਲਾਵਾ, ਗਲੋਬਲ ਪੱਧਰ ‘ਤੇ ਤਣਾਅ ਅਤੇ ਇੰਡੋ-ਪੈਸੀਫਿਕ ਖੇਤਰ ‘ਚ ਸ਼ਾਂਤੀ ਅਤੇ ਸਥਿਰਤਾ ਬਣਾਏ ਰੱਖਣ ਵਰਗੇ ਅਹਿਮ ਮੁੱਦਿਆਂ ‘ਤੇ ਵੀ ਚਰਚਾ ਕੀਤੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button