EDITORIAL

ਪੰਜਾਬ ‘ਚ ਬਿਜਲੀ  ਹੋਵੇਗੀ ਹੋਰ ਮਹਿੰਗੀ, ਕੇਂਦਰ ਸਰਕਾਰ ਦੀ ਪੰਜਾਬ ਨੂੰ ਧਮਕੀ !

ਕੇਜਰੀਵਾਲ,ਚੱਢਾ ਤੇ ਮੋਦੀ ਦੀ 'ਚੁੱਪ' ਦੇ ਅਰਥ

ਅਮਰਜੀਤ ਸਿੰਘ ਵੜੈਚ (94178-01988)

ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਪੀਐੱਮ ਨਰਿੰਦਰ ਮੋਦੀ ‘ਤੇ ਦੇਸ਼ ਦੇ ਸੱਭ ਤੋਂ ਵੱਡੇ ਉਦਯੋਗਪਤੀ-ਵਪਾਰੀ ਗੌਤਮ ਅਡਾਨੀ ਨੂੰ  ਦੇਸ਼ ਦੀ ਦੌਲਤ ਲੁਟਾਉਣ ਦੇ ਦੋਸ਼ ਉਸ ਵਕਤ ਭਾਰੂ ਹੁੰਦੇ ਲੱਗੇ ਜਦੋਂ ਕੇਂਦਰ ਸਰਕਾਰ ਨੇ ਪੰਜਾਬ ਨੂੰ ਇਕ ਚਿੱਠੀ ਜਾਰੀ ਕੀਤੀ । ਇਸ ਚਿੱਠੀ ‘ਚ ਕੇਂਦਰੀ ਊਰਜਾ ਮੰਤਰਾਲੇ ਦੇ ਜੁਆਇੰਟ ਸੈਕਟਰੀ ਪਿਊਸ਼ ਸਿੰਘ ਨੇ ਪੀਐੱਸਪੀਸੀਐੱਲ ਨੂੰ ਕਿਹਾ ਹੈ ਕਿ ਜਨਵਰੀ 2023 ਤੋਂ ਪੰਜਾਬ ਆਪਣੀ ਬਿਜਲੀ ਪੈਦਾ ਕਰਨ ਲਈ  ਕੋਲ਼ੇ ਦੇ 1/2 ਰੈਕ  (ਇਕ ਰੈਕ=58/59 ਡੱਬੇ = ਤਕਰੀਬਨ 40000 ਕੁਇੰਟਲ ਕੋਲ਼ਾ )ਰੋਜ਼ਾਨਾ  RSR( Rail-Sea-Rail)  ਰਾਹੀਂ ਮੰਗਵਾਉਣਾ ਸ਼ੁਰੂ ਕਰੇ ।

ਇਸ ਚਿੱਠੀ ‘ਚ ਜ਼ਿਕਰ ਕੀਤਾ ਗਿਆ ਹੈ ਕਿ ਇਸ ਵਿਸ਼ੇ ‘ਤੇ ਪਿਛਲੇ ਵਰ੍ਹੇ ਛੇ ਨਵੰਬਰ ਨੂੰ ਚਰਚਾ ਹੋਈ ਸੀ ਜਿਸ ਵਿੱਚ ਪੀਐੱਸਪੀਸੀਐੱਲ ਨੇ ਵੀ ਹਿੱਸਾ ਲਿਆ ਸੀ ਅਤੇ ਉਸ ਮੀਟਿੰਗ ‘ਚ ਫ਼ੈਸਲਾ ਲਿਆ ਗਿਆ ਸੀ ਕਿ ਦੇਸ਼ ਦੇ ਉਤਰੀ ਤੇ ਪੱਛਮੀ ਰਾਜ ਆਪਣੇ ਤਾਪ-ਬਿਜਲੀ ਘਰਾਂ ਲਈ ਜਨਵਰੀ 2023 ਤੋਂ ਹੀ RSR ਰਾਹੀਂ ਕੋਲ਼ਾ ਪ੍ਰਾਪਤ ਕਰਨਾ ਸ਼ੁਰੂ ਕਰ ਦੇਣਗੇ ।

ਇਸ ਚਿੱਠੀ ‘ਚ ਬਾਕਾਇਦਾ ਕਿਹਾ ਗਿਆ ਹੈ ਕਿ ਪੂਰਬੀ ਰਾਜਾਂ ‘ਚੋਂ ਕੋਲ਼ਾ ਪਹਿਲਾਂ ਰੇਲਵੇ ਰਾਹੀਂ ਸਮੁੰਦਰੀ ਜਹਾਜ਼ ਤੱਕ ਜਾਵੇਗਾ ਤੇ ਫਿਰ ਸਮੁੰਦਰ ਰਾਹੀਂ ਹੁੰਦਾ( ਸ੍ਰੀ ਲੰਕਾ ਤੇ ਭਾਰਤ ਵਿਚਾਲ਼ੇ ਪਾਕ ਸਟਰੇਟ  ਰਾਹੀ ਲੰਘਕੇ)  ਗੁਜਰਾਤ ਦੇ ਸਮੁੰਦਰੀ ਤੱਟ ‘ਤੇ ਅਡਾਨੀ ਗਰੁੱਪ ਦੀਆਂ ਬੰਦਰਗਾਹਾਂ ਦਹੇਜ ਤੇ ਮੁੰਦਰਾ ਤੱਕ ਪਹੁੰਚੇਗਾ । ਇਨ੍ਹਾਂ ਬੰਦਰਗਾਹਾਂ ਤੋਂ ਫਿਰ ਰੇਲਵੇ ਰਾਹੀਂ ਕੋਲ਼ਾ ਪੰਜਾਬ ‘ਚ ਪਹੁੰਚੇਗਾ ।

ਪਿਛਲੇ ਵਰ੍ਹੇ ਇਸ ਚਿੱਠੀ  ਦੇ ਜਵਾਬ ‘ਚ  ਭਗਵੰਤ ਮਾਨ ,ਮੁੱਖ ਮੰਤਰੀ ਪੰਜਾਬ ਨੇ ਕੇਂਦਰੀ ਊਰਜਾ ਮੰਤਰੀ ਨੂੰ ਖਤ ਲਿਖ ਕੇ ਕਿਹਾ ਸੀ ਕਿ ਇੰਜ ਵਾਰ-ਵਾਰ ਕੋਲ਼ਾ ਲੱਦਣ ਤੇ ਲਾਹੁਣ ਕਰਕੇ ਕੋਲ਼ੇ ਦਾ 1.4 ਹਿੱਸਾ ਨੁਕਸਾਨਿਆ ਜਾਵੇਗਾ ਤੇ ਦੂਜਾ ਖਰਚਾ ਵੀ ਵਧੇਗਾ । ਚਿੱਠੀ ‘ਚ ਕਿਹਾ ਗਿਆ ਸੀ ਕਿ RSR ਰਾਹੀਂ ਕੋਲ਼ਾ ਮੰਗਵਾਉਣ ਨਾਲ਼ ਵੀ ਰੇਲ ਦਾ ਸਫ਼ਰ 1500 ਕਿਲੋਮੀਟਰ ਪਵੇਗਾ ਜਦੋਂ ਕਿ  ਤਾਲਚੇਰ (ਉਡੀਸ਼ਾ) ਕੋਲ਼ਾ ਖਾਣ ਤੋਂ  ਤਲਵੰਡੀ ਸਾਬੋ ਬਿਜਲੀ ਘਰ ਤੱਕ  ਰੇਲ ਰਾਹੀਂ ਸਿਧਾ ਸਫ਼ਰ 1830 ਕਿ:ਮੀ; ਪੈਂਦਾ ਹੈ । ਜੇਕਰ RSR ਰਾਹੀਂ ਕੋਲ਼ਾ ਮੰਗਵਾਇਆ ਜਾਂਦਾ ਹੈ ਤਾਂ ਰੇਲ ਦੇ 1500 ਕਿ:ਮੀ: ਤੋ ਇਲਾਵਾ 4350 ਕਿ:ਮੀ: ਸਮੁੰਦਰ ਦਾ ਸਫ਼ਰ ਵਧੇਰੇ ਪਵੇਗਾ ਜੋ ਸਿਧਾ ਪੀਐੱਸਪੀਸੀਐੱਲ ਤੇ  200 ਕਰੋੜ ਰੁ: ਸਾਲਾਨਾ ਬੋਝ ਪਵੇਗਾ ।  ਸੋ  ਤਲਵੰਡੀ ਸਾਬੋ ‘ਚ RSR ਰਾਹੀਂ ਕੋਲ਼ਾ ਮੰਗਵਾਉਣ ਨਾਲ਼ ਕੋਲ਼ਾ  ਰੇਲਵੇ ਦੇ 1850 ਕਿ:ਮੀ: ਦੀ ਬਜਾਏ 5850 ਕਿਲੋਮੀਟਰ ਦਾ ਸਫ਼ਰ ਤਹਿ ਕਰਕੇ ਪੰਜਾਬ ਪਹੁੰਚੇਗਾ ।  RSR ਰਾਹੀਂ ਕੋਲ਼ਾ ਮਗਾਉਣ ਨਾਲ ਸਿਰਫ  ਰੇਲਵੇ ਦੇ 300 ਕਿਲੋਮੀਟਰ ਦਾ ਸਫ਼ਰ ਘਟੇਗਾ ਪਰ ਨਾਲ਼ ਦੀ ਨਾਲ਼ ਸਮੁੰਦਰ ਦਾ ਤਕਰੀਬਨ 15 ਗੁਣਾਂ ਸਫ਼ਰ  ਅਤੇ 35 ਫ਼ੀਸਦ ਕਿਰਾਇਆ ਵਧ ਜਾਵੇਗਾ ।

ਇਸ ਸਕੀਮ ਪਿਛੇ ਕੇਂਦਰ ਸਰਕਾਰ ਦਾ ਬੜਾ ਹਲਕਾ ਤਰਕ ਹੈ ਕਿ ਜਿਹੜਾ ਕੋਲ਼ਾ ਵਿਦੇਸ਼ਾਂ ‘ਤੋਂ ਮੰਗਵਾਇਆ ਜਾਂਦਾ ਹੈ  ਉਹ ਮਹਿੰਗਾ ਪੈਂਦਾ ਹੈ ਤੇ ਦੇਸ਼ ਦਾ ਕੋਲ਼ਾ RSR ਰਾਹੀਂ ਮੰਗਵਾਉਣ ਨਾਲ਼ ਵੀ ਸਸਤਾ ਪੈਂਦਾ ਹੈ । ਦੇਸੀ ਕੋਲ਼ਾ, ਵਿਦੇਸ਼ੀ ਕੋਲ਼ੇ ‘ਚ ਮਿਲ਼ਾਕੇ ਵਰਤਿਆ ਜਾਂਦਾ ਹੈ ਕਿਉਂਕਿ ਵਿਦੇਸ਼ੀ ਕੋਲ਼ੇ ‘ਚ ਗਰਮੀ ਦੇਣ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ  ਤੇ ਭਾਰਤੀ ਕੋਲ਼ੇ ‘ਚ ਘੱਟੇ ਦੀ ਮਾਤਰਾ ਵੱਧ ਹੁੰਦੀ ਹੈ । ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਧਮਕੀ ਦਿਤੀ ਹੈ ਕਿ ਜੇ ਕਰ RSR ਰਾਹੀ ਕੋਲ਼ਾ ਨਹੀਂ ਮੰਗਵਾਇਆ ਜਾਂਦਾ ਤਾਂ ਕੇਂਦਰ ਸਰਕਾਰ ਪੰਜਾਬ ਦੇ ਕੋਲ਼ੇ ਦਾ ਰਾਸ਼ਟਰੀ ਕੋਟਾ ਘਟਾ ਦੇਵੇਗੀ ।

ਇਹ ਮੁੱਦਾ , ਕਾਂਗਰਸ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ,ਮਨੀਸ਼ ਤਿਵਾੜੀ ਨੇ ਵੀ ਲੋਕ ਸਭਾ ‘ਚ ਬੜੇ ਜ਼ੋਰ ਸ਼ੋਰ ਨਾਲ਼ ਚੁੱਕਿਆ ਸੀ । ਪੰਜਾਬ ਚ’ ਵੀ ਬੇਜੇਪੀ ਨੂੰ ਛੱਡ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਹੈ । ਉਧਰ ਬਿਜਲੀ ਮਹਿਕਮੇ ਦੇ ਇੰਜਨੀਅਰ ਵੀ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨੂੰ ਪੰਜਾਬ ਦੇ ਵਿਰੁਧ ਕਹਿ ਰਹੇ ਹਨ ।

ਜੇਕਰ ਕੋਲ਼ਾ ਸਿਧਾ ਰੇਲਵੇ ਰਾਹੀਂ ਆਉਂਦਾ ਹੈ ਤਾਂ 4/5 ਦਿਨਾਂ ‘ਚ ਪਹੁੰਚਦਾ ਹੈ ਤੇ ਪਰ ਹੁਣ RSR ਰਾਹੀਂ ਆਵੇਗਾ ਤਾਂ 20/25 ਦਿਨ ਲੱਗਣਗੇ । ਇਥੇ ਹੀ ਬੱਸ ਨਹੀਂ ਰੇਲਵੇ ਰਾਹੀਂ ਕੋਲ਼ਾ ਲਿਆਉਣ ਲਈ  ਕੁਲ ਖਰਚਾ ( ਕੋਲ਼ਾ+ਕਰਾਇਆ) 495 ਰੁ: ਪ੍ਰਤੀ ਕੁਇੰਟਲ ਪੈਂਦਾ ਹੈ ਜਦੋਂ ਕੇ RSR ਰਾਹੀਂ ਇਹ ਖਰਚਾ 675 ਰੁ: ਪ੍ਰਤੀ ਕੁਇੰਟਲ ਹੋ ਜਾਵੇਗਾ  ਜੋ ਸਿਧਾ ਭਾਰ ਬਿਜਲੀ ਖਪਤਕਾਰ ‘ਤੇ ਪਵੇਗਾ । ਭਾਵ ਕਿ ਪੀਐੱਸਪੀਸੀਐੱਲ ਉਪਰ 35 ਫ਼ੀਸਦ  ਖਰਚਾ ਹੋਰ ਵੱਧ ਜਾਵੇਗਾ ਜੋ ਪਹਿਲਾਂ ਹੀ ਕਰਜ਼ੇ ਥੱਲੇ ਦੱਬੀ ਪਈ ਹੈ ।

ਉਪਰੋਕਤ ਤੱਥਾਂ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸਿਰਫ਼ ਅਡਾਨੀ ਗੁਰੱਪ ਨੂੰ ਫ਼ਾਇਦਾ ਦੇਣ ਲਈ ਹੀ ਕੇਂਦਰ ਸਰਕਾਰ ਇਸ ਤਰ੍ਹਾਂ ਦੀਆਂ ਸਕੀਮਾਂ ਬਣਾ ਰਹੀ ਹੈ ਜਿਸ ਬਾਰੇ ਮੌਜੂਦਾ ਲੋਕ ਸਭਾ ਦੇ ਸੈਸ਼ਨ ਦੌਰਾਨ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਮੋਦੀ ਸਰਕਾਰ ‘ਤੇ ਇਲਜ਼ਾਮ ਲਾ ਚੁੱਕੇ ਹਨ ।

ਇਸ ਗੱਲ ਦੀ ਬੜੀ ਹੈਰਾਨੀ ਹੋਈ ਹੈ ਕਿ ਪੰਜਾਬ ਦੀ  ‘ਆਪ’ ਸਰਕਾਰ ਸਿਰਫ਼ ਚਿੱਠੀਆਂ ਲਿਖਣ ਤੱਕ ਹੀ ਸੀਮਤ ਰਹੀ ਹੈ । ਕੇਂਦਰੀ ਪੱਧਰ ‘ਤੇ ਪੰਜਾਬ ਦੇ ਰਾਜ ਸਭਾ ਮੈਂਬਰ ਕਿਉਂ ਨਹੀਂ ਇਸ ਮਸਲੇ ਨੂੰ ਚੁੱਕ ਰਹੇ ? ‘ਆਪ’ ਸੁਪਰੀਮੋ ਕੇਜਰੀਵਾਲ਼  ਤੇ ਰਾਘਵ ਚੱਢਾ ਅਕਸਰ ਪੰਜਾਬ ਦੇ ਮੁੱਦਿਆਂ ‘ਤੇ ਬੜਾ ਬੋਲਦੇ ਹਨ ਪਰ ਹੁਣ ਕਿਉਂ ਚੁੱਪ ਹਨ ? ਕੀ ‘ਆਪ’ ਲੀਡਰਸ਼ਿਪ ਦੀ ‘ਚੁੱਪ’ ਦੇ ਅਰਥ ਵੀ ਅਡਾਨੀ ਦੇ ਮੁੱਦੇ ‘ਤੇ ਲੋਕ ਸਭਾ ‘ਚ ਮੋਦੀ ਦੀ ‘ਚੁੱਪ’ ਵਰਗੇ ਹੀ ਸਮਝੇ ਜਾਣ ?  ਲੋਕ ਸਭਾ ‘ਚ ਅਕਾਲੀ ਮੈਂਬਰਾਂ ਨੇ ਵੀ ਚੁੱਪ ਵੱਟੀ ਹੋਈ ਹੈ ।

ਇਹ ਮਸਲਾ ਪੰਜਾਬ ਦਾ ਹੈ ਨਾ ਕਿ ਰਾਜਸੀ ਪਾਰਟੀਆਂ ਦਾ । ਇਸ ਤੋਂ ਪਹਿਲਾਂ ਕਿ ਦੇਰ ਹੋ ਜਾਏ  ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋਕੇ ਪ੍ਰਧਾਨ ਮੰਤਰੀ ਨੂੰ ਮਿਲਣਾ ਚਹੀਦਾ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button