NewsBreaking NewsIndiaPunjab

ਬੰਬ ਧਮਾਕੇ ਸਬੰਧੀ ਪੁਲਿਸ ਦਾ ਫੜਿਆ ਗਿਆ ਝੂਠ? ਵਾਰਦਾਤ ਵੇਲੇ ਬਿਕਰਮਜੀਤ ਕਰ ਰਿਹਾ ਸੀ ਖੇਤਾਂ ਚ ਕੰਮ

ਅੰਮ੍ਰਿਤਸਰ : ਰਾਜਾਸਾਂਸੀ ਨੇੜੇ ਪਿੰਡ ਅਦਲੀਵਾਲ ਦੇ ਨਿਰੰਕਾਰੀ ਭਵਨ ਵਿੱਚ ਕੀਤੇ ਗਏ ਬੰਬ ਧਮਾਕੇ ਨੇ ਜਿੱਥੇ ਦਰਜਨਾਂ ਹੀ ਹੱਸਦੇ ਵੱਸਦੇ ਘਰਾਂ ’ਚ ਮਾਤਮ ਦਾ ਮਾਹੌਲ ਪੈਦਾ ਕਰ ਦਿੱਤੈ ਉੱਥੇ ਦੂਜੇ ਪਾਸੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਿਆਸਤ ਲਈ ਇੱਕ ਨਵਾਂ ਮੁੱਦਾ ਮਿਲ ਗਿਐ। ਅਜਿਹੇ ਵਿੱਚ ਸਭ ਤੋਂ ਔਖੀ ਚੁਣੌਤੀ ਸੀ ਪੰਜਾਬ ਸਰਕਾਰ ਲਈ, ਜੋ ਕਿ ਇੱਕ ਪਾਸੇ ਸੂਬੇ ’ਚ ਸੁਰੱਖਿਆ ਇੰਤਜ਼ਾਮਾਂ ਨੂੰ ਲੈ ਕੇ ਚਿੰਤਤ ਹੈ ਉੱਥੇ ਦੂਜੇ ਪਾਸੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਫੜ੍ਹ ਕੇ ਇਨਸਾਫ ਦੇ ਕਟਿਹਰੇ ਵਿੱਚ ਖੜ੍ਹਾ ਕਰਨਾ ਵੀ ਸਰਕਾਰ ਲਈ ਇੱਕ ਵੱਡੀ ਵੰਗਾਰ ਸੀ। ਸ਼ਾਇਦ ਇਹੋ ਕਾਰਨ ਸੀ ਕਿ ਜਦੋਂ ਅੰਮ੍ਰਿਤਸਰ ਪੁਲਿਸ ਨੇ ਇਸ ਬੰਬ ਧਮਾਕੇ ਵਿੱਚ ਸ਼ਾਮਲ ਬਿਕਰਮਜੀਤ ਸਿੰਘ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਤਾਂ ਮੁੱਖਮੰਤਰੀ ਕੈਪਟਨ ਅਮਰਿੰਦਰ ਨੇ ਇਹ ਖੁਲਾਸਾ ਪੱਤਰਕਾਰ ਸੰਮੇਲਨ ’ਚ ਆਪ ਖੁਦ ਕੀਤਾ।

 

ਪਰ ਦੱਸ ਦੇਈਏ ਕਿ ਜਿੱਥੇ ਫੜੇ ਗਏ ਬਿਕਰਮਜੀਤ ਸਿੰਘ ਦੇ ਪਰਿਵਾਰ ਦਾ ਦਾਅਵਾ ਹੈ ਕਿ ਵਾਰਦਾਤ ਮੌਕੇ ਬਿਕਰਮਜੀਤ ਖੇਤ ਵਿੱਚ ਕਣਕ ਬੀਜ ਰਿਹਾ ਸੀ ਉੱਥੇ ਦੂਜੇ ਪਾਸੇ ਅਵਤਾਰ ਸਿੰਘ ਦੇ ਪਿੰਡ ਵਾਸੀ ਵੀ ਇਹ ਮੰਨਣ ਨੂੰ ਤਿਆਰ ਨਹੀਂ ਕਿ ਅਵਤਾਰ ਅਜਿਹੀ ਕਿਸੇ ਘਟਨਾ ਨੂੰ ਅੰਜਾਮ ਦੇ ਸਕਦਾ ਹੈ। ਜਿਸ ਬਿਕਰਮਜੀਤ ਸਿੰਘ ਸਬੰਧੀ ਬੀਤੀ ਕੱਲ ਮੁੱਖਮੰਤਰੀ ਨੇ ਬੰਬ ਧਮਾਕੇ ਦੀ ਵਾਰਦਾਤ ਵਿੱਚ ਸ਼ਾਮਲ ਹੋਣ ਸਬੰਧੀ ਖੁਲਾਸੇ ਕੀਤੇ ਸਨ ਉਸਦੇ ਪਰਿਵਾਰਕ ਮੈਂਬਰਾਂ ਸਣੇ ਪਿੰਡ ਵਾਸੀਆਂ ਦਾ ਵੀ ਇਹ ਦਾਅਵਾ ਹੈ ਕਿ ਬਿਕਰਮਜੀਤ ਨੂੰ ਇਸ ਕੇਸ ਵਿੱਚ ਝੂਠਾ ਫਸਾਇਆ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮਜੀਤ ਦੀ ਮਾਤਾ ਸੁਖਵਿੰਦਰ ਕੌਰ ਨੇ ਕਿਹਾ ਕਿ ਉਸਦਾ ਪੁੱਤਰ ਇੱਕ ਕਿਸਾਨ ਹੈ ਨਾ ਕਿ ਅੱਤਵਾਦੀ।

 

ਸੁਖਵਿੰਦਰ ਕੌਰ ਅਨੁਸਾਰ ਵਾਰਦਾਤ ਦਾ ਜੋ ਸਮਾਂ ਪੁਲਿਸ ਨੇ ਦੱਸਿਆ ਹੈ ਉਸ ਵੇਲੇ ਤਾਂ ਉਨ੍ਹਾਂ ਦਾ ਲੜਕਾ ਆਪਣੇ ਤਾਏ ਪਿਆਰਾ ਸਿੰਘ ਨਾਲ ਖੇਤ ਵਿੱਚ ਕਣਕ ਬੀਜ ਰਿਹਾ ਸੀ। ਇਸ ਤੋਂ ਇਲਾਵਾ ਬਿਕਰਮਜੀਤ ਸਿੰਘ ਦੇ ਤਾਏ ਪਿਆਰਾ ਸਿੰਘ ਦਾ ਵੀ ਇਹ ਦਾਅਵਾ ਹੈ ਕਿ ਮੰਗਲਵਾਰ ਦੀ ਰਾਤ ਬਿਕਰਮਜੀਤ ਸਿੰਘ ਨੂੰ ਪੁਲਿਸ ਨੇ ਰਾਤ 12.00 ਵਜੇ ਉਨ੍ਹਾਂ ਦੇ ਘਰੋਂ ਗ੍ਰਿਫਤਾਰ ਕੀਤਾ ਹੈ। ਪਿਆਰਾ ਸਿੰਘ ਅਨੁਸਾਰ ਪੁਲਿਸ ਨਾ ਸਿਰਫ਼ ਬਿਕਰਮਜੀਤ ਸਿੰਘ ਨਾਲ ਸਬੰਧਤ ਘਰ ਵਿੱਚ ਪਈ ਹਰ ਚੀਜ਼ ਚੁੱਕ ਕੇ ਲੈ ਗਈ ਬਲਕਿ ਘਰ ਵਿੱਚ ਮੌਜੂਦ ਦੋ ਮੋਟਰਸਾਇਕਲ ਵੀ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਏ। ਪਿਆਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਪੰਚਾਇਤ ਨੂੰ ਨਾਲ ਲੈ ਕੇ ਬੁੱਧਵਾਰ ਸ਼ਾਮ ਤੱਕ ਪੁਲਿਸ ਨਾਲ ਜਦੋਂ ਗੱਲਬਾਤ ਹੁੰਦੀ ਰਹੀ ਤਾਂ ਪੁਲਿਸ ਦਾ ਇਹ ਕਹਿਣਾ ਸੀ ਕਿ ਘਬਰਾਉ ਨਾ ਬਿਕਰਮਜੀਤ ਨੂੰ ਪੁਛਗਿਛ ਕਰਕੇ ਘਰ ਵਾਪਸ ਭੇਜ ਦਿੱਤਾ ਜਾਵੇਗਾ ਪਰ ਬਾਅਦ ਵਿੱਚ ਪਤਾ ਲੱਗਾ ਕਿ ਉਸਨੂੰ ਬੰਬ ਧਮਾਕੇ ਦੇ ਝੂਠੇ ਕੇਸ ਵਿੱਚ ਫਸਾ ਦਿੱਤਾ ਗਿਆ ਹੈ।

Read Also ਅਦਲੀਵਾਲਾ ਬੰਬ ਧਮਾਕੇ ਤੋਂ ਬਾਅਦ ਨਿਰੰਕਾਰੀਆਂ ਦਾ ਆਇਆ ਵੱਡਾ ਬਿਆਨ, ਕਿਹਾ …

ਬਿਕਰਮਜੀਤ ਦੇ ਪਰਿਵਾਰ ਅਨੁਸਾਰ ਬਿਕਰਮਜੀਤ 12ਵੀਂ ਪਾਸ ਹੈ ਤੇ ਉਸਦਾ ਭਰਾ ਗੁਰਮੇਜ ਸਿੰਘ ਕੈਨੇਡਾ ਵਿੱਚ ਰਹਿੰਦਾ ਹੈ। ਉਨ੍ਹਾਂ ਦੇ ਪਰਿਵਾਰ ਕੋਲ ਅੱਠ ਕਿੱਲੇ ਜ਼ਮੀਨ ਹੈ ਜਿਸ ਨਾਲ ਪਰਿਵਾਰ ਦਾ ਖੇਤੀਬਾੜੀ ਨਾਲ ਵਧੀਆ ਗੁਜ਼ਾਰਾ ਚੱਲ ਰਿਹਾ ਹੈ। ਬਿਕਰਮਜੀਤ ਇੱਕ ਅੰਮ੍ਰਿਤਧਾਰੀ ਸਿੰਘ ਹੈ ਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਅਕਸਰ ਸੇਵਾ ਨਿਭਾਉਂਦਾ ਰਹਿੰਦਾ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਬਿਕਰਮਜੀਤ ਹਰ ਤਰ੍ਹਾਂ ਦੀ ਪਾਰਟੀਬਾਜ਼ੀ ਤੋਂ ਪਰਹੇਜ਼ ਰੱਖਦਾ ਹੈ। ਉਨ੍ਹਾਂ ਕਿਹਾ ਕਿ ਬਿਕਰਮਜੀਤ ਸਿੰਘ ਨੂੰ ਝੂਠਾ ਫਸਾਇਆ ਗਿਆ ਹੈ ਤੇ ਜੇਕਰ ਉਨ੍ਹਾਂ ਦੇ ਲੜਕੇ ਨੂੰ ਇਸ ਕੇਸ ਵਿੱਚੋਂ ਕੱਢ ਕੇ ਬਾਇੱਜ਼ਤ ਰਿਹਾਅ ਨਾ ਕੀਤਾ ਗਿਆ ਤਾਂ ਉਹ ਲੋਕ ਪਿੰਡ ਵਾਸੀਆਂ ਤੇ ਪੰਚਾਇਤ ਨੂੰ ਨਾਲ ਲੈ ਕੇ ਧਰਨਾ ਦੇਣਗੇ ਤੇ ਰਸਤੇ ਜਾਮ ਕਰ ਦੇਣਗੇ। ਇੱਥੇ ਦੱਸ ਦੇਈਏ ਕਿ ਬਿਕਰਮਜੀਤ ਸਿੰਘ ਆਪਣੀ ਮਾਂ ਸੁਖਵਿੰਦਰ ਕੌਰ ਨਾਲ ਘਰ ਵਿੱਚ ਇਕੱਲਾ ਹੀ ਰਹਿੰਦਾ ਸੀ ਤੇ ਬਿਕਰਮਜੀਤ ਸਿੰਘ ਦੇ ਫੜੇ ਜਾਣ ਤੋਂ ਬਾਅਦ ਪੂਰਾ ਪਿੰਡ ਉਸਦੀ ਮਾਤਾ ਨਾਲ ਹਮਦਰਦੀ ਪ੍ਰਗਟ ਕਰ ਰਿਹਾ ਹੈ।

 

ਇੱਧਰ ਦੂਜੇ ਪਾਸੇ ਪੁਲਿਸ ਇਸ ਵਾਰਦਾਤ ’ਚ ਜਿਸ ਦੂਜੇ ਵਿਅਕਤੀ ਅਵਤਾਰ ਸਿੰਘ ਦੀ ਸ਼ਮੂਲੀਅਤ ਦਾ ਦਾਅਵਾ ਕਰ ਰਹੀ ਹੈ ਉਸਦਾ ਪਿੰਡ ਚੱਕ ਮਿਸ਼ਰੀ ਖਾਨ, ਅਜਨਾਲਾ ਨੇੜੇ ਲੋਪੋਕੇ ਤੋਂ ਭਾਰਤ-ਪਾਕਿਸਤਾਨ ਦੀ ਸਰਹੱਦ ਸਿਰਫ਼ 6 ਕਿਲੋਮੀਟਰ ਦੀ ਦੂਰੀ ਤੇ ਪੈਂਦੀ ਹੈ। ਇਸ ਪਿੰਡ ਦੇ ਲੋਕਾਂ ਨੂੰ ਵੀ ਇਹ ਯਕੀਨ ਨਹੀਂ ਹੈ ਕਿ ਜੋ ਕੁਝ ਪੁਲਿਸ ਦਾਅਵਾ ਕਰ ਰਹੀ ਹੈ ਉਹ ਸੱਚ ਹੈ। ਪਿੰਡ ਵਾਸੀਆਂ ਅਨੁਸਾਰ ਅਵਤਾਰ ਸਿੰਘ ਗੁਰਸਿੱਖ ਨੌਜਵਾਨ ਹੈ ਅਤੇ ਨਿੱਤਨੇਮ ਕਰਨ ਦੇ ਨਾਲ-ਨਾਲ ਆਪਣੇ ਕੰਮ ਨਾਲ ਮਤਲਬ ਰੱਖਣ ਵਾਲਾ ਇਨਸਾਨ ਹੈ। ਪਿੰਡ ਵਾਸੀਆਂ ਅਨੁਸਾਰ ਅਵਤਾਰ ਸਿੰਘ ਪਿੰਡ ਵਿੱਚ ਨਾ ਸਿਰਫ਼ ਕਰਿਆਨੇ ਅਤੇ ਡਾਕਟਰੀ ਦੀ ਦੁਕਾਨ ਕਰਦਾ ਹੈ ਬਲਕਿ ਉਸਨੇ ਖੇਤੀਬਾੜੀ ਨੂੰ ਵੀ ਧੰਦੇ ਦੇ ਤੌਰ ’ਤੇ ਅਪਣਾਇਆ ਹੋਇਆ ਹੈ।

 

ਦੋ ਬੇਟੀਆਂ ਦੇ ਪਿਤਾ ਅਵਤਾਰ ਸਿੰਘ ਆਪਣੇ ਪਿਤਾ ਗੁਰਦਿਆਲ ਸਿੰਘ ਤੇ ਸਾਰੇ ਪਰਿਵਾਰ ਨਾਲ ਇਸ ਪਿੰਡ ਵਿਚ ਰਹਿ ਰਿਹਾ ਹੈ ਤੇ ਉਸਦਾ ਇੱਕ ਭਰਾ ਵਿਦੇਸ਼ ਵਿੱਚ ਰਹਿੰਦਾ ਹੈ। ਪਿੰਡ ਵਾਲਿਆਂ ਅਨੁਸਾਰ ਅਵਤਾਰ ਸਿੰਘ ਦਾ ਪਿਤਾ ਗੁਰਦਿਆਲ ਸਿੰਘ ਧਰਮੀ ਫੌਜੀ ਹੈ ਅਤੇ ਪਿੰਡ ਦੇ ਹੀ ਗੁਰਦੁਆਰਾ ਸਾਹਿਬ ’ਚ ਕੀਰਤਨ ਆਦਿ ਕਰਦਾ ਹੈ। ਗੁਰਦਿਆਲ ਸਿੰਘ ਵੀ ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿੱਚ ਸਜ਼ਾ ਭੁਗਤ ਚੁੱਕਾ ਹੈ। ਪਿੰਡ ਵਿੱਚ ਪੱਤਰਕਾਰਾਂ ਵਲੋਂ ਪਹੁੰਚ ਕੀਤੇ ਜਾਣ ਤੇ ਪਤਾ ਲੱਗਾ ਹੈ ਕਿ ਅਵਤਾਰ ਸਿੰਘ ਦੇ ਘਰ ਪੁਲਿਸ ਦਾ ਸਖਤ ਪਹਿਰਾ ਹੈ ਤੇ ਅਵਤਾਰ ਸਿੰਘ ਦਾ ਪਰਿਵਾਰ ਘਰ ਵਿੱਚੋਂ ਲਾਪਤਾ ਹੈ। ਇਸ ਗੱਲ ਦਾ ਪਿੰਡ ਵਾਸੀਆਂ ਨੂੰ ਵੀ ਨਹੀਂ ਪਤਾ ਕਿ ਸਾਰਿਆਂ ਨੂੰ ਪੁਲਿਸ ਚੁੱਕ ਕੇ ਲੈ ਗਈ ਕਿ ਉਹ ਆਪ ਖੁਦ ਘਰੋਂ ਗਾਇਬ ਹਨ। ਪਰ ਇੰਨਾ ਜਰੂਰ ਹੈ ਕਿ ਇਸ ਪਿੰਡ ਦੇ ਲੋਕ ਵੀ ਇਹ ਮੰਨਣ ਨੂੰ ਤਿਆਰ ਨਹੀਂ ਹਨ ਕਿ ਅਵਤਾਰ ਸਿੰਘ ਬੰਬ ਧਮਾਕੇ ਦੀ ਇਸ ਵਾਰਦਾਤ ਵਿੱਚ ਸ਼ਾਮਲ ਹੋ ਸਕਦਾ ਹੈ।

 

ਫਿਲਹਾਲ ਜਿੱਥੇ ਪੁਲਿਸ ਬਿਕਰਮਜੀਤ ਤੋਂ 77 ਹਥਿਆਰ ਬਰਾਮਦ ਕਰਨ ਦੇ ਨਾਲ-ਨਾਲ ਕਈ ਹੋਰ ਸਬੂਤ ਪੇਸ਼ ਕਰਕੇ ਇਹ ਦਾਅਵਾ ਕਰ ਰਹੀ ਹੈ ਇਸ ਵਾਰਦਾਤ ਵਿੱਚ ਬਿਕਰਮਜੀਤ ਅਤੇ ਅਵਤਾਰ ਸਿੰਘ ਹੀ ਸ਼ਾਮਲ ਸਨ ਉੱਥੇ ਦੋਵਾਂ ਵਿਅਕਤੀਆਂ ਦੇ ਪਰਿਵਾਰ ਪੁਲਿਸ ਦੀ ਕਹਾਣੀ ਨੂੰ ਝੂਠਾ ਸਾਬਤ ਕਰਨ ’ਤੇ ਲੱਗੇ ਹੋਏ ਹਨ। ਦੋਵਾਂ ਵਿੱਚੋਂ ਕੌਣ ਸੱਚਾ ਹੈ ਤੇ ਕੌਣ ਝੂਠਾ ਇਸਦਾ ਫੈਸਲਾ ਬੇਸ਼ੱਕ ਅਦਾਲਤ ਨੇ ਕਰਨਾ ਹੈ ਪਰ ਇਨਸਾਫ਼ ਦਾ ਤਕਾਜਾ ਇਹ ਹੈ ਕਿ 100 ਮੁਜਰਿਮ ਬੇਸ਼ੱਕ ਛੁੱਟ ਜਾਣ ਪਰ ਇੱਕ ਬੇਗੁਨਾਹ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਪਰ ਅੱਤਵਾਦ ਦੇ ਕਾਲੇ ਦੌਰ ਵਾਲੇ ਪਿਛਲੇ ਤਜ਼ਰਬੇ ਇਹ ਸਾਬਤ ਕਰਦੇ ਹਨ ਕਿ ਨਾ ਤਾਂ ਅਜਿਹੇ ਮੌਕਿਆਂ ਤੇ ਸਰਕਾਰਾਂ ਅਤੇ ਪੁਲਿਸ ਨੇ ਘੱਟ ਗੁਜ਼ਾਰੀਆਂ ਹਨ ਤੇ ਨਾ ਹੀ ਉਨ੍ਹਾਂ ਲੋਕਾਂ ਨੇ ਜਿਨ੍ਹਾਂ ਨੂੰ ਇਨ੍ਹਾਂ ਘਟਨਾਵਾਂ ਵਿੱਚ ਸ਼ਾਮਿਲ ਦੱਸਿਆ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button