ਪੰਜਾਬ ਦੇ ਕਾਂਗਰਸੀ ਲੀਡਰ ਵਿਜੀਲੈਂਸ ਦੇ ਨਿਸ਼ਾਨੇ ਉੱਪਰ ਹਨ। ਇਸ ਵਾਰ ਵਿਜੀਲੈਂਸ ਦੀ ਰਡਾਰ ‘ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਹਨ। ਸਾਬਕਾ ਸੀਐਮ ਚੰਨੀ ਖ਼ਿਲਾਫ਼ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਟੂਰਿਜ਼ਮ ਮਹਿਕਮੇ ਦੇ ਅਫ਼ਸਰ ਵੀ ਵਿਜੀਲੈਂਸ ਦੇ ਰਡਾਰ ‘ਤੇ ਹਨ। ਚਮਕੌਰ ਸਾਹਿਬ ਵਿਖੇ ਦਾਸਤਾਨ-ਏ-ਸ਼ਹਾਦਤ ਦੇ ਉਦਘਾਟਨੀ ਸਮਾਰੋਹ ਦੌਰਾਨ ਭ੍ਰਿਸ਼ਟਾਚਾਰ ਦੇ ਹੈਰਾਨੀਜਨਕ ਇਲਜ਼ਾਮ ਲਾਏ ਗਏ ਹਨ। ਜਿਸ ਵਿੱਚ ਕਿਹਾ ਗਿਆ ਕਿ ਉਦਘਾਟਨ ਸਮਾਰੋਹ ‘ਤੇ 1 ਕਰੋੜ 47 ਲੱਖ ਰੁਪਏ ਦਾ ਖ਼ਰਚ ਮਹਿਜ਼ ਇਸ ਲਈ ਵਿਖਾਇਆ ਗਿਆ ਤਾਂ ਜੋ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੁੰਡੇ ਦੇ ਵਿਆਹ ਸਮਾਗਮ ਦਾ ਖ਼ਰਚਾ ਉਸ ਵਿੱਚ ਐਡਜੱਸਟ ਕੀਤਾ ਜਾ ਸਕੇ।
ਇਸ ਮਾਮਲੇ ‘ਚ ਪੰਜਾਬ ਟੂਰਿਜ਼ਮ ਦੇ ਚੀਫ਼ ਜਨਰਲ ਮੈਨੇਜਰ ਐਸ.ਕੇ. ਚੱਢਾ ਅਤੇ ਐਕਸੀਅਨ ਪ੍ਰੇਮਚੰਦ ‘ਤੇ ਕਰੋੜਾਂ ਦੀ ਘਪਲੇਬਾਜ਼ੀ ਦਾ ਇਲਜ਼ਾਮ ਲੱਗਿਆ ਹੈ। ਇਹ ਸ਼ਿਕਾਇਤ ਬਠਿੰਡਾ ਵਾਸੀ ਰਾਜਵਿੰਦਰ ਸਿੰਘ ਵੱਲੋਂ ਵਿਜੀਲੈਂਸ ਬਿਊਰੋ ਨੂੰ ਦਿੱਤੀ ਗਈ ਹੈ। ਜਿਸ ਮਗਰੋਂ ਵਿਜੀਲੈਂਸ ਦੇ ਸੀਨੀਅਰ ਅਧਿਕਾਰੀ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਵੀ ਦੱਸਣਯੋਗ ਹੈ ਕਿ ਸ਼ਿਕਾਇਤ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵੀ ਜ਼ਿਕਰ ਹੈ।ਸ਼ਿਕਾਇਤ ਵਿੱਚ ਇਹ ਇਲਜ਼ਾਮ ਲਾਇਆ ਗਿਆ ਹੈ ਕਿ ਇਹ ਹੇਰਾਫੇਰੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੇਟੇ ਦੇ ਵਿਆਹ ‘ਤੇ ਹੋਏ ਖਰਚੇ ਨੂੰ ਐਡਜੱਸਟ ਕਰਨ ਲਈ ਦਾਸਤਾਨ-ਏ-ਸ਼ਹਾਦਤ ਦੇ ਉਦਘਾਟਨੀ ਸਮਾਗਮ ਦੇ ਖਰਚਿਆਂ ਵਿੱਚ ਕੀਤੀ ਗਈ ਹੈ।ਸ਼ਿਕਾਇਤ ਮੁਤਾਬਕ ਇਸ ਘਪਲੇ ‘ਚ ਐਸ.ਕੇ. ਚੱਢਾ ਵੱਲੋਂ ਪੰਜਾਬ ਪਾਰਦਰਸ਼ਤਾ ਇਨ ਪਬਲਿਕ ਪ੍ਰੋਕਿਉਰਮੈਂਟ ਐਕਟ 2019 ਦੀ ਉਲੰਘਣਾ ਕੀਤੀ ਗਈ ਹੈ। ਮਿਤੀ 17/11/2021 ਨੂੰ ਦਾਸਤਾਨ-ਏ-ਸ਼ਹਾਦਤ ਦੇ ਸਮਾਗਮ ਦੇ ਪ੍ਰਬੰਧਾਂ ਲਈ 4 ਟੈਂਡਰ ਜਾਰੀ ਕੀਤੇ ਗਏ ਸਨ। ਚਾਰੇ ਟੈਂਡਰ ਇੱਕੋ ਦਿਨ 17/11/2021 ਨੂੰ ਬੁਲਾਏ ਗਏ ਸਨ ਅਤੇ ਤਕਨੀਕੀ ਬੋਲੀ ਵੀ ਉਸੇ ਦਿਨ ਖੋਲ੍ਹੀ ਗਈ।ਇਸ ਤਕਨੀਕੀ ਬੋਲੀ ਨੂੰ ਵੀ ਉਸੇ ਦਿਨ ਪ੍ਰਵਾਨ ਕਰ ਲਿਆ ਗਿਆ।ਇੰਨਾ ਹੀ ਨਹੀਂ ਵਿੱਤੀ ਬੋਲੀ ਖੋਲ੍ਹ ਕੇ ਟੈਂਡਰ ਵੀ ਉਸੇ ਦਿਨ ਅਲਾਟ ਕਰ ਦਿੱਤੇ ਗਏ। ਸਾਰੀ ਟੈਂਡਰ ਪ੍ਰਕਿਰਿਆ ਇੱਕੋ ਦਿਨ ਵਿੱਚ ਮੁਕੰਮਲ ਹੋ ਗਈ। ਕਾਬਲੇਗੌਰ ਹੈ ਕਿ ਸਾਰੇ ਟੈਂਡਰਾਂ ਵਿੱਚ ਇੱਕ ਹੀ ਬਿਲਡਰ ਨੂੰ ਮਨਜ਼ੂਰੀ ਦਿੱਤੀ ਗਈ। ਸ਼ਿਕਾਇਤਕਰਤਾ ਨੇ ਥੀਮ ਪਾਰਕ ਦੀ ਲਾਗਤ ਦੀ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਦਰਾਂ ਨਾਲ ਤੁਲਨਾ ਵੀ ਕੀਤੀ ਹੈ।ਇਨ੍ਹਾਂ ਸਾਰੇ ਟੈਂਡਰਾਂ ਵਿੱਚ ਤੈਅ ਰਕਮ ਤੋਂ 166 ਗੁਣਾ ਵੱਧ ਖਰਚਾ ਦਿਖਾਇਆ ਗਿਆ।ਸਮਾਗਮ ਲਈ ਸੈਰ ਸਪਾਟਾ ਵਿਭਾਗ ਵੱਲੋਂ ਕੀਤੇ ਗਏ ਪ੍ਰਬੰਧ, ਜਿਸ ਵਿੱਚ ਟੈਂਟ, ਭੋਜਨ, ਫੁੱਲਾਂ ਦੀ ਸਜਾਵਟ, ਸਟੇਜ ਆਦਿ ਲਈ 20 ਗੁਣਾ ਤੋਂ ਵੱਧ ਰੇਟ ਤੈਅ ਕੀਤੇ ਗਏ ਸਨ। ਉਦਾਹਰਨ ਲਈ ਕੇਟਰਿੰਗ ਟੈਂਡਰ ਵਿੱਚ ਚਾਹ ਜਿਸਦੀ ਕੀਮਤ ₹12 ਪ੍ਰਤੀ ਕੱਪ ਹੈ ਨੂੰ ₹1000 ਪ੍ਰਤੀ ਕੱਪ ਦਿਖਾਇਆ ਗਿਆ ਸੀ। ਦੁਪਹਿਰ ਦੇ ਖਾਣੇ ਦੀ ਕੀਮਤ 15 ਰੁਪਏ ਪ੍ਰਤੀ ਵਿਅਕਤੀ ਨੂੰ ਵੀ 2000 ਰੁਪਏ ਪ੍ਰਤੀ ਵਿਅਕਤੀ ਦੱਸੀ ਗਈ। 25 ਰੁਪਏ ਦੇ ਪੂਰੇ ਛੋਲਿਆਂ ਦੀ ਪਲੇਟ 250 ਦੀ ਦੱਸੀ ਗਈ।ਟੈਂਟ ਲਈ ਟੈਂਡਰ ਵਿੱਚ ₹120 ਦੀ ਲਾਗਤ ਵਾਲੇ ਕਵਰ ਵਾਲੀ ਸੈਂਟਰ ਟੇਬਲ ਨੂੰ ₹400 ਦਿਖਾਇਆ ਗਿਆ। ₹330 ਦੇ 2 ਸੋਫਾ ਸੈੱਟ ਦੀ ਕੀਮਤ ਹਰੇਕ ਸੋਫੇ ਲਈ ₹1500 ਲਿਖੀ ਗਈ। ₹13 ਲਗਜ਼ਰੀ ਕੁਰਸੀ ਦੀ ਕੀਮਤ ₹800 ਦੱਸੀ ਗਈ। ਸ਼ਿਕਾਇਤ ਕਰਤਾ ਵੱਲੋਂ ਵਿਜੀਲੈਂਸ ਵਿਭਾਗ ਨੂੰ ਦਿੱਤੀ ਸ਼ਿਕਾਇਤ ਵਿੱਚ ਸਾਰੇ ਤੱਥ ਵੀ ਦਿੱਤੇ ਗਏ ਹਨ।
ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਸਰਕਾਰ ਹੱਥ ਧੋ ਕੇ ਮੇਰੇ ਪਿੱਛੇ ਪਈ ਹੋਈ ਹੈ। ਸਰਕਾਰ ਹਰ ਹਾਲਤ ਵਿੱਚ ਮੈਨੂੰ ਅੰਦਰ ਕਰਨਾ ਚਾਹੁੰਦੀ ਹੈ। ਇਸ ਲਈ ਮੇਰੀ ਜਾਇਦਾਦ ਦਾ ਰਿਕਾਰਡ ਖੰਗਾਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਤਾਂ ਸਿਰਫ ਤਿੰਨ ਮਹੀਨੇ ਮੁੱਖ ਮੰਤਰੀ ਰਿਹਾ, ਪਰ ਹੁਣ ਮੇਰਾ ਜਿਉਣਾ ਹਰਾਮ ਕੀਤਾ ਹੋਇਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.