Breaking NewsD5 specialIndiaNewsPoliticsPunjab

ਮੌਕੇ ਤੇ ਚੌਕਾ ਮਾਰਦੇ ਟਕਸਾਲੀ ਅਕਾਲੀ ਆਗੂ, ਬਾਦਲਾਂ ਦੀ ਸਿਆਸੀ ਬੇੜੀ ‘ਚ ਵੱਟੇ ਤਾਂ ਨਹੀਂ ਪਾ ਰਹੇ ?

ਚੰਡੀਗੜ੍ਹ : ਕਹਿੰਦੇ ਨੇ ਸਰੀਰ ਦੀ ਚੌਕੜੀ ਵੱਜ ਜਾਵੇ ਤਾਂ ਸਰੀਰ ਇੱਕ ਜਗ੍ਹਾ ਸਥਿਰ ਹੋ ਜਾਂਦਾ ਹੈ ਉਹ ਤੁਰ ਨਹੀਂ ਸਕਦਾ। ਇਸੇ ਤਰ੍ਹਾਂ ਅੱਜਕੱਲ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਚੌਕੜੀ ਵੱਜ ਗਈ ਹੈ ਤੇ ਇਹ ਚੌਕੜੀ ਹੈ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਨਾਮ ਦੇ ਚਾਰ ਟਕਸਾਲੀ ਆਗੂਆਂ ਦੀ। ਜਿਨ੍ਹਾਂ ਚਾਰਾਂ ਨੇ ਇਕੱਠਿਆਂ ਹੋ ਕੇ ਅਕਾਲੀ ਦਲ ਦੇ ਅੰਦਰਲੇ ਸਿਸਟਮ ਤੇ ਅਜਿਹੀ ਚੋਟ ਕੀਤੀ ਹੈ ਕਿ ਇਸ ਪਾਰਟੀ ਦੇ ਅੱਗੇ ਵਧਣ ਵਿੱਚ ਅੜਿੱਕਾ ਲਾ ਦਿੱਤਾ ਹੈ। ਤਾਜ਼ਾ ਬਦਲੇ ਹਾਲਾਤਾਂ ਵਿੱਚ ਜਿੱਥੇ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਪਹਿਲਾਂ ਹੀ ਕਿਨਾਰਾ ਕੀਤਾ ਹੋਇਆ ਹੈ ਉੱਥੇ ਤਿੰਨ ਹੋਰ ਟਕਸਾਲੀ ਆਗੂਆਂ ਬ੍ਰਹਮਪੁਰਾ, ਅਜਨਾਲਾ ਅਤੇ ਸੇਖਵਾਂ ਨੇ ਵੀ ਬਗਾਵਤ ਦਾ ਝੰਡਾ ਚੁੱਕ ਕੇ ਅਕਾਲੀ ਦਲ ਦੀ ਪਟਿਆਲਾ ਵਿਖੇ ਹੋਣ ਵਾਲੀ ਰੈਲੀ ਤੋਂ ਕਿਨਾਰਾ ਕਰਨ ਦਾ ਐਲਾਨ ਕਰ ਦਿੱਤਾ ਹੈ। ਅਜਿਹੇ ਵਿਚ ਪਿਛਲੇ ਇੱਕ ਹਫਤੇ ਤੋਂ ਲਗਾਤਾਰ ਘਰ ਘਰ ਜਾ ਕੇ 7 ਅਕਤੂਬਰ ਦੀ ਰੈਲੀ ਵਿਚ ਪਹੁੰਚਣ ਦੀ ਅਪੀਲ ਕਰ ਰਹੇ ਅਕਾਲੀ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਬਾਦਲ ਦੀਆਂ ਮੁਸ਼ਕਿਲਾਂ ਵਿੱਚ ਦਿਨ-ਬ-ਦਿਨ ਵਾਧਾ ਹੁੰਦਾ ਦੇਖ ਸਿਆਸੀ ਮਾਹਿਰ ਕਹਿੰਦੇ ਹਨ ਕਿ ਜੇਕਰ ਇਸਨੂੰ ਜਲਦ ਨਾ ਰੋਕਿਆ ਗਿਆ ਤਾਂ ਬਰਫ਼ ਦੇ ਪਹਾੜ ਵਾਂਗ ਖੁਰਦੀ ਖੁਰਦੀ ਇਹ ਪਾਰਟੀ ਇੱਕ ਦਿਨ ਚੌਟਾਲਿਆਂ ਵਾਲੇ ਹਾਲ ਤੱਕ ਪੁੱਜ ਜਾਵੇਗੀ।

Read Also ਅਕਾਲੀ ਦਲ ਦੇ ਮਾਰਿਆ ਗਰੀਸ ਲਾ ਕੇ ਥੱਪੜ !

ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦਾ ਸਾਰਾ ਜ਼ੋਰ 7 ਅਕਤੂਬਰ ਨੂੰ ਪਟਿਆਲਾ ਵਿਖੇ ਹੋਣ ਵਾਲੀ ਰੈਲੀ ਨੂੰ ਕਾਮਯਾਬ ਕਰਨ ਤੇ ਲੱਗਾ ਹੋਇਆ ਹੈ। ਅਜਿਹੇ ਵਿੱਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੇਵਾ ਸਿੰਘ ਸੇਖਵਾਂ ਦਾ ਬਿਆਨ ਆਉਂਦਾ ਹੈ ਕਿ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਉਨ੍ਹਾਂ ਨੇ ਬੀਤੇ ਦਿਨੀਂ ਪੱਤਰਕਾਰ ਸੰਮੇਲਨ ਕੀਤਾ ਸੀ ਉਸ ਸਬੰਧੀ ਅਜੇ ਤੱਕ ਕੋਈ ਵਿਚਾਰ ਚਰਚਾ ਨਹੀਂ ਹੋਈ। ਇਸ ਲਈ ਉਨ੍ਹਾਂ ਤਿੰਨਾਂ ਨੇ ਅਕਾਲੀ ਦਲ ਦੀ ਪਟਿਆਲਾ ਵਾਲੀ ਰੈਲੀ ਤੋਂ ਦੂਰੀ ਬਣਾ ਕੇ ਰੱਖਣ ਦਾ ਫੈਸਲਾ ਕੀਤਾ ਹੈ। ਦੱਸ ਦੇਈਏ ਕਿ ਬੀਤੇ ਦਿਨ ਹੋਏ ਪੱਤਰਕਾਰ ਸੰਮੇਲਨ ਵਿੱਚ ਉਕਤ ਤਿੰਨਾਂ ਟਕਸਾਲੀ ਅਕਾਲੀ ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਲਏ ਗਏ ਕੁਝ ਫੈਸਲਿਆਂ, ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸੌਦਾ ਸਾਧ ਨੂੰ ਪਹਿਲਾਂ ਮਾਫ਼ੀ ਦੇਣ ਤੇ ਫਿਰ ਮਾਫ਼ੀ ਵਾਪਸ ਲੈਣ ਦੇ ਮੁੱਦੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਸਨ। ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਇਹ ਪਾਰਟੀ ਉਨ੍ਹਾਂ ਨੇ ਆਪਣੇ ਖੂਨ ਪਸੀਨੇ ਨਾਲ ਖੜ੍ਹੀ ਕੀਤੀ ਹੈ ਇਸ ਲਈ ਜੋ ਕੁਝ ਵੀ ਪਾਰਟੀ ਵਿੱਚ ਗਲਤ ਹੋ ਰਿਹਾ ਹੈ ਉਸ ਨੂੰ ਹਰ ਹਾਲ ਵਿਚ ਠੀਕ ਕਰਕੇ ਰਹਿਣਗੇ ਤੇ ਪਾਰਟੀ ਛੱਡਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਉਕਤ ਟਕਸਾਲੀ ਆਗੂਆਂ ਦੀ ਤਿੱਕੜੀ ਸਵਾਲ ਕਰਦੀ ਹੈ ਕਿ ਦੋ ਵਾਰ ਲਗਾਤਾਰ ਵਿਧਾਨ ਸਭਾ ਚੋਣਾਂ ਜਿੱਤਣ ਅਤੇ ਦੱਸ ਸਾਲ ਸੱਤਾ ਤੇ ਕਾਬਜ਼ ਰਹਿਣ ਵਾਲੀ ਪਾਰਟੀ ਦਾ ਜੇ ਪਿਛਲੀਆਂ ਚੋਣਾਂ ਵਿੱਚ ਨਵੀਂ ਖੜੀ ਹੋਈ ਆਮ ਆਦਮੀ ਪਾਰਟੀ ਤੋਂ ਵੀ ਮਾੜਾ ਹਾਲ ਹੋ ਜਾਵੇ ਤਾਂ ਸਵਾਲ ਉੱਠਣੇ ਲਾਜ਼ਮੀ ਹਨ।

ਕੁਝ ਵੀ ਹੋਵੇ ਬੀਤੇ 10 ਸਾਲਾਂ ਵਿੱਚ ਸੱਤਾ ਦਾ ਸੁੱਖ ਭੋਗਦਿਆਂ ਜਿੰਨੀਆਂ ਸਿਆਸੀ ਮੌਜਾਂ ਬਾਦਲਾਂ ਨੇ ਹੁਣ ਤੱਕ ਕੀਤੀਆਂ ਉੰਨਾ ਹੀ ਹੁਣ ਇਸ ਪਾਰਟੀ ਦੇ ਕਰਤਾ ਧਰਤਾਵਾਂ ਨੂੰ ਔਖੇ ਸਮੇਂ ਨੇ ਆਉਣ ਘੇਰਿਆ ਹੈ ਜਿੱਥੇ ਇੱਕ ਪਾਸੇ ਬਾਦਲਾਂ ਤੇ ਵਿਰੋਧੀ ਪਾਰਟੀਆਂ ਚਾਰੇ ਪਾਸੋਂ ਹਮਲੇ ਕਰ ਰਹੀਆਂ ਹਨ ਉੱਥੇ ਅਕਾਲੀ ਦਲ ਦੇ ਅੰਦਰੋਂ ਹੋ ਰਹੇ ਹਮਲੇ ਇਸਨੂੰ ਤੋੜ ਕੇ ਰੱਖ ਦੇਣਗੇ। ਮਾਹਿਰਾਂ ਅਨੁਸਾਰ ਅਕਾਲੀ ਦਲ ਦੀ ਹਾਲਤ ਇਸ ਵੇਲੇ ਮਹਾਂਭਾਰਤ ਦੇ ਉਸ ਅਭਿਮੰਨਯੂ ਵਾਂਗ ਹੋਈ ਪਈ ਹੈ ਜੋ ਕਿ ਦੁਸ਼ਮਣਾਂ ਦੇ ਅਜਿਹੇ ਚੱਕਰਵਿਊ ਵਿੱਚ ਫੱਸ ਗਿਆ ਹੈ ਜਿਸ ਵਿੱਚੋਂ ਨਿਕਲਣਾ ਨਾਮੁਮਕਿਨ ਜਾਪ ਰਿਹਾ ਹੈ। ਬਾਕੀ ਕਹਿੰਦੇ ਹਨ ਕਿ ਇਹ ਸਿਆਸਤ ਹੈ ਤੇ ਉਹ ਜੰਗ ਦੇ ਮੈਦਾਨ ਦੇ ਚੱਕਰਵਿਊ ਸੀ ਇਸ ਵਿਚ ਕਿਹੜਾ ਕਦੋਂ ਕਿਸ ਪਾਲੇ ’ਚ ਟਪੂਸੀ ਮਾਰ ਕੇ ਜਾ ਬੈਠੇ ਇਹ ਕੋਈ ਨਹੀਂ ਜਾਣਦਾ। ਆਮ ਲੋਕ ਤਾਂ ਸਿਰਫ਼ ਮੂਕ ਦਰਸ਼ਕ ਬਣ ਕੇ ਵੇਖ ਹੀ ਸਕਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button