EDITORIAL

ਪੰਜਾਬ ਦਾ ਵੋਟਰ ਉਦਾਸ ਹੈ !

ਸਰਕਾਰ ਘਿਰੀ ਵਿਰੋਧੀ ਧਿਰ ਗਿਰੀ, ਵਿਧਾਨਸਭਾ ਜਾਂ ਵਿਰੋਧਸਭਾ

ਅਮਰਜੀਤ ਸਿੰਘ ਵੜੈਚ (9417801988)

ਮੌਜੂਦਾ ਵਿਧਾਨਸਭਾ ਸੈਸ਼ਨ ਦੌਰਾਨ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ ਤੇ ਵਿਰੋਧੀ ਧਿਰ ਲੀਹੋਂ ਲੱਥਦੀ ਜਾ ਰਹੀ ਲੱਗਦੀ ਹੈ। ਵਿਰੋਧੀ ਧਿਰ ਇਹ ਕਹਿ ਰਹੀ ਹੈ ਕਿ ਮਾਨ ਸਰਕਾਰ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨਾਲ ਧੋਖਾ ਕੀਤਾ ਹੈ ਕਿਉਂਕਿ ਪਹਿਲਾਂ ਰਾਜਪਾਲ ਨੇ ਸਿਰਫ਼ ‘ਵਿਸ਼ਵਾਸ ਮੱਤ’ ‘ਤੇ ਚਰਚਾ ਕਰਵਾਉਣ ਦੇ ਇਕ ਹੀ ਮਤੇ ਕਾਰਨ ਸੈਸ਼ਨ ਸੱਦਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਤੇ ਦੂਜੀ ਵਾਰ ਸਰਕਾਰ ਨੇ ਜੋ ਰਾਜਪਾਲ ਨੂੰ ਪ੍ਰਸਤਾਵ ਭੇਜਿਆ ਤਾਂ ਉਸ ਵਿੱਚ ‘ਵਿਸ਼ਵਾਸ ਮਤੇ’ ਦਾ ਜ਼ਿਕਰ ਵੀ ਨਹੀਂ ਸੀ। ਸਰਕਾਰ ਦਾ ਇਹ ਪੱਖ ਹੈ ਕਿ ਸਦਨ ਵਿੱਚ ਚਰਚਾ ਲਈ ਵਿਸ਼ੇ ‘ਬਿਜਨੈੱਸ ਐੱਡਵਾਇਜਰੀ ਕਮੇਟੀ’ ਘਟਾ ਵਧਾ ਸਕਦੀ ਹੈ।

ਕਾਨੂੰਨੀ ਪੱਖ ਤੋਂ ਸਰਕਾਰ ਦਾ ਪੱਖ ਬਿਲਕੁਲ ਦਰੁਸਤ ਹੈ ਪਰ ਨੈਤਿਕ ਪੱਖ ਤੋਂ ਸਰਕਾਰ ਮਾਰ ਖਾ ਗਈ ਹੈ : ਇਹ ਕਿਸੇ ਤੋਂ  ਲੁਕਿਆ ਛੁਪਿਆ ਨਹੀਂ ਕਿ ਮਾਨ ਸਰਕਾਰ ਭਾਜਪਾ ਦੇ ਕਥਿਤ ‘ਔਪਰੇਸ਼ਨ ਲੋਟਸ’ ਨੂੰ ਮਾਤ ਪਾਉਣ ਲਈ ਇਹ ਸੈਸ਼ਨ ਬਲਾਉਣਾ ਚਾਹੁੰਦੀ ਸੀ ਤੇ ਇਸ ਇਕੋ ਹੀ ਏਜੰਡੇ ‘ਤੇ ਚਰਚਾ ਕਰਨ ਕਈ ਸਰਕਾਰ ਨੇ ਰਾਜਪਾਲ ਨੂੰ ਪ੍ਰਸਤਾਵ ਭੇਜਿਆ ਸੀ। ਰਾਜਪਾਲ ਨੇ ਸਿਰਫ਼ ਇਕ ਮੁੱਦੇ ‘ਤੇ ਵਿਚਾਰ ਕਰਨ ਕਰਕੇ ਸਦਨ ਬਲਾਉਣ ਦੀ ਆਗਿਆ ਨਹੀਂ ਦਿੱਤੀ ਜੇਕਰ ਓਸੇ ਪ੍ਰਸਤਾਵ ‘ਚ ਹੋਰ ਮੁੱਦੇ ਵੀ ਹੁੰਦੇ ਤਾਂ ਮਾਨ ਸਰਕਾਰ ਦੀ ਕਿਰਕਰੀ ਨਹੀਂ ਹੋਣੀ ਸੀ।

ਮੁੱਖ ਵਿਰੋਧੀ ਧਿਰ ਕਾਂਗਰਸ ਦੇ ਵਿਧਾਇਕਾਂ ਨੇ ਪਹਿਲੇ ਤੇ ਦੂਜੇ ਦਿਨ ਰੱਜਕੇ ਨਾਅਰੇਬਾਜ਼ੀ ਕੀਤੀ ਜੋ ਬਿਲਕੁਲ ਵੀ ਤਰਕ ਸੰਗਤ ਨਹੀਂ ਲੱਗ ਰਹੀ। ਇੰਜ ਨਾ ਸਿਰਫ਼ ਕਾਂਗਰਸ ਨੇ ਸੱਤ੍ਹਾ ਪੱਖ ਦੇ ਵਿਧਾਇਕਾਂ ਨੂੰ ਹੀ ਬੋਲਣ ਤੋਂ ਰੋਕਿਆ ਬਲਕਿ ਜਿਹੜੇ ਲੋਕ ਘਰਾਂ ‘ਚ ਬੈਠੇ ਟੀਵੀ ਚੈਨਲਾਂ ਤੇ ਸੋਸ਼ਲ ਮੀਡੀਆ ਤੇ ਵਿਧਾਨਸਭਾ ਦੀ ਕਾਰਵਾਈ ਵੇਖ ਰਹੇ ਸਨ ਉਨ੍ਹਾਂ ਨੂੰ ਵੀ ਨਰਾਜ਼ ਕੀਤਾ। ਕਾਂਗਰਸ ਨੇ ਇਸ ਹੱਦ ਤੱਕ ਰੌਲਾ ਪਾਇਆ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਵੀ ਕਈ ਤਲਖ ਹੋਕੇ ਟਿਪਣੀਆਂ ਕਰਨੀਆਂ ਪਈਆਂ। ਕਿੰਨਾ ਵਧੀਆ ਹੁੰਦਾ ਕਿ ਕਾਂਗਰਸ ਪਹਿਲਾਂ ਸਰਕਾਰ ਨੂੰ ਸੁਣਦੀ ਤੇ ਫਿਰ ਆਪਣਾ ਪੱਖ ਵੀ ਲੋਕਾਂ ਤੱਕ ਪਹੁੰਚਾਉਂਦੀ।

‘ਆਪ’ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬਰਗਾੜੀ ਦਾ ਮੁੱਦਾ ਚੁੱਕਣਾ ਚਾਹਿਆ ਪਰ ਸਪੀਕਰ ਦੇ ਵਾਰ ਵਾਰ ਕਹਿਣ ‘ਤੇ ਵੀ ਕਾਂਗਰਸ ਨੇ ਨਆਰੇ ਲਾਉਣੇ ਬੰਦ ਨਾ ਕੀਤੇ। ਕੁੰਵਰ ਵਿਜੇ ਪ੍ਰਤਾਪ ਨੇ ਕੱਲ੍ਹ ਆਪਣੀ ਹੀ ਸਰਕਾਰ ਨੂੰ ਇਕ ਐਸਾ ਧੋਬੀ ਪਟਕਾ ਮਾਰਿਆ ਜੋ ਰੌਲੇ ਰੱਪੇ ‘ਚ ਹੀ ਗੁਆਚ ਗਿਆ। ਕੁੰਵਰ ਨੇ ਕਿਹਾ ਕ‌ੇ ਬੇਅਦਬੀ ਮਾਮਲੇ ‘ਚ ਪਿਛਲੇ ਦਿਨੀਂ ਜਿਸ ਸਿਟ ਨੇ ਸੁਖਬੀਰ ਬਾਦਲ ਨੂੰ ਸੱਦਿਆ ਤਾਂ ਪੁੱਛਗਿਛ ਲਈ ਸੀ ਪਰ ਚਾਹ ਤੇ ਪਕੌੜੇ ਖਵਾ ਕੇ ਭੇਜ ਦਿਤਾ ਇਸੇ ਕਰਕੇ ਸੁਖਬੀਰ ਨੇ ਸਿਟ ਦੇ ਦਫ਼ਤਰ ਤੋਂ ਬਾਹਰ ਆਉਂਦਿਆਂ ਹੀ ਕੁੰਵਰ ਨੂੰ ਧਮਕੀ ਦੇ ਦਿੱਤੀ ਕਿ ਜਦੋਂ ਉਨ੍ਹਾਂ (ਸੁਖਬੀਰ) ਦੀ ਸਰਕਾਰ ਆਏਗੀ ਕੁੰਵਰ ਵਿਜੇ ਪ੍ਰਤਾਪ ਨੂੰ ਨਹੀਂ ਛੱਡਾਂਗੇ।

ਕਾਂਗਰਸ ਦੇ ਮੈਂਬਰਾਂ ਨੇ ਮੰਤਰੀ ਸਰਾਰੀ ਦੀ ਬਰਖਾਸਤਗੀ ਦੀ ਮੰਗ ਨੂੰ ਲੈਕੇ ਤਕੜਾ ਵਿਰੋਧ ਕੀਤਾ ਪਰ ਇਨ੍ਹਾਂ ਮੈਂਬਰਾਂ ਨੇ ਉਸ ਦਿਨ ਚੁੱਪ ਵੱਟੀ ਰੱਖੀ ਸੀ ਜਿਸ ਦਿਨ ਇਕ ਸੀਨੀਅਰ ਆਈਏਐੱਸ ਅਫ਼ਸਰ ਨੇ ਕਥਿਤ ਵਜ਼ੀਫ਼ਾ ਘੁਟਾਲੇ ‘ਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਸ਼ਾਮਿਲ ਹੋਣ ਦੀ ਰਿਪੋਰਟ ਮੁੱਖ ਮੰਤਰੀ ਨੂੰ ਦਿੱਤੀ ਸੀ। ਕਾਂਗਰਸ ਦਾ ਦੋਸ਼ ਹੈ ਕਿ ਭਗਵੰਤ ਮਾਨ ਨੇ ਸਰਾਰੀ ਤੇ ਸਾਬਕਾ ਮੰਤਰੀ ਵਿਜੇ ਸਿੰਗਲਾ ਦੇ ਮਾਮਲਿਆਂ ‘ਚ ਦੋਹਰੀ ਨੀਤੀ ਅਪਣਾਈ ਹੈ ਜਿਸ ਦਾ ਜਵਾਬ ਮਾਨ ਕੋਲ ਵੀ ਨਹੀਂ ਹੈ।

ਕੱਲ੍ਹ ਤਾਂ ਸਦਨ ‘ਚ ਇਕ ਨਵੀਂ ਰੰਗਤ ਵੀ ਵੇਖਣ ਨੂੰ ਮਿਲੀ ਕਿ ਕਾਂਗਰਸ ਪਾਰਟੀ ਵਾਲੇ ਨਾਲੇ ਨਾਅਰੇ ਲਾ ਰਹੇ ਸਨ ਤੇ ਨਾਲੇ ਤਾੜੀਆਂ ਵੀ ਮਾਰ ਰਹੇ ਸਨ ਜਿਸ ਨੂੰ ਵਿਧਾਇਕ ਬੁੱਧ ਸਿੰਘ ‘ਤਨਜ਼’ ਨਾਲ  ਗਿੱਧਾ ਵੀ ਕਹਿ ਰਹੇ ਸਨ। ਵਿਰੋਧੀ ਧਿਰ ਇਸ ਸੈਸ਼ਨ ਨੂੰ ਲੋਕਾਂ ‘ਤੇ ਬਿਨਾ ਵਜ੍ਹਾ ਤੋਂ ਪਾਇਆ ਬੋਝ ਕਹਿ ਕੇ ਮਾਨ ਸਰਕਾਰ ਨੂੰ ਭੰਡ ਰਹੀ ਸੀ ਪਰ ਜੋ ਕੁਝ ਕੱਲ੍ਹ ਵਿਰੋਧੀ ਧਿਰ ਨੇ ਕੀਤਾ ਹੈ ਉਸ ਅਨੁਸਾਰ ਕੱਲ੍ਹ ਦਾ ਸਾਰਾ ਖਰਚਾ ਫਿਰ ਵਿਰੋਧੀ ਧਿਰ ‘ਤੇ ਹੀ ਪੈਣਾ ਚਹੀਦਾ ਹੈ।

ਸੈਸ਼ਨ ਦੇ ਪਹਿਲੇ ਦਿਨ  ਮੁੱਖ ਮੰਤਰੀ ਮਾਨ ਨੇ ‘ਵਿਸ਼ਵਾਸ਼ ਮਤਾ’ ਪੇਸ਼ ਕਰਨ ਮਗਰੋਂ  ਸਦਨ ਨੂੰ ਸੰਬੋਧਨ ਕਰਦਿਆਂ  ਬੀਜੇਪੀ ਦੇ ਵਿਧਾਇਕਾਂ ਨੂੰ ‘ਦੁਕੀ’ ਤੇ  ਆਪਣੇ ਵਿਧਾਇਕਾਂ ਨੂੰ ‘ਯੱਕੇ’ ਕਹਿ ਦਿਤਾ ਤੇ ਇਹ ਕਹਿਣ ਲਈ ਵੀ ਮਾਨ ਨੇ ਪਾਕਿਸਤਾਨੀ ਸ਼ਾਇਰ ਤਹੱਜਮਲ ਕਲੀਮ ਦੀ ਗ਼ਜ਼ਲ ਦੇ ਮਤਲੇ ਦੀ ਹੀ ਗਰਦਣ ਮਰੋੜ ਦਿਤੀ : ਕਲੀਮ ਦਾ ਸ਼ੇਅਰ ਹੈ –

ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ

ਸਾਹ ਦੇ  ਦਾਣੇ ਚੱਬੋ  ਫ਼ੱਕੇ ਨਾ ਮਾਰੋ

ਤੇ ਮਾਨ ਸਾਹਿਬ ਨੇ ਕਿਹਾ :

ਲੋਕਾਂ ਦੇ ਵਿਸ਼ਵਾਸ  ਨੂੰ ਟੱਕੇ ਨਾ ਮਾਰੋ

ਸਾਹ ਦੇ   ਦਾਣੇ ਚੱਬੋ ਫ਼ੱਕੇ  ਨਾ  ਮਾਰੋ

ਕਿਸੇ ਸ਼ਾਇਰ ਦੀ ਸ਼ਾਇਰੀ ਨਾਲ ਕਿਸੇ ਮੁੱਖ-ਮੰਤਰੀ ਤੇ ਇਕ ਤਕੜੇ ਕਲਾਕਾਰ ਵੱਲੋਂ ਇੰਜ ਸਦਨ ‘ਚ ਛੇੜਛਾੜ ਕਰਨੀ ਸ਼ੋਬ੍ਹਾ ਨਹੀਂ ਦਿੰਦੀ। ਇਕ ਸ਼ੇਅਰ ਗਾਲਿਬ ਦੇ ਨਾਂ ਵੀ ਮਾਨ ਨੇ ਮੜ੍ਹ ਦਿਤਾ ਜੋ ਗਾਲਿਬ ਦਾ ਹੈ ਹੀ ਨਹੀਂ। ਲੋਕਤੰਤਰ ‘ਚ ਕਿਸੇ ਵੀ ਸਰਕਾਰ ਦੀ ਹੋਂਦ ਵਿਰੋਧੀ ਧਿਰ ਤੋਂ ਬਿਨਾ ਹੋ ਹੀ ਨਹੀਂ ਸਕਦੀ ਸੋ ਵਿਰੋਧੀ ਧਿਰ ਦਾ ਵੀ ਸਰਕਾਰ ਵਾਂਗ ਲੋਕਾਂ ਪ੍ਰਤੀ ਧਰਮ ਹੁੰਦਾ ਹੈ। ਵਿਰੋਧੀ ਧਿਰ ਦਾ ਮਤਲਬ ਹੁੰਦਾ ਹੈ ਕਿ ਲੋਕਾਂ ਨੇ ਵਿਰੋਧੀ ਧਿਰ ਨੂੰ ਸਰਕਾਰ ‘ਤੇ ਨਜ਼ਰ ਰੱਖਣ ਦੀ ਜ਼ਿਮਮੇਵਾਰੀ ਸੌਂਪੀ ਹੈ ਤਾਂਕੇ ਸਰਕਾਰ ਦੀਆਂ ਲਗ਼ਾਮਾਂ ਖਿਚਕੇ ਰੱਖੀਆਂ ਜਾ ਸਕਣ। ਅੱਜਕੱਲ੍ਹ ਵਿਰੋਧੀ ਧਿਰਾਂ ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਆਪਣਾ ਰੋਲ ਘੱਟ ਨਿਭਾ ਰਹੀਆਂ ਹਨ ਬਲਕਿ ਇਕ ਦੂਜੇ ਨਾਲ ਹਿਸਾਬ ਕਿਤਾਬ ਕਰਨ ਦਾ ਕੰਮ ਜ਼ਿਆਦਾ ਕਰ ਰਹੀਆਂ ਹਨ। ਵਿਰੋਧੀ ਧਿਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਵੀ ਤਨਖਾਹਾਂ ਤੇ ਹੋਰ ਭੱਤੇ ਲੋਕਾਂ ਦੇ ਦਿਤੇ ਟੈਕਸਾਂ ‘ਚੋਂ ਹੀ ਮਿਲਦੇ ਹਨ ਸੋ ਉਹ  ਵੀ ਹਕੂਮਤ ਦਾ ਹਿੱਸਾ ਹੀ ਹੁੰਦੀਆਂ ਹਨ।

ਮਸ਼ਹੂਰ ਪੰਜਾਬੀ ਸ਼ਾਇਰ ਬਾਬਾ ਨਜ਼ਮੀ  ਨੇ ਪਾਕਿਸਤਾਨ ਦੀ ਸਿਆਸਤ ‘ਤੇ ਚੋਟ ਕਰਦਿਆਂ ਇਕ ਨਜ਼ਮ  ਕਹੀ ਸੀ :

ਏਹੋ  ਜਿਹੀ ਕਮਜ਼ੋਰ  ਹਕੂਮਤ ਬਾਬਾ ਜੀ ।

ਵੇਖੀ ਨਹੀਂ ਕੋਈ ਹੋਰ, ਹਕੂਮਤ ਬਾਬਾ ਜੀ ।

ਪਿਛਲੀ ਨਾਲ਼  ਵੀ  ਸਾਡਾ ਏਹੋ  ਰੌਲ਼ਾ ਸੀ ,

ਏਹ  ਵੀ  ਪੱਕੀ  ਚੋਰ, ਹਕੂਮਤ ਬਾਬਾ ਜੀ ।

ਨਿਤ  ਸਵੇਰੇ  ਸਾਡੀ   ਝੋਲ਼ੀ  ਪਾਉਂਦੀ  ਏ ,

ਮਸਲਾ  ਨਵਾਂ  ਨਕੋਰ, ਹਕੂਮਤ ਬਾਬਾ ਜੀ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button