EDITORIAL

ਬਜ਼ੁਰਗ : ਸਮਾਜਿਕ ਕਦਰਾਂ ਕੀਮਤਾਂ ਦੇ ਬੈਂਕ, ਵੱਖਰੇ ਵਿਭਾਗ ਤੇ ਵੱਖਰੇ ਬਜਟ ਦੀ ਲੋੜ

ਅਮਰਜੀਤ ਸਿੰਘ ਵੜੈਚ (94178-01988) 

ਦੁਨੀਆਂ ‘ਚ ਬਜ਼ੁਰਗਾਂ ਦੀ ਆਬਾਦੀ ਵਧ ਰਹੀ ਹੈ। ਸੰਯੁਕਤ ਰਾਸ਼ਟਰ ਦੇ ਪਾਪੂਲੇਸ਼ਨ ਫ਼ੰਡ ਦੀ ਰਿਪੋਰਟ ਮੁਤਾਬਿਕ ਭਾਰਤ ‘ਚ ਸਾਲ 2036 ਤੱਕ 60 ਸਾਲ ਤੋਂ ਉਪਰ ਵਾਲ਼ੇ ਲੋਕਾਂ ਦੀ ਗਿਣਤੀ 17 ਕਰੋੜ ਹੋ ਜਾਵੇਗੀ ਜੋ ਅੱਜ ਦੀ ਤਾਰੀਖ ‘ਚ ਪੌਣੇ 11 ਕਰੋੜ ਹੈ । ਪੰਜਾਬੀ ਦੀ ਕਹਾਵਤ ਹੈ ਕਿ ਬਜ਼ੁਰਗ ਘਰਾਂ ਦੇ ਜਿੰਦਰੇ ਹੁੰਦੇ ਹਨ ; ਬਜ਼ੁਰਗ ਸਮਾਜਿਕ ਕਦਰਾਂ ਕੀਮਤਾਂ ਦੇ ਬੈਂਕ ਵੀ ਹੁੰਦੇ ਹਨ । ਇਕ ਸਮਾਂ ਸੀ ਜਦੋਂ ਬਜ਼ੁਰਗਾਂ ਤੋਂ ਪੁੱਛੇ ਬਿਨਾ ਕੋਈ ਕੰਮ ਨਹੀਂ ਕੀਤਾ ਜਾਂਦਾ ਸੀ ਪਰ ਅੱਜ ਕੱਲ੍ਹ ਇਸ ਤਰ੍ਹਾਂ ਦੀਆਂ ਘਟਨਾਵਾਂ ਸੁਣਨ ‘ਚ ਆ ਰਹੀਆਂ ਹਨ ਕਿ ਕਈ ਘਰਾਂ ‘ਚੋ ਬਜ਼ੁਰਗਾਂ ਨੂੰ ਕੱਢ ਦਿਤਾ ਜਾਂਦਾ ਹੈ,ਕਈ ਖ਼ਬਰਾਂ ਇਸ ਤਰ੍ਹਾਂ ਦੀਆਂ ਵੀ ਆਉਂਦੀਆਂ ਹਨ ਜਿਥੇ ਪੈਸੇ,ਘਰ ਜਾਂ ਜ਼ਮੀਨ ਬਦਲੇ ਮਾਂ ਜਾਂ ਪਿਓ ਦਾ ਕਤਲ ਵੀ ਕਰ ਦਿਤਾ ਗਿਆ ਹੈ ।

ਇਕ ਪੋਤੇ ਨੇ ਦਾਦੇ ਦਾ ਇਸ ਕਰਕੇ ਸਿਰ ਭੰਨਕੇ ਕਤਲ ਕਰ ਦਿਤਾ ਕਿਉਂਕਿ ਦਾਦਾ ਅਪਣਾ ਘਰ ਆਪਣੇ ਪੁੱਤਰ ਦੇ ਨਾਂ ਨਹੀਂ ਸੀ ਕਰਵਾ ਰਿਹਾ। ਬਜ਼ੁਰਗਾਂ ਭਾਵ ਸੀਨੀਅਰ ਸਿਟੀਜ਼ਨਾਂ ਲਈ ਇਹ ਸਥਿਤੀਆਂ ਅੱਜ ਹਰ ਥਾਂ ਤੇ ਉਤਪਨ ਹੋ ਰਹੀਆਂ ਹਨ ਜੋ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ । ਪਹਿਲਾਂ ਇਹੋ ਜਿਹੀਆਂ ਘਟਨਾਵਾਂ ਪਿੰਡ,ਮੁਹੱਲੇ ਜਾਂ ਸ਼ਹਿਰ ਤੱਕ ਹੀ ਸੀਮਤ ਰਹਿੰਦੀਆਂ ਸਨ ਪਰ ਹੁਣ ਸੋਸ਼ਲ-ਮੀਡੀਆ ਦਾ ਯੁੱਗ ਹੋਣ ਕਰਕੇ ਕਿ ਇਹੋ ਜਿਹੀਆਂ ਖ਼ਬਰਾਂ ਜੰਗਲ਼ ਦੀ ਅੱਗ ਤੋਂ ਵੀ ਤੇਜ਼ ਦੁਨੀਆਂ ਵਿੱਚ ਫੈਲ ਜਾਂਦੀਆਂ ਹਨ । ਫ਼ਰੀਦਕੋਟ ‘ਚ ਇਕ ਦਿਲ ਹਿਲਾ ਦੇਣ ਵਾਲ਼ੀ ਘਟਨਾ ਸਾਹਮਣੇ ਆਈ ਜਿਸ ‘ਚ ਇਕ ਬਜ਼ੁਰਗ ਨੇ ਆਪਣੇ ਪੁੱਤਰ ਤੋਂ ਤੰਗ ਹੋਕੇ ਨਹਿਰ ‘ਚ ਛਾਲ਼ ਮਾਰ ਦਿਤੀ । ਲੋਕਾਂ ਨੇ ੳਸ ਨੂੰ ਬਚਾ ਲਿਆ ਪਰ ਉਹ ਫਿਰ ਛੁੱਟ ਕੇ ਭੱਜ ਵਗਿਆ ਤੇ ਫਿਰ ਛਾਲ ਮਾਰ ਦਿਤੀ ਜਿਸ ਨੂੰ ਉਥੇ ਮੌਜੂਦ ਲੋਕਾਂ ਨੇ ਫਿਰ ਬਚਾ ਲਿਆ।

ਸਾਡੇ ਸੱਭਿਆਚਾਰ ‘ਚ , ਬਿਰਧ ਘਰਾਂ ਦਾ ਕੋਈ ਸੰਕੱਲਪ ਨਹੀਂ ਸੀ ਪਰ ਹੁਣ ਧੜਾਧੜ ਓਲਡ ਏਜ ਹੋਮ ਬਣ ਰਹੇ ਹਨ। ਲੋਕ ਬਜ਼ੁਰਗਾਂ ਨੂੰ ਇਨ੍ਹਾਂ ਥਾਂਵਾਂ ‘ਚ ਛੱਡ ਆਉਂਦੇ ਹਨ । ਹੁਣ ਤਾਂ ਕਈ ਥਾਂਈ ਪੰਜ ਤਾਰਾਂ ਹੋਟਲਾਂ ਵਰਗੇ ਓਲਡ ਏਜ ਹੋਮ ਬਣ ਰਹੇ ਹਨ ਜਿਥੇ ਸਰਦੇ-ਪੁਜਦੇ ਬਜ਼ੁਰਗ ਖ਼ੁਦ ਜਾਕੇ ਰਹਿਣਾ ਪਸੰਦ ਕਰਦੇ ਹਨ । ਇਸੇ ਤਰ੍ਹਾਂ ਦਾ ਇਕ ਆਲੀਸ਼ਾਨ ਸੀਨੀਅਰ ਸਿਟੀਜ਼ਨ ਹੋਮ , ਹੈਵਨਲੀ ਪੈਲਸ ਲੁਧਿਆਣੇ ਨੇੜੇ ਦੋਰਹੇ ਤੇ ਇਕ ਦੇਹਰਾਦੂਨ ‘ਚ ਅੰਤਾਰਾ ਬਣੇ ਹੋਏ ਹਨ ।

ਸੀਨੀਅਰ ਸਿਟੀਜ਼ਨ ਛੇ ਕਿਸਮ ਦੇ ਹਨ । ਇਕ ਤਾਂ ਉਹ ਜੋ ਸਰਕਾਰੀ ਵਿਭਾਗਾਂ  ‘ਚੋਂ ਰਿਟਾਇਰ ਹੋਕੇ ਪੈਨਸ਼ਨ ਲੈ ਰਹੇ ਹਨ । ਦੂਸਰੇ ਉਹ ਬਜ਼ੁਰਗ ਹਨ ਜੋ ਨਿੱਜੀ ਅਦਾਰਿਆਂ ‘ਚ ਨੌਕਰੀਆਂ ਕਰਕੇ ਰਿਟਾਇਰ ਹੋਏ ਹਨ ਪਰ ਪੈਨਸ਼ਨ ਨਹੀਂ ਮਿਲ਼ਦੀ । ਤੀਸਰੀ ਧਿਰ ਹੈ ਉਹ ਬਜ਼ੁਰਗ ਹਨ ਜੋ ਮੱਧ ਵਰਗ ਨਾਲ਼ ਸਬੰਧਿਤ ਹਨ ਤੇ ਆਪਣੇ ਕਿਸੇ ਕਾਰੋਬਾਰ ਨੂੰ ਚਲਾਉਂਦੇ ਰਹੇ ਹਨ ਜਾਂ ਖੇਤੀ ਕਰਦੇ ਰਹੇ ਹਨ ਤੇ ਹੁਣ ਆਪਣੇ ਬੱਚਿਆਂ ਤੇ ਨਿਰਭਰ ਹਨ । ਚੌਥੀ ਸ਼੍ਰੇਣੀ ‘ਚ ਉਹ ਬਜ਼ੁਰਗ ਹਨ ਜੋ ਗਰੀਬ/ਮਜ਼ਦੂਰ/ਬੇ-ਜ਼ਮੀਨੇ ਹਨ ਤੇ ਉਹ ਸਾਰੀ ਉਮਰ ਹੀ ਕਮਾਉਂਦੇ ਤੇ ਸਿਰਫ਼ ਢਿੱਡ ਹੀ ਭਰਦੇ ਹਨ ਜਾਂ ਫਿਰ ਲਾਵਾਰਿਸਾਂ ਵਰਗੀ ਜ਼ਿੰਦਗੀ ਬਸਰ ਕਰਦੇ ਹਨ। ਪੰਜਵੀ ਕਿਸਮ ਲਾਵਾਰਿਸ ਬਜ਼ੁਰਗਾਂ ਦੀ ਹੈ ਜੋ ਸੜਕਾਂ ਤੇ ਹੀ ਜੰਮਦੇ ,ਵੱਡੇ ਹੁੰਦੇ ਤੇ ਸੜਕਾਂ ਤੇ ਹੀ ਮਰ ਜਾਂਦੇ ਹਨ ।

ਇਕ ਇਨ੍ਹਾਂ ਤੋਂ ਵੱਖਰੀ ਕਿਸਮ ਹੈ ਜੋ ਸਰਮਾਏ ਪੱਖੋਂ ਸੌਖੇ ਹਨ ਤੇ ਉਨ੍ਹਾਂ ਲਈ ਕੋਈ ਸਮੱਸਿਆ ਨਹੀਂ ਹੁੰਦੀ ਬਸ ਉਨ੍ਹਾਂ ਦੇ ਬੱਚੇ ਉਨ੍ਹਾਂ ਕੋਲ਼ ਨਹੀਂ ਹੁੰਦੇ । ਬਜ਼ੁਰਗ ਆਪਣੇ ਵਾਰਸਾਂ ਲਈ ਸਮਾਜਿਕ ਕਦਰਾਂ ਕੀਮਤਾਂ ਦੇ ਬੈਂਕ ਹੁੰਦੇ ਹਨ ; ਬੱਚੇ ਬਜ਼ੁਰਗਾਂ ਕੋਲ ਬੈਠਕੇ ਕਹਾਣੀਆਂ ਸੁਣ-ਸੁਣ ਕੇ ਹੀ ਭਾਸ਼ਾ, ਖਾਣ-ਪੀਣ,ਪੌਸ਼ਾਕਾਂ,ਲੋਕਗੀਤਾਂ, ਧਰਮ ,ਸਮਾਜ , ਰਹਿਤਲ਼ ਆਦਿ ਬਾਰੇ ਬਹੁਤ ਕੁਝ ਸਹਿਜ ਸੁਭਾ ਹੀ ਸਿਖ ਜਾਂਦੇ ਹਨ। ਬਜ਼ੁਰਗਾਂ ਕੋਲ਼ ਰਹਿਣ ਵਾਲੇ ਬੱਚੇ ਜ਼ਿਆਦਾ ਸਵੈ-ਭਰੋਸੇ ਤੇ ਚੰਗੇ ਵਤੀਰੇ ਵਾਲ਼ੇ ਹੁੰਦੇ ਹਨ । ਘਰ ‘ਚ ਬਜ਼ੁਰਗਾਂ ਦੇ ਹੋਣ ਦਾ ਇਹਸਾਸ ਹੀ ਘਰ ‘ਚ ਬਰਕਤ ਭਰਦਾ ਹੈ । ਦਿੱਲੀ ਸਥਿਤ ਏਜਵੈਲ ਫ਼ਾਉਂਡੇਸ਼ਨ ਦੇ ਸਰਵੇਖਣ ਅਨੁਸਾਰ 60 ਸਾਲਾਂ ਤੋਂ ਉਪਰ ਵਾਲ਼ੇ 80 ਫ਼ੀਸਦ ਬਜ਼ੁਰਗ ਕਾਨੂੰਨੀ
ਚੱਕਰਾਂ ‘ਚ ਫਸੇ ਹੋਏ ਹਨ ਤੇ 78 ਫ਼ੀਸਦ ਬਜ਼ੁਰਗ ਸਿਹਤ ਦੀਆਂ ਸਮੱਸਿਆਵਾਂ ਨਾਲ ਪੀੜਤ ਹਨ ।

ਇਸ ਸਰਵੇਖਣ ਮੁਤਾਬਿਕ ਸਮਾਜ ਦੇ 56 ਫ਼ੀਸਦ ਬਜ਼ੁਰਗਾਂ ਨੂੰ ਸਮਾਜਿਕ ਅਤੇ 62 ਫ਼ੀਸਦ ਨੂੰ ਪੈਸੇ ਦੀਆਂ ਮੁਸ਼ਕਿਲਾਂ ਨਾਲ਼ ਜੂਝਣਾ ਪੈ ਰਿਹਾ ਹੈ । ਇਸ ਦਾ ਮਤਲਬ ਇਹ ਹੈ ਕਿ 64 ਫ਼ੀਸਦ ਬਜ਼ੁਰਗ ਕਿਸੇ ਨਾ ਕਿਸੇ ਮੁਸ਼ਕਿਲ ਨਾਲ਼ ਦੋ ਚਾਰ ਹੋ ਰਹੇ ਹਨ । ਬਜ਼ੁਰਗਾਂ ਤੇ ਹਮਲੇ ਕਰਕੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੇ ਕਈ ਕੇਸ ਸਾਹਮਣੇ ਆਏ ਹਨ । ਪੈਸਾ ਲੁਟਣ ਦੇ ਉਦੇਸ਼ ਨਾਲ ਕਈ ਬਜ਼ੁਰਗਾਂ ਦੇ ਕਤਲ ਵੀ ਕਰ ਦਿਤੇ ਜਾਂਦੇ ਹਨ । ਸਾਡੇ ਦੇਸ਼ ‘ਚ ਕੇਰਲਾ ‘ਚ ਸੱਭ ਤੋਂ ਵੱਧ 17 ,ਤਾਮਿਲਨਾਡੂ 14,ਹਿਮਾਚਲ 13 ਤੇ ਪੰਜਾਬ ‘ਚ 12.6 ਫ਼ੀਸਦ ਬਜ਼ੁਰਗਾਂ ਦੀ
ਆਬਾਦੀ ਹੈ। ਭਾਵ ਪੰਜਾਬ ‘ਚ ਤਕਰੀਬਨ 37 ਲੱਖ ਸੀਨੀਅਰ ਸਿਟੀਜ਼ਨ ਹਨ । ਸਾਡੇ ਸਮਾਜ ‘ਚ 60 ਸਾਲ ਦੇ ਹੋਏ ਵਿਅਕਤੀ ਨੂੰ ਸੇਵਾ-ਮੁਕਤ ਸਮਝਿਆ ਜਾਂਦਾ ਹੈ । ਭਾਵ ਬੇਕਾਰ ਕਿਹਾ ਜਾਂਦਾ ਹੈ ਜਦੋਂ ਕੇ ਪੱਛਮੀ ਮੁਲਕਾਂ ‘ਚ 75 ਸਾਲ ਤੱਕ ਲੋਕ ਕੰਮ ਕਰਦੇ ਰਹਿੰਦੇ ਹਨ ।

ਜਦੋਂ ਵਿਅਕਤੀ 60 ਸਾਲਾਂ ਦਾ ਹੋ ਜਾਂਦਾ ਹੈ ਤਾਂ ਉਸ ਦੇ ਤਜਰਬੇ ਤੋਂ ਫਾਇਦਾ ਲੈਣ ਦੇ ਕਈ ਢੰਗ ਹੋ ਸਕਦੇ ਹਨ । ਪੜ੍ਹੇ ਲਿਖੇ ਬਜ਼ੁਰਗ ਸਕੂਲਾਂ ‘ਚ ਪੜ੍ਹਾਉਣ ਦਾ ਕੰਮ,ਵਾਤਾਵਰਣ ਨੂੰ ਸੰਭਾਲਣ ‘ਚ ਯੋਗਦਾਨ , ਬੱਚਿਆਂ ਦੀ ਸੰਭਾਲ਼ ,ਕੁਝ ਚੀਜ਼ਾ ਬਣਾਉਣ ਦੇ ਕੰਮ, ਸਮਾਜ ਸੇਵਾ ਦੇ ਕੰਮ, ਖੇਤੀ ਤੇ ਵਪਾਰਿਕ ਕੰਮਾਂ ‘ਚ ਸਹਿਯੋਗ ਦੇ ਸਕਦੇ ਹਨ । ਸਾਡੇ ਸਮਾਜ ਨੂੰ ਬਜ਼ੁਰਗਾਂ ਪ੍ਰਤੀ ਸੋਚ ਬਦਲਣ ਦੀ ਲੋੜ ਹੈ । ਅਮਿਤਾਬ ਬੱਚਨ ਇਸ ਵਰ੍ਹੇ 80 ਵਰ੍ਹਿਆਂ ਦੇ ਹੋ ਰਹੇ ਹਨ ਤੇ ਹਾਲੇ ਵੀ ਕਰੋੜਾਂ ਰੁਪਏ ਕਮਾ ਰਹੇ ਹਨ ਤਾਂ ਫਿਰ ਬਾਕੀ ਬਜ਼ੁਰਗ ਕੋਈ ਕੰਮ ਕਿਉਂ ਨਹੀਂ ਕਰ ਸਕਦੇ । ਏਜਵੈਲ ਨੂੰ ਲੋਕਾਂ ਨੇ ਸੁਝਾਅ ਦਿਤੇ ਹਨ ਕਿ ਬਜ਼ੁਰਗਾਂ ਨੂੰ ਕੰਮ ਕਰਨ ਲਈ ਪ੍ਰੇਰਨਾ ਚਾਹੀਦਾ ਹੈ ਤਾਂਕੇ ਉਹ ਪੈਸਾ ਵੀ ਕਮਾ
ਸਕਣ,ਬਜ਼ੁਰਗਾਂ ਦੀ ਹਰ ਕਿਸਮ ਦੀ ਸੁਰੱਖਿਆ ਦੇ ਪ੍ਰਬੰਧ ਕਰਨੇ ਚਾਹੀਦੇ ਹਨ ਤੇ ਜਿਹੜੇ ਬਜ਼ਰਗਾਂ ਦੇ ਕੋਈ ਵੀ ਆਮਦਨ ਦੇ ਸਾਧਨ ਨਹੀਂ ਹੁੰਦੇ ਉਨ੍ਹਾਂ ਲਈ ਸਰਕਾਰਾਂ ਨੂੰ ਪੈਨਸ਼ਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ ।

ਇਹ ਵੀ ਸੁਝਾਅ ਦਿਤਾ ਗਿਆ ਕਿ ਲੋਕਾਂ ਨੂੰ ਸਾਂਝੇ ਪਰਿਵਾਰ ਚਲਾਉਣ ਲਈ ਅਤੇ ਕਰਮਚਾਰੀਆਂ ਨੂੰ ਆਪਣੇ ਮਾਂ-ਪਿਉ ਦੀ ਸਾਂਭ-ਸੰਭਾਲ
ਲਈ ਮਾਇਕ ਲਾਭ ਦੇਣ ਵਰਗੀਆਂ ਸਕੀਮਾਂ ਚਲਾਉਣੀਆਂ ਚਾਹੀਦੀਆਂ ਹਨ ਕਿਉਂਕਿ ਬਜ਼ੁਰਗਾਂ ਆਪਣੇ ਪਰਿਵਾਰ ‘ਚ ਰਹਿਕੇ ਜ਼ਿਆਦਾ ਖੁਸ਼ ਤੇ ਤੰਦਰੁਸਤ ਰਹਿੰਦੇ ਹਨ । ਇਸਦੇ ਨਾਲ਼ ਲੋਕਾਂ ਨੂੰ ਬਲਾਕ ਪੱਧਰ ਤੇ ਵੀ ਬਿਰਧ-ਘਰ ਚਲਾਉਣ ਲਈ ਸਰਕਾਰਾਂ ਨੂੰ ਮਦਦ ਕਰਨੀ ਚਾਹੀਦੀ ਹੈ । ਪੰਜਾਬ ਸਰਕਾਰ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੀ ਲੋੜ ਹੈ ਜਿਸ ਲਈ ਵੱਖਰਾ ਬਜਟ ਤੇ ਵੱਖਰਾ ਵਿਭਾਗ ਬਣਨਾ
ਚਾਹੀਦਾ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button