ਤੇਜ਼ ਹਵਾਵਾਂ ਕਾਰਨ ਰਨਵੇ ਤੋਂ ਘਾਹ ‘ਚ ਫਿਸਲਿਆ Jet2 ਦਾ ਬੋਇੰਗ ਜਹਾਜ਼, ਵੀਡੀਓ ਵਾਇਰਲ

ਬ੍ਰਿਟੇਨ ਦੇ ਬਰਮਿੰਘਮ ਏਅਰਪੋਰਟ ‘ਤੇ ਇਕ ਵੱਡਾ ਹਵਾਈ ਹਾਦਸਾ ਹੋਣੋਂ ਟਲ ਗਿਆ। ਇਟਲੀ ਦੇ ਵੇਨਿਸ ਤੋਂ ਆ ਰਿਹਾ Jet2 ਏਅਰਲਾਈਨਜ਼ ਦਾ ਬੋਇੰਗ 737-800 ਜਹਾਜ਼ ਲੈਂਡਿੰਗ ਦੌਰਾਨ ਤੇਜ਼ ਹਵਾਵਾਂ ਅਤੇ ਖ਼ਰਾਬ ਮੌਸਮ ਕਾਰਨ ਅਸੰਤੁਲਿਤ ਹੋ ਕੇ ਰਨਵੇ ਦੇ ਨਾਲ ਲੱਗਦੇ ਘਾਹ ਵਾਲੇ ਹਿੱਸੇ ਵੱਲ ਫਿਸਲ ਗਿਆ।
ਹਾਲਾਂਕਿ, ਪਾਇਲਟ ਦੀ ਸੂਝ-ਬੂਝ ਕਾਰਨ ਜਹਾਜ਼ ਤੁਰੰਤ ਮੁੜ ਰਨਵੇ ‘ਤੇ ਆ ਗਿਆ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਜਹਾਜ਼ ਦੇ ਅਸੰਤੁਲਿਤ ਹੋਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
BBC ਦੀ ਰਿਪੋਰਟ ਮੁਤਾਬਕ, ਇਹ ਘਟਨਾ ਫਲਾਈਟ LS1310 ਨਾਲ ਵਾਪਰੀ, ਜੋ ਵੇਨਿਸ ਦੇ ਮਾਰਕੋ ਪੋਲੋ ਏਅਰਪੋਰਟ ਤੋਂ ਬਰਮਿੰਘਮ ਪਹੁੰਚੀ ਸੀ।
ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਲੈਂਡਿੰਗ ਤੋਂ ਬਾਅਦ ਦੋ ਇੰਜਣਾਂ ਵਾਲਾ ਜਹਾਜ਼ ਅਚਾਨਕ ਖੱਬੇ ਪਾਸੇ ਮੁੜ ਗਿਆ। ਸੰਤੁਲਨ ਵਿਗੜਨ ਕਾਰਨ ਜਹਾਜ਼ ਦਾ ਇਕ ਪਹੀਆ ਰਨਵੇ ਤੋਂ ਬਾਹਰ ਨਿਕਲ ਕੇ ਕਿਨਾਰੇ ਮੌਜੂਦ ਘਾਹ ਵਾਲੇ ਹਿੱਸੇ ‘ਚ ਚਲਾ ਗਿਆ।
ਹਾਲਾਂਕਿ, ਕੁਝ ਹੀ ਸਕਿੰਟਾਂ ‘ਚ ਜਹਾਜ਼ ਦਾ ਸੰਤੁਲਨ ਮੁੜ ਕਾਬੂ ਕਰ ਲਿਆ ਗਿਆ ਅਤੇ ਇਹ ਟਾਰਮੈਕ ‘ਤੇ ਵਾਪਸ ਆ ਗਿਆ। ਇਸ ਤੋਂ ਬਾਅਦ ਜਹਾਜ਼ ਨੂੰ ਸੁਰੱਖਿਅਤ ਢੰਗ ਨਾਲ ਟੈਕਸੀ ਕਰਕੇ ਸਟੈਂਡ ਤੱਕ ਲਿਜਾਇਆ ਗਿਆ। ਸਾਰੇ ਯਾਤਰੀਆਂ ਨੂੰ ਬਿਨਾਂ ਕਿਸੇ ਸੱਟ ਦੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
‘ਬੋਏਲੋ’ ਤੂਫ਼ਾਨ ਦਾ ਦਿਖਿਆ ਅਸਰ
Jet2 ਏਅਰਲਾਈਨਜ਼ ਦੇ ਬੁਲਾਰੇ ਨੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ, “ਵੇਨਿਸ ਤੋਂ ਬਰਮਿੰਘਮ ਆ ਰਹੀ ਫਲਾਈਟ LS1310 ਲੈਂਡਿੰਗ ਤੋਂ ਬਾਅਦ ‘ਬੋਏਲੋ’ (Boelo) ਤੂਫ਼ਾਨ ਕਾਰਨ ਪੈਦਾ ਹੋਏ ਗੰਭੀਰ ਮੌਸਮੀ ਹਾਲਾਤਾਂ ਦੇ ਚਲਦਿਆਂ ਕੁਝ ਪਲਾਂ ਲਈ ਰਨਵੇ ਤੋਂ ਬਾਹਰ ਚਲੀ ਗਈ ਸੀ। ਜਹਾਜ਼ ਤੁਰੰਤ ਰਨਵੇ ‘ਤੇ ਵਾਪਸ ਆ ਗਿਆ ਅਤੇ ਆਮ ਤਰੀਕੇ ਨਾਲ ਸਟੈਂਡ ਤੱਕ ਪਹੁੰਚਿਆ। ਅਸੀਂ ਪੁਸ਼ਟੀ ਕਰਦੇ ਹਾਂ ਕਿ ਸਾਰੇ ਯਾਤਰੀ ਸੁਰੱਖਿਅਤ ਹਨ।” AirLive ਦੀ ਰਿਪੋਰਟ ਅਨੁਸਾਰ, ਲੈਂਡਿੰਗ ਸਮੇਂ ਇਲਾਕੇ ‘ਚ ਹਵਾ ਦੀ ਰਫ਼ਤਾਰ ਲਗਭਗ 54 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ ਸੀ।
ਬ੍ਰਿਟੇਨ ‘ਚ ‘ਬੋਏਲੋ’ ਤੂਫ਼ਾਨ ਦਾ ਕਹਿਰ
ਯੂਕੇ ਮੈਟ ਆਫਿਸ ਮੁਤਾਬਕ, ਸਕਾਟਲੈਂਡ, ਉੱਤਰੀ ਆਇਰਲੈਂਡ ਅਤੇ ਉੱਤਰੀ ਇੰਗਲੈਂਡ ਦੇ ਇਲਾਕਿਆਂ ‘ਚ 60 ਤੋਂ 70 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਖੁੱਲ੍ਹੇ ਅਤੇ ਤੱਟਵਰਤੀ ਇਲਾਕਿਆਂ ‘ਚ ਹਵਾ ਦੀ ਰਫ਼ਤਾਰ 129 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚਣ ਦਾ ਅਨੁਮਾਨ ਹੈ।
ਮੈਟ ਆਫਿਸ ਦੇ ਡਿਪਟੀ ਚੀਫ ਫੋਰਕਾਸਟਰ ਕ੍ਰਿਸ ਬੁਲਮਰ ਨੇ ਦੱਸਿਆ ਕਿ ਬੋਏਲੋ ਤੂਫ਼ਾਨ ਦੇ ਅਸਰ ਕਾਰਨ ਦੇਸ਼ ਦੇ ਉੱਤਰੀ ਅਤੇ ਪੱਛਮੀ ਹਿੱਸਿਆਂ ‘ਚ ਭਾਰੀ ਮੀਂਹ ਦੇ ਨਾਲ ਤੇਜ਼ ਹਨੇਰੀ ਚੱਲ ਰਹੀ ਹੈ। ਇਸ ਕਾਰਨ ਹਵਾਈ ਅਤੇ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




