Breaking NewsD5 specialNewsPress ReleasePunjab

ਨੌਦੀਪ ਗੰਧੜ ਦੀ ਬਿਨਾਂ ਸ਼ਰਤ ਰਿਹਾਈ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਪੰਜਾਬ ‘ਚ ਥਾਂ ਥਾਂ ਭਾਜਪਾ ਸਰਕਾਰ ਦੀਆਂ ਅਰਥੀਆਂ ਫੂਕੀਆਂ -ਕੋਕਰੀ ਕਲਾਂ  

ਚੰਡੀਗੜ੍ਹ :ਹਰਿਆਣਾ ਪੁਲਿਸ ਵੱਲੋਂ ਅਣਮਨੁੱਖੀ ਤਸ਼ੱਦਦ ਦਾ ਸ਼ਿਕਾਰ ਬਣਾ ਕੇ ਮਹੀਨੇ ਭਰ ਤੋਂ ਜੇਲ੍ਹ ਵਿੱਚ ਡੱਕੀ ਹੋਈ ਮਜਦੂਰ ਆਗੂ ਨੌਦੀਪ ਗੰਧੜ ਦੀ ਬਿਨਾਂ ਸ਼ਰਤ ਰਿਹਾਈ ਲਈ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਪੰਜਾਬ ਦੇ 16 ਜਿਲ੍ਹਿਆਂ ਵਿੱਚ 135 ਦਿਨਾਂ ਤੋਂ 43 ਥਾਂਵਾਂ ‘ਤੇ ਚੱਲ ਰਹੇ ਪੱਕੇ ਧਰਨਿਆਂ ਤੋਂ ਇਲਾਵਾ ਅਨੇਕਾਂ ਸਥਾਨਕ ਥਾਂਵਾਂ ‘ਤੇ ਵੀ ਖੱਟੜ ਭਾਜਪਾ ਸਰਕਾਰ ਦੀਆਂ ਅਰਥੀਆਂ ਫੂਕੀਆਂ ਗਈਆਂ।ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਕੁੱਲ ਮਿਲਾ ਕੇ ਇਨ੍ਹਾਂ ਅਰਥੀ ਫੂਕ ਮੁਜ਼ਾਹਰਿਆਂ ਵਿੱਚ ਸ਼ਾਮਲ ਹੋਏ ਦਹਿ ਹਜਾਰਾਂ ਕਿਸਾਨਾਂ, ਮਜਦੂਰਾਂ, ਔਰਤਾਂ ਅਤੇ ਨੌਜਵਾਨਾਂ ਨੇ ਖੱਟੜ/ਮੋਦੀ ਭਾਜਪਾ ਸਰਕਾਰ ਵਿਰੁੱਧ ਜ਼ੋਰਦਾਰ ਨਾਹਰੇ ਲਾਉਂਦਿਆਂ ਨੌਦੀਪ ਗੰਧੜ ਦੀ ਬਿਨਾਂ ਸ਼ਰਤ ਤੁਰੰਤ ਰਿਹਾਈ ਤੋਂ ਇਲਾਵਾ ਉਸ ਉੱਪਰ ਅਣਮਨੁੱਖੀ ਤਸ਼ੱਦਦ ਕਰਨ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਉੱਤੇ ਵੀ ਜੋਰ ਦਿੱਤਾ।
ਵੱਖ ਵੱਖ ਥਾਂਵਾਂ ‘ਤੇ ਸੰਬੋਧਨ ਕਰਦੇ ਹੋਏ ਕਿਸਾਨ ਮਜਦੂਰ ਬੁਲਾਰਿਆਂ ਨੇ ਕਿਹਾ ਕਿ ਮੋਦੀ ਭਾਜਪਾ ਸਰਕਾਰ ਦਿੱਲੀ ਦੀਆਂ ਬਰੂਹਾਂ ‘ਤੇ ਸ਼ਾਂਤਮਈ ਸੰਘਰਸ਼ ਵਿੱਚ ਡਟੇ ਹੋਏ ਕਿਸਾਨਾਂ ਵਿਰੁੱਧ ਵਿਦੇਸ਼ੀ ਧਾੜਵੀ ਦੁਸ਼ਮਣਾਂ ਨਾਲੋਂ ਵੀ ਸਖਤ ਕਿਲੇਬੰਦੀਆਂ ਲਈ ਉੱਚੀਆਂ ਚੌੜੀਆਂ ਕੰਕਰੀਟ ਕੰਧਾਂ ਉਸਾਰਨ ਤੇ ਤਿੱਖੇ ਕਿੱਲ ਗੱਡਣ ਸਮੇਤ ਫਿਰਕੂ ਫੁੱਟਪਾਊ ਸਾਜਿਸ਼ਾਂ ਰਚਣ ਅਤੇ ਪੁਲਿਸ, ਫੌਜ ਦੀ ਛਤਰਛਾਇਆ ਹੇਠ ਫ਼ਿਰਕੂ ਗੁੰਡਾ ਟੋਲਿਆਂ ਰਾਹੀਂ ਹਮਲੇ ਕਰਨ ਦੀ ਦੋਸ਼ੀ ਹੈ। ਉਨ੍ਹਾਂ ਨੇ ਤਿੰਨੇ ਕਾਲੇ ਖੇਤੀ ਕਾਨੂੰਨ, ਬਿਜਲੀ ਬਿੱਲ 2020 ਅਤੇ ਪਰਾਲ਼ੀ ਆਰਡੀਨੈਂਸ ਰੱਦ ਕਰਨ; ਪੂਰੇ ਦੇਸ਼ ਵਿੱਚ ਲਾਭਕਾਰੀ ਸਮਰਥਨ ਮੁੱਲ ਉੱਤੇ ਸਾਰੀਆਂ ਫਸਲਾਂ ਦੀ ਖਰੀਦ ਦੀ ਕਾਨੂੰਨੀ ਗਰੰਟੀ ਕਰਨ ਅਤੇ ਸਰਵਜਨਕ ਜਨਤਕ ਵੰਡ ਪ੍ਰਣਾਲੀ ਪੂਰੇ ਮੁਲਕ ‘ਚ ਲਾਗੂ ਕਰਨ ਦੀਆਂ ਮੰਗਾਂ ਤੁਰੰਤ ਮੰਨੇ ਜਾਣ ਉੱਤੇ ਜੋਰ ਦਿੱਤਾ।26 ਜਨਵਰੀ ਨੂੰ ਫਿਰਕੂ ਸਾਜਿਸ਼ ਰਚ ਕੇ ਪੁਲਸੀ ਗੋਲੀਬਾਰੀ ਵਰਗੇ ਜਾਬਰ ਹਮਲੇ ਦੌਰਾਨ ਸ਼ਹੀਦ ਕੀਤੇ ਗਏ ਯੂ ਪੀ ਦੇ ਕਿਸਾਨ ਨਵਰੀਤ ਸਿੰਘ ਦੇ ਵਾਰਸਾਂ ਨੂੰ 1 ਕ੍ਰੋੜ ਰੁਪਏ ਦੀ ਅਤੇ ਮੌਜੂਦਾ ਕਿਸਾਨ ਅੰਦੋਲਨ ਦੌਰਾਨ ਸ਼ਹੀਦੀ ਜਾਮ ਪੀਣ ਵਾਲੇ 200 ਤੋਂ ਉੱਪਰ ਸ਼ਹੀਦਾਂ ਦੇ ਵਾਰਸਾਂ ਨੂੰ 20-20 ਲੱਖ ਰੁਪਏ ਦੀ ਸਹਾਇਤਾ ਦੇਣ ਤੋਂ ਇਲਾਵਾ ਗ੍ਰਿਫਤਾਰ ਕੀਤੇ ਸਾਰੇ ਕਿਸਾਨਾਂ ਨੂੰ ਅਤੇ ਜ਼ਬਤ ਕੀਤੇ ਟ੍ਰੈਕਟਰਾਂ ਨੂੰ ਬਿਨਾਂ ਸ਼ਰਤ ਛੱਡਣ ਅਤੇ ਸੈਂਕੜੇ ਬੇਦੋਸ਼ੇ ਕਿਸਾਨਾਂ ਤੇ ਕਿਸਾਨ ਆਗੂਆਂ ਸਮੇਤ ਨਿਰਪੱਖ ਪੱਤਰਕਾਰਾਂ, ਬੁੱਧੀਜੀਵੀਆਂ ਸਿਰ ਮੜ੍ਹੇ ਝੂਠੇ ਪੁਲਿਸ ਕੇਸ ਰੱਦ ਕਰਨ ਦੀ ਵੀ ਜੋਰਦਾਰ ਮੰਗ ਕੀਤੀ।
ਬੁਲਾਰਿਆਂ ਨੇ ਐਲਾਨ ਕੀਤਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਭਾਰਤ ਪੱਧਰੇ ਕਿਸਾਨ ਘੋਲ਼ ਨੂੰ ਹੋਰ ਪ੍ਰਚੰਡ ਕਰਨ ਲਈ ਜਥੇਬੰਦੀ ਵੱਲੋਂ 18 ਫਰਵਰੀ ਨੂੰ ਪੰਜਾਬ ਭਰ ਵਿੱਚ 12 ਤੋਂ 4 ਵਜੇ ਤੱਕ ਰੇਲਾਂ ਜਾਮ ਕੀਤੀਆਂ ਜਾਣਗੀਆਂ। ਉਨ੍ਹਾਂ ਜੋਰ ਦਿੱਤਾ ਕਿ ਸਮੂਹ ਕਿਸਾਨਾਂ ਮਜਦੂਰਾਂ ਅਤੇ ਮਿਹਨਤਕਸ਼ ਲੋਕਾਂ ਦਾ ਜੁਝਾਰੂ ਏਕਾ ਹੀ ਸਰਕਾਰ ਦੇ ਸਾਜਿਸ਼ੀ ਤੇ ਜਾਬਰ ਹੱਲਿਆਂ ਨੂੰ ਪਛਾੜ ਰਿਹਾ ਹੈ ਅਤੇ ਅੰਤਮ ਜਿੱਤ ਦੀ ਗਰੰਟੀ ਬਣੇਗਾ ।ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਦਿੱਲੀ ਦੇ ਵੱਖ ਵੱਖ ਬਾਰਡਰਾਂ ‘ਤੇ ਡਟੇ ਹੋਏ ਕਿਸਾਨਾਂ ਉੱਪਰ ਸਰਕਾਰ ਦੁਆਰਾ ਮੁੜ ਟਕਰਾਅ ਦੀ ਸਥਿਤੀ ਬਣਾਈ ਜਾ ਸਕਦੀ ਹੈ। ਇਸ ਲਈ ਦਿੱਲੀ ਵੱਲ ਹਜ਼ਾਰਾਂ ਕਿਸਾਨ ਮਜਦੂਰ ਭੈਣਾਂ ਭਰਾਵਾਂ ਦੇ ਛੋਟੇ ਵੱਡੇ ਕਾਫਲੇ ਰੋਜ਼ਾਨਾ ਮੋਰਚਿਆਂ ਵਾਲੀਆਂ ਥਾਂਵਾਂ ‘ਤੇ ਭੇਜਣ ਦਾ ਸੱਦਾ ਦਿੱਤਾ ਗਿਆ। ਸਰਕਾਰੀ ਸਾਜਿਸ਼ ਨੂੰ ਚਕਨਾਚੂਰ ਕਰਨ ਲਈ ਖਾਲਿਸਤਾਨੀ ਜਾਂ ਹੋਰ ਫਿਰਕਾਪ੍ਰਸਤ ਤੱਤਾਂ ਨਾਲ਼ੋਂ ਵੀ ਮੁਕੰਮਲ ਨਿਖੇੜਾ ਕਰਨ ਦਾ ਸੱਦਾ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਮਕਸਦ ਲਈ ਵਲੰਟੀਅਰਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਜੋ ਗਲਤ ਅਨਸਰਾਂ ਨੂੰ ਮੋਰਚਿਆਂ ਵਾਲੀਆਂ ਥਾਂਵਾਂ ਤੋਂ ਦੂਰ ਰੱਖਿਆ ਜਾਵੇ। ਅੱਜ ਦੇ ਧਰਨਿਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਸੂਬਾ ਸੰਗਠਨ ਸਕੱਤਰ ਹਰਦੀਪ ਸਿੰਘ ਟੱਲੇਵਾਲ, ਸੁਖਜੀਤ ਸਿੰਘ ਕੋਠਾਗੁਰੂ, ਰਾਮ ਸਿੰਘ ਭੈਣੀਬਾਘਾ, ਜਗਤਾਰ ਸਿੰਘ ਕਾਲਾਝਾੜ, ਸੁਨੀਲ ਕੁਮਾਰ ਭੋਡੀਪੁਰਾ, ਹਰਜਿੰਦਰ ਸਿੰਘ ਬੱਗੀ, ਗੁਰਮੀਤ ਸਿੰਘ ਕਿਸ਼ਨਪੁਰਾ, ਜਸਪਾਲ ਸਿੰਘ ਨੰਗਲ, ਸੁਦਾਗਰ ਸਿੰਘ ਘੁਡਾਣੀ, ਕੁਲਦੀਪ ਸਿੰਘ ਮੱਤੇਨੰਗਲ, ਜਸਵੀਰ ਸਿੰਘ ਗੰਡੀਵਿੰਡ,ਮੋਹਨ ਸਿੰਘ ਨਕੋਦਰ, ਲਖਵਿੰਦਰ ਸਿੰਘ ਮੰਜਿਆਂਵਾਲੀ ਅਤੇ ਭਾਗ ਸਿੰਘ ਮਰਖਾਈ ਤੋਂ ਇਲਾਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ ਅਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਸ਼ਾਮਲ ਸਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button