
ਬੰਗਾਲ ਦੀ ਖਾੜੀ ਵਿਚ ਵੱਡਾ ਸਮੁੰਦਰੀ ਹਾਦਸਾ ਹੋ ਗਿਆ। ਓਡੀਸ਼ਾ ਦੀ ਪਾਰਾਦੀਪ ਬੰਦਰਗਾਹ ਤੋਂ ਸਿੰਗਾਪੁਰ ਲਈ ਰਵਾਨਾ ਹੋਇਆ ਪਨਾਮਾ ਦੇ ਝੰਡੇ ਵਾਲਾ ਮਾਲਵਾਹਕ ਜਹਾਜ਼ ਐੱਮਵੀ ਓਸ਼ੀਅਨ-ਵਿਨਰ ਸਮੁੰਦਰ ਵਿਚ ਡੁੱਬ ਗਿਆ। ਹਾਦਸਾ ਪਾਰਾਦੀਪ ਤੱਟ ਤੋਂ ਕਰੀਬ 240 ਨਾਟੀਕਲ ਮੀਲ ਦੂਰ ਵਾਪਰਿਆ ਦੱਸਿਆ ਜਾ ਰਿਹਾ ਹੈ। ਜਹਾਜ਼ ’ਤੇ 24 ਕਰੂ ਮੈਂਬਰ ਸਵਾਰ ਸਨ। ਇਸ ਵਿਚ 20 ਚੀਨੀ, ਤਿੰਨ ਮਿਆਂਮਾਰ ਦੇ ਅਤੇ ਇਕ ਬੰਗਲਾਦੇਸ਼ੀ ਨਾਗਰਿਕ ਸ਼ਾਮਲ ਹਨ। ਭਾਰਤੀ ਸਮੁੰਦਰੀ ਫ਼ੌਜ ਤੇ ਤੱਟ ਰਾਖਿਆਂ ਨੇ ਵੱਡੇ ਪੈਮਾਨੇ ’ਤੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਰਾਤ ਕਰੀਬ 8 ਵਜੇ ਦੋ ਲਾਈਫ ਰਾਫਟਾਂ ਨਾਲ ਦੋ ਜਣਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਹਾਲਾਂਕਿ ਬਾਕੀ ਅਮਲੇ-ਫੈਲੇ ਦੀ ਸਥਿਤੀ ਲਈ ਮੁਹਿੰਮ ਜਾਰੀ ਹੈ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਸਾਰੇ 24 ਮੈਂਬਰਾਂ ਦੀ ਹਾਲਤ ਬਾਰੇ ਪੂਰੀ ਪੁਸ਼ਟੀ ਹਾਲੇ ਨਹੀਂ ਹੋ ਸਕੀ ਹੈ। ਆਲੇ-ਦੁਆਲੇ ਤੋਂ ਗੁਜ਼ਰ ਰਹੇ ਹੋਰ ਜਹਾਜ਼ਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਅਤੇ ਬਚਾਅ ਕਾਰਜ ਲਈ ਸਹਿਯੋਗ ਮੰਗਿਆ ਗਿਆ ਹੈ।
ਸ਼ੁਰੂਆਤੀ ਜਾਣਕਾਰੀ ਮੁਤਾਬਕ ਐੱਮਵੀ ਓਸ਼ੀਅਨ-ਵਿਨਰ ਤਕਰੀਬਨ 1,700 ਟਨ ਕੱਚਾ ਲੋਹਾ ਲੈ ਕੇ ਪਾਰਾਦੀਪ ਤੋਂ ਰਵਾਨਾ ਹੋਇਆ ਸੀ। ਜਹਾਜ਼ ਨੇ 20 ਅਗਸਤ ਨੂੰ ਰਾਤ 10:30 ਵਜੇ ਪਾਰਾਦੀਪ ਬੰਦਰਗਾਹ ਛੱਡਿਆ ਸੀ ਅਤੇ ਸਿੰਗਾਪੁਰ ਵੱਲ ਜਾ ਰਿਹਾ ਸੀ। ਲਗਭਗ 200 ਨਾਟੀਕਲ ਮੀਲ ਦੂਰੀ ’ਤੇ ਪੁੱਜਣ ਤੋਂ ਬਾਅਦ ਜਹਾਜ਼ ਨਾਲ ਸੰਪਰਕ ਟੁੱਟ ਗਿਆ। ਇਸ ਤੋਂ ਬਾਅਦ ਇਸ ਦੇ ਸਮੁੰਦਰ ਵਿਚ ਡੁੱਬਣ ਦੀ ਖ਼ਬਰ ਆਈ। ਰਾਬਤਾ ਟੁੱਟਣ ਦੀ ਜਾਣਕਾਰੀ ਮਿਲਦੇ ਹੀ ਸਮੁੰਦਰੀ ਬਚਾਅ ਏਜੰਸੀਆਂ ਸਰਗਰਮ ਹੋ ਗਈਆਂ। ਜਹਾਜ਼ ਡੁੱਬਣ ਦੇ ਅਸਲ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਸ਼ੁਰੂਆਤੀ ਰਿਪੋਰਟਾਂ ਵਿਚ ਖ਼ਰਾਬ ਮੌਸਮ, ਸਮੁੰਦਰੀ ਹਾਲਾਤ ਜਾਂ ਤਕਨੀਕੀ ਕਾਰਨਾਂ ਦੀਆਂ ਸੰਭਾਵਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਪਰ ਅਧਿਕਾਰੀਆਂ ਨੇ ਕਿਸੇ ਵੀ ਕਾਰਨ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




