EventsFatehgarh SahibNewsPunjabPunjab V

ਭੂਤਵਾੜਾ ਵੈੱਲਫ਼ੇਅਰ ਫ਼ਾਊਂਡੇਸ਼ਨ ਦੀ ਸਹੀ ਪੰਜਾਬੀ ਸਬੰਧੀ ਮੁਹਿੰਮ ਦੇ ਤੀਜੇ ਦੌਰ ਨੂੰ ਭਰਵਾਂ ਹੁੰਗਾਰਾ

ਫ਼ਤਹਿਗੜ੍ਹ ਸਾਹਿਬ, 30 ਸਤੰਬਰ
ਭੂਤਵਾੜਾ ਵੈੱਲਫ਼ੇਅਰ ਫ਼ਾਊਂਡੇਸ਼ਨ ਦੀ ਸਹੀ ਪੰਜਾਬੀ (ਗੁਰਮੁਖੀ) ਦੀ ਵਰਤੋਂ ਸਬੰਧੀ ਮੁਹਿੰਮ ਦੇ ਤੀਜੇ ਦੌਰ ਦੌਰਾਨ ਅੱਜ ਇੱਥੋਂ ਦੀਆਂ ਸਿੱਖਿਆ ਸੰਸਥਾਵਾਂ ਦੇ ਪ੍ਰਬੰਧਕਾਂ ਤੇ ਦੁਕਾਨਦਾਰਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਦੂਜੇ ਅਤੇ ਤੀਜੇ ਦੌਰ ਦੀਆਂ ਮੁਹਿੰਮਾਂ ਵਿੱਚ ਸੰਸਥਾ ਦੇ ਜਨਰਲ ਸਕੱਤਰ ਸਤਿੰਦਰਪਾਲ ਸਿੰਘ, ਸੰਯੁਕਤ ਸਕੱਤਰ ਰਾਮਿੰਦਰਜੀਤ ਸਿੰਘ ਅਤੇ ਕਾਰਜਕਾਰਨੀ ਦੇ ਮੈਂਬਰ ਗਗਨਦੀਪ ਸਿੰਘ ਰਟੌਲ ਨੇ ਹਿੱਸਾ ਲਿਆ।
ਮੁਹਿੰਮ ਦੌਰਾਨ ਫ਼ਾਊਂਡੇਸ਼ਨ ਦੇ ਨੁਮਾਇੰਦਿਆਂ ਨੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੋਂ ਜੋਤੀ ਸਰੂਪ ਮੋੜ ਤੱਕ ਦੀਆਂ ਦੁਕਾਨਾਂ ਦੀ ਲੜੀ ਵਿੱਚੋਂ ਹਰ ਵਪਾਰਕ ਅਦਾਰੇ ਵਿੱਚ ਜਾ ਕੇ ਉਨ੍ਹਾਂ ਵੱਲੋਂ ਵਰਤੀ ਗਈ ਪੰਜਾਬੀ ਦੀ ਗੁਰਮੁਖੀ ਲਿਪੀ ਵਿਚਲੀਆਂ ਤਰੁਟੀਆਂ ਸਬੰਧੀ ਚਿੱਠੀਆਂ ਜਾਰੀ ਕੀਤੀਆਂ। ਇਨ੍ਹਾਂ ਚਿੱਠੀਆਂ ਵਿੱਚ ਤਰੁਟੀਆਂ ਦੇ ਸ਼ਬਦਾਂ ਦੇ ਸਾਹਮਣੇ ਸਹੀ ਸ਼ਬਦਾਂ ਦੀ ਵਿਆਖਿਆ ਵੀ ਕੀਤੀ ਗਈ ਸੀ।
ਵਪਾਰਕ ਅਦਾਰੇ ਫ਼ਤਹਿ ਦਸਤਾਰ ਅਤੇ ਮੈਚਿੰਗ ਸੈਂਟਰ ਦੇ ਪ੍ਰਬੰਧਕ ਸ. ਇੰਦਰਜੀਤ ਸਿੰਘ ਨੇ ਇਸ ਮੌਕੇ ਦੋ ਸ਼ਬਦਾਂ ‘ਫ਼ਤਿਹ’ ਅਤੇ ‘ਫ਼ਤਹਿ’ ਵਿਚਲੇ ਅੰਤਰ ਸਬੰਧੀ ਚਰਚਾ ਕੀਤੀ। ਉਨ੍ਹਾਂ ਫ਼ਾਊਂਡੇਸ਼ਨ ਦੇ ਜਨਰਲ ਸਕੱਤਰ ਨਾਲ ਜ਼ਿਲ੍ਹੇ ਦਾ ਰਜਿਸਟਰਡ ਨਾਂ ਫ਼ਤਹਿਗੜ੍ਹ ਸਾਹਿਬ ਹੋਣ ਸਬੰਧੀ ਵਿਸਤ੍ਰਿਤ ਵਿਚਾਰ ਵਟਾਂਦਰਾ ਵੀ ਕੀਤਾ। ਇੱਕ ਸਾਇਬਰ ਕੈਫ਼ੇ ਦੇ ਪ੍ਰਬੰਧਕ ਸ਼੍ਰੀ ਰਾਜ ਕੁਮਾਰ ਨੇ ਫ਼ਾਊਂਡੇਸ਼ਨ ਦੇ ਇਸ ਕਾਰਜ ਸਬੰਧੀ ਕੁਝ ਉਜਰ ਵਿਖਾਉਂਦੇ ਹੋਏ ਇਹ ਸਵਾਲ ਕੀਤਾ ਕਿ ਫ਼ਤਹਿਗੜ੍ਹ ਸਾਹਿਬ ਦੇ ਕਈ ਅਦਾਰੇ ਛੋਟੇ ਸਾਹਿਬਜ਼ਾਦਿਆਂ ਦੇ ਮਾਤਾ ਗੁਜਰੀ ਜੀ ਦੇ ਨਾਮ ਨੂੰ ਅੰਗਰੇਜ਼ੀ ਵਿੱਚ ਮੁੱਢਲੇ ਅਖ਼ਰਾਂ ਨੂੰ ਵਰਤ ਕੇ ਹੀ ਲਿਖ ਦਿੰਦੇ ਹਨ। ਫ਼ਾਊਂਡੇਸ਼ਨ ਦੇ ਨੁਮਾਇੰਦਿਆਂ ਨੇ ਸਪਸ਼ਟ ਕੀਤਾ ਕਿ ਗੁਰਮੁਖੀ ਲਿਪੀ ਵਿੱਚ ਮੁੱਢਲੇ ਅੱਖਰ ਲਿਖੇ ਜਾਣੇ ਇਤਰਾਜ਼ਯੋਗ ਨਹੀਂ ਹਨ, ਜਦੋਂ ਤੱਕ ਉਹ ਸਿਰਫ਼ ਜਗ੍ਹਾਂ ਦੀ ਕਮੀ ਕਾਰਨ ਵਰਤੇ ਗਏ ਹੋਣ ਅਤੇ ਉਨ੍ਹਾਂ ਦੇ ਸ਼ਬਦਜੋੜ ਸਹੀ ਹੋਣ।
ਮੈਡੀਕਲ ਅਦਾਰੇ ਚੋਪੜਾ ਮੈਡੀਕੋਜ਼ ਦੇ ਪ੍ਰਬੰਧਕ ਸ਼੍ਰੀ ਸ਼ੈਲਿੰਦਰ ਚੋਪੜਾ ਨੂੰ ਸ਼ਬਦ ਭੂਤਵਾੜਾ ਦਾ ਅਸਲ ਅਰਥ ਸਮਝਾਉਂਦਿਆਂ ਫ਼ਾਊਂਡੇਸ਼ਨ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਭੂਤਵਾੜਾ ਦਾ ਅਰਥ ਅਤੇ ਮਨੋਰਥ ਪੰਜਾਬ ਦੇ ਸੁਨਹਿਰੇ ਭੂਤਕਾਲ ਨੂੰ ਵਰਤਮਾਨ ਵਿੱਚ ਲਿਆ ਵਸਾਉਣ ਦਾ ਇੱਕ ਉਪਰਾਲਾ ਹੀ ਹੈ। ਸੰਸਥਾ ਵੱਲੋਂ ਦੋਵੇਂ ਮੁਹਿੰਮਾਂ ਦੌਰਾਨ 27 ਅਦਾਰਿਆਂ ਨੂੰ ਪੱਤਰ ਜਾਰੀ ਕੀਤੇ ਗਏ। ਇਸੇ ਦੌਰਾਨ ਸੰਸਥਾ ਵੱਲੋਂ ਪਹਿਲੇ ਦੌਰ ਵਿੱਚ ਮਾਤਾ ਗੁਜਰੀ ਜੀ ਕਾਲਜ ਦੇ ਬੋਰਡ ਉੱਤੇ ਮਿਲੀਆਂ ਤਰੁਟੀਆਂ ਸਬੰਧੀ ਜਾਰੀ ਕੀਤੇ ਗਏ ਪੱਤਰ ਦੇ ਜਵਾਬ ਵਿੱਚ ਕਾਲਜ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਸਬੰਧਤ ਤਰੁਟੀਆਂ ਪਹਿਲ ਦੇ ਆਧਾਰ ‘ਤੇ ਦੂਰ ਕੀਤੀਆਂ ਜਾਣਗੀਆਂ।
ਫ਼ਾਊਂਡੇਸ਼ਨ ਦੇ ਮੈਂਬਰਾਂ ਨੇ ਬੀਤੇ ਐਤਵਾਰ ਨੂੰ ਹੋਈ ਆਪਣੀ ਮੀਟਿੰਗ ਵਿੱਚ ਇਹ ਫ਼ੈਸਲਾ ਵੀ ਕੀਤਾ ਸੀ ਕਿ ਦਰੁਸਤ ਪੰਜਾਬੀ (ਗੁਰਮੁਖੀ) ਦੀ ਵਰਤੋਂ ਕਰਨ ਵਾਲੇ ਅਦਾਰਿਆਂ ਨੂੰ ਅਤੇ ਸੰਸਥਾ ਦੀਆਂ ਚਿੱਠੀਆਂ ਉਤੇ ਅਮਲ ਕਰਨ ਵਾਲੇ ਅਦਾਰਿਆਂ ਨੂੰ ਵੀ ਧੰਨਵਾਦ ਪੱਤਰ ਜਾਰੀ ਕੀਤੇ ਜਾਣਗੇ।
-Nav Gill
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button