EDITORIAL

ਟੱਸ-ਟੱਸ ਕਰਦਾ ਰਿਹਾ 2022, ਸਰਕਾਰਾਂ ਜ਼ਿਮੇਵਾਰੀਆਂ ਤੋਂ ਭੱਜੀਆਂ

ਅਮਰਜੀਤ ਸਿੰਘ ਵੜੈਚ (94178-01988)

ਇਕ ਸਾਲ ਹੋਰ ਖਤਮ ਹੋ ਗਿਆ ਹੈ ਅਤੇ ਅਸੀਂ ਅੱਜ ਅੱਧੀ ਰਾਤ ਨੂੰ ਨਵੇਂ ਸਾਲ 2023 ‘ਚ ਪ੍ਰਵੇਸ਼ ਕਰ ਜਾਣਾ ਹੈ । ਪਿਛਲਾ ਵਰ੍ਹਾ ਭਾਵ 2021  ਵੀ 2020 ਦੇ ਕੋਰੋਨਾ ਦੇ ਡਰ ਨਾਲ਼ ਹੀ ਸ਼ੁਰੂ ਹੋਇਆ ਸੀ  ਅਤੇ ਸਰਕਾਰ ਨੇ  ਹੁਣ ਫਿਰ ਕੋਰੋਨਾ ਦੀ ਚਿਤਾਵਨੀ ਜਾਰੀ ਕਰ ਦਿਤੀ ਹੈ ਮਤਲਬ ਓਹੀ ਡਰ ਨਾਲ਼ 2023 ਵੀ ਆ ਰਿਹਾ ਹੈ ।

ਇਸੇ ਵਰ੍ਹੇ ‘ਚ ਪੰਜਾਬ ਦੀ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਜਿਸ ‘ਚ ਪਿਛਲੇ 75 ਸਾਲਾਂ ਦਾ ਇਤਿਹਾਸ ਉਲਟਾਕੇ ਪੰਜਾਬੀਆਂ ਨੇ  ‘ਆਪ’ ਨੂੰ ਇਤਿਹਾਸਿਕ 92 ਸੀਟਾਂ ਜਿਤਾਕੇ ਪੰਜਾਬ ਦੀ ਸਰਕਾਰ ਬਣਾਉਣ ਦਾ ਮੌਕਾ ਦਿਤਾ । ਇਹ ਵੀ ਪਹਿਲੀ ਵਾਰ ਹੋਇਆ ਕਿ ਪੰਜਾਬ ਦੀ ਇਕੋ ਇਕ ਸੱਭ ਤੋਂ ਵੱਧ ਪੁਰਾਣੀ ਸ਼੍ਰੋਮਣੀ ਆਕਾਲੀ ਦਲ ਦੀ ਪਾਰਟੀ ਨੂੰ ਇਨ੍ਹਾਂ ਚੋਣਾ ‘ਚ ਹੁਣ ਤੱਕ ਦੀਆਂ ਸੱਭ ਤੋਂ ਘੱਟ ਭਾਵ ਸਿਰਫ਼ ਤਿੰਨ ਸੀਟਾਂ ਹੀ ਮਿਲ਼ ਸਕੀਆਂ । ਇਨ੍ਹਾਂ ਚੋਣਾਂ ‘ਚ ਜਿਥੇ ਬਿਕਰਮ ਸਿੰਘ ਮਜੀਠੀਆ,ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਘਾਗ ਲੀਡਰ ਚੋਣਾਂ ਹਾਰ ਗਏ ਉਥੇ ਸੱਭ ਤੋਂ ਵੱਡਾ ਧੱਕਾ ਆਕਾਲੀ ਦਲ ਨੂੰ ਲੱਗਾ ਜਦੋਂ ਇਸਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਦੇ ਪੰਜ ਵਾਰ ਮੁੱਖ-ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ ਚੋਣ ਹਾਰ ਗਏ ।

ਇਹ ਵੀ ਪਹਿਲੀ ਵਾਰ ਹੀ ਹੋਇਆ ਕਿ ਪੰਜਾਬ ਦੀਆਂ ਇਨ੍ਹਾਂ ਚੋਣਾਂ ਤੋਂ ਪਹਿਲਾਂ ਬੜੇ ਵੱਡੇ ਪੱਧਰ ‘ਤੇ   ਪੰਜਾਬ ਕਾਂਗਰਸ ਅਤੇ ਸ਼੍ਰੋਮਣੀ ਆਕਾਲੀ ਦਲ ਦੇ ਕਈ ਨਾਮਵਰ ਲੀਡਰ ਭਾਰਤੀ ਜਨਤਾ ਪਾਰਟੀ ‘ਚ ਸ਼ਾਮਿਲ ਹੋ ਗਏ । ਪੰਜਾਬੀਆਂ ਨੂੰ ਉਸ ਵਕਤ ਬਹੁਤ ਹੈਰਾਨੀ ਹੋਈ ਜਦੋਂ ਪੰਜਾਬ ਦੇ ਦੋ ਵਾਰ ਰਹਿ ਚੁੱਕੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਭਾਜਪਾ  ਦੇ ਖੇਮੇ ‘ਚ  ਜਾ ਬੈਠੈ ।

‘ ਆਪ” ਨੇ ਸਰਕਾਰ ਬਣਾਕੇ ਪੰਜਾਬ ‘ਚ ਇਤਿਹਾਸਿਕ ਕੰਮ ਕਰ ਦਿਤਾ । ਪੰਜਾਬ ਚ’ ਪਹਿਲੀ ਵਾਰ ਕਿਸੇ ਪਾਰਟੀ ਨੇ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ‘ਚ 16 ਮਾਰਚ ਨੂੰ ਸੌਂਹ ਚੁੱਕੀ ।  ਭਗਵੰਤ ਮਾਨ  ਪੰਜਾਬ ਦੇ ਪਹਿਲੇ ਮੁੱਖ-ਮੰਤਰੀ ਹਨ ਜੋ ਸਟੇਜ ਦੇ ਕਾਮੇਡੀ ਕਲਾਕਾਰ ਹਨ । ਮਾਨ ਸਰਕਾਰ ਦਾ ਪੰਜਾਬ ਦੇ ਵਿਧਾਇਕਾਂ ਦੀ ਇਕ ਪੈਨਸ਼ਨ ਕਰਨ ਦਾ ਫ਼ੈਸਲਾ ਵੀ ਇਤਿਹਾਸਿਕ ਸੀ । ਪਹਿਲਾਂ ਇਕ ਵਿਧਾਇਕ ਨੂੰ ਉਸ ਦੇ ਹਰ ਵਾਰ ਵਿਧਾਇਕ ਬਣਨ ਦੀ ਪੈਨਸ਼ਨ ਮਿਲਣ ਦਾ ਕਾਨੂੰਨ ਸੀ ।  ਇਹ ਵੀ ਪਹਿਲੀ ਵਾਰ ਹੀ ਹੋਇਆ ਹੈ ਕਿ  ‘ਆਪ’ ਤੋਂ ਬਿਨਾ ਪੰਜਾਬ ‘ਚੋਂ ਕਿਸੇ ਵੀ ਹੋਰ ਪਾਰਟੀ ਦਾ ਕੋਈ ਮੈਂਬਰ ਰਾਜ ਸਭਾ ‘ਚ ਆਪਣਾ ਐੱਮਪੀ ਨਹੀਂ ਭੇਜ ਸਕੀ ਕਿਉਂਕਿ ਪੰਜਾਬ ਦੀ ਵਿਧਾਨ ਸਭਾ ‘ਚ ਕਿਸੇ ਹੋਰ ਪਾਰਟੀ ਕੋਲ਼ ਏਨੇ ਵਿਧਾਇਕ ਹੀ ਨਹੀਂ ਜੋ ਆਪਣਾ ਐੱਮਪੀ ਚੁਣ ਸਕਦੇ ।

ਪੰਜਾਬ ‘ਚ ਇਹ ਵੀ ਪਹਿਲੀ ਵਾਰ ਹੋਇਆ ਕਿ 85 ਫ਼ੀਸਦ ਤੋਂ ਵੱਧ ਲੋਕਾਂ ਦੇ ਬਿਜਲੀ ਦੇ ਬਿਲ ਜ਼ੀਰੋ ਆਏ ਹਨ  ਕਿਉਂਕਿ ਮਾਨ ਸਰਕਾਰ ਨੇ 300 ਯੁਨਿਟ ਪ੍ਰਤੀ ਮਹੀਨਾ ਇਸ ਸ਼ਰਤ ‘ਤੇ ਮਾਫ਼ ਕਰ ਦਿਤੇ ਸਨ ਕਿ ਜਿਸ ਉਪਭੋਗਤਾ ਦੀ ਮੀਟਰ ਰੀਡਿੰਗ 600 ਯੁਨਿਟ, ਪ੍ਰਤੀ ਦੋ ਮਹੀਨੇ, ਤੋਂ ਘੱਟ ਆਵੇਗੀ ਉਸ ਦਾ ਸਾਰਾ ਬਿਲ ਮੁਆਫ਼ ਹੋ ਜਾਵੇਗਾ ।  ਇੰਜ ਅਜਿਹੇ  ਲੋਕਾਂ ਨੂੰ ਵੀ ਲਾਭ ਮਿਲਣ ਲੱਗ ਪਿਆ ਹੈ ਜੋ ਇਕ-ਇਕ ਲੱਖ ਤੋਂ ਵੱਧ ਆਮਦਨ ਟੈਕਸ ਭਰ ਰਹੇ ਹਨ ।  ਇਹ ਵੀ ਪਹਿਲੀ ਵਾਰ ਹੀ ਹੋਇਆ ਹੈ ਕਿ ਪੰਜਾਬ ਸਿਰ ਕਰਜ਼ਾ ਤਿੰਨ ਲੱਖ ਕਰੋੜ ਤੋਂ ਵੀ ਵਧ ਗਿਆ ਹੈ ।

ਇਸ ਵਰ੍ਹੇ ਵੀ ਰੋਸ ਪ੍ਰਦਰਸ਼ਨ, ਸੜਕ ਤੇ ਰੇਲ ਜਾਮ, ਟੋਲ ਪਲਾਜੇ ਬੰਦ, ਬੇਰੁਜ਼ਗਾਰਾਂ ਦਾ ਟੈਂਕੀਆਂ ‘ਤੇ ਚੜ੍ਹਨਾ , ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ‘ਤੇ ਲਾਠੀਚਾਰਜ ਵਰਗੀਆਂ ਘਟਨਾਵਾਂ ਹੁੰਦੀਆਂ ਹੀ ਨਹੀਂ ਰਹੀਆਂ ਬਲਕਿ ਪਿਛਲੇ ਵਰ੍ਹੇ ਨਾਲ਼ੋਂ ਜ਼ਿਆਦਾ ਹੋਈਆਂ । ਇਸ ਵਰ੍ਹੇ ਤਾਂ ਪੰਜਾਬ ਦੀਆਂ ਧੀਆਂ ਵੀ ਟੈਂਕੀਆਂ ‘ਤੇ ਚੜ੍ਹਨ ਲਈ ਮਜਬੂਰ ਹੋ ਗਈਆਂ । ਇਨ੍ਹਾਂ ਸਥਿਤੀਆਂ ਨਾਲ਼ ਹੀ ਪੰਜਾਬ 2023 ‘ਚ ਕਦਮ ਰੱਖੇਗਾ ।

ਪੰਜਾਬ ‘ਚ ਜ਼ੀਰੇ ਵਿੱਚ ਸ਼ਰਾਬ ਫੈਕਟਰੀ ਵਿਰੁਧ ਲੱਗਿਆ ਧਰਨਾ ਪੰਜਾਬ ਦੇ ਆਜ਼ਾਦੀ ਮਗਰੋਂ ਲੱਗਣ ਵਾਲ਼ੇ ਧਰਨਿਆਂ ਤੋਂ ਸੱਭ ਤੋਂ ਲੰਮਾਂ ਧਰਨਾ ਹੈ ਜੋ 24 ਜੁਲਾਈ ਨੂੰ ਲੱਗਿਆ ਸੀ ਤੇ ਹੁਣ ਛੇਵੇਂ ਮਹੀਨੇ ‘ਚ ਚੱਲ ਰਿਹਾ ਹੈ  ਇਹ ਨਵੇਂ ਵਰ੍ਹੇ ‘ਚ ਵੀ ਦਾਖ਼ਲ ਹੋ ਰਿਹਾ ਹੈ ।  ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਮਾਨ ਦੇ ਕਿਸਾਨਾਂ ਵੱਲੋਂ ਇਤਰਾਜ਼ ਯੋਗ ਸ਼ਬਦਾਵਲ਼ੀ ਬੋਲਣ ‘ਤੇ ਸਰਕਾਰ ਨੂੰ ਕਿਸਾਨਾਂ ਤੋਂ ਮੁਆਫ਼ੀ ਮੰਗਣੀ ਪਈ : ਇਹ ਵੀ ਪਹਿਲੀ ਵਾਰ ਹੀ ਹੋਇਆ ਹੈ ।

ਇਸੇ ਵਰ੍ਹੇ 29 ਮਈ ਨੂੰ ਸਿਧੂ ਮੂਸੇਵਾਲ਼ਾ ਦਾ ਗੈਂਗਸਟਰਾਂ ਵੱਲੋਂ ਕਤਲ ਬੜੀ ਭਿਆਨਕ ਘਟਨਾ ਸੀ । ਮੂਸੇਵਾਲ਼ੇ ਦੇ ਪ੍ਰਸ਼ੰਸ਼ਕ ਲੱਖਾਂ ਦੀ ਗਿਣਤੀ ਚ’ ਉਹਦੇ ਸਸਕਾਰ ‘ਤੇ ਪਹੁੰਚੇ ਜੋ ਇਕ ਇਤਿਹਾਸਿਕ ਇਕੱਠ ਸੀ । ਪੰਜਾਬ ਦੀ ਫ਼ਿਜ਼ਾ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੀ ਆਮਦ ਵੀ ਕਈ ਚਰਚਾਵਾਂ ਦਾ ਕਾਰਨ ਬਣੀ ਹੈ । ਇਹ ਵੀ ਪਹਿਲੀ ਵਾਰ ਹੀ ਹੋਇਆ ਹੈ ਕਿ ਪੰਜਾਬ ‘ਚ ਸਿਖਾਂ ‘ਤੇ ਇਸਾਈਆਂ ਦਰਮਿਆਨ ਭੜਕਾਹਟ ਪੈਦਾ ਹੋਈ ਅਤੇ ਈਸਾਈ ਮੱਤ ਦੇ ਧਰਮ ਅਸਥਾਨਾ ‘ਤੇ ਹੁਰਮਤੀ ਕੀਤੀ ਗਈ ।

ਇਹ ਵਰ੍ਹਾ ਇਸ ਕਰਕੇ ਵੀ ਜਾਣਿਆਂ ਜਾਵੇਗਾ ਕਿ ਪੰਜਾਬ ‘ਚ ਪਹਿਲੀ ਵਾਰੀਂ  ਐਨੀ ਵੱਡੀ ਪੱਧਰ ‘ਤੇ ਗੈਂਗਸਟਰਾਂ ਦਾ ਬੋਲਬਾਲਾ ਹੋਇਆ ਜਿਨ੍ਹਾਂ ਨੇ ਸ਼ਰੇਆਮ ਤਰਨਤਾਰਨ, ਨਕੋਦਰ ਤੇ ਕੋਟਕਪੂਰਾ ‘ਚ ਦਿਨਦਿਹਾੜੈ ਕਤਲ ਕਰਨ ਦੀ ਜੁਅਰਤ ਹੀ ਨਹੀਂ ਕੀਤੀ ਬਲਕਿ ਕਈ ਲੀਡਰਾਂ/ਵਪਾਰੀਆਂ/ਦੁਕਾਨਦਾਰਾਂ ਨੂੰ ਧਮਕੀਆਂ ਵੀ ਦਿਤੀਆਂ । ਪਾਕਿਸਤਾਨ ਵਾਲ਼ੇ ਪਾਸਿਓਂ ਡਰੋਨਾਂ ਰਾਹੀ ਨਸ਼ੇ ਤੇ ਹਥਿਆਰ ਪੰਜਾਬ ‘ਚ ਸੁਟਣ ਦਾ ਵੀ ਰਿਕਾਰਡ ਵਾਧਾ ਹੋਇਆ ਹੈ । ਇੰਜ ਲਗਦਾ ਰਿਹਾ ਹੈ ਕਿ ਪੁਲਿਸ ਦੇ ਹੱਥੋਂ ਸਥਿਤੀ ਖਿਸਕ ਰਹੀ ਸੀ ।

ਸਾਲ ਦੋ  2015 ਦੇ ਜੂਨ ਮਹੀਨੇ ‘ਚ ਗੁਰੂ  ਗਰੰਥ ਸਾਹਿਬ ਦੀ ਬੇਅਦਬੀ ਦੀ ਦੁਰਘਟਨਾ ਸੱਤ ਸਾਲ ਪੂਰੇ ਕਰਕੇ ਅੱਠਵੇਂ ਸਾਲ ‘ਚ ਦਾਖ਼ਲ ਹੋ ਚੁੱਕੀ ਹੈ ਜਿਸ ਦੀ ਜਾਂਚ ਹਾਲੇ ਤੱਕ ਕਿਸੇ ਤਣਪੱਤਣ ਨਹੀਂ ਲੱਗੀ । ਮਾਨ ਸਰਕਾਰ ਵੀ ਇਸ ਮਸਲੇ ‘ਚ ਪਿਛਲੇ ਪੈਰੀ ਭੱਜਦੀ ਲੱਗਦੀ ਹੈ । ਇਸੇ ਵਰ੍ਹੇ ਕਈ ਕਿਸਾਨ ਖੁਦਕੁਸ਼ੀਆਂ ਕਰ ਗਏ ਹਨ । ਇਹ ਵਰ੍ਹਾ ਕਈ ਘਰਾਂ ਦੇ ਚਿਰਾਗਾਂ ਨੂੰ ਨਸ਼ਿਆਂ ਦੀ ਬਲੀ ਚੜ੍ਹਾ ਗਿਆ ਹੈ ।  ਇਸ ਵਰ੍ਹੇ ਪਹਿਲੀ ਵਾਰ ਪੰਜਾਬ ਦੇ ਸੱਭ ਤੋਂ ਵੱਧ  ਲੀਡਰ  ਤੇ ਹੋਰ ਅਫ਼ਸਰ ਭਰਿਸ਼ਟਾਚਾਰ ਅਤੇ ਨਸ਼ਿਆਂ ਆਦਿ ਦੇ ਮਾਮਲਿਆਂ ‘ਚ ਜੇਲ੍ਹਾਂ ਅੰਦਰ ਗਏ ।

ਦੇਸ਼ ਨੂੰ ਇਸ ਵਾਰ ਕੇਂਦਰ ਸਰਕਾਰ ਨੇ ਵੱਡਾ ਝਟਕਾ ਦਿਤਾ ਜਦੋਂ ਨੌਜਵਾਨਾਂ ਨੂੰ  ‘ਅਗਨੀਪੱਥ’  ਅਤੇ ‘ਅਗਨੀਵੀਰ’ ਸਕੀਮ ਦੇ ਕੇ ਭੜਕਾ ਦਿਤਾ ..ਇਸ ਭੜਕਾਹਟ ‘ਚ ਵੱਡੇ ਪੱਧਰ ‘ਤੇ ਨੌਜਵਾਨ ਸੜਕਾਂ ‘ਤੇ ਨਿਕਲ਼ੇ ਸਨ । ਸਰਕਾਰ ਦੀ ਇਸ ਸਕੀਮ ਦੀ ਇਸ ਕਰਕੇ ਆਲੋਚਨਾ ਹੋਈ ਸੀ ਕਿ ਇਕ ਐੱਮਪੀ/ਐੱਮਐੱਲਏ  ਤਾਂ ਪੰਜ ਸਾਲਾਂ ਮਗਰੋਂ ਪੈਂਨਸ਼ਨ ਲੈਣ ਦਾ ਹੱਕਦਾਰ ਹੋ ਜਾਂਦਾ ਹੈ ਪਰ ਅਗਨੀਵੀਰ ਚਾਰ ਸਾਲ ਸਰਹੱਦ ‘ਤੇ ਦੇਸ਼ ਦੀ ਦੁਸ਼ਮਣਾਂ ਤੋਂ ਰੱਖਿਆ ਕਰੇਗਾ ਪਰ ਉਸ ਨੂੰ ਸਿਰਫ਼ ਨਿਸ਼ਚਿਤ ਤਨਖਾਹ ਹੀ ਮਿਲ਼ੇਗੀ ਅਤੇ ਪੈਂਨਸ਼ਨ ਨਹੀਂ ਮਿਲ਼ੇਗੀ ।

ਇਸ ਵਰ੍ਹੇ ਨੇ ਦੁਨੀਆਂ ਦੇ ਫ਼ੁਟਬਾਲ ਜਗਤ ਦੇ ਸ਼ਹਿਨਸ਼ਾਹ ਬਰਾਜੀਲ ਦੇ ‌ਖਿਡਾਰੀ ਪੇਲੇ(82) ਨੂੰ ਵੀ ਸਦਾ ਲਈ ਅਲਵਿਦਾ ਕਹਿ ਦਿਤੀ । ਪੇਲੇ ਨੂੰ ਬਚਪਨ ‘ਚ ਹੀ ਲੋਕ ਪੇਲੇ ਕਹਿ ਕੇ ਬਲਾਉਂਦੇ ਸਨ । ਗਰੀਬ ਪਰਿਵਾਰ ‘ਚ ਪੈਦਾ (1940) ਹੋਏ  ਪੇਲੇ  ਫ਼ੁਟਬਾਲ ਦੀ ਖੇਡ ‘ਚ  ਇਕੋ-ਇਕ ਪੁਠਾ ਹਵਾ ‘ਚੁ ਘੁੰਮ ਕੇ ‘ਬਾਈ ਸਾਇਕਲ ਕਿਕ’ ਲਾਉਣ ਵਾਲ਼ਾ ਖਿਡਾਰੀ ਮੰਨਿਆ ਜਾਂਦਾ ਸੀ ।

ਇਸ ਵਰ੍ਹੇ ਦੀ ਸੱਭ ਤੋਂ ਵੱਡੀ ਅਤੇ ਡਰਾਉਣੀ ਘਟਨਾ ਹੈ , ਰੂਸ ਵੱਲੋਂ 24 ਫਰਵਰੀ ਨੂੰ ਯੂਕਰੇਨ ਉਤੇ ਹਮਲਾ ਕਰਨਾ, ਜਿਸ ਦਾ ਗਿਆਰਵਾਂ ਮਹੀਨਾ ਸ਼ੁਰੂ ਹੋ ਗਿਆ ਹੈ । ਇਸ ਵਿੱਚ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ ਪਰ ਹਾਲੇ ਤੱਕ ਉਸ ਦਾ ਕੋਈ ਅੰਤ ਨਜ਼ਰ ਨਹੀਂ ਆ ਰਿਹਾ । ਇਸ ਜੰਗ ਨੂੰ ਵਿਸ਼ਵ ਦੀਆਂ ਤਾਕਤਾਂ ਕਿਉਂ ਖ਼ਤਮ ਨਹੀਂ ਕਰਵਾ ਸਕੀਆਂ ? ਨਿਰਦੋਸ਼ ਲੋਕ ਮਾਰੇ ਜਾ ਰਹੇ ਹਨ ਅਤੇ ਬਰਬਾਦ ਹੋ ਰਹੇ ਹਨ । ਬਚਿਆਂ  ਅਤੇ ਔਰਤਾਂ ਦਾ ਭਵਿਖ ਬਰਬਾਦ ਹੋ ਰਿਹਾ ।

ਇਧਰ ਸਾਡੇ ਮੁਲਕ ‘ਚ ਅਕਤੂਬਰ ਦੇ ਮਹੀਨੇ ਗੁਜਰਾਤ ਦੇ ਮੌਰਬੀ ‘ਚ ਇਕ ਪੁੱਲ ਟੁਟਣ ਕਰਕੇ 140 ਤੋਂ ਵੱਧ ਲੋਕ ਜਾਨਾਂ ਗੁਆ ਬੈਠੈ  ਗੁਜਰਾਤ ‘ਚ ਹੀ ਜੁਲਾਈ ਮਹੀਨੇ ‘ਚ ਘਟੀਆ ਸ਼ਰਾਬ ਪੀਕੇ 41 ਲੋਕ ਮਾਰ ਗਏ । ਇਸੇ ਤਰ੍ਹਾਂ ਹਾਲ ਹੀ ਵਿੱਚ ਬਿਹਾਰ ‘ਚ  ਘਟੀਆਂ ਸ਼ਰਾਬ ਪੀਕੇ 70 ਤੋਂ  ਵੱਧ ਵਿਅਕਤੀ ਮੌਤ ਦੇ ਮੂੰਹ ‘ਚ ਜਾ ਪਏ । ਸਾਡੀਆਂ ਸਾਡੇ ਪਾਠਕਾਂ ਅਤੇ ਦਰਸ਼ਕਾਂ  ਸਮੇਤ ਪੂਰੇ ਵਿਸ਼ਵ ਨੂੰ ਸ਼ੁੱਭ ਇਛਾਵਾਂ  ..ਨਵਾਂ ਵਰ੍ਹਾ ਸੱਭ ਲਈ ਖੁਸ਼ੀਆਂ ਅਤੇ ਖੇੜੇ ਲੈਕੇ ਆਵੇ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button