EDITORIAL

ਅਧਿਆਪਕਾਂ ਦੀ ਪਲੇਟਾਂ ਲਈ ‘ਜੰਗ’ ਦੀ ਵਾਇਰਲ ਵੀਡੀਓ ਦਾ ਸੱਚ

36 ਸੌ ਪਲੇਟਾਂ ਖਾਣ ਵਾਲ਼ੇ ਪੰਜ ਹਜ਼ਾਰ ?

ਅਮਰਜੀਤ ਸਿੰਘ ਵੜੈਚ (94178-01988) 

ਇਕ ਵੀਡੀਓ ਇਨ੍ਹਾਂ ਦਿਨਾਂ ਵਿੱਚ ਬਹੁਤ ਚੱਲ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ-ਮੰਤਰੀ ਮਾਨ ਸਾਹਿਬ ਦੀ 10 ਮਈ ਨੂੰ ਲੁਧਿਆਣਾ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਦੀ ਮੀਟਿੰਗ ਤੋਂ ਬਾਅਦ ਖਾਣੇ ਵਾਲੇ ਮੇਜਾਂ ਉਪਰ ਪਲੇਟ ਹਾਸਿਲ ਕਰਨ ਲਈ ਅਧਿਆਪਕਾਂ ਨੂੰ ਕਿਵੇਂ ‘ਜੰਗ’ ਕਰਨੀ ਪੈ ਰਹੀ ਹੈ। ਲੋਕਾਂ ਨੇ ਫੇਸਬੁੱਕ ਸਮੇਤ ਕਈ ਸੋਸ਼ਲ ਮੀਡੀਆ ਪਲੇਟ-ਫਾਰਮਾਂ ‘ਤੇ ਕਈ ਕਿਸਮ ਦੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ। ਜਿਵੇਂ ਲੋਕ ਅਧਿਆਪਕਾਂ ਵੱਲੋਂ ਪਲੇਟਾਂ ਲਈ ਧੱਕਮ-ਮੁੱਕੀ ‘ਤੇ ਅਜੀਬ ਕੁਝ ਲਿਖ ਰਹੇ ਹਨ ਬਿਲਕੁਲ ਉਸੇ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕੁਝ ਲੋਕ ਅਜੀਬ ਸ਼ਬਦ ਲਿਖਣ ਵਾਲਿਆਂ ਬਾਰੇ ਵੀ ਲਿਖ ਰਹੇ ਹਨ। ਸਾਨੂੰ ਬਹੁਤੇ ਲੋਕਾਂ ਨੂੰ ਤਾਂ ਅਸਲੀਅਤ ਹੀ ਪਤਾ ਨਹੀਂ।

ਅਸਲੀਅਤ ; ਰਿਜ਼ੌਰਟ ਵਿੱਚ ਬੈਠਣ ਦੀ ਸਮਰੱਥਾ 2700, ਡੀਜੀਐੱਸਈ ਦੀ ਡੀਈਓ, ਲੁਧਿਆਣਾ ਨੂੰ ਚਿੱਠੀ ‘ਚ 2500 ਵਿਅਕਤੀਆਂ ਦਾ ਪ੍ਰਬੰਧ ਕਰਨ ਦੀ ਹਦਾਇਤ, ਖਾਣੇ ਲਈ 3600 ਪਲੇਟਾਂ ਲੱਗੀਆਂ, ਹਰ ਜ਼ਿਲ੍ਹੇ ਲਈ ਵੱਖਰਾ ਖਾਣੇ ਦਾ ਵੱਖਰਾ ਬਲੌਕ, 30 ਦੇ ਕਰੀਬ ਬਲੌਕ, ਪ੍ਰਤੀ ਬਲੌਕ 250 ਪਲੇਟਾਂ, ਖਾਣਾ ਕੂਪਨਾ (ਵਿਧਾਇਕਾਂ ਸਮੇਤ) ‘ਤੇ ਮਿਲਣਾ ਸੀ। ਸੂਤਰਾਂ ਅਨੁਸਾਰ ਕਈ ਮੁਖੀ ਸਕੂਲ ਦੇ ਉੱਪ-ਮੁੱਖੀ ਨੂੰ ਵੀ ਲਿਆਏ, ਸੇਵਾ-ਮੁਕਤ ਵੀ ਕਈ ਆਏ। ਮੁਖੀਆਂ ਤੋਂ ਇਲਾਵਾ ਪੁਲਿਸ, ਗੁਪਤਚਰ ਵਿਭਾਗ ਦੇ ਕਰਮਚਾਰੀ, ਲੀਡਰਾਂ ਨਾਲ ਆਏ ਲੋਕ, ਸਥਾਨਕ ਪ੍ਰਸਾਸ਼ਨ ਦੇ ਕਰਮੀ ਆਦਿ।

ਸਮਾਗਮ ਦਾ ਅਸਲੀ ਮਕਸਦ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਲਈ ਅੱਠ ਨੁਕਤਿਆਂ ‘ਤੇ ਜਵਾਬ ਲੈਣ ਲਈ ਇਕ ਪੋਰਟਲ ਜਾਰੀ ਕਰਨਾ ਸੀ। ਇਕ ਸੀਨੀਅਰ ਅਧਿਆਪਕ ਅਨੁਸਾਰ ਇਕੱਠ ਪੰਜ ਹਜ਼ਾਰ ਦੇ ਨੇੜੇ ਸੀ, 40 ਫ਼ੀਸਦ ਲੋਕ ਰਿਜ਼ੌਰਟ ਦੇ ਬਾਹਰ ਰਹੇ ; ਹਾਲ ਦੇ ਅੰਦਰ ਸਿਰਫ਼ ਫੋਨ ਅਤੇ ਸ਼ਨਾਖਤੀ ਕਾਰਡ ਹੀ ਜਾਣ ਦਿੱਤਾ। ਅੰਦਰ ਫੋਨ ਜੈਮਰ ਲੱਗੇ ਸਨ (ਮੁੱਖ-ਮੰਤਰੀ ਦੇ ਸਮਾਗਮ ‘ਚ ਜ਼ਰੂਰੀ)। ਹਾਲ ਦੇ ਅੰਦਰ ਪਾਣੀ ਤੱਕ ਲਿਜਾਣ ਦੀ ਮਨਾਹੀ।

ਜਿਸ ਵੀਡੀਓ ਨੇ ਇਹ ਸਾਰਾ ਕੰਮ ਖ਼ਰਾਬ ਕੀਤਾ ਹੈ ਉਸ ‘ਤੇ ਪੁਲਿਸ ਜਾਂਚ ਕਰ ਰਹੀ ਹੈ। ਸੂਤਰਾਂ ਅਨੁਸਾਰ ਉਹ ਵੀਡੀਓ ਇਕ ਔਰਤ ਨੇ ਬਣਾਈ ਹੈ ਜੋ ਸਪੱਸ਼ਟ ਨਹੀਂ ਹੈ। ਜਿਸ ਨੇ ਵੀ ਇਹ ਵੀਡੀਓ ਘੁਮਾਈ ਹੈ ਕੀ ਉਹ ਕਦੇ ਅਧਿਆਪਕਾਂ ਕੋਲੋਂ ਨਹੀਂ ਪੜਿਆ ? ਉਸ ਵੀਡੀਓ ਤੇ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਵੇਖੋ ਅਧਿਆਪਕਾਂ ਨੇ ਜਲੂਸ ਕੱਢਿਆ ਹੈ, ਬੱਚਿਆਂ ਨੂੰ ਇਹ ਕੀ ਸਿਖਾਉਣਗੇ, ਲੀਡਰ ਕੁਰਸੀਆਂ ਬਦਲੇ ਲੜਦੇ ਤਾਂ ਵੇਖੇ ਗਏ ਹਨ ਪਰ ਇਹ ਤਾਂ ਪਲੇਟਾਂ ‘ਤੇ ਲੜ ਰਹੇ ਹਨ। ਇਕ ਗੱਲ ਯਾਦ ਰੱਖਣ ਵਾਲੀ ਹੈ ਕਿ ਸਰਕਾਰੀ ਸਕੂਲਾਂ ਦੇ ਇਨ੍ਹਾਂ ਅਧਿਆਪਕਾਂ ਤੋਂ ਪੜ੍ਹਕੇ ਕਈ ਪੰਜਾਬੀ ਲੋਕ ਆਈਏਐੱਸ, ਆਈਪੀਐੱਸ, ਪੀਸੀਐੱਸ, ਫ਼ੌਜ ਦੇ ਜਨਰਲ ਤੱਕ, ਵਿਗਿਆਨੀ, ਵਾਈਸ-ਚਾਂਸਲਰ, ਲੀਡਰ ਆਦਿ ਵੀ ਬਣੇ ਹਨ। ਭਗਵੰਤ ਮਾਨ ਖ਼ੁਦ ਸਰਕਾਰੀ ਸਕੂਲ ‘ਚ ਪੜ੍ਹੇ ਹਨ।

ਇਕ ਵੀਡੀਓ ਵਿਚਲੇ ਕੁਝ ਲੋਕਾਂ ਦੇ ਵਿਹਾਰ ਬਾਰੇ ਸਾਰੇ ਹੀ ਅਧਿਆਪਕ ਵਰਗ ਨੂੰ ਦੋਸ਼ੀ ਗਰਦਾਨ ਦੇਣਾ ਕਿਥੋਂ ਦੀ ਸਿਆਣਪ ਹੈ ? ਅਧਿਆਪਕ ਵੀ ਸਾਡੇ ਵਿੱਚੋਂ ਹਨ। ਇਸ ਵਰਤਾਰੇ ਵਿੱਚ ਉਪਰੋਕਤ ਤੱਥ ਦੱਸਦੇ ਹਨ ਕਿ ਪਹਿਲਾਂ ਤਾਂ ਪ੍ਰਬੰਧ ਕਰਨ ਵਾਲੇ ਇਹ ਅੰਦਾਜ਼ਾ ਲਾਉਣ ਵਿੱਚ ਫੇਲ ਹੋਏ ਕਿ ਕਿੰਨੇ ਲੋਕ ਇਕੱਠੇ ਹੋਣਗੇ। ਦੂਜਾ ਸਮਾਗਮ ਤੋਂ ਮਗਰੋਂ ਸਾਰਿਆਂ ਨੂੰ ਖਾਣੇ ਲਈ ਇੱਕੋ ਦਮ ਜਾਣ ਲਈ ਕਹਿ ਦਿੱਤਾ ਗਿਆ। ਗਰਮੀ ਕਾਰਨ ਉਸ ਦਿਨ ਬੁਰਾ ਹਾਲ ਸੀ। ਜੇਕਰ ਬਲੌਕ ਅਨੁਸਾਰ ਸਬਰ ਨਾਲ ਲੋਕ ਜਾਂਦੇ ਤਾਂ ਇੰਜ ਨਾ ਹੁੰਦਾ। ਇਸ ਤਰ੍ਹਾਂ ਦੇ ਵਰਤਾਰੇ ਅਸੀਂ ਅਕਸਰ ਵੱਡੇ ਸਮਾਗਮਾਂ ‘ਚ ਦੇਖਦੇ ਹਾਂ।

ਹੁਣ ਇਕ ਸਵਾਲ ਸਰਕਾਰ ਨੂੰ ਲੋਕ ਕਰ ਰਹੇ ਨੇ ਕਿ ਪੰਜਾਬ ਸਰਕਾਰ ਦੇ ਸਾਰੇ ਮਹੱਤਵਪੂਰਣ ਫੈਸਲੇ ਭਗਵੰਤ ਮਾਨ ਹੁਰਾਂ ਵੱਲੋਂ ਇਕ ਵੀਡੀਓ ਰਾਹੀਂ ਲੋਕਾਂ ਤੱਕ ਪਹੁੰਚਾਏ ਜਾਂਦੇ ਹਨ ਤਾਂ ਫਿਰ ਇਹ ਇਕੱਠ ਕਰਨ ਦੀ ਕੀ ਲੋੜ ਸੀ? ਸਰਕਾਰ ਬੱਚਿਆਂ ਦੀ ਪੜ੍ਹਾਈ ਔਨ ਲਾਇਨ ਕਰਵਾ ਰਹੀ ਹੈ, ਪੰਜਾਬ ਸਿੱਖਿਆ ਵਿਭਾਗ ਕੋਲ ਆਪਣਾ ਐਜੂਸੈੱਟ ਟੀਵੀ ਚੈਨਲ ਹੈ ਉਸ ‘ਤੇ ਜਾਂ ਫਿਰ ਔਨਲਈਨ ਵੀ ‘ਪੋਰਟਲ ਉਦਘਾਟਨ ਪ੍ਰੌਗਰਾਮ’ ਦਾ ਉਦਘਾਟਨ ਕਰਕੇ ਆਰਥਿਕ ਤੰਗੀ ਨਾਲ ਜੂਝ ਰਹੇ ਪੰਜਾਬ ਦਾ ਵੱਡਾ ਖਰਚਾ ਅਤੇ ਗਰਮੀ ਵਿੱਚ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਇਆ ਜਾ ਸਕਦਾ ਸੀ। ਸਰਕਾਰ ਦੀ ਨੀਅਤ ‘ਤੇ ਭਾਵੇਂ ਸ਼ੱਕ ਕਰਨਾ ਨਹੀਂ ਬਣਦਾ ਪਰ ‘ਆਪ’ ਸਰਕਾਰ ਦੀ ਸਹੁੰ ਚੁੱਕਣ ਤੋਂ ਭਗਵੰਤ ਮਾਨ ਹੁਰਾਂ ਦੇ ਗੁਜਰਾਤ ਦੇ ਦੌਰਿਆਂ ਤੱਕ ਦੇ ਖਰਚਿਆਂ ‘ਤੇ ਸਵਾਲ ਉਠਣ ਲੱਗ ਪਏ ਹਨ ਜਿਸ ‘ਤੇ ਸਰਕਾਰ ਨੂੰ ਗ਼ੌਰ ਤਾਂ ਕਰਨਾ ਹੀ ਚਾਹੀਦਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button