Breaking NewsIndiaNewsPunjab

ਨਿਰੰਕਾਰੀ ਭਵਨ ਅੰਮ੍ਰਿਤਸਰ ’ਚ ਸਤਸੰਗ ਦੌਰਾਨ ਹੋਇਆ ਖੱਤਰਨਾਕ ਬੰਬ ਧਮਾਕਾ , 3 ਮਰੇ, ਦਰਜਨ ਤੋਂ ਵੱਧ ਜ਼ਖਮੀ

ਅੰਮ੍ਰਿਤਸਰ : ਜ਼ਿਲ੍ਹੇ ਦੇ ਰਾਜਾਸਾਂਸੀ ਇਲਾਕੇ ਨਜ਼ਦੀਕ ਪੈਂਦੇ ਪਿੰਡ ਅਦਲੀਵਾਲ ਵਿੱਚ ਸਥਿਤ ਇੱਕ ਨਿਰੰਕਾਰੀ ਭਵਨ ਵਿੱਚ ਉਸ ਵੇਲੇ ਚੀਖ ਚਿਹਾੜਾ ਤੇ ਭਾਜੜਾਂ ਪੈ ਗਈਆਂ ਜਦੋਂ ਸਤਸੰਗ ਸੁਣ ਰਹੇ ਲੋਕਾਂ ’ਤੇ ਬੰਬ ਸੁੱਟ ਦਿੱਤਾ ਗਿਆ। ਪਤਾ ਲੱਗਾ ਹੈ ਕਿ ਇਹ ਧਮਾਕਾ ਮੋਟਰ ਸਾਇਕਲ ਤੇ ਆਏ ਦੋ ਨਕਾਬਪੋਸ਼ ਨੌਜਵਾਨਾਂ ਵੱਲੋਂ ਸੁੱਟੀ ਗਈ ਕਿਸੇ ਧਮਾਕਾਖੇਜ ਵਸਤੂ ਕਾਰਨ ਹੋਇਆ ਜੋ ਕਿ ਸਤਸੰਗ ਭਵਨ ਦੇ ਅੰਦਰ ਪਿਸਤੌਲ ਦੀ ਨੋਕ ਤੇ ਸੇਵਾਦਾਰਾਂ ਨੂੰ ਧਮਕਾ ਕੇ ਅੰਦਰ ਵੜੇ ਸਨ। ਇਸ ਬੰਬ ਧਮਾਕੇ ਵਿੱਚ ਵਰਤੀ ਗਈ ਧਮਾਕਾਖੇਜ ਵਸਤੂ ਨੂੰ ਮੁਢਲੇ ਤੌਰ ਤੇ ਹੈਂਡ ਗਰਨੇਡ ਮੰਨਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਸੀਨੀਅਰ ਉੱਚ ਅਧਿਕਾਰੀਆਂ ਜਿਨ੍ਹਾਂ ਵਿਚ ਬਾਰਡਰ ਜ਼ੋਨ ਦੇ ਆਈ.ਜੀ. ਸੁਰਿੰਦਰ ਪਰਮਾਰ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕੇ ਦੇ ਥਾਣਿਆਂ ’ਚੋਂ ਆਈ ਪੁਲਿਸ ਨੇ ਚਾਰੋਂ ਪਾਸੋਂ ਇਸ ਪਿੰਡ ਵੱਲ ਜਾਂਦੀਆਂ ਸੜਕਾਂ ਨੂੰ ਸੀਲ ਕਰ ਦਿੱਤਾ ਗਿਆ ਹੈ।

Read Also HS Phoolka on Amritsar Bomb Blast ਅੰਮ੍ਰਿਤਸਰ ਧਮਾਕੇ ‘ਤੇ ਐੱਚ.ਐੱਸ ਫੂਲਕਾ ਨੇ ਦਿੱਤਾ ਵੱਡਾ ਬਿਆਨ

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੂਰੇ ਪੰਜਾਬ ਵਿੱਚ ਹਾਈ ਅਲਰਟ ਕਰ ਦਿੱਤਾ ਗਿਆ ਹੈ। ਜਗ੍ਹਾ ਜਗ੍ਹਾ ਨਾਕਾਬੰਦੀਆਂ ਕੀਤੀਆਂ ਗਈਆਂ ਹਨ ਤੇ ਹਰ ਆਉਣ ਜਾਣ ਵਾਲੀਆਂ ਸ਼ੱਕੀ ਗੱਡੀਆਂ ਦੀ ਤਲਾਸ਼ੀ ਲਈ ਜਾ ਰਹੀ ਹੈ। ਇੱਥੇ ਦੱਸ ਦੇਈਏ ਕਿ ਜਿਉਂ ਹੀ ਉਨ੍ਹਾਂ ਦੋਹਾਂ ਨਕਾਬਪੋਸ਼ਾਂ ਨੇ ਇਸ ਹੈਂਡ ਗਰਨੇਡ ਨੂੰ ਚਲਦੇ ਸਤਸੰਗ ਦੌਰਾਨ ਮੰਚ ਤੇ ਸੁੱਟਿਆ ਤਾਂ ਇਹ ਗਰਨੇਡ ਧਰਤੀ ਤੇ ਡਿਗਦਿਆਂ ਸਾਰ ਹੀ ਦਿਲ ਦਹਲਾ ਦੇਣ ਵਾਲੇ ਧਮਾਕੇ ਨਾਲ ਫਟ ਗਿਆ ਜਿਸ ਬੰਬ ਦਾ ਇੱਕ ਹਿੱਸਾ ਖੱਬੇ ਪਾਸੇ ਅਤੇ ਦੂਜਾ ਹਿੱਸਾ ਸੱਜੇ ਪਾਸੇ ਜਾ ਡਿੱਗਾ। ਮੌਕੇ ਦੇ ਹਾਲਾਤ ਇਹ ਸਨ ਕਿ ਚਾਰੇ ਪਾਸੇ ਡਿੱਗੇ ਖੂਨ ਦੇ ਛਿੱਟਿਆਂ ਨਾਲ ਸਤਸੰਗ ਭਵਨ ਦੀਆਂ ਦੀਵਾਰਾਂ ਸਣੇ ਜ਼ਮੀਨ ਵੀ ਲਾਲ ਹੋ ਗਈ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਆਈ.ਜੀ. ਸੁਰਿੰਦਰ ਪਰਮਾਰ ਨੇ ਦੱਸਿਆ ਕਿ ਗੁਰਦਾਸਪੁਰ-ਬਟਾਲਾ ਰੋਡ ਨੂੰ ਸੀਲ ਕਰਨ ਦੇ ਨਾਲ-ਨਾਲ ਇਸ ਸੜਕ ਦੇ ਪੈਂਦੀਆਂ ਸਾਰੀਆਂ ਲਿੰਕ ਸੜਕਾਂ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ।

 

ਪੁਲਿਸ ਅਧਿਕਾਰੀ ਅਨੁਸਾਰ ਉਨ੍ਹਾਂ ਨੂੰ ਇਹ ਸ਼ੱਕ ਹੈ ਕਿ ਘਟਨਾ ਵਾਲੀ ਥਾਂ ਦੇ ਆਸਪਾਸ ਸ਼ਰਾਰਤੀ ਅਨਸਰਾਂ ਵਲੋਂ ਕੁਝ ਹੋਰ ਵਿਸਫੋਟਕ ਸਮੱਗਰੀ ਛੁਪਾ ਕੇ ਰੱਖੀ ਗਈ ਹੋ ਸਕਦੀ ਹੈ ਜਿਸਦੀ ਬੜੀ ਡੂੰਘਾਈ ਨਾਲ ਛਾਣਬੀਣ ਕੀਤੀ ਜਾ ਰਹੀ ਹੈ। ਆਈ.ਜੀ. ਅਨੁਸਾਰ ਇਹ ਹੈਂਡ ਗਰਨੇਡ ਕਿੰਨਾ ਸ਼ਕਤੀਸ਼ਾਲੀ ਹੈ ਤੇ ਇਸਨੂੰ ਬਣਾਉਣ ਲਈ ਕਿਸ ਤਰ੍ਹਾਂ ਦੀ ਸਮੱਗਰੀ ਦਾ ਇਸਤਿਮਾਲ ਕੀਤਾ ਗਿਆ ਹੈ ਇਸ ਦੀ ਵਧੇਰੇ ਜਾਣਕਾਰੀ ਫੋਰੈਂਸਿਕ ਸਾਇੰਸ ਦੀਆਂ ਟੀਮਾਂ ਵਲੋਂ ਜਾਂਚ ਕੀਤੇ ਜਾਣ ਤੋਂ ਬਾਅਦ ਹੀ ਦਿੱਤੀ ਜਾ ਸਕਦੀ ਹੈ। ਉਧਰ ਦੂਜੇ ਪਾਸੇ ਇਸ ਬੰਬ ਧਮਾਕੇ ਵਿੱਚ ਜ਼ਖਮੀ ਹੋਏ ਵਿਅਕਤੀਆਂ ਨੂੰ ਇਲਾਕੇ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

 

ਇੱਥੇ ਇਹ ਵੀ ਦੱਸਣਯੋਗ ਹੈ ਕਿ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਤੋਂ ਮੌਜੂਦਾ ਹਾਲਾਤ ਦੀ ਜਾਣਕਾਰੀ ਲਈ ਅਤੇ ਹਰ ਜਰੂਰੀ ਕਦਮ ਚੁੱਕੇ ਜਾਣ ਦੇ ਹੁਕਮ ਦਿੱਤੇ ਹਨ। ਇੱਥੇ ਦੱਸ ਦੇਈਏ ਕਿ ਨਿਰੰਕਾਰੀ ਭਾਈਚਾਰੇ ਨਾਲ ਸਬੰਧਤ ਜਿਸ ਸਤਸੰਗ ਭਵਨ ਉੱਤੇ ਇਹ ਬੰਬ ਸੁੱਟਿਆ ਗਿਆ ਹੈ ਉਸ ਵਿੱਚ ਹਰ ਐਤਵਾਰ ਇਸੇ ਤਰ੍ਹਾਂ ਦਾ ਸਤਸੰਗ ਅਤੇ ਪ੍ਰਾਰਥਨਾ ਸਭਾ ਆਯੋਜਿਤ ਕੀਤੀ ਜਾਂਦੀ ਹੈ ਤੇ ਜਦੋਂ ਉਨ੍ਹਾਂ ਨਕਾਬਪੋਸ਼ਾਂ ਵਲੋਂ ਇਸ ਸਤਸੰਗ ਦੇ ਦੌਰਾਨ ਇਹ ਹੈਂਡ ਗਰਨੇਡ ਸੁੱਟਿਆ ਗਿਆ ਉਸ ਮੌਕੇ ਇਲਾਕੇ ਦੇ 150 ਤੋਂ ਵੱਧ ਔਰਤਾਂ, ਮਰਦ ਅਤੇ ਬੱਚੇ ਆਪਣੇ ਇਸ਼ਟ ਦੇਵ ਦੀ ਭਗਤੀ ਵਿੱਚ ਲੀਨ ਸਨ। ਪੁਲਿਸ ਦਾ ਇਹ ਮੰਨਣਾ ਹੈ ਕਿ ਇਹ ਹਮਲਾ ਪੂਰੀ ਤਰ੍ਹਾਂ ਰੈਕੀ ਕਰਕੇ ਕੀਤਾ ਗਿਆ ਹੈ ਜਿਸਦਾ ਖੁਲਾਸਾ ਅਗਲੇ ਕੁਝ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ। ਪੁਲਿਸ ਸੂਤਰਾਂ ਅਨੁਸਾਰ ਅੰਮ੍ਰਿਤਸਰ ਦੇ ਇਸ ਨਿਰੰਕਾਰ ਸਤਸੰਗ ਭਵਨ ਤੇ ਕੀਤੇ ਗਏ ਇਸ ਬੰਬ ਧਮਾਕੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਪੰਜਾਬ ਭਰ ਦੇ ਸਾਰੇ ਨਿਰੰਕਾਰੀ ਭਵਨਾਂ ਤੋਂ ਇਲਾਵਾ ਹੋਰ ਵੀ ਧਾਰਮਿਕ ਸਥਾਨਾਂ ਅਤੇ ਡੇਰਿਆਂ ਦੀ ਸੁਰੱਖਿਆ ਮਜਬੂਤ ਕਰਨ ਦੇ ਹੁਕਮ ਦੇ ਦਿੱਤੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button