
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਜਾਅਲੀ ਡਿਗਰੀਆਂ ਤੇ ਡੀਐਮਸੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਯੂਨੀਵਰਸਿਟੀ ਨਾਲ ਸਬੰਧਤ ਨਕਲੀ ਸਰਟੀਫਿਕੇਟ ਤਿਆਰ ਕਰਕੇ ਉਨ੍ਹਾਂ ਨੂੰ ਅਧਿਕਾਰਕ ਡਿਜੀਟਲ ਪਲੇਟਫਾਰਮ ਉਤੇ ਅਪਲੋਡ ਕੀਤਾ ਗਿਆ, ਜਿਸ ਨਾਲ ਸਿੱਖਿਆ ਪ੍ਰਣਾਲੀ ਦੀ ਭਰੋਸੇਯੋਗਤਾ ਉਤੇ ਸਵਾਲ ਖੜ੍ਹੇ ਹੋ ਗਏ ਹਨ। ਇਸ ਮਾਮਲੇ ਵਿੱਚ ਸਟੇਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਮੋਹਾਲੀ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਯੂਨੀਵਰਸਿਟੀ ਦੇ ਰਜਿਸਟਰਾਰ ਦੀ ਸ਼ਿਕਾਇਤ ਦੇ ਆਧਾਰ ਉਤੇ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕਈ ਡਿਗਰੀਆਂ ਤੇ ਡੀਐਮਸੀ ਅਸਲੀ ਰਿਕਾਰਡ ਵਿੱਚ ਮੌਜੂਦ ਨਹੀਂ ਸਨ। ਹੈਰਾਨੀਜਨਕ ਤੌਰ ਉਤੇ ਤਿੰਨ ਵਿਦਿਆਰਥੀਆਂ ਨਾਲ ਸਬੰਧਤ ਨਕਲੀ ਡੀਐਮਸੀ ਯੂਨੀਵਰਸਿਟੀ ਦੇ ਅਧਿਕਾਰਕ ਵੈੱਬ ਪੋਰਟਲ ਉਤੇ ਅਪਲੋਡ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਤਸਦੀਕ ਸ਼ਾਖਾ ਦੇ ਈਮੇਲ ਆਈਡੀ ਤੋਂ ਵਿਦੇਸ਼ੀ ਏਜੰਸੀ ਨੂੰ ਭੇਜੀ ਗਈ ਸ਼ੱਕੀ ਈਮੇਲ ਨੇ ਸਾਈਬਰ ਹਮਲੇ ਦੇ ਸੰਕੇਤ ਦਿੱਤੇ ਹਨ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਦਸੰਬਰ 2025 ਵਿੱਚ ਯੂਨੀਵਰਸਿਟੀ ਦਾ ਸਰਵਰ ਅਚਾਨਕ ਬੰਦ ਹੋ ਗਿਆ ਸੀ ਅਤੇ ਫੋਰੈਂਸਿਕ ਜਾਂਚ ਵਿੱਚ ਟਰੋਜਨ ਮਾਲਵੇਅਰ ਦੀ ਮੌਜੂਦਗੀ ਵੀ ਮਿਲੀ ਹੈ, ਜਿਸ ਨਾਲ ਡਾਟਾ ਨਾਲ ਛੇੜਛਾੜ ਦਾ ਸ਼ੱਕ ਹੋਰ ਮਜ਼ਬੂਤ ਹੋ ਗਿਆ ਹੈ। ਪੁਲਿਸ ਵੱਲੋਂ ਗੂਗਲ ਅਤੇ ਹੋਰ ਸੰਬੰਧਿਤ ਏਜੰਸੀਆਂ ਤੋਂ ਡਿਜੀਟਲ ਡਾਟਾ ਮੰਗਿਆ ਗਿਆ ਹੈ, ਜਦਕਿ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਵੀ ਸਰਵਰ ਲੋਗ ਅਤੇ ਈਮੇਲ ਰਿਕਾਰਡ ਹਾਸਲ ਕੀਤੇ ਜਾ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡਿਜੀਟਲ ਫੋਰੈਂਸਿਕ ਜਾਂਚ ਜਾਰੀ ਹੈ ਅਤੇ ਜਲਦੀ ਹੀ ਦੋਸ਼ੀਆਂ ਦੀ ਪਹਿਚਾਣ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




