Breaking NewsD5 specialNewsPunjab

ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਹਰਪਾਲ ਸਿੰਘ ਦੀ ਕੁੱਟਮਾਰ ਦਾ ਅਸਲ ਸੱਚ

ਫਤਿਹਗੜ੍ਹ ਸਾਹਿਬ : ਸਿੱਖ ਧਰਮ ਲਈ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਸਾਹਿਬਜ਼ਾਦਿਆਂ ਨੇ ਜਿਸ ਧਰਤੀ ’ਤੇ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ ਸਨ, ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਉਸੇ ਧਰਤੀ ਤੇ ਅੱਜ ਸਿੱਖੀ ਦਾ ਰੱਜ ਕੇ ਘਾਣ ਹੋਇਐ। ਇਹ ਘਾਣ ਕਰਨ ਵਾਲੇ ਕੋਈ ਹੋਰ ਨਹੀਂ ਬਲਕਿ ਆਪਣੇ ਆਪ ਨੂੰ ਸਤਿਕਾਰ ਕਮੇਟੀ ਦੇ ਲੋਕ ਦੱਸਣ ਵਾਲੇ ਸਿੱਖੀ ਬਾਣੇ ਵਿੱਚ ਆਏ ਕੁਝ ਉਹ ਲੋਕ ਸਨ ਜਿਨ੍ਹਾਂ ਨੇ ਪਹਿਲਾਂ ਤਾਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਤੇ ਬਾਅਦ ਵਿੱਚ ਗੱਲਾਂ ਹੀ ਗੱਲਾਂ ਵਿੱਚ ਉਨ੍ਹਾਂ ਤੇ ਹਮਲਾ ਕਰਨ ਤੇ ਉਤਾਰੂ ਹੋ ਗਏ। ਮੌਕੇ ਤੇ ਬਣਾਈ ਗਈ ਵੀਡੀਓ ਵਿਚ ਸਪਸ਼ਟ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਸਿੱਖੀ ਬਾਣੇ ਵਿੱਚ ਲੜ ਰਹੇ ਇਹ ਲੋਕ ਇੱਕ ਦੂਜੇ ਦੀ ਚੰਗੀ ਧੂਹ ਘੜੀਸ ਕਰ ਰਹੇ ਹਨ। ਹਾਲਾਂਕਿ ਇੱਕ ਵਾਰ ਤਾਂ ਗਿਆਨੀ ਹਰਪਾਲ ਸਿੰਘ ਨੇ ਹਮਲਾਵਰਾਂ ਤੇ ਇਹ ਕਹਿ ਕੇ ਕੋਈ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਇਹ ਸਾਡੇ ਹੀ ਸਿੱਖ ਬੱਚੇ ਹਨ ਅਸੀਂ ਇਹ ਮਸਲਾ ਸੁਲਝਾ ਲਵਾਂਗੇ ਪਰ ਥੋੜ੍ਹੀ ਹੀ ਦੇਰ ਬਾਅਦ ਇਹ ਮਾਮਲਾ ਥਾਣੇ ਵਿੱਚ ਜਾ ਪੁੱਜਾ, ਜਿਸਦੀ ਜਾਂਚ ਫਤਿਹਗੜ੍ਹ ਸਾਹਿਬ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ।

Read Also ਗ੍ਰੰਥੀਆਂ ਨੂੰ ਕੁੱਟਣ ਵਾਲਿਆਂ ਨੂੰ ਨਿਹੰਗਾਂ ਨੇ ਫੇਰ ਦਿੱਤੀ ਚੇਤਾਵਨੀ

ਇਸ ਸਬੰਧ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਹਰਪਾਲ ਸਿੰਘ ਨੇ ਦੱਸਿਆ ਕਿ ਅੱਜ ਕੁਝ ਗੁਰਸਿੱਖ ਨੌਜਵਾਨ ਸ਼ਸਤਰਾਂ ਅਤੇ ਸਿੱਖੀ ਦੇ ਬਾਣੇ ਵਿੱਚ ਗੁਰਦੁਆਰਾ ਸਾਹਿਬ ਆਏ ਜਿਨ੍ਹਾਂ ਨੇ ਆਪਣੇ ਹੱਥਾਂ ਵਿੱਚ ਮੁਰਦਾਬਾਦ ਦੀਆਂ ਤਖਤੀਆਂ ਫੜੀਆਂ ਹੋਈਆਂ ਸਨ। ਗਿਆਨੀ ਹਰਪਾਲ ਸਿੰਘ ਅਨੁਸਾਰ ਇਨ੍ਹਾਂ ਨੌਜਵਾਨਾਂ ਨੂੰ ਸ਼ਾਇਦ ਇਹ ਗਲਤਫਹਿਮੀ ਸੀ ਬੀਤੇ ਦਿਨੀਂ ਇੱਕ ਠੇਕੇਦਾਰ ਵਲੋਂ ਕੀਤੀ ਗਈ ਕਕਾਰਾਂ ਦੇ ਸਬੰਧ ਵਿੱਚ ਉਸ ਠੇਕੇਦਾਰ ਨੂੰ ਸਾਡੇ ਵਲੋਂ ਮਾਫ਼ ਕਰ ਦਿੱਤਾ ਗਿਆ ਹੈ ਪਰ ਅਜਿਹਾ ਨਹੀਂ ਸੀ। ਇਸ ਲਈ ਵਿਰੋਧ ਕਰ ਰਹੇ ਇਨ੍ਹਾਂ ਨੌਜਵਾਨਾਂ ਨੂੰ ਜਦੋਂ ਉਨ੍ਹਾਂ ਨੇ ਖੁਦ ਜਾ ਕੇ ਬੇਨਤੀ ਕੀਤੀ ਕਿ ਜੇਕਰ ਕੋਈ ਗਿਲਾ ਸ਼ਿਕਵਾ ਹੈ ਤਾਂ ਉਸਨੂੰ ਬੈਠ ਕੇ ਦੂਰ ਕੀਤਾ ਜਾ ਸਕਦਾ ਹੈ, ਇਸ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਮਰਿਆਦਾ ਭੰਗ ਹੁੰਦੀ ਹੈ, ਪਰ ਇੰਝ ਜਾਪਦਾ ਸੀ ਜਿਵੇਂ ਉਹ ਪਹਿਲਾਂ ਹੀ ਝਗੜਾ ਕਰਨ ਦੇ ਮੂਡ ਵਿੱਚ ਆਏ ਸਨ ਤੇ ਉਹ ਲੋਕ ਉਨ੍ਹਾਂ (ਗਿਆਨੀ ਹਰਪਾਲ ਸਿੰਘ) ਦੇ ਗਲ ਪੈਣ ਤੱਕ ਚਲੇ ਗਏ। ਗਿਆਨੀ ਹਰਪਾਲ ਸਿੰਘ ਦੇ ਦੱਸਣ ਅਨੁਸਾਰ ਇੰਝ ਜਾਪਦਾ ਸੀ ਜਿਵੇਂ ਉਨ੍ਹਾਂ ਵਿਚੋਂ ਕੁਝ ਨੇ ਨਸ਼ਾ ਕੀਤਾ ਹੋਇਆ ਸੀ। ਇਸ ਲਈ ਉਨ੍ਹਾਂ ਨੇ ਇੱਕ ਵੀ ਨਹੀਂ ਸੁਣੀ ਤੇ ਸਾਡੇ ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਮੌਕੇ ਤੇ ਮੌਜੂਦ ਗੁਰਦੁਆਰਾ ਸਾਹਿਬ ਦੇ ਮੁਲਾਜ਼ਮਾਂ ਅਤੇ ਸੇਵਾਦਾਰਾਂ ਨੇ ਗਿਆਨੀ ਹਰਪਾਲ ਸਿੰਘ ਨੂੰ ਇਸ ਹਮਲੇ ਤੋਂ ਬੜੀ ਮੁਸ਼ਕਿਲ ਨਾਲ ਬਚਾਇਆ।

ਗਿਆਨੀ ਹਰਪਾਲ ਸਿੰਘ ਦੇ ਦੱਸਣ ਅਨੁਸਾਰ ਉਕਤ ਠੇਕੇਦਾਰ ਨੂੰ ਇਹ ਹੱਕ ਤਾਂ ਹੈ ਕਿ ਉਹ ਮਾਫ਼ੀ ਮੰਗੇ ਪਰ ਉਸਨੂੰ ਮਾਫ਼ ਕਰਨਾ ਹੈ ਜਾਂ ਨਹੀਂ ਇਹ ਅਜੇ ਤਹਿ ਨਹੀਂ ਹੋ ਪਾਇਆ ਇਸ ਲਈ ਉਸਨੂੰ ਕੋਈ ਮਾਫ਼ੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸਦੇ ਬਾਵਜੂਦ ਵੀ ਉਹ ਇਹ ਸੋਚਦੇ ਹਨ ਕਿ ਇਹ ਸਿੱਖ ਬੱਚੇ ਉਨ੍ਹਾਂ ਦੇ ਆਪਣੇ ਹਨ ਤੇ ਜਿਨ੍ਹਾਂ ਨੇ ਕਿਸੇ ਗਲਤਫਹਿਮੀ ਕਾਰਨ ਇਹ ਕੰਮ ਕੀਤਾ ਹੈ ਅਤੇ ਕੋਸ਼ਿਸ਼ ਕਰਨਗੇ ਕਿ ਉਨ੍ਹਾਂ ਦੀ ਗਲਤਫਹਿਮੀ ਦੂਰ ਕੀਤੀ ਜਾਵੇ। ਇਸਦੇ ਨਾਲ ਹੀ ਗਿਆਨੀ ਹਰਪਾਲ ਸਿੰਘ ਨੇ ਇਹ ਵੀ ਮੰਨਿਆ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਅਜਿਹਾ ਕੰਮ ਕਰਨਾ ਗਲਤ ਗੱਲ ਹੈ ਇਸ ਲਈ ਉਹ ਇਸ ਗੱਲ ਦੀ ਰਿਪੋਰਟ ਸ਼੍ਰੋਮਣੀ ਕਮੇਟੀ ਦੇ ਉੱਚ ਅਹੁਦੇਦਾਰਾਂ ਨੂੰ ਕਰਨਗੇ ਜਿਵੇਂ ਉਹ ਕਹਿਣਗੇ ਅਗਲੀ ਕਾਰਵਾਈ ਫਿਰ ਅਮਲ ਵਿਚ ਲਿਆਂਦੀ ਜਾਵੇਗੀ।

ਇੱਥੇ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਨਜ਼ਦੀਕ ਇੱਕ ਸ਼ੋਅਰੂਮ ਨੂੰ ਅੱਗ ਲੱਗ ਜਾਣ ਕਾਰਨ ਉੱਥੇ ਪਏ ਕੁਝ ਧਾਰਮਿਕ ਚਿੰਨ੍ਹ ਵੀ ਅੱਗ ਨਾਲ ਨੁਕਸਾਨੇ ਗਏ ਸਨ ਤੇ ਇਨ੍ਹਾਂ ਚਿੰਨ੍ਹਾਂ ਨੂੰ ਸਰਹੰਦ ਚੋਅ ਵਿੱਚ ਸੁੱਟ ਦਿੱਤਾ ਗਿਆ ਸੀ। ਜਿਸਦਾ ਪਤਾ ਲੱਗਣ ਤੇ ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਭਾਰੀ ਰੋਸ ਜ਼ਾਹਿਰ ਕੀਤਾ ਸੀ। ਹਾਲਾਂਕਿ ਸ਼ੋਅਰੂਮ ਵਾਲੇ ਖਿਲਾਫ਼ ਪੁਲਿਸ ਜਾਂਚ ਕਰ ਰਹੀ ਹੈ ਪਰ ਜਿਉਂ ਹੀ ਇਹ ਖਬਰ ਬਾਹਰ ਆਈ ਕਿ ਉਕਤ ਮੁਲਜ਼ਮਾਂ ਨੂੰ ਅਦਾਲਤ ਵਲੋਂ ਅਗਾਊਂ ਜਮਾਨਤ ਦੇ ਦਿੱਤੀ ਗਈ ਹੈ ਤਾਂ ਆਪਣੇ ਆਪ ਨੂੰ ਸਤਿਕਾਰ ਕਮੇਟੀ ਦੇ ਮੈਂਬਰ ਦੱਸਣ ਵਾਲੇ 10-15 ਲੋਕਾਂ ਵਲੋਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਹਦੂਦ ਅੰਦਰ ਆ ਕੇ ਗਿਆਨੀ ਹਰਪਾਲ ਸਿੰਘ ਅਤੇ ਗੁਰਦੁਆਰਾ ਪ੍ਰਬੰਧਕਾਂ ਤੇ ਇਹ ਦੋਸ਼ ਲਾਇਆ ਕਿ ਤੁਸੀ ਉਨ੍ਹਾਂ ਨੂੰ ਮਾਫ਼ ਕਰ ਦਿੱਤਾ ਹੈ। ਮੌਕੇ ਦੀਆਂ ਤਸਵੀਰਾਂ ਦੇਖਣ ਤੇ ਇਹ ਸਪੱਸ਼ਟ ਹੁੰਦਾ ਹੈ ਕਿ ਗਰਮਾ ਗਰਮ ਬਹਿਸ ਤੋਂ ਬਾਅਦ ਦੋਵੇਂ ਧਿਰਾਂ ਦੇ ਲੋਕਾਂ ਵਿਚ ਜਬਰਦਸਤ ਧੂਹ ਘੜੀਸ ਹੋ ਰਹੀ ਹੈ ਇਸ ਦੌਰਾਨ ਇੱਕ ਸਿੰਘ ਦੀ ਪੱਗ ਵੀ ਲਹਿ ਗਈ ਤੇ ਇਨ੍ਹਾਂ ਵਿਚੋਂ ਕੁਝ ਲੋਕ ਗਾਲ੍ਹਾਂ ਵੀ ਕੱਢ ਰਹੇ ਹਨ। ਅਜਿਹੀਆਂ ਤਸਵੀਰਾਂ ਦੇਖਣ ਤੋਂ ਬਾਅਦ ਸਿੱਖ ਸੰਗਤਾਂ ਦੇ ਮੂੰਹੋਂ ਆਪਣੇ ਆਪ ਹੀ ਇਹ ਨਿਕਲ ਗਿਆ ਹੈ ਕਿ ਵਾਹਿਗੁਰੂ ਸੁਮੱਤ ਬਖਸ਼ੀ ਇਨ੍ਹਾਂ ਲੋਕਾਂ ਨੂੰ।

ਇੱਧਰ ਦੂਜੇ ਪਾਸੇ ਫਤਿਹਗੜ੍ਹ ਸਾਹਿਬ ਪੁਲਿਸ ਦੇ ਐਸਐਚਓ ਰੁਪਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰਕਮਲ ਨਾਮ ਦਾ ਵਿਅਕਤੀ 10-15 ਹੋਰ ਵਿਅਕਤੀਆਂ ਨਾਲ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਆਇਆ ਜਿਨ੍ਹਾਂ ਨੂੰ ਕਿ ਕਿਸੇ ਪੁਰਾਣੇ ਮਾਮਲੇ ਨਾਲ ਸਬੰਧਤ ਰੋਸ ਸੀ ਤੇ ਇੱਥੇ ਪਹੁੰਚ ਕੇ ਗੱਲਾਂ ਗੱਲਾਂ ਵਿਚ ਹੀ ਇਹ ਗੱਲ ਵਧ ਗਈ। ਹਾਲਾਂਕਿ ਪਹਿਲਾਂ ਰੁਪਿੰਦਰ ਸਿੰਘ ਨੇ ਇਹ ਜਾਣਕਾਰੀ ਦਿੱਤੀ ਕਿ ਕਿਉਂਕਿ ਹਲੇ ਗਿਆਨੀ ਹਰਪਾਲ ਸਿੰਘ ਨੇ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਦਿੱਤੀ ਤੇ ਇਸੇ ਲਈ ਪੁਲਿਸ ਨੇ ਅਜੇ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਹੈ ਪਰ ਥੋੜ੍ਹੀ ਦੇਰ ਬਾਅਦ ਹੀ ਗਿਆਨੀ ਹਰਪਾਲ ਸਿੰਘ ਵਲੋਂ ਥਾਣੇ ਵਿੱਚ ਸ਼ਿਕਾਇਤ ਕਰ ਦਿੱਤੀ ਗਈ ਜਿਸਦੀ ਜਾਂਚ ਪੁਲਿਸ ਵਲੋਂ ਸ਼ੁਰੂ ਕਰ ਦਿੱਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button