SportsTop News

ਪੈਰਾ-ਏਸ਼ਿਆਈ ਖੇਡਾਂ : ਭਾਰਤ ਨੇ 5 ਸੋਨ, 4 ਚਾਂਦੀ ਤੇ 5 ਕਾਂਸੀ ਸਮੇਤ 14 ਤਗਮੇ ਜਿੱਤੇ

ਜਪਾਨ ਦੇ ਆਈਚੀ-ਨਾਗੋਆ ਵਿਖੇ ਚਲ ਰਹੀਆਂ 5ਵੀਆਂ ਏਸ਼ਿਆਈ ਪੈਰਾ ਖੇਡਾਂ ਦੌਰਾਨ ਭਾਰਤ ਨੇ ਦੂਜੇ ਦਿਨ 5 ਸੋਨ, 4 ਚਾਂਦੀ ਅਤੇ 5 ਕਾਂਸੀ ਸਮੇਤ 14 ਤਗਮੇ ਜਿੱਤੇ, ਜਿਸ ਨਾਲ ਪੈਰਾ ਐਥਲੈਟਿਕਸ ਵਿਚ ਭਾਰਤ ਦੇ ਕੁੱਲ ਤਗਮਿਆਂ ਦੀ ਗਿਣਤੀ 20 ਹੋ ਗਈ ਹੈ। ਇਹ ਚੀਨ (23 ਤਗਮੇ-13 ਸੋਨ, 5 ਚਾਂਦੀ, 5 ਕਾਂਸੀ) ਤੋਂ ਬਾਅਦ ਹੁਣ ਤੱਕ ਦਾ ਦੂਜਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਹਿਮਾਚਲ ਪ੍ਰਦੇਸ਼ ਦੇ ਅੰਬ ਦੇ ਰਹਿਣ ਵਾਲੇ ਨਿਸ਼ਾਦ ਕੁਮਾਰ ਨੇ ਪੁਰਸ਼ਾਂ ਦੀ ‘ਉੱਚੀ ਛਾਲ ਟੀ-47’ ਵਰਗ ਵਿਚ ਪਹਿਲਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਉਹ ਪੈਰਾ-ਦੌੜਾਕ ਅੰਕੁਰ ਧਾਮਾ ਅਤੇ ਬਿਨਾਂ ਬਾਹਾਂ ਵਾਲੀ ਤੀਰਅੰਦਾਜ਼ ਸ਼ੀਤਲ ਦੇਵੀ ਤੋਂ ਬਾਅਦ ਏਸ਼ੀਅਨ ਪੈਰਾ ਖੇਡਾਂ ਦੇ ਇਕ ਹੀ ਸੀਜ਼ਨ ਵਿਚ ਦੋ ਸੋਨ ਤਗਮੇ ਜਿੱਤਣ ਵਾਲਾ ਤੀਜਾ ਭਾਰਤੀ ਬਣ ਗਿਆ ਹੈ। ਉਸ ਨੇ ਸੋਮਵਾਰ ਨੂੰ ਵੀ ‘ਲੰਬੀ ਛਾਲ ਟੀ-47’ ਮੁਕਾਬਲੇ ਵਿਚ ਸੋਨ ਤਗਮਾ ਜਿੱਤਿਆ ਸੀ।

ਮੰਗਲਵਾਰ ਨੂੰ ਨਿਸ਼ਾਦ ਨੇ 2.04 ਮੀਟਰ ਦੀ ਉਚਾਈ ਪਾਰ ਕਰਕੇ ਸੋਨ ਤਗਮਾ ਜਿੱਤਿਆ ਅਤੇ ਖੇਡਾਂ ਦਾ ਨਵਾਂ ਰਿਕਾਰਡ ਕਾਇਮ ਕੀਤਾ। ‘ਟੀ-47’ ਵਰਗੀਕਰਨ ਉਨ੍ਹਾਂ ਖਿਡਾਰੀਆਂ ਲਈ ਹੈ, ਜਿਨ੍ਹਾਂ ਦੇ ਉੱਪਰਲੇ ਅੰਗਾਂ (ਬਾਹਾਂ) ਵਿਚ ਕੋਈ ਕਮਜ਼ੋਰੀ ਜਾਂ ਨੁਕਸ ਹੁੰਦਾ ਹੈ। ਮੰਗਲਵਾਰ ਨੂੰ ਭਾਰਤ ਲਈ ਸੋਨ ਤਗਮਿਆਂ ਦੀ ਸ਼ੁਰੂਆਤ ਤੇਲੰਗਾਨਾ ਦੀ ਰਹਿਣ ਵਾਲੀ 23 ਸਾਲਾ ਖਿਡਾਰਨ ਦੀਪਤੀ ਜੀਵਨਜੀ ਨੇ ਕੀਤੀ। ਉਸ ਨੇ ਮਹਿਲਾਵਾਂ ਦੀ 400 ਮੀਟਰ ‘ਟੀ-20’ ਦੌੜ ਵਿਚ 56.36 ਸਕਿੰਟ ਦਾ ਸਮਾਂ ਕੱਢ ਕੇ ਖੇਡਾਂ ਦਾ ਨਵਾਂ ਰਿਕਾਰਡ ਬਣਾਇਆ ਅਤੇ ਲਗਾਤਾਰ ਦੂਜੀ ਵਾਰ ਏਸ਼ੀਅਨ ਪੈਰਾ ਖੇਡਾਂ ਵਿਚ ਸੋਨ ਤਗਮਾ ਜਿੱਤ ਕੇ ਆਪਣਾ ਦਬਦਬਾ ਬਰਕਰਾਰ ਰੱਖਿਆ।

ਦੀਪਤੀ , ਜਿਸ ਦੇ ਨਾਂਅ ਏਸ਼ਿਆਈ ਰਿਕਾਰਡ ਵੀ ਦਰਜ ਹੈ, ਨੇ ਪੈਰਾ ਵਿਸ਼ਵ ਚੈਂਪੀਅਨਸ਼ਿਪ ਵਿਚ ਦੋ ਵਾਰ ਤਗਮੇ ਜਿੱਤੇ ਹਨ, ਜਿਸ ਵਿਚ 2024 ਵਿਚ ਜਿੱਤਿਆ ਗਿਆ ਸੋਨ ਤਗਮਾ ਵੀ ਸ਼ਾਮਿਲ ਹੈ। ਟੀ-20 ਵਰਗੀਕਰਨ ਵਿਚ ਉਹ ਖਿਡਾਰੀ ਸ਼ਾਮਿਲ ਹੁੰਦੇ ਹਨ, ਜਿਨ੍ਹਾਂ ਨੂੰ ਬੌਧਿਕ ਅਸਮਰਥਤਾਵਾਂ ਹੁੰਦੀਆਂ ਹਨ।ਦਿੱਲੀ ਦੇ ਬੁਰਾਰੀ ਪਿੰਡ ਦੀ ਰਹਿਣ ਵਾਲੀ ਤਜ਼ਰਬੇਕਾਰ ਦੌੜਾਕ ਸਿਮਰਨ ਨੇ ਇਕ ਨਵਾਂ ਖੇਡ ਰਿਕਾਰਡ ਬਣਾਉਂਦੇ ਹੋਏ ਆਪਣਾ ਪਹਿਲਾ ਸੋਨ ਤਗਮਾ ਜਿੱਤਿਆ, ਜਦਕਿ ਉਸ ਦੀ ਦੇਸ਼ਵਾਸੀ ਤੇਜਲਬੇਨ ਡਾਮੋਰ ਨੇ ਮਹਿਲਾਵਾਂ ਦੇ 200 ਮੀਟਰ ਟੀ-12 ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਹਾਸਲ ਕੀਤਾ। ਸਿਮਰਨ ਨੇ 24.80 ਸਕਿੰਟ ਦਾ ਸਮਾਂ ਲਿਆ, ਜਦਕਿ ਤੇਜਲਬੇਨ, ਜੋ ਇਸ ਮਹਾਂਦੀਪੀ ਮੁਕਾਬਲੇ ਵਿਚ ਪਹਿਲੀ ਵਾਰ ਹਿੱਸਾ ਲੈ ਰਹੀ ਸੀ, 25.23 ਸਕਿੰਟ ਦੇ ਸਮੇਂ ਨਾਲ ਤੀਜੇ ਸਥਾਨ ‘ਤੇ ਰਹੀ।

ਟੀ-12 ਵਰਗੀਕਰਨ ਵਿਚ ਉਹ ਖਿਡਾਰੀ ਸ਼ਾਮਿਲ ਹੁੰਦੇ ਹਨ, ਜਿਨ੍ਹਾਂ ਦੀ ਨਜ਼ਰ ਵਿਚ ਦਰਮਿਆਨੀ ਕਮਜ਼ੋਰੀ ਹੁੰਦੀ ਹੈ। 26 ਸਾਲਾ ਸਿਮਰਨ, ਨੇ 2024 ਪੈਰਾਲੰਪਿਕਸ ਵਿਚ ਵੀ ਕਾਂਸੀ ਦਾ ਤਗਮਾ ਜਿੱਤਿਆ ਸੀ। ਪੁਰਸ਼ਾਂ ਦੇ ਡਿਸਕਸ ਥਰੋਅ (ਸੰਯੁਕਤ ਐਫ51/52/53 ਵਰਗ) ਵਿਚ ਫਰੀਦਾਬਾਦ ਦੇ ਰਹਿਣ ਵਾਲੇ ਪ੍ਰਣਵ ਸੂਰਮਾ ਨੇ ਏਸ਼ਿਆਈ ਰਿਕਾਰਡ ਨਾਲ ਸੋਨ ਤਗਮਾ ਜਿੱਤਿਆ, ਜਦੋਂਕਿ ਰਾਮ ਰਤਨ ਸਿੰਘ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ। ਇਸ ਤਰ੍ਹਾਂ ਦੇਸ਼ ਦੇ ਖਿਡਾਰੀਆਂ ਨੇ ਪਹਿਲੇ ਅਤੇ ਦੂਜੇ ਦੋ ਸਥਾਨਾਂ ’ਤੇ ਕਬਜ਼ਾ ਜਮਾਇਆ। 32 ਸਾਲਾ ਸੂਰਮਾ, ਜਿਸ ਨੇ ਪਿਛਲੀਆਂ ਏਸ਼ੀਅਨ ਪੈਰਾ ਖੇਡਾਂ ਦੇ ਨਾਲ-ਨਾਲ 2024 ਪੈਰਾਲੰਪਿਕਸ ਵਿਚ ਵੀ ‘ਕਲੱਬ ਥ੍ਰੋਅ ਐਫ-51’ ਮੁਕਾਬਲੇ ਵਿਚ ਸੋਨ ਤਗਮਾ ਜਿੱਤਿਆ ਸੀ, ਨੇ ਆਪਣੀ ਚੌਥੀ ਕੋਸ਼ਿਸ਼ ਵਿਚ ਡਿਸਕਸ (ਤਸ਼ਤਰੀ) ਨੂੰ 11.66 ਮੀਟਰ ਦੀ ਦੂਰੀ ਤੱਕ ਸੁੱਟ ਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਇਕ ਨਵਾਂ ਏਸ਼ਿਆਈ ਰਿਕਾਰਡ ਕਾਇਮ ਕੀਤਾ।

ਭਾਰਤੀਆਂ ਨੇ ਪੁਰਸ਼ਾਂ ਦੇ ਡਿਸਕਸ ਥਰੋਅ ਐਫ-44/64 ਵਰਗ ਵਿਚ ਤਿੰਨੋਂ ਤਗਮੇ ਜਿੱਤੇ। ਦੇਵੇਂਦਰ ਕੁਮਾਰ ਨੇ ਚਾਰ ਐਥਲੀਟ ਵਾਲੇ ਮੁਕਾਬਲੇ ’ਚ ਸੋਨ ਤਗਮਾ ਆਪਣੇ ਨਾਂਅ ਕੀਤਾ। ਹਰਿਆਣਾ ਦੇ ਚਰਖੀ ਦਾਦਰੀ ਦੇ ਪਿੰਡ ਕਿਸ਼ਕੰਧਾ ਦੇ 32 ਸਾਲਾ ਦੇਵੇਂਦਰ ਨੇ 49.71 ਮੀਟਰ ਥਰੋਅ ਨਾਲ ਸੋਨ ਤਮਗਾ ਜਿੱਤਿਆ, ਜਦਕਿ ਰਾਕੇਸ਼ ਅਤੇ ਪਰਦੀਪ ਕੁਮਾਰ ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦਾ ਤਗਮਾ ਹਾਸਲ ਕੀਤਾ। ਐਫ-44 ਅਤੇ ਐਫ-64 ਹੇਠਲੇ ਅੰਗਾਂ ਦੀਆਂ ਕਮਜ਼ੋਰੀਆਂ ਵਾਲੇ ਅਥਲੀਟਾਂ ਲਈ ਵਰਗੀਕਰਨ ਦਰਸਾਉਂਦੇ ਹਨ। ਐਫ-44 ਐਥਲੀਟ ਬਿਨਾਂ ‘ਪ੍ਰੋਸਥੇਸਿਸ’ ਦੇ ਮੁਕਾਬਲਾ ਕਰਦੇ ਹਨ, ਜਦੋਂਕਿ ਐਫ-64 ਐਥਲੀਟ ਇਕ ‘ਪ੍ਰੋਸਥੇਸਿਸ’ ਨਾਲ ਮੁਕਾਬਲਾ ਕਰਦੇ ਹਨ। ਪ੍ਰੀਤੀ ਪਾਲ ਨੇ ਮਹਿਲਾਵਾਂ ਦੇ 200 ਮੀਟਰ ਟੀ-35 ਮੁਕਾਬਲੇ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ। ਪ੍ਰਵੀਨ ਸ਼ਰਮਾ (ਪੁਰਸ਼ਾਂ ਦੇ ਸ਼ਾਟ ਪੁਟ ਐਫ-11), ਆਯੂਸ਼ ਵਰਮਾ (ਪੁਰਸ਼ਾਂ ਦੇ ਜੈਵਲਿਨ ਐਫ-53/54), ਅਤੇ ਹੋਕਾਟੋ ਹੋਟੋਜ਼ੇ ਸੇਮਾ (ਪੁਰਸ਼ਾਂ ਦੇ ਸ਼ਾਟ ਪੁਟ ਐਫ-56/57) ਨੇ ਕਾਂਸੀ ਦੇ ਤਗਮੇ ਜਿੱਤੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button